Monday, April 16, 2012

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਬਾਹਰ ਤੇਜ਼ ਧੁੱਪ ਸੀ। ਚਾਰੇ ਪਾਸੇ ਧੁੱਪ ਈ ਧੁੱਪ। ਉਹ ਹੇਠਾਂ ਉਤਰਣ ਲੱਗਾ। ਸਰੀਰ ਝੁਲਸਣ ਲੱਗਾ। ਕੁਝ ਚਿਰ ਬਾਅਦ ਉਹ ਰਿਸਾਰਟ ਦੀ ਫਾਨਸਿੰਗ ਕੋਲ ਆਇਆ। ਉੱਥੇ ਰੁੱਖਾਂ ਦੀਆਂ ਕਤਾਰਾਂ ਸਨ। ਸਮੁੰਦਰ ਦਾ ਕਿਨਾਰਾ ਧੁੱਪ ਵਿਚ ਸੁੱਕਣੇ ਪਾਇਆ ਜਾਪਿਆ ਸੀ।
ਇੱਥੇ ਛਾਂ 'ਚ ਬੈਠਿਆ ਜਾਏ? ਪਰ ਉਸਨੇ ਇਸ ਵਿਚਾਰ ਨੂੰ ਝਟਕ ਦਿੱਤਾ। ਸਾਹਮਣੇ ਸਮੁੰਦਰ ਜਿਵੇਂ ਉਸਨੂੰ ਬੁਲਾ ਰਿਹਾ ਸੀ। ਧੁੱਪ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਲਹਿਰਾਂ ਭਰਪੂਰ ਉਮੰਗ ਨਾਲ ਕਿਨਾਰੇ ਤਕ ਆ ਰਹੀਆਂ ਸਨ।
ਉਸਨੇ ਚੱਪਲਾਂ ਲਾਹ ਕੇ ਰੱਖ ਦਿੱਤੀਆਂ। ਪੈਂਟ ਗੋਡਿਆਂ ਤਕ ਉੱਤੇ ਚੜ੍ਹਾਈ ਤੇ ਸਿੱਧਾ ਸਮੁੰਦਰ ਦੇ ਪਾਣੀ ਵਿਚ ਉਤਰ ਗਿਆ। ਪੈਰਾਂ ਨਾਲ ਪਾਣੀ ਛੂੰਹਦਿਆਂ ਈ ਉਸਨੂੰ ਠੰਡਕ ਮਹਿਸੂਸ ਹੋਣ ਲੱਗੀ। ਇਕ ਲਹਿਰ ਉਸਦੇ ਪੈਰਾਂ ਉੱਤੋਂ ਲੰਘ ਗਈ। ਤੇ ਜਾਂਦੀ ਹੋਈ ਰੇਤ ਨੂੰ ਨਾਲ ਲੈ ਗਈ। ਉਹ ਹੋਰ ਅੱਗੇ ਵਧ ਗਿਆ। ਪਿੰਜਨੀਆਂ ਤਕ ਪਾਣੀ ਵਿਚ ਜਾ ਖੜ੍ਹਾ ਹੋਇਆ। ਸੂਰਜ ਦੀਆਂ ਕਿਰਨਾਂ ਅੱਖਾਂ ਚੁੰਧਿਆ ਰਹੀਆਂ ਸਨ। ਪਰ ਸਾਹਮਣੇ ਅਸੀਮ ਪਾਣੀ ਫੈਲਿਆ ਹੋਇਆ ਸੀ। ਦਿਸਹੱਦੇ ਤਕ ਫੈਲੀ ਸੁਨਹਿਰੀ-ਨੀਲੀ ਚਮਕ।
ਉਹ ਪਾਣੀ ਦੀ ਛੋਹ ਨੂੰ ਮਹਿਸੂਸ ਕਰਦਾ ਤੇ ਮਾਣਦਾ ਰਿਹਾ। ਵਿਚਾਰ ਸ਼ੁੰਨ ਜਿਹਾ ਖੜ੍ਹਾ ਰਿਹਾ। ਲਹਿਰਾਂ ਆ ਜਾ ਰਹੀਆਂ ਸਨ। ਉਹਨਾਂ ਦੀ ਧੀਮੀ ਆਵਾਜ਼ ਤੇ ਸਮੁੰਦਰ ਦੀ ਚੁੱਪ। ਬੇੜੀਆਂ ਨਹੀਂ ਸਨ। ਸੂਰਜ ਆਸਮਾਨ ਵਿਚ ਉੱਚਾ ਚੜ੍ਹਿਆ, ਸਾਰੀ ਦੁਨੀਆਂ ਨੂੰ, ਵੰਗਾਰ ਰਿਹਾ ਸੀ...ਤੇ ਸਮੁੰਦਰ ਚੁੱਪਚਾਪ ਉਸਦੀ ਅੱਗ ਨੂੰ ਪੀ ਜਾਣ ਦੀ ਮੁਦਰਾ ਵਿਚ ਸੀ।
ਪਤਾ ਨਹੀਂ ਉਹ ਕਿੰਨੀ ਦੇਰ ਓਵੇਂ ਈ ਖੜ੍ਹਾ ਰਿਹਾ। ਮਨ ਵਿਚ ਗਾੜ੍ਹੀ ਚੁੱਪ ਭਰੀ ਹੋਈ ਸੀ। ਸਮਝ ਵਿਚ ਨਹੀਂ ਸੀ ਆ ਰਿਹਾ ਕਿ ਕੀ ਕਰੇ? ਇਕ ਤਰ੍ਹਾਂ ਨਾਲ ਸ਼ੁੰਨ ਦਾ ਮੁਕਾਬਲਾ ਕਰ ਰਿਹਾ ਸੀ। ਧੁੱਪ ਸੀ, ਉਮੰਸ ਸੀ, ਪਰ ਉਹ ਇਸ ਅਹਿਸਾਸ ਤੋਂ ਵਾਂਝਾ ਤੇ ਖਾਲੀ-ਖਾਲੀ ਸੀ। ਸਾਹਮਣੇ ਅਸੀਮ ਸਮੁੰਦਰ ਏ ਪਰ ਮੈਂ ਇਸ ਦਾ ਕੀ ਕਰਾਂ? ਉਸਨੇ ਸੋਚਿਆ।
ਉਸਨੂੰ ਲੱਗਿਆ ਜੇ ਮੈਂ ਮਛੇਰਾ ਹੁੰਦਾ ਤਾਂ ਘੱਟੋਘੱਟ ਮੈਨੂੰ ਪਤਾ ਤਾਂ ਹੁੰਦਾ ਕਿ ਸਮੁੰਦਰ ਦਾ ਕੀ ਕਰਾਂ? ਮਛੇਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਮੁੰਦਰ ਦਾ ਕੀ ਕਰਨਾ ਚਾਹੀਦਾ ਏ? ਉਹਨਾਂ ਕੋਲ ਜਾਲ ਹੁੰਦੇ ਨੇ। ਬੇੜੀਆਂ ਹੁੰਦੀਆਂ ਨੇ। ਉਹ ਮੱਛੀਆਂ ਫੜ੍ਹਦੇ ਨੇ—ਸਮੁੰਦਰ ਦੀ ਟੋਹ ਵਿਚ ਰਹਿੰਦੇ ਨੇ। ਜਾਂ ਮੈਨੂੰ ਕੈਪਟਨ ਹੋਣਾ ਚਾਹੀਦਾ ਸੀ। ਇਕ ਉਦੇਸ਼ ਸਾਹਵੇਂ ਹੁੰਦਾ। ਮਾਲ ਲਾਹੁਣ, ਮਾਲ ਲਦਵਾਉਣ ਦਾ—ਫੇਰ ਕਿਸੇ ਹੋਰ ਬੰਦਰਗਾਹ ਵੱਲ ਚੱਲ ਪੈਣ ਦਾ। ਮੈਂ ਤਾਂ ਇਸ ਕਿਨਾਰੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ। ਦੋ ਦਿਨਾਂ ਲਈ ਆਇਆਂ—ਅਜਨਬੀ ਆਂ। ਬਸ, ਸਿਰਫ ਸਮੁੰਦਰ ਦੇਖ ਰਿਹਾਂ। ਉਹ ਵੀ ਤਿੱਖੜ ਦੁਪਹਿਰ ਸਮੇਂ। ਗੋਡਿਆਂ ਤਕ ਪਾਣੀ ਵਿਚ ਖੜ੍ਹਾ।
ਭਾਸਕਰ ਨੂੰ ਆਪਣੀਆਂ ਸੋਚਾਂ 'ਤੇ ਹਾਸਾ ਆ ਗਿਆ। ਉਸਨੇ ਹੇਠਾਂ ਝੁਕ ਕੇ ਚੁਲੀ ਵਿਚ ਪਾਣੀ ਭਰ ਲਿਆ। ਕੁਝ ਪਲ ਉਸਨੂੰ ਦੇਖਦਾ ਰਿਹਾ। ਪਾਣੀ ਚਮਕ ਰਿਹਾ ਸੀ। ਫੇਰ ਉਂਗਲਾਂ ਦੀਆਂ ਵਿਰਲਾਂ ਵਿਚੋਂ ਰਿਸਣ ਦਿੱਤਾ। ਹੱਥ 'ਤੇ ਗਿੱਲਾਪਨ ਬਾਕੀ ਰਹਿ ਗਿਆ। ਉਸਨੇ ਫੇਰ ਉਹੀ ਕ੍ਰਿਆ ਦੁਹਰਾਈ। ਉਂਗਲਾਂ ਨੂੰ ਇਕ ਦੂਜੀ ਨਾਲ ਕੱਸ ਕੇ ਮੇਲੀ ਰੱਖਿਆ। ਪਾਣੀ ਚੁਲੀ ਵਿਚ ਚਮਕਦਾ ਰਿਹਾ। ਉਹ ਸੋਚਦਾ ਰਿਹਾ—ਕਿੰਨੀ ਦੇਰ? ਮੈਂ ਪਾਣੀ ਨੂੰ ਇੰਜ ਕਦ ਤੀਕ ਰੋਕ ਸਕਾਂਗਾ? ਇਕ ਮਿੰਟ? ਦੋ ਮਿੰਟ? ਪੰਜ ਮਿੰਟ? ਫੇਰ ਵੀ ਪਾਣੀ ਨਿਕਲ ਈ ਜਾਏਗਾ। ਉਹ ਉਂਗਲਾਂ ਦੀ ਚੁਲੀ ਨਾਲੋਂ ਸੁਖਮ ਏ। ਪਤਾ ਵੀ ਨਹੀਂ ਲੱਗੇਗਾ ਕਦ ਖਿਸਕ ਗਿਆ। ਤੇ ਮੈਂ ਸਿਰਫ ਦੇਖਦਾ ਰਹਿ ਜਾਵਾਂਗਾ। ਪਾਣੀ ਦਾ ਸੁਭਾਅ ਈ ਏ। ਅਛੋਪਲੇ ਤੇ ਸਹਿਜੇ ਈ ਉਹ ਖਿਸਕ-ਰਿਸਕ ਜਾਂਦਾ ਏ। ਜਾਂ ਭਾਫ ਬਣ ਕੇ ਉਡ ਜਾਂਦਾ ਏ—ਆਸਮਾਨ ਵਿਚ; ਜਾਂ ਆਪਣੇ ਵਿਸ਼ੇਸ਼ ਸਥਾਨ ਵੱਲ। ਜਿੱਥੋਂ ਉਹ ਆਉਂਦਾ ਏ, ਉਧਰ ਵੱਲ। ਉਸਨੂੰ ਯਾਦ ਆਇਆ ਹਾਇਡਰਾਲੋਜੀ ਪੜ੍ਹਾਉਣ ਵਾਲੇ ਪ੍ਰੋਫੈਸਰ ਕਹਿੰਦੇ ਹੁੰਦੇ ਸਨ, “ਸਾਨੂੰ ਪਤਾ ਨਹੀਂ ਲੱਗਦਾ ਪਰ ਪਾਣੀ ਦੀ ਹਰ ਬੂੰਦ ਆਪਣੀ ਮੂਲ ਜਗਾਹ 'ਤੇ ਜਾਣ ਲਈ ਕੋਸ਼ਿਸ਼ ਕਰਦੀ ਰਹਿੰਦੀ ਏ। ਅਸੀਂ ਭਾਵੇਂ ਲੱਖ ਕੋਸ਼ਿਸ਼ਾਂ ਕਰੀਏ ਉਸਨੂੰ ਰੋਕਣ ਦੀਆਂ ਪਰ ਹਰ ਬੂੰਦ ਆਖ਼ਰ ਕਾਮਯਾਬ ਹੋ ਜਾਂਦੀ ਏ—ਸਾਡੇ ਲਾਏ ਸਾਰੇ ਅੜਿੱਕਿਆਂ, ਰੋਕਾਂ ਨੂੰ ਪਾਰ ਕਰਕੇ ਆਪਣੇ ਮੂਲ ਸਥਾਨ 'ਤੇ ਜਾਣ ਵਿਚ। ਜ਼ਮੀਨ 'ਤੇ ਡਿੱਗੇਗੀ ਧਾਰ ਬਣ ਕੇ ਵਹਿ ਤੁਰੇਗੀ। ਬੰਨ੍ਹ ਲਾ ਕੇ ਰੱਖਿਆ ਤਾਂ ਭਾਫ ਬਣ ਕੇ ਉਡ ਜਾਏਗੀ।” ਉਦੋਂ ਮੈਨੂੰ ਇਹ ਸੁਣ ਕੇ ਹਾਸਾ ਆਉਂਦਾ ਹੁੰਦਾ ਸੀ। ਇਸ ਲਈ ਕਿ ਪਾਣੀ ਦੀ ਬੂੰਦ ਨੂੰ ਕਰਤਾ ਮੰਨਣਾ ਹੁੰਦਾ ਸੀ। ਪਿੱਛੋਂ ਸਮਝ ਵਿਚ ਆਇਆ ਕਿ ਇਹ ਸੱਚ ਏ। ਯੂ ਕਾਂਟ ਹੈਲਪ ਇਟ। ਪਾਣੀ ਨੂੰ ਰੋਕੀ ਰੱਖਣਾ ਪਾਗਲਪਨ ਏ। ਫੇਰ ਉਸਨੇ ਚੁਲੀ ਵਿਚ ਘਿਰੇ ਪਾਣੀ ਦਾ ਅਰਘ ਦੇ ਦਿੱਤਾ। ਉਸਦੀ ਚੁਲੀ ਖਾਲੀ ਹੋ ਗਈ। ਉਹ ਬੜਬੜਾਇਆ—'ਜਾਓ! ਆਪਣੀ ਜਗਾਹ 'ਤੇ ਜਾਓ।'
ਕੁਝ ਚਿਰ ਬਾਅਦ ਉਸ ਲਈ ਧੁੱਪ ਵਿਚ ਖੜ੍ਹੇ ਰਹਿਣਾ ਅਸਹਿ ਹੋ ਗਿਆ। ਉਹ ਵਾਪਸ ਚੱਲ ਪਿਆ। ਰੁੱਖਾਂ ਹੇਠ ਆਇਆ। ਕੋਈ ਖਾਸ ਛਾਂ ਨਹੀਂ ਸੀ। ਸੂਰਜ ਸਿੱਧਾ ਸਾਹਮਣੇ ਸੀ। ਹੇਠਾਂ ਸੁੱਕੇ ਪੱਤੇ, ਟਾਹਣੀਆਂ ਖਿੱਲਰੀਆਂ ਸਨ। ਥੋੜ੍ਹੀ ਕੁ ਥਾਂ ਸਾਫ ਕਰਕੇ ਉਹ ਬੈਠ ਗਿਆ। ਫੇਰ ਲੇਟ ਗਿਆ। ਰੇਤ ਦੀ ਮੁਲਾਇਮ ਛੋਹ ਉਸਨੂੰ ਚੰਗੀ ਲੱਗੀ। ਉਸਨੇ ਅੱਖਾਂ ਮੀਚ ਲਈਆਂ। ਅੱਖਾਂ 'ਤੇ ਲਾਲ ਚਾਨਣ ਪਸਰ ਗਿਆ। ਸੂਰਜ ਆਪਣੀ ਹੋਂਦ ਨੂੰ ਹਾਲੇ ਵੀ ਦਰਸਾਅ ਰਿਹਾ ਸੀ। ਉਸਨੇ ਟੋਪੀ ਅੱਖਾਂ 'ਤੇ ਰੱਖ ਲਈ। ਚਿਹਰੇ ਲਈ ਛਾਂ ਬਣ ਗਈ, ਏਨੇ ਨਾਲ ਈ ਉਸਨੂੰ ਠੰਡਕ ਮਹਿਸੂਸ ਹੋਈ।
ਹੁਣ ਨੀਂਦ ਆ ਜਾਏ ਤਾਂ ਕਿੰਨਾ ਚੰਗਾ ਹੋਏ—ਉਸਨੇ ਸੋਚਿਆ। ਮਨ ਵਿਚ ਸ਼ੰਕਿਆਂ ਦੇ ਭੂਤ ਨੱਚ ਰਹੇ ਨੇ। ਸਾਹਮਣੇ ਏਨਾ ਪਾਣੀ ਏ ਪਰ ਠੰਡਕ ਨਹੀਂ। ਸੂਰਜ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ। ਭਾਵੇਂ ਉਹ ਸਵੇਰ ਦਾ ਸੂਰਜ ਹੋਵੇ ਜਾਂ ਦੁਪਹਿਰ ਦਾ। ਸ਼ਾਮ ਦਾ ਸੂਰਜ ਠੀਕ ਏ। ਡੁੱਬਣ ਵੇਲੇ। ਤੇ ਫੇਰ ਚੰਨ-ਤਾਰਿਆਂ ਭਰਿਆ ਆਸਮਾਨ। ਠੰਡਕ। ਭਾਵੇਂ ਕਿੰਨੀ ਦੇਰ ਤਕ ਉਹਨਾਂ ਨੂੰ ਦੇਖਦੇ ਰਹੋ। ਤਦ ਆਸਮਾਨ ਉੱਤੇ ਟਿਕੀਆਂ ਅੱਖਾਂ ਹਟਾਇਆਂ ਨਹੀਂ ਹਟਾਈਆਂ ਜਾਂਦੀਆਂ। ਇੱਥੇ ਰਾਤ ਨੂੰ ਆਉਣਾ ਚਾਹੀਦਾ ਏ। ਸਹੀ ਸਮਾਂ। ਠੰਡੀ ਹਵਾ। ਲਹਿਰਾਂ। ਹਵਾਵਾਂ। ਉਹੀ ਸਹੀ ਸਮਾਂ ਏ।
ਉਹ ਅੱਖਾਂ ਮੀਚ ਕੇ ਲੇਟਿਆ ਰਿਹਾ ਪਰ ਨੀਂਦ ਨਹੀਂ ਆਈ। ਸਮਾਂ ਅੱਗੇ ਖਿਸਕਦਾ ਗਿਆ। ਉਹ ਸੋਚਣ ਲੱਗਾ—ਨੰਦਨੀ ਚਾਹੁੰਦੀ ਸੀ ਕਿ ਮੈਂ ਉਸ ਕੋਲ ਬੈਠਾ ਰਹਾਂ। ਪਰ ਮੇਰੇ ਲਈ ਇਹ ਸੰਭਵ ਨਹੀਂ ਸੀ। ਉਹ ਸ਼ਾਇਦ ਮਨ ਵਿਚ ਕਹਿ ਰਹੀ ਸੀ। ਪਰ ਬਹੁਤ ਸਾਰੀਆਂ ਗੱਲਾਂ ਸਮਝ ਵਿਚ ਨਹੀਂ ਆਉਂਦੀਆਂ। ਸਵੇਰ ਦਾ ਮਨ ਉਚਾਟ ਹੋਇਆ ਹੋਇਆ ਏ। ਹੁਣ ਵੀ ਏ। ਕੀ ਕਰਾਂ? ਇਹੋ ਸਮਝ ਵਿਚ ਨਹੀਂ ਆ ਰਿਹਾ। ਇੰਜ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ। ਬੇਚੈਨੀ ਮਨ ਵਿਚ ਭਰੀ ਪਈ ਏ। ਗੁੱਸਾ ਵੀ ਏ। ਸੁਭਾਅ ਦੇ ਖ਼ਿਲਾਫ਼ ਕੁਝ ਕਰਨਾ ਪੈ ਰਿਹੈ। ਅੰਦਰੇ-ਅੰਦਰ ਕੁਝ ਧੁਖ ਰਿਹਾ ਏ। ਗਰਮ ਲੂ ਵਾਂਗ। ਪਰ ਕੁਝ ਫਟਦਾ ਨਹੀਂ। ਬਸ ਦਿਲ, ਦਿਮਾਗ਼, ਦੇਹ ਠੁਸ ਹੋਏ ਜਾਪਦੇ ਨੇ।
ਕੀ ਕਰਨਾ ਚਾਹੀਦਾ ਏ? ਸਿਰਫ ਸੁਣਦਾ ਰਹਾਂ?
ਇੰਜ ਤਾਂ ਕਰਨਾ ਈ ਪਏਗਾ। ਹੋਰ ਫੇਰ ਕੀ? ਮੇਰੇ ਹੱਥ ਵਿਚ ਹੈ ਈ ਕੀ? ਕੀ ਕਰ ਸਕਦਾਂ? ਉਹ ਹੋਰ ਬੇਚੈਨ ਹੋ ਗਿਆ। ਪਿਆ ਪਾਸੇ ਪਰਤਦਾ ਰਿਹਾ ਤੇ ਰੇਤ ਦੇ ਕਣ ਖਿਸਕ ਖਿਸਕ ਕੇ ਜਗਾਹ ਦੇਂਦੇ ਰਹੇ। ਕੀ ਇਸੇ ਰੇਤ ਵਿਚ ਦਫ਼ਨਾ ਲਵਾਂ ਖ਼ੁਦ ਨੂੰ? ਸਿਰ ਦਫ਼ਨਾਵਾਂ ਜਾਂ ਧੜ? ਉਹ ਆਪਣੇ ਆਪ 'ਤੇ ਹਿਰਖ ਗਿਆ। ਇਹ ਵੀ ਕੈਸਾ ਵਿਚਾਰ ਏ? ਇੰਜ ਕਰਨ ਦੀ ਲੋੜ ਈ ਕੀ ਏ? ਇੰਜ ਤਾਂ ਪਹਿਲਾਂ ਕਦੀ ਮੈਂ ਸੋਚਿਆ ਨਹੀਂ ਸੀ। ਅਜਿਹਾ ਕੁਝ ਸੋਚਣ ਨਾਲੋਂ ਤਾਂ ਇਹੋ ਚੰਗਾ ਏ ਕਿ ਮੈਂ ਸਮੁੰਦਰ ਨੂੰ ਈ ਤੱਕਦਾ ਰਹਾਂ।
ਉਸਨੇ ਅੱਖਾਂ ਖੋਲ੍ਹੀਆਂ। ਕੁਹਣੀਆਂ ਭਾਰ ਰੇਤ 'ਤੇ ਈ ਲੇਟਿਆ ਰਿਹਾ। ਸੂਰਜ ਥੋੜ੍ਹਾ ਹੇਠਾਂ ਝੁਕ ਗਿਆ ਸੀ। ਉਹ ਰੁੱਖਾਂ ਦੇ ਝੁੰਡ ਹੇਠ ਲੇਟਿਆ ਸੀ ਇਸ ਲਈ ਧੁੱਪ ਤੋਂ ਬਚ ਗਿਆ ਸੀ ਪਰ ਉਮਸ ਬੜੀ ਸੀ। ਪਿੰਡਾ ਤਪ ਗਿਆ ਸੀ। ਭਾਟਾ ਵਧ ਰਿਹਾ ਸੀ। ਲਹਿਰਾਂ ਹੁਣ ਹੋਰ ਨੇੜੇ ਆ ਰਹੀਆਂ ਸਨ। ਉਸਨੂੰ ਯਾਦ ਆਇਆ ਕਿ ਉਹ ਸਵੀਮਿੰਗ ਸੂਟ ਤੇ ਹੋਰ ਲੋੜੀਂਦਾ ਸਾਮਾਨ ਨਾਲ ਲਿਆਇਆ ਏ। ਪਾ ਕੇ ਆਉਂਦਾ ਤਾਂ ਤੈਰ ਲੈਂਦਾ। ਪਾਣੀ ਵਿਚ ਠੰਡਕ ਮਹਿਸੂਸ ਹੁੰਦੀ। ਉਸਨੇ ਸੋਚਿਆ—ਵੈਸੇ ਵੀ ਕਾਟੇਜ ਦੂਰ ਨਹੀਂ, ਉਹ ਲਿਆ ਸਕਦਾ ਏ ਪਰ ਉਸਨੇ ਇਹ ਵਿਚਾਰ ਝਟਕ ਦਿੱਤਾ। ਮਨ ਵਿਚ ਸੋਚਣ ਲੱਗਾ ਕਿ ਕਲ੍ਹ ਤੈਰਾਕੀ ਕਰਾਂਗਾ। ਤੇ ਇਸ ਸੋਚ ਦੇ ਨਾਲ ਈ ਤ੍ਰਬਕਿਆ। ਕੀ ਮੈਂ ਕਲ੍ਹ ਵੀ ਇੱਥੇ ਈ ਹੋਵਾਂਗਾ? ਪ੍ਰੋਗਰਾਮ ਦੇ ਹਿਸਾਬ ਨਾਲ ਤਾਂ ਰਹਿਣਾ ਏ ਪਰ ਹੁਣ ਏਥੇ ਰਹਿ ਕੇ ਵੀ ਕੀ ਕਰਾਂਗਾ?
ਤੇ ਘਰ ਵਾਪਸ ਜਾ ਕੇ ਵੀ ਕੀ ਕਰ ਲਵਾਂਗਾ? ਦੂਜੇ ਪਾਸੇ ਉਸਨੇ ਸੋਚਿਆ। ਉੱਥੇ ਫੈਕਟਰੀ ਜਾ ਸਕਦਾ ਆਂ। ਉਹ ਰਾਹਾਂ 'ਚ ਭਟਕਣ ਲੱਗਾ। ਪਰ ਘਰ ਤਾਂ ਜਾਣਾ ਈ ਪਏਗਾ। ਹਰ ਰਸਤੇ ਭਟਕਣ ਪਿੱਛੋਂ ਇਕੋ ਸਿਰਾ ਸੀ। ਇਸ ਤੋਂ ਚੰਗਾ ਏ ਇੱਥੇ ਸਮੁੰਦਰ ਏ। ਸ਼ਾਂਤੀ ਏ। ਸਮਾਂ ਮੇਰਾ ਆਪਣਾ ਏਂ।
ਕਾਫੀ ਦੇਰ ਹੋ ਗਈ ਸੀ। ਉਹ ਥਕਾਣ ਮਹਿਸੂਸ ਕਰਨ ਲੱਗਾ। ਜੇ ਮੈਂ ਹੋਰ ਇੰਜ ਈ ਪਿਆ ਰਿਹਾ ਤਾਂ ਥੱਕ ਜਾਵਾਂਗਾ ਤੇ ਹੋਏਗਾ ਕੁਝ ਨਹੀਂ। ਉਸਨੇ ਮਨ ਨੂੰ ਸਮਝਾਉਣਾ ਚਾਹਿਆ। ਇਹ ਸਮਾਂ ਸਮੁੰਦਰ ਦੇਖਣ ਦਾ ਨਹੀਂ। ਵੈਸੇ ਵੀ ਸਮੁੰਦਰ ਕਿੱਥੇ ਦਿਖ ਰਿਹੈ—ਲਿਸ਼ਕੋਰਾਂ ਮਾਰਦੀ ਧੁੱਪ ਈ ਦਿਸ ਰਹੀ ਏ। ਉਸਨੇ ਘੜੀ ਦੇਖੀ। ਪੰਜ ਵੱਜ ਚੱਲੇ ਸਨ। ਠੀਕ ਏ। ਸਮੁੰਦਰ ਰਾਤ ਨੂੰ ਦੇਖਾਂਗਾ। ਹੁਣ ਜਿੰਮ ਜਾ ਸਕਦਾਂ। ਵੈਸੇ ਵੀ ਅੱਜ ਕਸਰਤ ਨਹੀਂ ਕੀਤੀ। ਪਰ ਟਾਵਲ? ਉਸਨੇ ਜੇਬਾਂ ਵਿਚ ਹੱਥ ਮਾਰਿਆ। ਇਕ ਰੁਮਾਲ ਮਿਲਿਆ। ਠੀਕ ਏ, ਇਸੇ ਨਾਲ ਕੰਮ ਚੱਲ ਜਾਏਗਾ—ਰੂਮ 'ਚ ਜਾਣ ਦੀ ਲੋੜ ਨਹੀਂ।
ਉਹ ਉਸੇ ਰਾਹ ਪਰਤ ਆਇਆ। ਜਿੰਮ ਖੁੱਲ੍ਹੀ ਸੀ। ਕਲ੍ਹ ਵਾਲਾ ਇੰਸਟਕਟਰ ਕਿਧਰੇ ਦਿਖਾਈ ਨਹੀਂ ਦਿੱਤਾ। ਉਸਨੂੰ ਹੋਰ ਵੀ ਸ਼ਾਂਤੀ ਮਹਿਸੂਸ ਹੋਈ। ਚੱਪਲਾਂ ਲਾਹ ਕੇ ਉਹ ਸਾਈਕਲ 'ਤੇ ਚੜ੍ਹ ਗਿਆ।
ਸ਼ੁਰੂ ਵਿਚ ਠੀਕ ਸੀ। ਪਿੱਛੋਂ ਉਦਾਸੀ ਨੇ ਘੇਰ ਲਿਆ। ਉਸਨੇ ਸੋਚਿਆ ਖਾਣਾ ਖਾਣ ਕਰਕੇ ਹੋਏਗਾ। ਫੇਰ ਉਸਨੂੰ ਲੱਗਿਆ, ਸਰੀਰ ਸੁਸਤ ਏ। ਏਨੀ ਛੇਤੀ ਹਲਕਾ ਨਹੀਂ ਹੋਏਗਾ। ਮੈਨੂੰ ਕਰਦੇ ਰਹਿਣਾ ਚਾਹੀਦਾ ਏ। ਫੇਰ ਵੀ ਉਸ ਤੋਂ ਪੈਡਲ ਮਾਰੇ ਨਹੀਂ ਸੀ ਜਾ ਰਹੇ। ਉਹ ਸਾਈਕਲ ਤੋਂ ਹੇਠਾਂ ਉਤਰ ਗਿਆ। ਹੁਣੇ ਤੁਰ ਕੇ ਆਇਆ ਆਂ। ਵਾਰਮਿੰਗ ਅੱਪ ਹੋਇਆ ਆਂ। ਚਲੋ ਸਿੱਧੇ ਮਸ਼ੀਨ ਵੱਲ।
ਉਸਨੇ ਫਲੀ ਵਿਚ ਹਮੇਸ਼ਾ ਜਿੰਨਾ ਵਜਨ ਚੜ੍ਹਾਇਆ। ਰਾਡ ਦੇ ਸਿਰੇ ਫੜ੍ਹੇ ਤੇ ਖਿੱਚਣਾ ਸ਼ੁਰੂ ਕਰ ਦਿੱਤਾ। ਦੂਜੇ ਸੈਟ ਵਿਚ ਬਾਹਾਂ ਜਵਾਬ ਦੇਣ ਲੱਗੀਆਂ। ਹਮੇਸ਼ਾ ਵਾਂਗ ਤਾਂ ਸੀ। ਪਰ ਸਰੀਰ ਵਿਚ ਜਿਵੇਂ ਤਾਕਤ ਈ ਨਹੀਂ ਸੀ। ਉਸਨੇ ਨੈਟ ਲਾਇਆ ਪਰ ਰਾਡ ਹੇਠਾਂ ਨਹੀਂ ਕਰ ਸਕਿਆ। ਮੱਥੇ 'ਤੇ ਪਸੀਨਾ ਆ ਗਿਆ।
ਮੂਰਖ! ਕਿਉਂ ਕਰ ਰਿਹਾ ਆਂ ਮੈਂ ਇਹ ਸਭ? ਉਸਨੇ ਖ਼ੁਦ ਨੂੰ ਨੇਹਣਾ ਸ਼ੁਰੂ ਕਰ ਦਿੱਤਾ। ਨੰਦਨੀ ਨੂੰ ਇਸ ਸਭ ਨਹੀਂ ਚਾਹੀਦਾ। ਉਸਦੀਆਂ ਨਜ਼ਰਾਂ ਵਿਚ ਕੁਛ ਕੀਮਤ ਨਹੀਂ ਇਸਦੀ। ਉਹ ਕਿਹੜਾ ਘੀਲਾ ਸੀ। ਮੈਂ ਇਕ ਘਸੁੰਨ ਜੜ ਦੇਂਦਾ ਤਾਂ ਪਾਣੀ ਨਹੀਂ ਸੀ ਮੰਗਣਾ। ਪਰ ਉਹੀ ਚੰਗਾ ਲੱਗਿਆ ਸੀ ਨੰਦਨੀ ਨੂੰ? ਮੇਰਾ ਇਹ ਚੌੜਾ ਸੀਨਾ, ਇਹ ਬਾਏਸੇਪਸ, ਨਿੱਗਰ ਪਿੰਜਨੀਆਂ, ਕਸਿਆ ਹੋਇਆ ਪੇਟ—ਕਿਸਨੂੰ ਚਾਹੀਦਾ ਏ? ਨੰਦਨੀ ਨੂੰ ਤਾਂ ਉਸ ਮਰੀਅਲ ਦੀਆਂ ਮਿੱਠੀਆਂ ਗੱਲਾਂ ਈ ਚੰਗੀਆਂ ਲੱਗੀਆਂ ਨਾ? ਤੇ ਮੈਂ ਕਿਉਂ ਇੱਥੇ ਸਰੀਰ ਦੀ ਮਜ਼ਬੂਤੀ ਬਣਾਉਣ ਲਈ ਪਸੀਨਾ ਵਹਾਅ ਰਿਹਾਂ?
ਉਸਦੇ ਹੱਥੋਂ ਰਾਡ ਛੁੱਟ ਗਿਆ। ਪੁਲੀ ਦੇ ਵਜਨ ਟਨ ਕਰਕੇ ਟਕਰਾਏ। ਉਸਨੇ ਝੂਲਦੇ ਹੱਥ ਪੈਰਾਂ ਨਾਲ ਲਾਏ ਤਾਂ ਚੱਕਰ ਜਿਹਾ ਆ ਗਿਆ। ਕਮਜ਼ੋਰੀ ਮਹਿਸੂਸ ਹੋਣ ਲੱਗੀ। ਲੱਗਿਆ ਸਰੀਰ ਨਾਂ ਦੀ ਕੋਈ ਚੀਜ਼ ਹੈ ਈ ਨਹੀਂ। ਝੁਕ ਕੇ ਉਸਨੇ ਮਸ਼ੀਨ ਦਾ ਖੰਭਾ ਫੜ੍ਹ ਲਿਆ। ਹੱਥਾਂ ਵਿਚ ਸਿਰ ਫੜ੍ਹ ਕੇ ਬੈਠ ਗਿਆ।
ਕੁਝ ਚਿਰ ਪਿੱਛੋਂ ਉਸਨੇ ਸਿਰ ਚੁੱਕਿਆ। ਅਜੇ ਤਕ ਜਿੰਮ ਵਿਚ ਕੋਈ ਨਹੀਂ ਸੀ ਆਇਆ। ਉਸਦਾ ਸੰਘ ਸੁੱਕ ਰਿਹਾ ਸੀ। ਉਹ ਜਿਵੇਂ ਤਿਵੇਂ ਉਠਿਆ। ਫਿਲਟਰ ਵਿਚੋਂ ਪਾਣੀ ਪੀ ਕੇ ਉਹ ਮੈਟ ਵਿਛਾ ਕੇ ਸ਼ਵ-ਆਸਨ ਕਰਨ ਲੱਗਾ।
ਚਲੋ ਚੰਗਾ ਏ ਏਥੇ ਕੋਈ ਨਹੀਂ ਏ। ਵਰਨਾ ਹੋਰ ਬੇਇੱਜ਼ਤੀ ਹੁੰਦੀ। ਪਹਿਲਾਂ ਇੰਜ ਕਦੀ ਨਹੀਂ ਹੋਇਆ ਸੀ। ਜਿੰਮ 'ਚ ਮੈਂ ਕਿੰਨਾ ਹੌਸਲੇ 'ਚ ਰਹਿੰਦਾ ਆਂ? ਸੱਚਮੁੱਚ ਮੈਨੂੰ ਕੁਝ ਹੋ ਗਿਆ ਏ ਕਿ? ਸ਼ੰਕਾਵਾਂ ਨੇ ਉਸਨੂੰ ਘੇਰਿਆ ਹੋਇਆ ਸੀ। ਮੈਂ ਸਾਰੀ ਜਾਂਚ ਤਾਂ ਕਰਵਾਈ ਹੋਈ ਏ। ਸਭ ਕੁਝ ਨਾਰਮਾਲ ਏ। ਫੇਰ ਵੀ? ਨਸਾਂ ਵਿਚ ਕੁਝ ਗੜਬੜ ਏ ਕਿ? ਸ਼ਰੀਰ ਨੂੰ ਕਦ ਕੁਛ ਹੋ ਜਾਂਦਾ ਏ ਇਸਦਾ ਕੁਛ ਭਰੋਸਾ ਨਹੀਂ। ਇਸ ਵਿਚਾਰ ਦੇ ਆਉਂਦਿਆਂ ਈ ਉਸਨੇ ਸਾਰੀਆਂ ਸ਼ੰਕਾਵਾਂ ਨੂੰ ਝਟਕ ਦਿੱਤਾ। ਅਜੇ ਸਵਾਲ ਮਨ ਦਾ ਏ। ਸਰੀਰ ਦੀ ਪ੍ਰਵਾਹ ਨਹੀਂ। ਜੋ ਹੋਏਗਾ ਨਿਬੜ ਲਵਾਂਗਾ, ਪਰ ਇਸ ਮਨ ਦਾ ਕੀ ਕਰਾਂ?
ਕਿਸ ਦੇ ਮਨ ਦਾ? ਉਸਨੇ ਆਪਣੇ ਆਪ ਨੂੰ ਪੁੱਛਿਆ। ਉਸਦੇ ਜਾਂ ਮੇਰੇ? ਜਦ ਮੈਂ ਕੁਛ ਕੀਤਾ ਈ ਨਹੀਂ ਫੇਰ ਮੈਂ ਕਿਉਂ ਚਿੰਤਾ ਕਰ ਰਿਹਾਂ? ਮੈਨੂੰ ਕਸਰਤ ਕਰਨ ਵਿਚ ਕਿਉਂ ਦਿੱਕਤ ਆ ਰਹੀ ਏ? ਠੀਕ ਏ। ਨਹੀਂ ਕਰਨੀ ਕਸਰਤ ਤਾਂ ਯੋਗਾਸਨ ਕਰ ਲਵਾਂ। ਜਾਂ ਫੇਰ ਲੇਟਿਆ ਰਹਾਂ ਸਵ-ਆਸਨ 'ਚ ਈ। ਇਹ ਚੰਗੀ ਕਿਰਿਆ ਏ। ਕੁਝ ਨਾ ਕਰਨਾ ਹੋਏ ਤਾਂ ਬਸ ਸਵ-ਆਸਨ ਵਿਚ ਲੇਟ ਜਾਓ।
ਉਹ ਚੁੱਪਚਾਪ ਅੱਖਾਂ ਮੀਚ ਕੇ ਲੇਟਿਆ ਰਿਹਾ, ਦੁਨੀਆਂ ਵੱਲੋਂ ਬੇਧਿਆਨਾਂ। ਕੁਝ ਚਿਰ ਬਾਅਦ ਦਰਵਾਜ਼ੇ ਦੀ ਆਵਾਜ਼ ਆਈ। ਇੰਸਟਕਰ ਆ ਗਿਆ ਸੀ। ਭਾਸਕਰ ਨੇ ਅੱਖਾਂ ਖੋਲ੍ਹੀਆਂ। ਦੋਵਾਂ ਨੇ ਇਕ ਦੂਜੇ ਨੂੰ ਦੇਖਿਆ।
“ਗੁੱਡ ਈਵਨਿੰਗ ਸਰ। ਕੁਲਿੰਗ ਡਾਊਨ?”
ਇੰਸਟਕਟਰ ਨੇ ਪੁੱਛਿਆ।
ਉਹ ਸਿਰਫ ਮੁਸਕਰਾਇਆ, “ਤੁਸੀਂ ਕਿਤੇ ਗਏ ਸੀ?”
“ਹਾਂ, ਇੱਥੇ ਈ ਆਫਿਸ ਤਕ ਸਰ। ਹਿਸਾਬ ਦੇਣਾ ਸੀ। ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ?”
“ਬਿਲਕੁਲ ਨਹੀਂ।” ਉਠਦਿਆਂ ਹੋਇਆਂ ਭਾਸਕਰ ਨੇ ਕਿਹਾ। “ਤੁਸੀਂ ਮਸ਼ੀਨਾਂ ਬੜੀਆਂ ਵਧੀਆ ਰੱਖੀਆਂ ਹੋਈਆਂ ਨੇ।”
“ਹਾਂ ਸਰ, ਪਰ ਇਹਨਾਂ ਦਾ ਲਾਭ ਨਹੀਂ ਲਿਆ ਜਾ ਰਿਹਾ। ਏਥੇ ਕੋਈ ਆਉਂਦਾ ਈ ਨਹੀਂ।”
“ਤੁਸੀਂ ਪਿੰਡ ਦੇ ਬੱਚਿਆਂ ਨੂੰ ਇੱਥੇ ਆਉਣ ਦਿਆ ਕਰੋ। ਉਹਨਾਂ ਨੂੰ ਲਾਭ ਹੋਏਗਾ।”
“ਹਾਂ ਸਾਰ, ਇੰਜ ਈ ਕਰਨਾ ਚਾਹੀਦਾ ਏ। ਸਰ ਤੁਸੀਂ ਜਾ ਰਹੇ ਓ?”
“ਹਾਂ, ਗੁੱਡ ਬਾਏ।” ਤੇ ਭਾਸਕਰ ਬਾਹਰ ਨਿਕਲ ਆਇਆ।


ਉਸਦੇ ਸਾਹਮਣੇ ਹੁਣ ਵੀ ਇਹੋ ਸਵਾਲ ਸੀ, ਕੀ ਕਰੇ? ਕਿਥੇ ਜਾਏ? ਸ਼ਾਮ ਹੋ ਗਈ ਸੀ ਫੇਰ ਵੀ ਤੇਜ਼ ਰੋਸ਼ਨੀ ਸੀ। ਜਿੰਮ ਦੇ ਗੇਟ ਤੋਂ ਉਸਨੂੰ ਉਸ ਪਾਰ ਦਾ ਰਸਤਾ ਦਿਸ ਰਿਹਾ ਸੀ। ਵਾਪਸ ਸਮੁੰਦਰ ਕਿਨਾਰੇ ਜਾਵਾਂ? ਉਹ ਸੋਚਣ ਲੱਗਾ। ਹੁਣ ਉੱਥੇ ਧੁੱਪ ਨਹੀਂ ਹੋਏਗੀ। ਸੂਰਜ ਦੇਖ ਸਕਾਂਗਾ। ਜਾਂ ਇਸ ਪਗਡੰਡੀ ਉੱਤੇ ਅੱਗੇ ਤਕ ਨਿਕਲ ਜਾਵਾਂ? ਪਹਾੜੀ ਤੀਕ। ਨਹੀਂ, ਨਹੀਂ। ਹੁਣ ਕੁਝ ਚਿਰ ਬਾਅਦ ਹਨੇਰਾ ਹੋ ਜਾਏਗਾ। ਮਜ਼ਾ ਨਹੀਂ ਆਏਗਾ।
ਉਹ ਗੇਟ ਵਲ ਤੁਰ ਪਿਆ। ਉਸਨੂੰ ਯਾਦ ਆਇਆ ਜਦੋਂ ਦਾ ਆਇਆ ਆਂ, ਕਾਰ ਵੱਲ ਦੇਖਿਆ ਈ ਨਹੀਂ। ਇਹਨਾਂ ਲੋਕਾਂ ਠੀਕ-ਠਾਕ ਰੱਖੀ ਹੋਏਗੀ। ਫੇਰ ਵੀ ਮੈਨੂੰ ਇਕ ਵਾਰ ਦੇਖ ਆਉਣਾ ਚਾਹੀਦਾ ਏ।
ਸ਼ੈਡ ਵਿਚ ਕਈ ਗੱਡੀਆਂ ਸਨ। ਉਸਦੀ ਗੱਡੀ ਥੋੜ੍ਹੀ ਹਟ ਕੇ ਸ਼ਾਨ ਨਾਲ ਖੜ੍ਹੀ ਸੀ। ਛੋਟੀਆਂ ਗੱਡੀਆਂ ਵਿਚਕਾਰ ਰੋਅਬ-ਦਾਅਬ ਨਾਲ। ਉਸਨੇ ਦੂਰੋਂ ਦੇਖਿਆ ਤਾਂ ਆਪਣੇਪਨ ਦੀ ਉਮੰਗ ਤਨ-ਮਨ ਵਿਚ ਦੌੜ ਗਈ। ਕੋਲ ਆ ਕੇ ਜਦੋਂ ਉਸਨੇ ਬੋਨੇਟ ਉੱਤੇ ਹੱਥ ਰੱਖਿਆ ਉਸਦਾ ਮਨ ਉਛਾਲੇ ਖਾਣ ਲੱਗਾ। ਚਾਬੀ ਲਿਆਉਣੀ ਚਾਹੀਦੀ ਸੀ। ਦਰਵਾਜ਼ਾ ਖੋਲ੍ਹ ਕੇ ਅੰਦਰ ਬੈਠ ਸਕਦਾ ਸਾਂ। ਇਹ ਆਪਣੀ ਗੱਡੀ ਏ। ਸਿਰਫ ਗੱਡੀ ਵਿਚ ਬੈਠਣ ਨਾਲ ਈ ਸਕੂਨ ਮਿਲਦਾ। ਕਿੰਨਾ ਭਰੋਸਾ ਏ ਇਸ ਗੱਡੀ 'ਤੇ। ਹਰ ਸਮੇਂ ਸਾਥ ਨਿਭਾਉਂਦੀ ਏ।
ਉਸਨੇ ਗੱਡੀ ਦਾ ਚੱਕਰ ਲਾਇਆ। ਸਾਰੇ ਟਾਇਰ ਦੇਖੇ। ਸ਼ੀਸ਼ੇ ਲਿਸ਼ਕ ਰਹੇ ਸਨ। ਵਾਚਮੈਨ ਨੇ ਗੱਡੀ ਸਾਫ ਕਰ ਦਿੱਤੀ ਸੀ। ਜਾਣ ਵੇਲੇ ਉਸਨੂੰ ਟਿੱਪ ਦੇਣੀ ਚਾਹੀਦੀ ਏ।
ਉਹ ਗੇਟ 'ਚੋਂ ਬਾਹਰ ਨਿਕਲ ਆਇਆ। ਸਾਫ ਸੁਥਰਾ ਰੱਸਤਾ ਦੂਰ ਤਕ ਵਿਚਛਿਆ ਹੋਇਆ ਸੀ। ਦੋਵੇਂ ਪਾਸੇ ਘਾਹ ਉਗਾਈ ਹੋਈ ਸੀ। ਛੋਟੇ ਛੋਟੇ ਬੂਟੇ ਲਾਏ ਸਨ। ਭੀੜ ਨਹੀਂ ਸੀ। ਤੁਰਨਾ ਚੰਗਾ ਲੱਗ ਰਿਹਾ ਸੀ। ਉਹ ਤੁਰਦਾ ਰਿਹਾ।
ਕਾਫੀ ਦੂਰੀ ਤੈਅ ਕਰ ਲੈਣ ਪਿੱਛੋਂ ਉਸਨੇ ਸੋਚਿਆ ਮੈਂ ਕਿਉਂ ਤੁਰਿਆ ਜਾ ਰਿਹਾ ਆਂ? ਸਮਾਂ ਬਿਤਾਉਣ ਖਾਤਰ? ਰੂਮ ਵਿਚ ਈ ਬੈਠਣਾ ਚਾਹੀਦਾ ਸੀ ਮੈਨੂੰ। ਮੈਂ ਕਿਉਂ ਇਧਰ-ਉਧਰ ਮੂੰਹ ਲੁਕਾਉਂਦਾ ਫਿਰ ਰਿਹਾਂ? ਕੀ ਕੀਤਾ ਏ ਮੈਂ? ਜੇ ਮੈਂ ਉਸਦੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੈਨੂੰ ਚਾਹੀਦਾ ਏ ਕਿ ਮੈਂ ਬੱਸ ਦਾ ਟਿਕਟ ਉਸਦੀ ਹਥੇਲੀ 'ਤੇ ਰੱਖ ਦਿਆਂ ਤੇ ਕਹਾਂ 'ਚਲੀ ਜਾਅ।' ਮੈਂ ਕਿਉਂ ਭੱਜ ਰਿਹਾਂ? ਕੀ ਮੈਂ ਕਿਸੇ ਨੂੰ ਰਿਸ਼ਵਤ ਦਿੱਤੀ ਏ? ਕਿਸੇ ਦਾ ਪ੍ਰਾਵੀਡੈਂਟ ਫੰਡ ਦੇਣ ਤੋਂ ਮੁੱਕਰਿਆ ਆਂ? ਜ਼ਹਿਰੀਲਾ ਪਾਣੀ ਨਦੀ ਵਿਚ ਛੱਡਿਆ ਏ? ਫੇਰ ਕਿਉਂ ਭੱਜ ਰਿਹਾਂ ਮੈਂ?
ਸੱਚ, ਮੈਂ ਕਿਉਂ ਪਾਗਲਪਨ ਕਰ ਰਿਹਾਂ? ਮੈਂ ਡਰਪੋਕ ਆਂ ਕੋਈ? ਕੈਸਾ ਡਰ? ਡਰ ਜਾਂ ਜੋ ਵੀ ਕੁਝ ਹੋਏ ਨੰਦਨੀ ਨੂੰ ਹੋਣਾ ਚਾਹੀਦਾ ਏ। ਜੋ ਵੀ ਸਿੱਟਾ ਹੋਏ ਉਸਨੇ ਭੋਗਣਾ ਏਂ। ਜੇ ਮੈਂ ਉਸ ਨਾਲ ਗੱਲ ਕਰਨੀ ਨਹੀਂ ਚਾਹੁੰਦਾ ਤਾਂ ਨਾ ਸਹੀ। ਗੱਡੀ ਕੱਢ ਕੇ ਪੰਜ ਛੇ ਘੰਟਿਆਂ ਵਿਚ ਘਰ ਪਹੁੰਚ ਸਕਦਾ ਆਂ। ਦੇਖਾਂਗਾ ਉੱਥੇ ਜਾ ਕੇ ਜੋ ਹੋਏਗਾ ਉਹ। ਭਾਸਕਰ ਆਪਣੀ ਉਧੇੜ-ਬੁਨ ਵਿਚ ਤੁਰਦਾ ਜਾ ਰਿਹਾ ਸੀ।
ਉਸਨੇ ਪਿੱਛੇ ਮੁੜ ਕੇ ਦੇਖਿਆ। ਫੇਰ ਸੋਚਿਆ ਭਾਵੇਂ ਏਥੇ ਆਂ ਜਾਂ ਉੱਥੇ ਹੋਵਾਂ—ਹੋਣਾ ਕੀ ਏ? ਸੁਣਿਆ। ਅੱਗੇ? ਸਮਝਿਆ। ਅੱਗੇ?
ਅਚਾਨਕ ਉਸਦੇ ਮਨ ਵਿਚ ਗੁੱਸਾ ਭਰਨ ਲੱਗਾ। ਲੱਤ ਮਾਰ ਕੇ ਕੱਢ ਦੇਣਾ ਚਾਹੀਦਾ ਏ। ਉਹ ਸਮਝਦੀ ਕੀ ਏ ਆਪਣੇ ਆਪ ਨੂੰ? ਭੌਂਕਦੀ ਫਿਰਨ ਦਿਓ ਉਸਨੂੰ ਜਿੱਥੇ ਫਿਰਦੀ ਏ। ਆਈ ਡੋਂਟ ਕੇਅਰ।
ਉਹ ਆਪਣੇ ਆਪ ਉੱਤੇ ਹੱਸਿਆ। ਉਦਾਸ-ਜਿਹਾ। ਇੰਜ ਹੁੰਦਾ ਤਾਂ ਕਿੰਨਾ ਆਸਾਨ ਸੀ। ਇਹ ਤਾਂ ਕੋਈ ਵੀ ਕਰ ਸਕਦਾ ਏ। ਨੰਦਨੀ ਨੇ ਨਾ ਕਦੀ ਨੌਕਰੀ ਕੀਤੀ ਨਾ ਵਪਾਰ। ਉਹ ਪੂਰੀ ਤਰ੍ਹਾਂ ਮੇਰੇ ਉੱਤੇ ਨਿਰਭਰ ਏ। ਮੈਂ ਜਾਣ ਲਈ ਕਹਾਂਗਾ ਤਾਂ ਉਸਨੂੰ ਜਾਣਾ ਪਏਗਾ। ਜਾਏਗੀ ਵੀ। ਜਿਵੇਂ-ਤਿਵੇਂ ਆਪਣਾ ਪੇਟ ਵੀ ਪਲੇਗੀ। ਜਿਉਂ ਲਏਗੀ ਆਪਣੇ ਬਲ-ਬੂਤੇ 'ਤੇ। ਦੁਨੀਆਂ 'ਚ ਲੱਖਾਂ ਕਰੋੜਾਂ ਲੋਕ ਜਿਉਂ ਰਹੇ ਨੇ। ਆਪਣੇ ਪੈਰਾਂ 'ਤੇ ਖੜ੍ਹੇ ਨੇ ਮੇਰੇ ਬਗ਼ੈਰ। ਯਾਨੀ ਮੈਂ ਥੋੜ੍ਹਾ ਈ ਸਭ ਨੂੰ ਪਾਲ-ਪੋਸ ਰਿਹਾਂ। ਹਰ ਕੋਈ ਆਪਣੀ ਰੋਜ਼ੀ-ਰੋਟੀ ਕਮਾਅ ਈ ਲੈਂਦਾ ਏ। ਕੋਈ ਮਦਦ ਨਹੀਂ ਕਰੇਗਾ ਤਾਂ ਰਾਜੂ ਤਾਂ ਹੈ ਨਾ। ਰਾਜੂ ਹਰ ਮਹੀਨੇ ਉਸਨੂੰ ਪੈਸੇ ਭੇਜ ਦਏਗਾ। ਰਾਜੂ ਨੂੰ ਮੇਰਾ ਉਸਨੂੰ ਘਰੋਂ ਕੱਢਣਾ ਚੰਗਾ ਨਹੀਂ ਲੱਗੇਗਾ। ਇੰਜ ਕਰਕੇ ਮੈਂ ਕਿਹੜਾ ਤੀਰ ਮਾਰ ਦੇਣਾ ਏਂ?
ਤੇ ਜਾਂਦੀ ਜਾਂਦੀ ਜੇ ਉਹ ਕਹਿੰਦੀ, “ਹਾਂ ਕੀਤਾ ਏ ਮੈਂ; ਹੋਰ ਕੀ ਪੁੱਛਣਾ ਏਂ? ਕੱਢ ਦਿਓ ਮੈਨੂੰ ਘਰੋਂ ਬਾਹਰ। ਚਲੀ ਜਾਣੀ ਆਂ।” ਫੇਰ ਮੇਰੇ ਕੋਲ ਕਹਿਣ ਲਈ ਕੀ ਬਚਦਾ? ਹੱਥ ਮਲਦੇ ਰਹਿ ਜਾਣ ਵਾਲੀ ਨੌਬਤ ਆ ਜਏਗੀ ਨਾ?
ਉਸਦਾ ਗੱਚ ਭਰ ਆਇਆ। ਲੰਮਾ ਹਊਕਾ ਜਿਹਾ ਲਿਆ। ਥਾਵੇਂ ਖਲੋ ਕੇ ਲੱਕ ਉੱਤੇ ਹੱਥ ਰੱਖ ਕੇ ਇਧਰ ਉਧਰ ਦੇਖਿਆ। ਰਸਤੇ 'ਤੇ ਉਹ ਇਕੱਲਾ ਸੀ। ਸਾਹਮਣੇ ਰਿਸਾਰਟ ਦਾ ਗੇਟ ਦਿਸ ਰਿਹਾ ਸੀ। ਆਸਮਾਨ ਵਿਚ ਪੰਛੀਆਂ ਦਾ ਝੁੰਡ ਪਹਾੜੀ ਵੱਲ ਉਡਿਆ ਜਾ ਰਿਹਾ ਸੀ। ਉਹ ਇਕ ਪਾਸੇ ਹੋ ਕੇ ਖਲੋ ਗਿਆ। ਫੇਰ ਉਸਨੂੰ ਲੱਗਿਆ ਇਹ ਗੱਲ ਜਿੰਨੀ ਆਸਾਨ ਲੱਗ ਰਹੀ ਏ ਓਨੀ ਆਸਾਨ ਹੈ ਨਹੀਂ। ਉਸਨੂੰ ਸੁਲਾਝਾਉਣ ਦਾ ਰਸਤਾ ਕੋਈ ਆਮ ਰਸਤਾ ਨਹੀਂ। ਠੀਕ ਏ ਪਤਾ ਲੱਗਣਾ ਚਾਹੀਦਾ ਏ ਉਸ ਰਸਤੇ ਦਾ ਮੈਨੂੰ।
ਉਹ ਕਾਟੇਜ ਕੋਲ ਆਇਆ। ਦਰਵਾਜ਼ਾ ਬੰਦ ਸੀ। ਨੰਦਨੀ ਕਿਧਰੇ ਦਿਖਾਈ ਨਹੀਂ ਦਿੱਤੀ। ਉਹ ਰਿਸੈਪਸ਼ਨ ਕੋਲ ਆਇਆ। ਚਾਬੀ ਕਾਊਂਟਰ 'ਤੇ ਸੀ।
“ਮੈਡਮ ਤੁਹਾਨੂੰ ਲੱਭ ਰਹੇ ਸੀ, ਸਰ।” ਉੱਥੋਂ ਦੇ ਆਦਮੀ ਨੇ ਕਿਹਾ।
“ਹਾਂ, ਦੇਖਦਾਂ” ਉਸਨੇ ਕਿਹਾ।
ਉਹ ਕਾਟੇਜ ਤਕ ਆਇਆ। ਉਸਨੂੰ ਪਤਾ ਸੀ ਨੰਦਨੀ ਸਮੁੰਦਰ ਕਿਨਾਰੇ ਗਈ ਹੋਏਗੀ। ਉਸਨੂੰ ਉੱਥੇ ਜਾਣ ਦੀ ਇੱਛਾ ਹੋਈ। ਇਕੋ ਰਸਤਾ ਸੀ। ਉਹ ਜ਼ਰੂਰ ਮਿਲ ਜਾਏਗੀ ਉਸਨੂੰ। ਉਹ ਮੈਨੂੰ ਲੱਭਣ ਈ ਗਈ ਹੋਏਗੀ। ਪਰ ਉਸਨੇ ਉੱਥੇ ਨਾ ਜਾਣ ਦਾ ਸੋਚਿਆ। ਸੱਤ ਵੱਜ ਚੱਲੇ ਸਨ। ਹਨੇਰਾ ਹੋਣ ਲੱਗ ਪਿਆ ਸੀ। ਉਸਨੇ ਦਰਵਾਜ਼ਾ ਖੋਲ੍ਹਿਆ। ਰੇਸਟੋਰੇਂਟ ਵਿਚ ਫ਼ੋਨ ਕਰਕੇ ਚਾਹ ਲਿਆਉਣ ਲਈ ਕਿਹਾ। ਮੂੰਹ ਹੱਥ ਧੋਤੇ ਤੇ ਬਾਹਰ ਆ ਕੇ ਟੀ.ਵੀ. ਚਾਲੂ ਕਰਨ ਈ ਲੱਗਾ ਸੀ ਨੰਦਨੀ ਆ ਗਈ, ਹਫੀ ਹੋਈ।
“ਭਾਸਕਰ ਕਿੱਥੇ ਸੀ ਤੁਸੀਂ? ਮੈਂ ਕਿੰਨਾ ਲੱਭਿਆ ਤੁਹਾਨੂੰ?” ਉਸਨੇ ਦਰਵਾਜ਼ੇ ਕੋਲੋਂ ਈ ਕਿਹਾ।
“ਏਥੇ ਈ ਸੀ!”
“ਪਰ ਕਿੱਥੇ? ਦੱਸ ਤਾਂ ਜਾਂਦੇ।”
“ਕਿਉਂ? ਏਨੀ ਆਜ਼ਾਦੀ ਵੀ ਨਹੀਂ ਮੈਨੂੰ?” ਉਸਨੇ ਪਹਿਲਾਂ ਵਾਂਗ ਈ ਕਿਹਾ।
“ਐਂ ਨਹੀਂ ਜੀ। ਪਰ ਦੱਸ ਕੇ ਜਾਇਆ ਕਰੋ ਨਾ। ਮੈਨੂੰ ਇਕੱਲਾ ਛੱਡ ਕੇ ਨਾ ਜਾਣਾ ਕਦੀ।”
ਉਹ ਕੁਝ ਨਹੀਂ ਬੋਲਿਆ। ਉਸਨੇ ਟੀ.ਵੀ. ਚਲਾ ਦਿੱਤਾ। ਨੰਦਨੀ ਨੇ ਸੋਫੇ ਉੱਤੇ ਆਪਣੇ ਆਪ ਨੂੰ ਲੁਟਕਾਅ ਦਿੱਤਾ।
“ਚਾਹ ਲਵੇਂਗੀ?” ਕੁਝ ਚਿਰ ਬਾਅਦ ਭਾਸਕਰ ਨੇ ਪੁੱਛਿਆ।
“ਹਾਂ ਲਵਾਂਗੀ। ਤੁਸੀਂ ਕਹਿ ਦਿੱਤਾ ਏ ਨਾ?”
“ਹਾਂ! ਹੋਰ ਲਿਆਉਣ ਲਈ ਕਹਿ ਦੇਂਦਾ ਆਂ।”
ਉਸਨੇ ਫ਼ੋਨ ਕਰਕੇ ਇਕ ਚਾਹ ਹੋਰ ਲੈ ਆਉਣ ਲਈ ਕਿਹਾ। ਨੰਦਨੀ ਮੂੰਹ ਹੱਥ ਧੋ ਆਈ। ਉਹ ਟੀ.ਵੀ. ਚੈਨਲ ਬਦਲਦਾ ਰਿਹਾ। ਕਿਤੇ ਕੋਈ ਚੱਜਦਾ ਪ੍ਰੋਗਰਾਮ ਨਹੀਂ ਸੀ। ਉਹ ਖ਼ਬਰਾਂ ਸੁਣਨ ਲੱਗ ਪਿਆ।
“ਮੈਂ ਤੁਹਾਨੂੰ ਸਮੁੰਦਰ ਕਿਨਾਰੇ ਦੇਖਣ ਗਈ ਸਾਂ। ਫੇਰ ਜਿੰਮ 'ਚ ਦੇਖਿਆ। ਉਹ ਬੰਦ ਸੀ। ਤੁਸੀਂ ਕਿੱਥੇ ਸੀ?” ਚਾਹ ਪੀਂਦਿਆਂ ਹੋਇਆਂ ਨੰਦਨੀ ਨੇ ਪੁੱਛਿਆ।
“ਮੇਰੇ ਹੋ ਆਉਣ ਤੋਂ ਬਾਅਦ ਉਹਨਾਂ ਬੰਦ ਕਰ ਦਿੱਤੀ ਹੋਏਗੀ। ਮੈਂ ਪਿੱਛੋਂ ਗੱਡੀ ਦੇਖ ਕੇ ਉਸੇ ਰਸਤੇ 'ਤੇ ਨਿਕਲ ਗਿਆ ਸਾਂ।”
“ਭਾਸਕਰ, ਮੈਂ ਕਿੰਨੀ ਵਾਰੀ ਕਿਹਾ ਏ, ਮੈਨੂੰ ਇਕੱਲਿਆਂ ਨਾ ਛੱਡ ਕੇ ਜਾਇਆ ਕਰੋ। ਇੱਥੇ ਅਸੀਂ ਦੋਵੇਂ ਆਏ ਆਂ ਨਾ?”
“ਤੇਰੀ ਤਾਂ ਆਦਤ ਏ ਬਸ।”
“ਆਦਤ ਨਹੀਂ! ਮਜ਼ਬੂਰੀ।”
“ਮਜ਼ਬੂਰੀ?”
“ਹਾਂ! ਸਮੇਂ ਸਮੇਂ ਦੀ ਗੱਲ ਹੁੰਦੀ ਏ। ਤੁਹਾਡਾ ਕੋਈ ਦੋਸ਼ ਨਹੀਂ ਉਸ ਵਿਚ। ਮੈਂ ਈ ਖਾਲੀ ਸਮੇਂ ਦੀ ਸ਼ਿਕਾਰ ਸੀ। ਕੋਈ ਚਾਰਾ ਨਹੀਂ ਸੀ। ਸੱਚ ਏ ਇਹ, ਉਸ ਵਕਤ ਮੈਂ ਬੇਹੱਦ ਇਕੱਲੀ ਸਾਂ। ਰਾਜੂ ਹੋਸਟਲ 'ਚ ਸੀ। ਤੁਸੀਂ ਆਪਣੇ ਰੁਝੇਵਿਆਂ ਵਿਚ। ਉਹਨੀਂ ਦਿਨੀ ਤੁਸੀਂ ਸਵੇਰੇ ਨੌ ਵਜੇ ਚਲੇ ਜਾਂਦੇ ਸੀ ਤੇ ਸ਼ਾਮ ਨੂੰ ਸਤ ਵਜੇ ਆਉਂਦੇ ਸੀ। ਪੂਰਾ ਦਿਨ ਮੈਂ ਇਕੱਲੀ। ਇਕੱਲਾਪਨ ਖਾਣ ਨੂੰ ਆਉਂਦਾ ਸੀ। ਮਨ ਤਾਂ ਭੱਜਦਾ ਰਹਿੰਦੇ ਏ ਇਕੱਲੇਪਨ 'ਚ।”
ਭਾਸਕਰ ਨੇ ਸੋਚਿਆ। ਸ਼ਾਇਦ ਇੰਜ ਹੋਏਗਾ। ਮੈਂ ਕਦੀ ਇਸ ਤਰ੍ਹਾਂ ਸੋਚਿਆ ਈ ਨਹੀਂ। ਨੌਕਰੀ ਨਾ ਕਰਨ ਦਾ ਵਿਚਾਰ, ਫੈਸਲਾ ਨੰਦਨੀ ਦਾ ਈ ਸੀ। ਜੇ ਉਹ ਨੌਕਰੀ ਕਰਨਾ ਚਾਹੁੰਦੀ ਤਾਂ ਮੈਂ ਮਨ੍ਹਾ ਨਾ ਕੀਤਾ ਹੁੰਦਾ। ਖ਼ੁਦ ਪੈਸੇ ਕਮਾਉਣ ਵਿਚ ਕਿੰਨਾ ਸੁਖ ਹੁੰਦਾ ਏ—ਮੈਂ ਚੰਗੀ ਤਰ੍ਹਾਂ ਜਾਣਦਾ ਆਂ। ਮੈਂ ਕਿਹਾ ਵੀ ਸੀ ਪਰ ਉਸਨੇ ਗ਼ੌਰ ਨਹੀਂ ਸੀ ਕੀਤਾ। ਨੌਕਰੀ ਕਰ ਲੈਣੀ ਚਾਹੀਦੀ ਸੀ ਉਸਨੂੰ। ਤਕਲੀਫ ਹੁੰਦੀ। ਭੱਜ ਨੱਠ, ਖਿਝ, ਝੁੰਜਲਾਹਟ ਸਭ ਕੁਝ ਹੁੰਦਾ ਪਰ ਸਰੀਰ ਵਿਚਲੀ ਉਰਜਾ ਨੂੰ ਸਹੀ ਦਿਸ਼ਾ ਮਿਲਦੀ।
ਹੁਣ ਇਹ ਸਭ ਸੋਚ ਕੇ ਕੀ ਫ਼ਾਇਦਾ? ਉਸਨੇ ਸੋਚਿਆ। ਜੋ ਹੋ ਗਿਆ ਏ ਉਸ ਬਾਰੇ ਸਿਰਫ ਸਫਾਈ! ਸਪਸ਼ਟੀਕਰਣ, ਸਥਿਤੀਆਂ ਨੂੰ ਉਲਾਂਭੇ।
“ਮੇਰਾ ਇਕੱਲਾਪਨ, ਖਾਲੀਪਨ ਤੁਹਾਡੇ ਕਰਕੇ ਤਾਂ ਸੀ ਨਹੀਂ। ਉਹ ਸੀ। ਤੇ ਇੰਜ ਦੂਰ ਕੀਤਾ ਗਿਆ। ਬਸ ਏਨਾ ਈ ਸੀ। ਤਦ ਮੈਂ ਇਹ ਸਮਝਦੀ ਸੀ ਇਸ ਲਈ ਕੁਝ ਗ਼ਲਤ ਨਹੀਂ ਲੱਗਿਆ।”
“ਹੋ ਸਕਦਾ ਏ। ਪਰ ਹਰ ਗੱਲ ਦੇ ਸਿੱਟੇ ਹੁੰਦੇ ਨੇ।”
“ਜਾਣਦੀ ਆਂ। ਤੁਸੀਂ ਕਹਿਣਾ ਸ਼ੁਰੂ ਕੀਤਾ ਤਦ ਵੀ ਜਾਣਦੀ ਸੀ—ਸਿੱਟੇ ਭੋਗਣ ਦੀ ਤਿਆਰੀ ਵੀ ਕਰਨੀ ਪਏਗਾ ਮੈਨੂੰ।”
ਭਾਸਕਰ ਨੇ ਨੰਦਨੀ ਵੱਲ ਦੇਖਿਆ। ਉਹ ਵੀ ਉਸੇ ਵੱਲ ਦੇਖ ਰਹੀ ਸੀ। ਅੱਖਾਂ, ਨੱਕ, ਮੱਥਾ, ਠੋਡੀ। ਪਲ ਭਰ ਲਈ ਉਸਨੂੰ ਲੱਗਿਆ—ਮੈਂ ਕਿਸ ਨੂੰ ਦੇਖ ਰਿਹਾ ਆਂ? ਨੰਦਨੀ ਨੂੰ ਜਾਂ ਕਿਸੇ ਹੋਰ ਨੂੰ? ਫੇਰ ਉਸਨੂੰ ਖ਼ਿਆਲ ਆਇਆ ਉਹ ਸਿੱਟਿਆਂ ਬਾਰੇ ਕਹਿ ਰਹੀ ਸੀ। ਸਵੇਰ ਵਾਲੀ ਡਰੈੱਸ ਹੁਣ ਵੀ ਉਸਦੇ ਸਰੀਰ 'ਤੇ ਸੀ। ਬਾਹਰ ਘੁੰਮਦਾ ਹੋਇਆ ਉਹ ਵੀ ਸਿੱਟਿਆਂ ਬਾਰੇ ਈ ਸੋਚ ਰਿਹਾ ਸੀ। ਉਸਨੂੰ ਹਾਸਾ ਆ ਗਿਆ। ਇਹ ਗੱਲ ਨੰਦਨੀ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਕਿ ਸਿੱਟੇ ਇਕੱਲੀ ਨੂੰ ਨਹੀਂ, ਸਾਰਿਆਂ ਨੂੰ ਭੋਗਣੇ ਪੈਣਗੇ।
“ਕਿਉਂ, ਹੱਸ ਕਿਉਂ ਰਹੇ ਓ?”
ਉਸਨੇ ਗਰਦਨ ਹਿਲਾਈ। ਕੁਝ ਚਿਰ ਬਾਅਦ ਪੁੱਛਿਆ, “ਜੇ ਅਜਿਹਾ ਕੁਛ ਮੈਥੋਂ ਹੋ ਜਾਂਦਾ, ਤਾਂ ਤੂੰ ਕੀ ਕਰਦੀ?”
ਉਹ ਚੁੱਪ ਰਹੀ।
“ਦੱਸ ਵੀ।”
“ਮੈਂ ਇਸ ਬਾਰੇ ਸੋਚਿਆ ਨਹੀਂ।”
“ਸੋਚ!”
ਖ਼ਬਰਾਂ ਸਮਾਪਤ ਹੋਈਆਂ ਤਾਂ ਉਸਨੇ ਚੈਨਲ ਬਦਲ ਦਿੱਤਾ। ਉਹੀ-ਉਹੀ—ਇਕੋ ਜਿਹੇ ਪ੍ਰੋਗਰਾਮ। ਉਹ ਫੁੱਟਬਾਲ ਦਾ ਮੈਚ ਦੇਖਣ ਲੱਗ ਪਿਆ।
ਭਾਸਕਰ ਨੂੰ ਲੱਗਿਆ ਕਿ ਨੰਦਨੀ ਚਾਹ ਰਹੀ ਏ ਕਿ ਮੈਂ ਉਸਨੂੰ ਆਪਣੇ ਕੋਲ ਬੁਲਾ ਲਵਾਂ। ਪਰ ਇਸ ਵੇਲੇ ਇੰਜ ਕਰਨਾ ਸੰਭਵ ਨਹੀਂ ਸੀ। ਮਨ ਵਿਚ ਕੁਝ ਜੰਮ ਗਿਆ ਏ। ਉਹ ਉਮੰਗਾਂ ਕਤਈ ਨਹੀਂ।
ਉਹ ਦੋਵੇਂ ਚੁੱਪ ਸਨ। ਸਮਾਂ ਬੀਤਦਾ ਗਿਆ। ਢਿੱਡ 'ਚ ਚੂਹੇ ਦੌੜਨ ਲੱਗੇ ਸਨ—ਮੈਚ ਖ਼ਤਮ ਹੁੰਦਿਆਂ ਈ ਉਸਨੂੰ ਅਹਿਸਾਸ ਹੋਇਆ। ਉਸਨੇ ਫ਼ੋਨ 'ਤੇ ਪੁੱਛਿਆ। ਖਾਣਾ ਤਿਆਰ ਸੀ।


ਵਾਪਸ ਆਏ ਤਾਂ ਕਰਨ ਲਈ ਕੁਝ ਵੀ ਨਹੀਂ ਸੀ। ਉਸਨੇ ਟੀ.ਵੀ. ਚਲਾ ਦਿੱਤਾ। ਹਰ ਚੈਨਲ ਉੱਤੇ ਕੋਈ ਨਾ ਕੋਈ ਫ਼ਿਲਮ ਚੱਲ ਰਹੀ ਸੀ। ਇਕ ਕਾਊਬੁਆਏ ਫ਼ਿਲਮ ਉਹ ਦੇਖਣ ਲੱਗ ਪਿਆ। ਨੰਦਨੀ ਬੈੱਡ 'ਤੇ ਲੇਟ ਕੇ ਕਿਤਾਬ ਪੜ੍ਹਨ ਲੱਗੀ ਪਰ ਕੁਝ ਚਿਰ ਵਿਚ ਈ ਸੌਂ ਗਈ। ਉਸਨੇ ਟਿਊਬ ਲਾਈਟ ਬੰਦ ਕੀਤੀ ਤੇ ਛੋਟੀ ਬੱਤੀ ਜਗਾ ਦਿੱਤੀ।
ਫ਼ਿਲਮ ਗਿਆਰਾਂ ਵਜੇ ਖ਼ਤਮ ਹੋਈ। ਟੀ.ਵੀ. ਦੀ ਆਵਾਜ਼ ਧੀਮੀ ਸੀ ਪਰ ਉਸਦੇ ਬੰਦ ਹੁੰਦਿਆਂ ਈ ਗੂੜ੍ਹੀ ਚੁੱਪ ਵਾਪਰ ਗਈ। ਉਹ ਓਵੇਂ ਈ ਸੋਫੇ 'ਤੇ ਲੇਟਿਆ ਰਿਹਾ। ਅੱਖਾਂ ਵਿਚ ਨੀਂਦ ਦਾ ਨਾਂ-ਨਿਸ਼ਾਨ ਨਹੀਂ ਸੀ। ਫ਼ਿਲਮ ਖ਼ਤਮ ਹੁੰਦਿਆਂ ਈ ਉਹ ਜਿਵੇਂ ਵਧੇਰੇ ਸੁਚੇਤ ਹੋ ਗਿਆ ਸੀ। ਕੁਝ ਨਾ ਸੁਝਣ 'ਤੇ ਉਹ ਬਾਹਰ ਨਿਕਲ ਆਇਆ।
ਬਾਹਰ ਚਾਰੇ ਪਾਸੇ ਸ਼ਾਂਤੀ ਦਾ ਰਾਜ ਸੀ। ਕਾਟੇਜ ਕੋਲ ਸਫੇਦ ਬੱਲਬ ਜਗ ਰਿਹਾ ਸੀ। ਬੱਲਬ ਦੇ ਆਸੇ-ਪਾਸੇ ਮੱਛਰ-ਭਮੱਕੜ ਚੱਕਰ ਲਾ ਰਹੇ ਸਨ। ਹਰਿਆਲੀ, ਰੁੱਖ ਸਾਰੇ ਈ ਰਹੱਸਮਈ ਧੁੰਦ ਵਿਚ ਲਿਪਟੇ ਹੋਏ ਸਨ। ਬੀਂਡਿਆਂ ਦੀ ਆਵਾਜ਼ ਗੂੰਜ ਰਹੀ ਸੀ। ਕੁਝ ਚਿਰ ਉਹ ਪੌੜੀਆਂ 'ਤੇ ਬੈਠਾ ਰਿਹਾ। ਸਾਹਮਣੇ ਨਾਰੀਅਲ ਦੇ ਰੁੱਖ ਹਨੇਰੇ ਵਿਚ ਗਵਾਚੇ ਜਿਹੇ ਹੋਏ ਸਨ। ਉਹਨਾਂ ਪਿੱਛੇ ਪਾਣੀ ਦੀ ਚਮਕਦੀ ਲਕੀਰ ਸਾਫ ਦਿਖਾਈ ਦੇ ਰਹੀ ਸੀ। ਕੁਝ ਚਿਰ ਬਾਅਦ ਲਹਿਰਾਂ ਦੀ ਗੂੰਜ ਵੀ ਸੁਣਾਈ ਦੇਣ ਲੱਗੀ।
ਕਮਰੇ ਵਿਚ ਬੈਠਣ ਨਾਲੋਂ ਇੱਥੇ ਉਸਨੂੰ ਚੰਗਾ ਲੱਗਿਆ। ਏਥੇ ਹਵਾ ਵੀ ਠੰਡੀ ਸੀ। ਉਸਨੇ ਮੱਥੇ ਉੱਤੇ ਹੱਥ ਫੇਰਿਆ। ਕੁਝ ਠੰਡਾ ਪੀਣ ਲਈ ਮਿਲ ਜਾਂਦਾ ਤਾਂ ਚੰਗਾ ਲੱਗਦਾ। ਉਸਨੇ ਸੋਚਿਆ, ਫ਼ੋਨ 'ਤੇ ਆਰਡਰ ਦੇ ਕੇ ਮੰਗਾ ਲਿਆ ਜਾਏ—ਪਰ ਇੰਜ ਨਹੀਂ ਕੀਤਾ। ਉਹ ਅੰਦਰ ਆਇਆ। ਨੰਦਨੀ ਗੂੜ੍ਹੀ ਨੀਂਦ ਸੁੱਤੀ ਹੋਈ ਸੀ। ਆਵਾਜ਼ ਨਾ ਕਰਦਿਆਂ ਹੋਇਆਂ ਉਸਨੇ ਚੱਪਲਾਂ ਪਾਈਆਂ ਤੇ ਚਾਬੀ ਲੈ ਕੇ ਦਰਵਾਜ਼ਾ ਹੌਲੀ ਜਿਹੀ ਬੰਦ ਕਰ ਦਿੱਤਾ।
ਰੇਸਟੋਰੇਂਟ ਬੰਦ ਸੀ। ਉਹ ਰਿਸੈਪਸ਼ਨ ਕਾਊਂਟਰ ਕੋਲ ਗਿਆ। ਉੱਥੇ ਰੱਖਿਆ ਲਾਲ ਫਰਿਜ ਉਸਨੇ ਦੇਖਿਆ। ਉੱਥੇ ਡਿਊਟੀ ਦੇ ਰਹੇ ਆਦਮੀ ਨੇ ਉਸਨੂੰ ਕੋਕ ਦੀ ਬੋਤਲ ਦੇ ਦਿੱਤੀ। ਬੋਤਲ ਲੈ ਕੇ ਉਹ ਕਾਟੇਜ ਕੋਲ ਆ ਗਿਆ। ਠੰਡਾ ਘੁੱਟ ਗਲ਼ੇ 'ਚੋਂ ਉਤਰਦਾ ਹੋਇਆ ਬੜਾ ਚੰਗਾ ਲੱਗਿਆ। ਹੁਣ ਨੀਂਦ ਆਉਣ ਦਾ ਸਵਾਲ ਈ ਨਹੀਂ। ਇਸ ਠੰਡੇ ਦਾ ਕੱਫੇਨ ਮੈਨੂੰ ਜਗਾਈ ਰੱਖੇਗਾ। ਉਸਨੇ ਮਨ ਵਿਚ ਕਿਹਾ।
ਰਾਤ ਦੀ ਚੁੱਪ ਵਿਚ ਸਮੁੰਦਰ ਦੀਆਂ ਲਹਿਰਾਂ ਦਾ ਮਚਲਣਾ ਸਾਫ ਸੁਣਾਈ ਦੇ ਰਿਹਾ ਸੀ। ਪੌੜੀਆਂ 'ਤੇ ਬੈਠ ਕੇ ਉਹ ਉਹਨਾਂ ਦੀ ਆਵਾਜ਼ ਸੁਣਦਾ ਰਿਹਾ। ਸਮੁੰਦਰ ਕੋਲ ਜਾਣ ਦੀ ਇੱਛਾ ਹੋਈ। ਚੰਦ-ਚਾਨਣੀ ਵਿਚ ਸਮੁੰਦਰ ਦੇਖਣਾ ਚਾਹੀਦਾ ਏ। ਦਿਨ ਦੀ ਧੁੱਪ ਵਿਚ ਤਾਂ ਮੈਂ ਉਸਨੂੰ ਦੇਖ ਈ ਚੁੱਕਿਆਂ।
ਉਹ ਪਗਡੰਡੀ ਤੋਂ ਹੇਠਾਂ ਉਤਰਿਆ। ਹੁਣ ਉੱਥੇ ਬੱਤੀਆਂ ਦੀ ਰੋਸ਼ਨੀ ਨਹੀਂ ਸੀ ਪਹੁੰਚ ਰਹੀ। ਰੁੱਖਾਂ ਦੀ ਛਾਂਵੇਂ ਹਨੇਰਾ ਛਾਇਆ ਸੀ ਪਰ ਕਿਨਾਰੇ 'ਤੇ ਚਾਨਣੀ ਖਿੱਲਰੀ ਹੋਈ ਸੀ। ਉਹ ਹੌਲੀ ਹੌਲੀ ਅੱਗੇ ਵਧ ਰਿਹਾ ਸੀ। ਕਿਨਾਰਾ ਸੁੰਨਾ ਪਿਆ ਸੀ। ਸਮੁੰਦਰ ਦਾ ਪਾਣੀ ਸਿਆਹ ਚਮਕੀਲਾ ਸੀ। ਆਸਮਾਨ ਵਿਚ ਅੱਧਾ ਚੰਦ ਤੇ ਕੁਝ ਤਾਰੇ ਜਗਮਗਾ ਰਹੇ ਸਨ। ਨਮਕੀਨ ਹਵਾ ਦੇ ਬੁੱਲ੍ਹੇ ਤੇ ਮਸਤੀ-ਲਹਿਰਾਂ। ਕਿਨਾਰੇ ਉੱਤੇ ਚਾਂਦੀ ਦੀ ਚਾਦਰ ਵਿਛਾਅ ਕੇ ਲਹਿਰਾਂ ਵਾਪਸ ਪਰਤ ਜਾਂਦੀਆਂ ਸਨ।
ਉਹ ਰੇਤ 'ਤੇ ਖੜ੍ਹਾ ਸਮੁੰਦਰ ਨੂੰ ਦੇਖਦਾ ਰਿਹਾ। ਇਕ ਵਾਰੀ ਮਨ ਵਿਚ ਵਿਚਾਰ ਆਇਆ ਚਲੋ ਪਾਣੀ ਵਿਚ ਉਤਰਿਆ ਜਾਏ। ਪਰ ਉਸਨੇ ਇੰਜ ਨਹੀਂ ਕੀਤਾ। ਉਸਨੂੰ ਲੱਗਿਆ ਇੱਥੋਂ ਸਮੁੰਦਰ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਏ। ਪਾਣੀ ਵਿਚ ਜਾਂਦਿਆਂ ਈ ਮੈਂ ਸਮੁੰਦਰ ਦਾ ਹਿੱਸਾ ਬਣ ਜਾਂਦਾ ਆਂ। ਇਹ ਠੀਕ ਨਹੀਂ। ਇੱਥੇ ਆਹਮਣੇ-ਸਾਹਮਣੇ ਈ ਠੀਕ ਏ। ਸਮੁੰਦਰ ਇਕੱਲਾ ਏ, ਮੈਂ ਵੀ ਇਕੱਲਾ। ਹੁਣ ਬੋਲੋ ਕੀ-ਕੀ ਕਹਿਣਾ-ਸੁਣਨਾ ਏਂ, ਓਵੇਂ ਈ।
ਖ਼ਾਮੋਸ਼ ਤੇ ਧੁੰਦਲੀ ਰੋਸ਼ਨੀ ਨੂੰ ਸਰੀਰ 'ਤੇ ਝੱਲਦਾ ਹੋਇਆ ਉਹ ਖੜ੍ਹਾ ਰਿਹਾ। ਫੇਰ ਰੇਤ 'ਤੇ ਬੈਠ ਗਿਆ।
ਹਵਾ ਦੇ ਬੁੱਲਿਆਂ ਤੇ ਲਹਿਰਾਂ ਦਾ ਸੰਗੀਤ। ਉਸਨੂੰ ਸ਼ਾਂਤੀ ਮਿਲ ਰਹੀ ਸੀ। ਮਨ ਵਿਚ ਖ਼ਿਆਲ ਉਠਿਆ—ਮੈਂ ਸਭ ਕੁਝ ਸਹੀ ਕਰ ਰਿਹਾ ਆਂ ਨਾ? ਇਮਾਨਦਾਰੀ ਨਾਲ ਢਿੱਡ ਪਾਲ ਰਿਹਾਂ। ਮਨ ਲਾ ਕੇ ਕੰਮ ਕਰ ਰਿਹਾਂ। ਫੇਰ ਮੈਂ ਦੁਖੀ ਕਿਉਂ ਹੋਵਾਂ? ਕੀ ਮੈਂ ਆਰਾਮ ਨਾਲ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ? ਮੈਂ ਕਦੀ ਕਿਸੇ ਨੂੰ ਦੁਖ ਨਹੀਂ ਦਿੱਤਾ। ਸਾਰਿਆਂ ਦਾ ਭਲਾ ਸੋਚਿਆ ਏ—ਕਰਦਾ ਰਿਹਾਂ—ਫੇਰ ਮੈਂ ਕਿਉਂ ਦੁਖੀ ਹੋਵਾਂ?
ਉਸਨੂੰ ਇਸ ਵਿਚਾਰ ਵਿਚ ਤੱਥ ਲੱਗਿਆ। ਮੈਂ ਬੇਚੈਨ ਕਿਉਂ ਹੋਵਾਂ? ਫੈਸਲਾ ਉਸਦਾ ਸੀ। ਫਲ ਉਹ ਭੋਗੇਗੀ। ਮੈਂ ਉਸ ਫੈਸਲੇ ਵਿਚ ਭਾਈਵਾਲ ਨਹੀਂ ਸਾਂ—ਫਲ ਵਿਚ ਵੀ ਸਾਂਝੀਦਾਰ ਨਹੀਂ ਹੋਵਾਂਗਾ। ਇਹਨਾਂ ਲਹਿਰਾਂ ਵਾਂਗ ਸ਼ਾਂਤ-ਲੈਅ-ਬੱਧ ਸਾਡਾ ਜੀਵਨ ਚਲਦਾ ਰਹਿਣਾ ਚਾਹੀਦਾ ਏ। ਸਮੁੰਦਰ ਕਿੰਜ ਸੁਸਤਾ ਰਿਹਾ ਏ। ਸਾਰਾ ਦਿਨ ਸੂਰਜ ਨੇ ਤਪਾਇਆ। ਸ਼ਾਮ ਨੂੰ ਸੂਰਜ ਚਲਾ ਗਿਆ। ਰਾਤ ਨੂੰ ਚੰਦ ਆਇਆ। ਥੱਕ ਕੇ ਸਵੇਰੇ ਉਹ ਵੀ ਚਲਾ ਜਾਏਗਾ। ਬੇੜੀਆਂ ਆਉਣਗੀਆਂ। ਲੋਕ ਪਾਣੀ ਵਿਚ ਉਤਰਣਗੇ। ਕੁਝ ਬੂੰਦਾਂ ਉਛਲਣਗੀਆਂ। ਫੇਰ ਸਮੁੰਦਰ ਵਿਚ ਈ ਡਿੱਗ ਪੈਣਗੀਆਂ। ਭਾਫ ਬਣੇਗੀ। ਬੱਦਲਾਂ ਸੰਗ ਦੂਰ ਦੁਰੇਡੇ ਚਲੀ ਜਾਏਗੀ। ਫੇਰ ਪਾਣੀ ਬਰਸੇਗਾ। ਇਸੇ ਸਮੁੰਦਰ ਵਿਚ ਉਹ ਪਾਣੀ ਸਮਾਅ ਜਾਏਗਾ। ਤੂਫ਼ਾਨ ਉਠਣਗੇ। ਕਿਨਾਰੇ ਨਾਲ ਟਕਰਾਉਣਗੇ। ਫੇਰ ਪਾਣੀ ਵਿਚ ਈ ਲੁਪਤ ਹੋ ਜਾਣਗੇ। ਫੇਰ ਮੈਂ ਫਿਕਰ ਕਿਉਂ ਕਰਾਂ? ਮੈਂ ਐਸ਼-ਆਰਾਮ ਨਾਲ ਨਹੀਂ ਰਹਿ ਸਕਦਾ? ਸ਼ਾਂਤ। ਚਿੰਤਾ ਮੁਕਤ। ਮੈਨੂੰ ਕੋਈ ਕਿਉਂ ਪ੍ਰੇਸ਼ਾਨ ਕਰੇ?
ਉਹ ਸਥਿਰ ਨਜ਼ਰ ਨਾਲ ਦੇਖਦਾ ਰਿਹਾ। ਉਸਨੂੰ ਰਾਤ ਸੁੰਦਰ ਲੱਗੀ। ਹਵਾ ਠੰਡੀ ਲੱਗੀ। ਰੇਤ ਦਾ ਫਰਸ਼ ਉਮੰਗਾਂ। ਉਸਨੂੰ ਲੱਗਿਆ ਇਹ ਕਿਨਾਰਾ ਸਿਰਫ ਤੇ ਸਿਰਫ ਮੇਰੇ ਲਈ ਏ। ਵਿਸ਼ਾਲ, ਨਿਡਰ ਤੇ ਚਿੰਤਾ-ਮੁਕਤ।
ਉਹ ਬੈਠਾ ਰਿਹਾ। ਹੁਣ ਉਸਦੀਆਂ ਪਲਕਾਂ ਭਾਰੀ ਹੋਣ ਲੱਗ ਪਈਆਂ ਸਨ। ਉੱਥੇ ਈ ਲੇਟ ਜਾਣ ਦੀ ਇੱਛਾ ਹੋਈ। ਕੋਈ ਚਿੰਤਾ ਨਹੀਂ। ਭਾਟਾ ਇੱਥੋਂ ਤਕ ਪਾਣੀ ਨਹੀਂ ਲਿਆ ਸਕਦਾ। ਸਵੇਰੇ ਆਪਣੇ ਆਪ ਅੱਖ ਖੁੱਲ੍ਹ ਜਾਏਗੀ। ਤਦ ਕਮਰੇ 'ਚ ਚਲਾ ਜਾਵਾਂਗਾ। ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਪਰ ਉਹ ਉੱਥੋਂ ਉਠਿਆ। ਪੈਂਟ ਨਾਲ ਚਿੰਬੜੀ ਰੇਤ ਝਾੜੀ। ਇੱਥੇ ਏਨੀ ਰਾਤ ਗਏ ਮੈਂ ਆਇਆ ਆਂ, ਇਹੋ ਅਜੀਬ ਏ। ਨੰਦਨੀ ਦੀ ਅੱਖ ਖੁੱਲ੍ਹੇਗੀ ਤੇ ਉਹ ਮੈਨੂੰ ਉੱਥੇ ਨਹੀਂ ਦੇਖੇਗੀ ਤਾਂ ਸਰਿਆਂ ਨੂੰ ਜਗਾਅ ਦਏਗੀ। ਹੁਣ ਵੀ ਜੇ ਉਹ ਜਾਗ ਪਈ ਹੋਈ ਤਾਂ ਲੱਭ ਰਹੀ ਹੋਏਗੀ ਮੈਨੂੰ।
ਉਹ ਕਮਰੇ ਵਿਚ ਪਰਤਿਆ ਤਾਂ ਨੰਦਨੀ ਨੂੰ ਗੂੜ੍ਹੀ ਨੀਂਦ ਵਿਚ ਸੁੱਤਿਆਂ ਦੇਖਿਆ। ਉਸਨੇ ਆਵਾਜ਼ ਨਾ ਕਰਦਿਆਂ ਹੋਇਆਂ ਦਰਵਾਜ਼ਾ ਬੰਦ ਕਰ ਦਿੱਤਾ। ਛੋਟੀ ਬੱਤੀ ਦੀ ਪੀਲੀ ਰੋਸ਼ਨੀ ਕਮਰੇ ਵਿਚ ਫੈਲੀ ਹੋਈ ਸੀ। ਉਹ ਸੋਫੇ 'ਤੇ ਲੇਟ ਗਿਆ। ਕਿਨਾਰੇ ਉੱਤੇ ਉਨੀਂਦਾ ਜਿਹਾ ਲੱਗਦਾ ਸੀ, ਇੱਥੇ ਆਉਂਦਿਆਂ ਈ ਨੀਂਦ ਉਡੰਤਰ ਹੋ ਗਈ ਸੀ।
ਉਹ ਓਵੇਂ ਈ ਲੇਟਿਆ ਰਿਹਾ। ਕਮਰੇ ਵਿਚ ਗਰਮਾਹਟ ਭਰੀ ਸ਼ਾਂਤੀ ਸੀ। ਖਿੜਕੀਆਂ 'ਤੇ ਪਰਦੇ ਸਨ। ਪੱਖੇ ਦੀ ਆਵਾਜ਼ ਤੇ ਉਹ ਪੀਲੀ ਰੋਸ਼ਨੀ। ਬੈੱਡ ਉੱਤੇ ਨੰਦਨੀ—ਉਸ ਵੱਲ ਪਿੱਠ ਕਰੀ ਪਈ ਸੀ।
ਕੁਝ ਪਲ ਨੰਦਨੀ ਦੇ ਸਰੀਰ ਦੇ ਇਰਦ-ਗਿਰਦ ਰੀਂਘ ਕੇ ਉਸਦੀਆਂ ਨਜ਼ਰਾਂ ਸਾਰੇ ਕਮਰੇ 'ਚ ਭੌਂਦੀਆਂ ਰਹੀਆਂ। ਰੋਸ਼ਨੀ ਮੱਧਮ ਸੀ ਪਰ ਸਾਰੀਆਂ ਚੀਜ਼ਾਂ ਪਛਾਣੀਆਂ ਜਾ ਰਹੀਆਂ ਸਨ। ਬਾਥਰੂਮ ਦਾ ਦਰਵਾਜ਼ਾ, ਟੇਬਲ, ਲੱਕੜ ਦੀ ਕੁਰਸੀ, ਟੇਬਲ ਲੈਂਪ, ਕੰਧ-ਘੜੀ, ਸੋਫਾ-ਸੈਟ ਦੀਆਂ ਕੁਰਸੀਆਂ, ਖਿੜਕੀਆਂ ਦੇ ਪਰਦੇ, ਤਿਪਾਈ, ਟੀ.ਵੀ., ਫਲਾਵਰ ਪਾਟ, ਬੈੱਡ, ਉਸ ਉੱਤੇ ਗੂੜ੍ਹੀ ਨੀਂਦ ਸੁੱਤੀ ਹੋਈ ਨੰਦਨੀ। ਆਪਣੀ ਈ ਨੀਂਦ ਵਿਚ ਗਵਾਚੀ ਜਿਹੀ। ਇੰਜ ਕਿ ਰਾਤ ਤੇ ਮੇਰੇ ਦੇਖਣ—ਇਹਨਾਂ ਸਭਨਾਂ ਤੋਂ ਬੇਖ਼ਬਰ ਏ ਉਹ।
ਉਸ ਸ਼ਾਂਤ ਮੱਧਮ ਰੋਸ਼ਨੀ ਵਿਚ ਨੰਦਨੀ ਵੱਲ ਦੇਖਦਿਆਂ ਹੋਇਆਂ ਉਸਨੂੰ ਲੱਗਿਆ ਕਿ ਇਸ ਕਮਰੇ ਦੀਆਂ ਇਹਨਾਂ ਸਾਰੀਆਂ ਵਸਤਾਂ ਵਾਂਗ ਨੰਦਨੀ ਵੀ ਇਕ ਵਸਤੂ ਏ—ਆਜ਼ਾਦ ਵਸਤੂ। ਮੇਰੇ ਨਾਲ ਨਹੀਂ ਵੱਝੀ ਹੋਈ। ਉਸ ਟੇਬਲ, ਕੁਰਸੀ, ਸੋਫੇ, ਟੀ.ਵੀ. ਵਾਂਗ ਉਹਦਾ ਵੀ ਇਕ ਸੁਤੰਤਰ ਵਿਅਕਤੀਤਵ ਏ।
ਉਹ ਟੇਬਲ ਮੇਰਾ ਨਹੀਂ—ਮੈਂ ਇੱਥੇ ਰਹਾਂ ਨਾ ਰਹਾਂ, ਉਹ ਟੇਬਲ ਇੱਥੇ ਈ ਰਹੇਗਾ। ਉਸਨੂੰ ਯਾਦ ਆਇਆ ਸਕੂਲ ਵਿਚ ਉਸਨੇ ਨਿਬੰਧ ਲਿਖਿਆ ਸੀ—'ਟੇਬਲ ਦੀ ਆਤਮ ਕਥਾ'। ਉਸਨੇ ਲਿਖਿਆ ਸੀ—ਟੇਬਲ ਕਹਿੰਦਾ ਏ, 'ਆ ਮੇਰੇ ਕੋਲ ਬੈਠ, ਲਿਖ ਪਰ ਮੈਂ ਸੁਤੰਤਰ ਹਾਂ। ਤੇਰਾ-ਮੇਰਾ ਨਾਤਾ ਹੈ, ਪਰ ਤੂੰ ਏਥੇ ਹੋਵੇਂ ਜਾਂ ਨਾ ਹੋਵੇਂ, ਮੈਂ ਇੱਥੇ ਹੀ ਰਹਾਂਗਾ'। ਟੇਬਲ ਨਿਰਜੀਵ ਏ ਪਰ ਨੰਦਨੀ ਸੰਜੀਵ ਏ। ਉਹ ਵਰਤਮਾਨ ਵਿਚ ਪਰਤ ਆਇਆ।
ਉਸਨੂੰ ਹੈਰਾਨੀ ਹੋਈ ਕਿ ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੋਚੀ? ਨੰਦਨੀ ਮੇਰੇ ਨਾਲੋਂ ਵੱਖ ਏ। ਉਹ ਹੈ, ਪਰ ਮੈਂ ਉਸਦਾ ਮਾਲਕ ਨਹੀਂ ਆਂ। ਮੈਂ ਹੋਵਾਂ ਜਾਂ ਨਾ ਹੋਵਾਂ। ਉਹ ਆਪਣੇ ਆਪ ਵਿਚ ਹੈ। ਉਸਦੀ ਮੇਰੇ ਨਾਲ ਸ਼ਾਦੀ ਹੋਈ ਇਸ ਲਈ ਮੈਂ ਉਸਨੂੰ ਜਾਣਦਾ ਆਂ। ਪਰ ਮੂਲ ਤੌਰ 'ਤੇ ਤਾਂ ਉਹ ਆਪਣੇ ਆਪ ਵਿਚ ਸੁਤੰਤਰ ਈ ਏ ਨਾ? ਹੁਣ ਜਿਵੇਂ ਉਸਦੀ ਨੀਂਦ ਉਸਦੇ ਨਾਲ ਏ, ਓਵੇਂ ਈ ਉਸਦਾ ਸਰੀਰ ਵੀ। ਹੱਥ, ਮੋਢੇ, ਬਾਹਾਂ, ਪਿੱਠ, ਲੱਕ ਸਭ ਉਸਦਾ ਆਪਣਾ ਏਂ। ਤੇ ਇਹਨਾਂ ਸਭਨਾਂ ਵਿਚ ਵਿਆਪਕ ਉਸਦਾ ਮਨ ਵੀ ਹਰ ਪਲ ਉਸਦਾ ਆਪਣਾ ਏਂ।
ਹੁਣ ਉਸਨੇ ਦੇਖਿਆ ਤਾਂ ਉਹ ਯਕਦਮ ਪਰਾਈ ਲੱਗਣ ਲੱਗ ਪਈ। ਉਸਨੇ ਸੋਚਿਆ, ਨੰਦਨੀ ਦੀ ਆਪਣੀ ਇਕ ਸੁੰਤਤਰ ਹਸਤੀ ਏ ਤੇ ਉਸ ਹਸਤੀ ਨੂੰ ਉਹ ਜਿਵੇਂ ਚਾਹੇ ਜਿਊਂ ਸਕਦੀ ਏ। ਮੈਂ ਉਸ ਨਾਲ ਪ੍ਰੇਮ ਕਰਦਾ ਆਂ, ਠੀਕ ਏ ਪਰ ਤਦ ਵੀ ਉਸਦੀ ਆਪਣੀ ਸੁਤੰਤਰ ਹਸਤੀ ਏ। ਉਹ ਮਿਟ ਕਿਵੇਂ ਸਕਦੀ ਏ? ਉਹ ਮੇਰੀ ਪਤਨੀ ਏਂ ਇਸ ਲਈ ਲੋੜੀਂਦਾ ਸਭ ਕੁਝ ਕਰਦੀ ਵੀ ਏ ਤਦ ਵੀ ਉਸਦੀ ਉਹ ਸੁਤੰਤਰ ਹਸਤੀ ਉਸਦੇ ਨਾਲ ਈ ਹੁੰਦੀ ਏ ਨਾ! ਹੁਣ ਜਿਵੇਂ ਉਹ ਗੂੜ੍ਹੀ ਨੀਂਦ ਸੁੱਤੀ ਹੋਈ ਏ ਉਹ ਉਸਦੀ ਆਪਣੀ ਹੋਂਦ ਏ। ਇਹ ਹੋਂਦ ਮੇਰੀ ਹਸਤੀ ਦਾ ਹਿੱਸਾ ਨਹੀਂ। ਉਸਦੀ ਨੀਂਦ ਜਿਸ ਤਰ੍ਹਾ ਉਸਦੀ ਆਪਣੀ ਏ, ਉਸਦੀ ਹਸਤੀ ਦਾ ਅੰਗ ਏ ਤੇ ਜਿਸਦਾ ਨੀਂਦ ਨਾਲ ਕੋਈ ਨਾਤਾ ਨਹੀਂ, ਠੀਕ ਇਸੇ ਤਰ੍ਹਾਂ ਉਸਦੀ ਉਹ ਹਸਤੀ ਏ। ਮੈਂ ਫੈਸਲਾ ਕਰ ਸਕਦਾ ਆਂ ਕਿ ਮੈਂ ਉਸ ਨਾਲ ਰਹਿਣਾ ਏ ਕਿ ਨਹੀਂ, ਤਦ ਵੀ ਉਸਦੀ ਆਪਣੀ ਹੋਂਦ ਹੋਏਗੀ ਈ। ਇਸ ਕਮਰੇ ਨੂੰ ਛੱਡੋ, ਮੇਰੇ ਆਪਣੇ ਘਰ ਦੀਆਂ ਵਸਤਾਂ ਦੀ ਹੋਂਦ ਵੀ ਜਦੋਂ ਮੇਰੇ ਬਗ਼ੈਰ ਹੈ, ਤਦ ਨੰਦਨੀ ਦੀ ਕਿਉਂ ਨਹੀਂ ਹੋ ਸਕਦੀ? ਉਹ ਕੀ ਕਰੇਗੀ, ਉਹ ਉਸਦਾ ਆਪਣਾ ਫੈਸਲਾ ਏ। ਉਸਦੇ ਇਸ ਜੀਵਨ ਦੀ ਹਸਤੀ ਨੇ ਇਹ ਅਧਿਕਾਰ ਦਿੱਤਾ ਹੋਇਆ ਏ ਉਸਨੂੰ।
ਪਰ ਪ੍ਰਤੀਬੱਧਤਾ ਨਾਂ ਦੀ ਚੀਜ਼ ਵੀ ਤਾਂ ਹੁੰਦੀ ਏ ਕੋਈ? ਇਕ ਦੂਜੇ ਨਾਲ ਰਹਿੰਦਿਆਂ ਹੋਇਆਂ ਇਕ ਦੂਜੇ ਨਾਲ ਪ੍ਰਮਾਣਿਕ ਹੋਣ ਦੀ ਪ੍ਰਤੀਬੱਧਤਾ?
ਪਰ ਪ੍ਰਤੀਬੱਧਤਾ ਨੂੰ ਉਸਨੇ ਥੋੜ੍ਹਾ ਈ ਤੋੜਿਆ ਏ? ਉਸਦੇ ਮਨ ਨੇ ਤੁਰੰਤ ਉਸਨੂੰ ਸੁਣਾਇਆ। ਉਸਨੇ ਪ੍ਰਮਾਣਿਕਤਾ ਨਾਲ ਸਭ ਕੁਝ ਦੱਸ ਦਿੱਤਾ ਏ ਨਾ? ਤੇ ਹੋਰ ਬਹੁਤਾ ਕੁਝ ਕਹਿਣ ਨਾ ਕਹਿਣ ਦਾ ਕੋਈ ਸਵਾਲ ਈ ਕਿੱਥੇ ਰਹਿ ਗਿਆ ਏ? ਮੂਲ ਤੌਰ 'ਤੇ ਇਹ ਮੁੱਦਾ ਪ੍ਰਤੀਬੱਧਤਾ ਦਾ ਅੰਸ਼ ਨਹੀਂ। ਹਸਤੀ ਦਾ ਮੁੱਦਾ ਪ੍ਰਤੀਬੱਧਤਾ ਦੀ ਕਿਹੜੀ ਮਦ ਵਿਚ ਆਉਂਦਾ ਏ? ਆ ਈ ਨਹੀਂ ਸਕਦਾ। ਨਾਲ ਰਹਿਣ ਦਾ ਵਾਅਦਾ ਉਸਨੇ ਸੁਚੱਜੇ ਢੰਗ ਨਾਲ ਨਿਭਾਇਆ। ਉਸਦੀ ਹਸਤੀ ਇਸ ਵਾਅਦੇ ਨਾਲੋਂ ਪਰ੍ਹੇ ਦੀ ਚੀਜ਼ ਏ, ਜਿਵੇਂ ਹਰੇਕ ਦੀ ਹੁੰਦੀ ਏ। ਮੈਂ ਇਹ ਕੰਪਨੀ ਚਲਾਵਾਂ ਜਾਂ ਕੋਈ ਹੋਰ ਕੰਪਨੀ, ਇਹ ਧੰਦਾ ਕਰਾਂ ਜਾਂ ਕੋਈ ਹੋਰ, ਇਹ ਗੱਲ ਜਿਵੇਂ ਉਸ ਵਾਅਦੇ ਦਾ ਅੰਗ ਨਹੀਂ ਓਵੇਂ ਈ ਉਹ ਗੱਲ ਏ। ਇਸ ਨੂੰ ਕੋਈ ਕਿਸ ਗੱਲ ਨਾਲ ਮੇਲੇਗਾ?
ਉਹ ਆਪਣੇ ਆਪ ਨੂੰ ਫਰੋਲਦਾ ਰਿਹਾ। ਉਸਨੂੰ ਕਿਸੇ ਫੁਰਨੇ ਵਾਂਗ ਈ ਫੁਰਿਆ ਕਿ ਇਹ ਸਭ ਜਿਹੜਾ ਮੇਰੀ ਸਮਝ 'ਚ ਆ ਰਿਹਾ ਏ, ਬੜਾ ਵਧੀਆ ਹੋ ਰਿਹਾ ਏ। ਇਸ ਸਮਝ ਸਦਕਾ ਸੁਖ ਮਿਲੇਗਾ ਜਾਂ ਭਟਕਣ ਵਧੇਗੀ ਪਤਾ ਨਹੀਂ, ਪਰ ਸਮਝ ਰਿਹਾਂ, ਇਹ ਚੰਗੀ ਗੱਲ ਏ। ਇਹ ਰਾਤ ਸੱਚਮੁੱਚ ਸੁੰਦਰ ਰਾਤ ਏ। ਕੁਝ ਚਿਰ ਪਹਿਲਾਂ ਕਿਨਾਰੇ 'ਤੇ ਫੈਲੀ ਹੋਈ ਸ਼ਾਂਤੀ ਮੈਂ ਆਪਣੇ ਤਨ-ਮਨ ਵਿਚ ਭਰ ਲਈ ਸੀ ਤੇ ਹੁਣ ਇਸ ਕਮਰੇ ਦਾ ਸੱਚ। ਇਸ ਨਾਲ ਸ਼ਰੀਰ ਭਾਰੀ ਹੋਇਆ ਏ। ਅੱਖਾਂ 'ਚ ਨੀਂਦ ਏ, ਸਿਰ ਭਾਰੀ ਏ ਪਰ ਅੰਦਰ ਹਲਕਾ। ਉਸਨੇ ਦੇਖਿਆ ਨੰਦਨੀ ਨੀਂਦ ਵਿਚ ਬਿਸਤਰੇ ਦੇ ਇਕ ਸਿਰੇ 'ਤੇ ਪਈ ਏ, ਦੂਜਾ ਸਿਰਾ ਖਾਲੀ ਏ—ਉਸਨੇ ਉਸ ਖਾਲੀ ਜਗਾਹ ਆਪਣੇ ਆਪ ਨੂੰ ਲੁੜਕਾ ਦਿੱਤਾ।

No comments:

Post a Comment