Monday, April 16, 2012

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਮਰਾਠੀ ਨਾਵਲਿੱਟ :

ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ



(ਇਹ ਨਾਵਲਿੱਟ ਭਾਅ ਜਿੰਦਰ ਨੇ ਮੈਥੋਂ ਆਪਣੇ ਤ੍ਰੈਮਾਸਿਕ ਸ਼ਬਦ ਲਈ ਵਿਸ਼ੇਸ਼ ਤੌਰ ਤੇ ਅਨੁਵਾਦ ਕਰਵਾਇਆ, ਸੋ ਇਸਨੂੰ ਸ਼ਬਦ ਦੇ ਅੰਕ : 58, ਅਪ੍ਰੈਲ-ਜੂਨ---2012. ਵਿਚ ਵੀ ਪੜ੍ਹਿਆ ਜਾ ਸਕਦਾ ਹੈ---ਬੇਦੀ।)

ਹੁਣ ਜਾ ਕੇ ਕਿਤੇ ਰਸਤਾ ਖ਼ਾਲੀ ਮਿਲਿਆ ਸੀ। ਸਫ਼ਰ ਕਦੋਂ ਦਾ ਆਰੰਭ ਕੀਤੀ ਹੋਈ ਸੀ। ਲਗਭਗ ਡੇਢ ਘੰਟੇ ਦਾ ਭਾਸਕਰ ਕਾਰ ਚਲਾ ਰਿਹਾ ਸੀ। ਹਾਈ-ਵੇ ਉੱਤੇ ਭੀੜ ਸੀ। ਸਵਾਰੀ-ਵਾਹਨ ਲੰਮੀਆਂ ਕਤਾਰਾਂ ਵਿਚ ਰੀਂਘ ਰਹੇ ਸਨ। ਫੇਰ ਪਿੰਡਾਂ 'ਚੋਂ ਆਏ ਹੋਏ ਲੋਕਾਂ ਦੀ ਭੀੜ। ਰਸਤਾ ਬਾਜ਼ਾਰਾਂ ਵਿਚੋਂ ਹੋ ਕੇ ਲੰਘਦਾ ਸੀ। ਕਿਨਾਰੇ-ਕਿਨਾਰੇ ਸਬਜ਼ੀ ਦੀਆਂ ਦੁਕਾਨਾਂ, ਰੇੜ੍ਹੇ, ਰੁਕੇ ਹੋਏ ਸਵਾਰੀ-ਵਾਹਨ, ਰਸਤੇ 'ਤੇ ਘੁੰਮਣ ਰਹੇ ਆਵਾਰਾ ਪਸ਼ੂ, ਲੋਕਾਂ ਦੀ ਭੀੜ—ਲੱਖ ਚਾਹੁੰਣ ਦੇ ਬਾਵਜੂਦ ਉਹ ਗੱਡੀ ਨੂੰ ਤੇਜ਼ ਨਹੀਂ ਸੀ ਚਲਾ ਸਕਿਆ।
ਹੌਲੀ-ਹੌਲੀ ਭੀੜ ਪਿੱਛੇ ਰਹਿੰਦੀ ਗਈ। ਰਸਤਾ ਚੌੜਾ ਹੁੰਦਾ ਗਿਆ—ਡਬਲ-ਟਰੈਕ ਵਾਲਾ। ਸਵਾਰੀ-ਵਾਹਨਾਂ ਦੀ ਗਿਣਤੀ ਵੀ ਘਟਦੀ ਗਈ। ਉਸਨੇ ਗੇਅਰ ਬਦਲਿਆ। ਅਗੇ ਲੱਗੇ ਟੈਂਪੂ ਵਾਲੇ ਨੂੰ ਹਾਰਨ ਵਜਾ ਕੇ ਪਾਸੇ ਹਟਣ ਲਈ ਕਿਹਾ। ਐਕਸੀਲੇਟਰ ਉੱਤੇ ਪੈਰ ਦਾ ਦਬਾਅ ਵਧਿਆ ਤਾਂ ਝੱਟ ਉਸ ਸ਼ਾਨਦਾਰ ਮਜ਼ਬੂਤ ਗੱਡੀ ਨੇ ਭਾਸਕਰ ਦਾ ਇਰਾਦਾ ਸਮਝ ਲਿਆ—ਉਹ ਤੇਜ਼ ਦੌੜਨ ਲੱਗੀ। ਅੱਧ-ਖੁੱਲ੍ਹੀਆਂ ਖਿੜਕੀਆਂ ਵਿਚੋਂ ਹਵਾ ਦੇ ਬੁੱਲ੍ਹੇ ਅੰਦਰ ਘੁਸ ਆਏ ਤੇ ਉਸਦੇ ਵਾਲਾਂ ਤੇ ਮੱਥੇ ਨਾਲ ਕਲੋਲ ਕਰਨ ਲੱਗੇ। ਉਸਨੇ ਸਿਰ ਪਿੱਛੇ ਟਿਕਾ ਲਿਆ—ਸੀਟ ਬੈਲਟ ਠੀਕ ਕੀਤੀ, ਆਰਾਮ ਨਾਲ ਸੀਟ ਉੱਤੇ ਜਚ ਕੇ ਬੈਠ ਗਿਆ ਤੇ ਗਤੀ ਹੋਰ ਤੇਜ਼ ਕਰ ਦਿੱਤੀ।
ਗੱਡੀ ਸ਼ਾਨ ਨਾਲ ਦੌੜਨ ਲੱਗੀ। ਸਵੇਰ ਦਾ ਸਮਾਂ ਸੀ। ਚਾਰੇ-ਪਾਸੇ ਹਰਾ-ਹਰਾ ਵਾਤਾਵਰਣ, ਨੀਲਾ-ਜਿਹਾ ਰਸਤਾ—ਜਿਵੇਂ ਕਿਸੇ ਨੇ ਮਨ ਲਾ ਕੇ ਵਾਹਿਆ-ਬਣਾਇਆ ਹੋਵੇ। ਖੱਬੇ ਵੱਲੋਂ ਸੂਰਜ ਆਸਮਾਨ 'ਤੇ ਚੜ੍ਹ ਰਿਹਾ ਸੀ—ਪਰ ਅਜੇ ਤੀਕ ਧੁੱਪ ਨਹੀਂ ਸੀ ਨਿਕਲੀ। ਬਿੰਦ ਦਾ ਬਿੰਦ ਭਾਸਕਰ ਦੀ ਇੱਛਾ ਹੋਈ ਕਿ ਉਹ ਨੰਦਨੀ ਨੂੰ ਵੀ ਜਗਾ ਦਏ ਤੇ ਕਹੇ—'ਦੇਖ ਤਾਂ ਸਹੀ, ਗੱਡੀ ਕਿੰਜ ਦੌੜ ਰਹੀ ਏ।' ਪਰ ਉਹ ਗੂੜ੍ਹੀ ਨੀਂਦ ਸੁੱਤੀ ਹੋਈ ਸੀ। ਸਫਰ ਦੇ ਸ਼ੁਰੂ ਵਿਚ ਉਸਨੇ ਬਦੋਬਦੀ ਆਪਣੇ-ਆਪ ਨੂੰ ਜਗਾਹੀ ਰੱਖਿਆ ਸੀ—ਉਂਜ ਈ ਗੱਲਾਂ ਕਰਦੀ ਰਹੀ ਸੀ, ਗਾਣੇ ਸੁਣਦੀ ਰਹੀ ਸੀ ਪਰ ਹਵਾ ਦੇ ਬੁੱਲ੍ਹੇ ਵਜਦਿਆਂ ਈ ਅੱਖਾਂ ਮਿਚਣ ਲੱਗੀਆਂ ਸਨ ਤੇ ਘੰਟੇ ਕੁ ਵਿਚ ਈ ਉਹ ਸੀਟ ਪਸਾਰ ਕੇ ਆਰਾਮ ਨਾਲ ਸੌਂ ਵੀ ਗਈ ਸੀ।
ਉਸਨੇ ਗਰਦਨ ਭੁਆਂ ਕੇ ਦੇਖਿਆ। ਨੰਦਨੀ ਦੀ ਗਰਦਨ ਝੂਲ ਰਹੀ ਸੀ। ਹਵਾ ਕਾਰਨ ਵਾਲ ਲਹਿਰਾ ਰਹੇ ਸਨ। ਚਿਹਰਾ ਸ਼ਾਂਤ, ਚਿੰਤਾਹੀਣ, ਨੀਂਦ ਵਿਚ ਗਵਾਚਿਆ ਹੋਇਆ ਸੀ—ਜਿਵੇਂ ਉਹ ਘਰੇ ਈ ਸੁੱਤੀ ਪਈ ਹੋਵੇ। ਉਹ ਫੇਰ ਸਾਹਮਣੇ ਦੇਖਣ ਲੱਗ ਪਿਆ। ਹਮੇਸ਼ਾ ਇਵੇਂ ਈ ਹੁੰਦਾ ਏ। ਗੱਡੀ ਵਿਚ ਬੈਠਦਿਆਂ ਈ ਨੰਦਨੀ ਨੂੰ ਨੀਂਦ ਘੇਰ ਲੈਂਦੀ ਸੀ। ਸ਼ੁਰੂ ਵਿਚ ਉਹ ਜਾਣ-ਬੁੱਝ ਕੇ ਜਾਗਦੀ ਰਹਿੰਦੀ—ਭਾਸਕਰ ਨੂੰ ਚੰਗਾ ਲੱਗੇ, ਇਸ ਲਈ। ਕੁਝ ਵੀ ਬੋਲਦੀ ਰਹਿੰਦੀ। ਫੇਰ ਆਪਣੇ-ਆਪ ਉਸਦੀਆਂ ਪਲਕਾਂ ਭਾਰੀਆਂ ਹੁੰਦੀਆਂ ਜਾਂਦੀਆਂ ਤੇ ਅੱਖਾਂ ਮਿਚ ਜਾਂਦੀਆਂ—ਤੇ ਗੱਲਾਂ ਕਰਦੀ-ਕਰਦੀ ਈ ਉਹ ਸੌਂ ਜਾਂਦੀ—ਕੋਲ ਬੈਠੇ ਬੰਦੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਉਹ ਕਦੋਂ ਕੁ ਦੀ ਸੁੱਤੀ ਹੋਈ ਏ! ਸ਼ੁਰੂ-ਸ਼ੁਰੂ ਵਿਚ ਉਸਦੀ ਇਸ ਆਦਤ ਉੱਤੇ ਭਾਸਕਰ ਨੂੰ ਖਿਝ ਚੜ੍ਹਣ ਲੱਗ ਪੈਂਦੀ ਸੀ—ਪਰ ਏਨੇ ਵਰ੍ਹਿਆਂ ਬਾਅਦ ਉਹ ਆਦੀ ਹੋ ਗਿਆ ਏ।
ਹੁਣ ਇਕ ਵਾਰੀ ਉਸਨੇ ਸੋਚਿਆ—ਡਰਾਈਵਰ ਲੈ ਆਉਂਦਾ ਤਾਂ ਠੀਕ ਰਹਿੰਦਾ, ਮੈਂ ਵੀ ਸੌਂ ਲੈਂਦਾ। ਪਰ ਉਸਨੇ ਇਸ ਵਿਚਾਰ ਨੂੰ ਝਟਕ ਦਿੱਤਾ। ਡਰਾਈਵਰ ਨਾਲ ਹੁੰਦਾ ਤਾਂ ਸਫ਼ਰ ਵਿਚ ਮਜ਼ਾ ਈ ਕੀ ਆਉਂਦਾ? ਵੈਸੇ ਵੀ ਆਪਣੀ ਗੱਡੀ ਵਿਚ ਯਾਤਰਾ ਕਰਨ ਦੇ ਮੌਕੇ ਕਿੰਨੇ ਕੁ ਮਿਲਦੇ ਨੇ। ਸਾਰੀਆਂ ਦੂਰ-ਦੂਰ ਦੀਆਂ ਯਾਤਰਾਵਾਂ ਨੇ। ਦਰਸ਼ਨੀ-ਸਥਾਨ ਵੀ ਕਿੰਨੀ-ਕਿੰਨੀ ਦੂਰ ਨੇ। ਯਾਤਰਾ ਜਾਂ ਤਾਂ ਰੇਲ ਵਿਚ ਜਾਂ ਫੇਰ ਹਵਾਈ ਜਹਾਜ਼ ਵਿਚ ਕਰਨੀ ਪੈਂਦੀ ਏ। ਇਕ ਦੋ ਵਾਰੀ ਨੇੜੇ ਜਾਣਾ ਸੀ ਉਦੋਂ ਡਰਾਈਵਰ ਵੀ ਨਾਲ ਲਿਆਂਦਾ ਸੀ—ਨੰਦਨੀ ਉਦੋਂ ਵੀ ਸੌਂ ਗਈ ਸੀ ਤੇ ਮੈਂ ਬੈਠਾ-ਬੈਠਾ ਥੱਕ ਗਿਆ ਸਾਂ।
ਇਹ ਗੱਡੀ ਨਵੀਂ ਸੀ। ਕੁਝ ਮਹੀਨੇ ਪਹਿਲਾਂ ਈ ਖਰੀਦੀ ਸੀ। ਮਜ਼ਬੂਤ, ਪਾਵਰ-ਫੁੱਲ ਇੰਜ਼ਨ ਤੇ ਨਵੀਂ ਤਕਨੀਕ। ਸ਼ਹਿਰ ਵਿਚ ਉਹ ਉਸਨੂੰ ਚਲਾਉਂਦਾ ਵੀ ਸੀ—ਕੰਪਨੀ ਤਕ ਜਾਣ ਲਈ, ਡਰਾਈਵਰ ਨੂੰ ਨਾਲ ਬਿਠਾ ਕੇ। ਅਸਲੀ ਜਾਂਚ ਤਾਂ ਹੁਣ ਹੋਣੀ ਸੀ। ਸ਼ੋ-ਰੂਮ ਵਾਲਿਆਂ ਨੇ ਕਿਹਾ ਸੀ, “ਸਾਹਬ, ਇਸ ਨੂੰ ਹਾਈ-ਵੇ 'ਤੇ ਚਲਾ ਕੇ ਦੇਖਣਾ। ਫੇਰ ਪਤਾ ਲੱਗੇਗਾ ਇਸਦੀ ਪਰਫ਼ਾਰਮੈਂਸ ਦਾ!” ਇਹ ਵੀ ਇਕ ਕਾਰਨ ਸੀ ਡਰਾਈਵਰ ਨੂੰ ਨਾਲ ਨਾ ਲਿਆਉਣ ਦਾ। ਗੱਡੀਆਂ ਤਾਂ ਮੈਂ ਬੜੀਆਂ ਚਲਾਈਆਂ ਨੇ। ਸ਼ੁਰੂ ਵਿਚ ਤਾਂ ਫੀਏਟ ਸੀ—ਸੈਕੇਂਡ ਹੈਂਡ। ਆਦਮੀਆਂ ਨਾਲੋਂ ਵੱਧ ਤਾਂ ਉਸ ਵਿਚ ਸਾਮਾਨ ਈ ਢੋਇਆ ਸੀ ਮੈਂ। ਫੇਰ ਡਰਾਈਵਰ ਰੱਖੇ ਗਏ—ਸ਼ਹਿਰ ਵਿਚ ਭੱਜ-ਨੱਠ ਕਰਨ ਵਾਸਤੇ ਡਰਾਈਵਰ ਦਾ ਹੋਣਾ ਲਾਜ਼ਮੀਂ ਵੀ ਸੀ। ਗੱਡੀਆਂ ਵੀ ਬਦਲਦਾ ਰਿਹਾ। ਨਵੀਂ-ਨਵੀਂ ਗੱਡੀ ਕਿੰਨੀ ਵਧੀਆ ਹੁੰਦੀ ਏ। ਹਾਂ, ਪਰ ਖ਼ੁਦ ਚਲਾਓ ਫੇਰ ਮਜ਼ਾ ਆਉਂਦਾ ਏ।
ਰਸਤਾ ਬਿਲਕੁਲ ਖਾਲੀ ਸੀ। ਉਸਨੇ ਗਤੀ ਯਕਦਮ ਤੇਜ਼ ਕਰ ਦਿੱਤੀ। ਗੱਡੀ ਦੀ ਲੈਅ ਬਣੀ ਰਹੀ। ਇੰਜਨ ਦੀ ਗੂੰਜ ਵੀ ਓਵੇਂ ਦੀ ਜਿਵੇਂ ਰਹੀ। ਗੱਡੀ ਰਸਤੇ ਉੱਤੇ ਲਗਾਤਾਰ ਦੌੜਨ ਲੱਗੀ। ਪਲ ਭਰ ਲਈ ਉਸਨੇ ਸੋਚਿਆ, 'ਸ਼ੀਸ਼ੇ ਪੂਰੇ ਬੰਦ ਕਰਕੇ ਦੇਖਾਂ...ਫੇਰ ਈ ਸਹੀ ਗਤੀ ਦਾ ਪਤਾ ਲੱਗੇਗਾ।' ਉਸਨੇ ਇਹ ਵਿਚਾਰ ਵੀ ਮਨ ਵਿਚੋਂ ਕੱਢ ਦਿੱਤਾ। ਗੱਡੀ ਬਣਾਉਣ ਵਾਲਿਆਂ ਨੇ ਗਤੀ ਤੇ ਤਾਕਤ ਦੇ ਤਾਲ-ਮੇਲ ਦਾ ਸੰਤੁਲਨ ਤਾਂ ਰੱਖਿਆ ਈ ਹੋਵੇਗਾ। ਸ਼ੀਸ਼ੇ ਬੰਦ ਕਰਕੇ ਗੱਡੀ ਚਲਾਉਣ 'ਚ ਕੀ ਮਜ਼ਾ। ਸਵੇਰ ਦੀ ਸੁਹਾਵੀਂ-ਹਵਾ ਚੱਲ ਰਹੀ ਏ। ਖੁੱਲ੍ਹਾ ਮੌਸਮ ਏ। ਠੰਡੀ ਹਵਾ ਦੇ ਬੁੱਲੇ ਸਰੀਰ ਨੂੰ ਪਲੋਸਨ, ਤਦੇ ਤਾਂ ਸਫ਼ਰ ਦਾ ਮਜ਼ਾ ਆਉਂਦਾ ਏ।
ਫੇਰ ਉਸਨੇ ਪੁਰਾਣੇ ਗਾਣਿਆਂ ਦੀ ਸੀਡੀ ਲਾ ਕੇ ਗਾਣੇ ਸੁਣਨ ਬਾਰੇ ਸੋਚਿਆ। ਉਸਨੂੰ ਲੱਗਿਆ ਪੁਰਾਣੇ ਗਾਣੇ ਸੁਣਨਾ ਚੰਗਾ ਲੱਗੇਗਾ ਤੇ ਇਕੱਲਾਪਨ ਵੀ ਨਹੀਂ ਲੱਗੇਗਾ। ਪਰ ਉਸਨੇ ਇਸ ਵਿਚਾਰ ਨੂੰ ਵੀ ਝਟਕ ਦਿੱਤਾ। ਉਸਨੂੰ ਇੰਜ ਇਕੱਲੇ ਹੋਣਾ ਚੰਗਾ ਲੱਗ ਰਿਹਾ ਸੀ। ਦਿਮਾਗ਼ ਸਾਫ ਸੀ। ਕਈ ਦਿਨਾਂ ਦਾ ਦਿਮਾਗ਼, ਲੱਖ ਚਾਹੁਣ 'ਤੇ ਵੀ, ਇੰਜ ਨਹੀਂ ਸੀ ਹੋ ਸਕਿਆ। ਗਾਣੇ ਲੱਗਦਿਆਂ ਈ ਮਨ ਕਿਧਰੇ ਹੋਰ ਉਲਝ ਜਾਏਗਾ। ਨੰਦਨੀ ਅਕਸਰ ਕਹਿੰਦੀ ਸੀ—ਕਿਤੇ ਘੁੰਮਣ ਚੱਲੀਏ। ਪਰ ਕੰਮ-ਕਾਜ ਦੇ ਬੋਝ ਤੋਂ ਫੁਰਸਤ ਈ ਨਹੀਂ ਸੀ ਮਿਲਦੀ। ਖ਼ੁਦ ਦਾ ਬਿਜਨੇਸ। ਆਪਣੀ ਮਿਹਨਤ-ਲਗਨ ਨਾਲ ਵਧਾਇਆ ਹੋਇਆ। ਸਭ ਕੁਝ ਦੇਖਣਾ ਪੈਂਦਾ ਸੀ। ਪਰ ਹੁਣ ਛੇ ਕੁ ਮਹੀਨਿਆਂ ਦੀ ਚੰਗੀ ਟੀਮ ਬਣ ਗਈ ਏ। ਜ਼ਿੰਮੇਵਾਰੀਆਂ ਸੰਭਾਲਨ ਵਾਲੇ ਲੋਕ ਨੇ। ਬਹੁਤਾ ਧਿਆਨ ਵੀ ਨਹੀਂ ਰੱਖਣਾ ਪੈਂਦਾ।
ਉਸਨੇ ਚਾਰੇ ਪਾਸੇ ਨਜ਼ਰਾਂ ਦੌੜਾਈਆਂ—ਪਹਾੜੀਆਂ ਵਿਚੋਂ ਲੰਘਦਾ ਹੋਇਆ ਰਸਤਾ, ਖੱਬੇ ਪਾਸੇ ਧੁੰਦਲੇ ਜਾਮਨੀ ਰੰਗ ਦੇ ਪਹਾੜ, ਦੂਜੇ ਪਾਸੇ ਮੈਦਾਨ ਤੇ ਖੇਤ। ਖਪਰੈਲੀ-ਛੱਤਾਂ ਵਾਲੇ ਘਰ, ਵਿਹੜਿਆਂ ਵਿਚ ਖਲੋਤੇ ਲੋਕ, ਰੁੱਖ, ਚਾਹ ਵਾਲੀਆਂ ਝੁੱਗੀਆਂ, ਪੀਲੇ ਐਫ.ਡੀ.ਡੀ. ਬੂਥ, ਰਸਤੇ ਦੇ ਕਿਨਾਰੇ-ਕਿਨਾਰੇ ਦੌੜਦੀਆਂ ਸਾਈਕਲਾਂ, ਆਪਣੀ ਧੁਨ ਵਿਚ ਈ ਜਾ ਰਿਹਾ ਬਲ੍ਹਦ-ਗੱਡੀ ਵਾਲਾ। ਠੰਡੀ ਰੁੱਤ ਦੇ ਅੰਤਮ ਦਿਨ ਸਨ—ਫੇਰ ਵੀ ਹਵਾ ਵਿਚ ਸਿੱਲ੍ਹੀ ਹਰਿਆਲੀ ਦੀ ਗੰਧ ਸੀ। ਸੱਜੇ ਪਾਸੇ ਸਮੁੰਦਰ ਸੀ—ਅਜੇ ਵੀ ਖਾਸੀ ਦੂਰ। ਪਰ ਸਮੁੱਚਾ ਮਾਹੌਲ ਨਮਕੀਨ ਸੀ।
ਭਾਸਕਰ ਨੇ ਸੰਨਸਨਾਉਂਦੀ ਹਵਾ ਨੂੰ ਸਾਹਾਂ ਵਿਚ ਭਰ ਲਿਆ। ਜਿੱਥੇ ਉਹ ਜਾ ਰਿਹਾ ਸੀ, ਉਹ ਪਿੰਡ ਸਮੁੰਦਰ ਦੇ ਕਿਨਾਰੇ ਸੀ। ਤਿੰਨ ਚਾਰ ਮਹੀਨੇ ਪਹਿਲਾਂ ਇੱਥੇ ਕੰਪਨੀ ਦੀ ਟਰੇਨਿੰਗ ਹੋਈ ਸੀ। ਉਸਨੂੰ ਇਹ ਜਗਾਹ ਜਚ ਗਈ ਸੀ। ਉਦੋਂ ਦੋ ਦਿਨ ਈ ਉਹ ਇੱਥੇ ਰਹਿ ਸਕਿਆ ਸੀ। ਨਾਲ ਫੈਕਟਰੀ ਦਾ ਸਟਾਫ਼ ਵੀ ਸੀ—ਪਰ ਉਸਨੇ ਸੋਚ ਲਿਆ ਸੀ ਕਿ ਉਹ ਨੰਦਨੀ ਨਾਲ ਇੱਥੇ ਆਏਗਾ। ਪੰਜ ਛੇ ਦਿਨ ਬਿਤਾਏਗਾ—ਇਹ ਜਗਾਹ ਹੋਰਨਾਂ ਜਗਾਹਵਾਂ ਨਾਲੋਂ ਬਿਲਕੁਲ ਅਲੱਗ ਸੀ। ਰਸਤੇ ਤੋਂ ਜ਼ਰਾ ਹਟਵੀਂ—ਸ਼ਾਂਤ, ਮੌਨ ਸਮੁੰਦਰੀ-ਕਿਨਾਰਾ, ਰੇਤ ਦਾ ਵਿਸ਼ਾਲ ਵਿਛਾਉਣਾ, ਕਿਨਾਰੇ ਨਾਲ ਢੁੱਕ ਕੇ ਖੜ੍ਹੀਆਂ ਪਹਾੜੀਆਂ, ਇਕ ਪਾਸੇ ਭੁਰੇ-ਟੁੱਟੇ ਕਿੰਗਰੇ; ਪਹਾੜੀ ਦੀ ਢਲਵਾਨ 'ਤੇ ਬਣੇ ਹੋਏ ਕਾਟੇਜ...ਤੇ ਹਰੇਕ ਕਾਟੇਜ ਵਿਚੋਂ ਸਮੁੰਦਰ ਦਿਸਦਾ ਸੀ। ਸਾਹਮਣੇ ਰੁੱਖਾਂ ਦੇ ਝੁੰਡ, ਉਸ ਤੋਂ ਅੱਗੇ ਮਛੇਰਿਆਂ ਦੀ ਬਸਤੀ, ਛੋਟੀ ਜਿਹੀ ਬੰਦਰਗਾਹ। ਕਿਨਾਰੇ 'ਤੇ ਸੁਸਤਾ ਰਹੀਆਂ ਕੁਝ ਬੇੜੀਆਂ।
ਉਹਨਾਂ ਦੋ ਦਿਨਾਂ ਵਿਚ ਉਹ ਸਮਾਂ ਕੱਢ ਕੇ ਉਪਰਲੀ ਚੜ੍ਹਾਨ 'ਤੇ ਗਿਆ ਸੀ। ਉੱਥੇ ਪੁਰਾਣਾ ਲਾਈਟ ਹਾਊਸ ਸੀ। ਕਿਸੇ ਢੱਠੇ ਹੋਏ ਕਿਲੇ ਦੇ ਖੰਡਰ ਬਾਕੀ ਸਨ। ਉੱਥੋਂ ਦੂਰ-ਦੂਰ ਤਕ ਦਾ ਨਜ਼ਾਰਾ ਯਕਦਮ ਸਾਫ ਦਿਖਾਈ ਦੇਂਦਾ ਸੀ। ਨੀਲਾ-ਸਮੁੰਦਰ, ਨਾਰੀਅਲ ਦੇ ਬਾਗ਼, ਘਰਾਂ ਦੀਆਂ ਖਪਰੈਲੀ-ਛੱਤਾਂ, ਸ਼ੂਕਦੀਆਂ ਹੋਈਆਂ ਸਮੁੰਦਰੀ ਹਵਾਵਾਂ ਤੇ ਲਾਲ-ਜਾਮਨੀ ਮਿੱਟੀ ਦੇ ਸਖ਼ਤ ਮੈਦਾਨ। ਉਹ ਖਿੜ-ਪੁੜ ਗਿਆ ਸੀ। ਇੱਥੇ ਕੋਈ ਘੰਟਿਆਂ ਬੱਧੀ, ਮੀਲਾਂ ਤੀਕ ਸੈਰ ਕਰ ਸਕਦਾ ਏ—ਉਸਨੇ ਸੋਚਿਆ ਸੀ। ਹੋਟਲ ਦੀ ਪਿਛਲੀ ਚੜ੍ਹਾਨ 'ਤੇ ਚੜ੍ਹਨ ਤੇ ਕਈ ਘੰਟੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਸੀ...ਤੇ ਉਹ ਵੀ ਸਮੁੰਦਰ ਦੇ ਨਾਲ-ਨਾਲ। ਇੱਥੇ ਹਰੇਕ ਜਗਾਹ ਤੋਂ ਸਮੁੰਦਰ ਦਿਖਾਈ ਦੇਂਦਾ ਸੀ ਤੇ ਜੇ ਕਿਤੋਂ ਨਾ ਵੀ ਦਿਖ ਰਿਹਾ ਹੁੰਦਾ ਤਾਂ ਉਸਦੀ ਗੰਭੀਰ ਆਵਾਜ਼ ਦਾ ਸਾਥ ਨਹੀਂ ਸੀ ਛੁੱਟਦਾ।
ਉਸਨੇ ਸੋਚਿਆ—ਮੈਂ ਏਨੀਆਂ ਥਾਵਾਂ 'ਤੇ ਘੁੰਮਿਆ ਆਂ, ਪਰ ਅਜਿਹਾ ਸਮੁੰਦਰ ਕਿਤੇ ਨਹੀਂ ਡਿੱਠਾ। ਇਹ ਸਮੁੰਦਰ ਸਾਰੇ ਮਾਹੌਲ ਨੂੰ ਸਮੁੰਦਰ ਬਣਾ ਰਿਹਾ ਏ। ਇੱਥੋਂ ਦਾ ਆਸਮਾਨ ਵੀ ਸਮੁੰਦਰ ਤੋਂ ਪ੍ਰਭਾਵਿਤ ਏ। ਇੰਜ ਉਸਨੂੰ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਲੱਗਿਆ—ਸਮੁੰਦਰ ਉਸਦੇ ਮਨ ਉੱਤੇ ਏਸ ਹੱਦ ਤਕ ਛਾ ਗਿਆ ਹੋਏ। ਉਸਦਾ ਬਚਪਨ ਤਾਂ ਸੋਕਾ-ਮਾਰੇ ਇਲਾਕੇ ਵਿਚ ਬੀਤਿਆ ਸੀ ਤੇ ਬਾਕੀ ਜੀਵਨ, ਸਪਾਟ-ਸ਼ਹਿਰਾਂ ਵਿਚ। ਜਦੋਂ ਦਾ ਮੈਂ ਪਾਣੀ ਸ਼ੁੱਧ ਕਰਨ ਦੀ ਮਸ਼ੀਨਰੀ ਬਣਾਉਣ ਲੱਗ ਪਿਆਂ, ਓਦੋਂ ਦਾ ਮੇਰਾ ਪਾਣੀ ਨਾਲ ਨਾਤਾ ਜੁੜ ਗਿਆ ਏ। ਉਹ ਸੋਚਦਾ ਰਿਹਾ। ਝਰਨੇ, ਖਾਲ, ਨਦੀਆਂ ਤੇ ਸਮੁੰਦਰ। ਇੱਥੋਂ ਵਾਪਸ ਜਾਂਦਿਆਂ ਈ ਮੈਂ ਨੰਦਨੀ ਨੂੰ ਕਿਹਾ ਸੀ—'ਆਪਾਂ ਉੱਥੇ ਜ਼ਰੂਰ ਚੱਲਾਂਗੇ। ਤਿੰਨ ਚਾਰ ਦਿਨਾਂ ਲਈ। ਛੁੱਟੀਆਂ ਮਨਾਉਣ ਖਾਤਰ। ਬੜਾ ਵਧੀਆ ਰਿਸਾਰਟ ਏ ਉੱਥੋਂ ਦਾ, ਵਧੀਆ ਢੰਗ ਨਾਲ ਮੈਨੇਜ ਕੀਤਾ ਹੋਇਆ, ਉੱਥੇ ਸਭ ਕੁਝ ਮਿਲਦਾ ਏ...ਕਿਸੇ ਚੀਜ਼ ਲਈ ਇਧਰ-ਉਧਰ ਭਟਕਣ ਦੀ ਲੋੜ ਨਹੀਂ ਪੈਂਦੀ।'
ਉਹ ਜਾਣਦਾ ਸੀ ਨੰਦਨੀ ਮਨ੍ਹਾਂ ਨਹੀਂ ਕਰੇਗੀ। ਅਜਿਹੀਆਂ ਥਾਵਾਂ ਉਸਨੂੰ ਵੀ ਚੰਗੀਆਂ ਲੱਗਦੀਆਂ ਨੇ। ਉਹ ਕਦੀ ਟੋਕਦੀ ਨਹੀਂ। ਹਾਂ, ਉਹ ਮੇਰੇ ਵਾਂਗ ਪਹਾੜੀ 'ਤੇ ਨਹੀਂ ਚੜ੍ਹ ਸਕੇਗੀ। ਦਮੇਂ ਦੀ ਮਰੀਜ਼ ਜੋ ਏ ਉਹ। ਸਾਹ ਉੱਖੜ ਜਾਏਗਾ ਉਸਦਾ। ਉਹ ਕਾਟੇਜ ਦੀਆਂ ਪੌੜੀਆਂ ਉੱਤੇ ਬੈਠ ਕੇ ਗੱਪਾਂ ਮਾਰਦੀ ਤੇ ਚਾਹ ਦੀਆਂ ਪਿਆਲੀਆਂ ਖਾਲੀ ਕਰਦੀ ਰਿਹਾ ਕਰੇਗੀ। ਮੈਂ ਘੁੰਮਣ ਜਾਵਾਂਗਾ ਤਾਂ ਕਿਤਾਬ ਪੜ੍ਹਦੀ ਰਹੇਗੀ। ਕਿਤਾਬਾਂ ਦੀ ਪੰਡ ਬੰਨ੍ਹ ਕੇ ਨਾਲ ਲੈ ਆਈ ਏ। ਉਹ ਜਗਾਹ ਈ ਅਜਿਹੀ ਏ ਕਿ ਉੱਥੇ ਕੁਝ ਵੀ ਕਰੋ ਭਾਵੇਂ ਨਾ ਕਰੋ ਮਨ ਲੱਗਿਆ ਰਹੇਗਾ। ਸਿਰਫ ਸਮੁੰਦਰ ਦੇਖਦੇ ਰਹਿਣ ਨਾਲ ਈ ਮਨ ਰੁੱਝਿਆ ਰਹੇਗਾ। ਕਿਤੋਂ ਵੀ ਦੇਖੋ—ਭਾਵੇਂ ਕਿਨਾਰੇ 'ਤੇ ਜਾ ਕੇ, ਭਾਵੇਂ ਆਪਣੀ ਜਗਾਹ ਤੋਂ। ਤੇ ਨੰਦਨੀ ਖ਼ੂਬ ਜਾਣਦੀ ਏ, ਆਪਣੇ ਮਨ ਨੂੰ ਵਿਅਸਤ ਰੱਖਣ ਦੀ ਕਲਾ।
ਉਸਨੇ ਫੇਰ ਨੰਦਨੀ ਵੱਲ ਦੇਖਿਆ। ਉਹੀ ਗੂੜ੍ਹੀ ਨੀਂਦ। ਉਸਨੂੰ ਇਸਦਾ ਵੀ ਗਿਆਨ ਨਹੀਂ ਸੀ ਕਿ ਅਸੀਂ ਗੱਡੀ ਵਿਚ ਆਂ ਤੇ ਗੱਡੀ ਤੇਜ਼ ਦੌੜੀ ਜਾ ਰਹੀ ਏ। ਉਹ ਇੰਜ ਸੁੱਤੀ ਹੋਈ ਏ ਜਿਵੇਂ ਘਰੇ ਪਈ ਹੋਵੇ। ਉਹ ਜਾਣਦਾ ਸੀ—ਜੇ ਨੰਦਨੀ ਨੂੰ ਜਗਾਅ ਕੇ ਪੁੱਛਿਆ ਵੀ ਜਾਏ ਤਾਂ ਉਹ ਕਹੇਗੀ, “ਤੁਹਾਡੇ ਨਾਲ ਮੈਂ ਬਿਲਕੁਲ ਆਰਾਮ ਵਿਚ ਹੁੰਦੀ ਆਂ। ਤੁਸੀਂ ਨਾਲ ਹੁੰਦੇ ਓ ਤਾਂ ਮੈਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦੀ ਆਂ। ਵਰਨਾ ਮੈਂ ਇੰਜ ਥੋੜ੍ਹਾ ਈ ਸੌਂਦੀ? ਤੁਸੀਂ ਨਾਲ ਹੁੰਦੇ ਓ ਤਾਂਹੀਤਾਂ ਮੈਨੂੰ ਨੀਂਦ ਆ ਜਾਂਦੀ ਏ।” ਪਹਿਲਾਂ ਉਹ ਬੇਹੱਦ ਖਿਝ ਜਾਂਦਾ ਸੀ—ਪਰ ਰਾਜੂ ਬੜਾ ਖੁਸ਼ ਹੁੰਦਾ ਸੀ, ਕਿਉਂਕਿ ਉਸਨੂੰ ਫਰੰਟ ਸੀਟ ਉੱਤੇ ਬੈਠਣ ਦਾ ਮੌਕਾ ਮਿਲ ਜਾਂਦਾ ਸੀ। ਹੁਣ ਵੀ ਜੇ ਉਹ ਨਾਲ ਹੁੰਦਾ ਤਾਂ ਮਜ਼ਾ ਆ ਜਾਂਦਾ। ਭਾਸਕਰ ਨੇ ਸੋਚਿਆ। ਪਰ ਉਹ ਤਾਂ ਦੂਰ ਜਹਾਜ਼ ਵਿਚ ਏ। ਕਿੰਜ ਹੁੰਦਾ ਸਾਡੇ ਨਾਲ! ਅਸੀਂ ਇੱਥੇ ਆ ਰਹੇ ਆਂ ਇਸਦਾ ਪਤਾ ਏ ਉਸਨੂੰ! ਬਸ। ਉਸਦਾ ਫ਼ੋਨ ਆਉਂਦਾ ਈ ਹੋਵੇਗਾ।
ਭਾਸਕਰ ਨੇ ਸੋਚਿਆ—ਨੰਦਨੀ ਸੁੱਤੀ ਹੋਈ ਏ, ਚੰਗਾ ਈ ਏ। ਸੋਹਬਤ ਵੀ ਏ ਤੇ ਇਕੱਲੇ ਹੋਣ ਦਾ ਆਨੰਦ ਵੀ। ਦੋਵਾਂ ਵਿਚ ਅੱਜਕਲ੍ਹ ਇਹੋ ਨਾਤਾ ਏ। ਘਰੇ ਵੀ ਦੋਵੇਂ ਇਕ ਦੂਜੇ ਨੂੰ ਨਵਾਂ ਕੀ ਦੱਸਦੇ-ਪੁੱਛਦੇ ਨੇ ਭਲਾ? ਉਹ ਆਪਣੇ ਕੰਮਾਂ ਵਿਚ ਉਲਝੀ ਹੁੰਦੀ ਏ। ਸਹਿਜ ਭਾਅ ਆਪਣੇ ਘਰ ਦੇ ਸਾਰੇ ਕੰਮ ਕਰਦੀ ਰਹਿੰਦੀ ਏ। ਲੋੜ ਨਾ ਹੋਣ 'ਤੇ ਵੀ—ਆਦਤਨ! ਵਰਨਾ ਪੜ੍ਹਦੀ ਰਹਿੰਦੀ ਏ ਜਾਂ ਗਾਣੇ ਸੁਣਦੀ ਰਹਿੰਦੀ ਏ। ਕਦੇ-ਕਦਾਰ ਫੁੱਲਾਂ-ਬੂਟਿਆਂ ਦੀ ਦੇਖ-ਭਾਲ ਵਿਚ ਰੁੱਝੀ ਹੁੰਦੀ ਏ—ਕਦੀ ਕਿਸੇ ਕੇ ਘਰ ਹੋ ਆਉਂਦੀ ਏ, ਪਰ ਜਦੋਂ ਮੈਂ ਘਰ ਨਹੀਂ ਹੁੰਦਾ ਓਦੋਂ? ਮੈਂ ਘਰੇ ਹੁੰਦਾ ਆਂ ਤਾਂ ਬਾਹਰ ਜਾਣ ਤੋਂ ਟਲਦੀ ਏ। ਨੌਕਰੀ, ਉਸਨੇ ਕਦੀ ਨਹੀਂ ਕੀਤੀ; ਕਦੀ ਉਸਦੀ ਇੱਛਾ ਵੀ ਨਹੀਂ ਹੋਈ। ਜੇ ਉਹ ਨੌਕਰੀ ਕਰਦੀ ਤਾਂ ਮੈਨੂੰ ਚੰਗਾ ਲੱਗਦਾ। ਖ਼ੁਦ ਕਮਾਉਣ ਨਾਲ ਬੰਦਾ ਤੰਦਰੁਸਤ ਰਹਿੰਦਾ ਏ। ਆਪਣੀ ਈ ਮਸਤੀ ਵਿਚ। ਵੈਸੇ ਨੰਦਨੀ ਨੂੰ ਨੌਕਰੀ ਕਰਨ ਦੀ ਲੋੜ ਵੀ ਨਹੀਂ ਸੀ ਕੋਈ—ਮੇਰੀ ਕੰਪਨੀ ਨਵੀਂ-ਨਵੀਂ ਸੀ, ਓਦੋਂ ਵੀ ਨਹੀਂ, ਹੁਣ ਤਾਂ ਬਿਲਕੁਲ ਈ ਨਹੀਂ। ਨੰਦਨੀ ਨੂੰ ਸਿੱਧਾ-ਸਾਦਾ, ਸਰਲ-ਸੁਤੰਤਰ ਜੀਵਨ ਪਸੰਦ ਏ। ਰਾਜੂ ਜਦੋਂ ਸਕੂਲ ਜਾਂਦਾ ਹੁੰਦਾ ਸੀ ਓਦੋਂ ਇਕ ਜ਼ਿੰਮੇਵਾਰੀ ਹੁੰਦੀ ਸੀ, ਹੁਣ ਤਾਂ ਉਹ ਵੀ ਨਹੀਂ।
ਉਹ ਦਿਮਾਗ਼ 'ਤੇ ਜ਼ੋਰ ਦੇ ਕੇ ਸੋਚਣ ਲੱਗਿਆ—ਨੰਦਨੀ ਕੁਝ ਵੀ ਨਾ ਕਰਦੀ ਹੋਈ ਏਨੀ ਖ਼ੁਸ਼ ਕਿਵੇਂ ਰਹਿੰਦੀ ਏ? ਕੀ ਕਰਦੀ ਰਹਿੰਦੀ ਏ? ਘਰੇਲੂ ਕੰਮ? ਪੜ੍ਹਨਾ? ਮਨ ਪਰਚਾਉਣ ਲਈ ਕੀ ਐ ਉਸ ਕੋਲ? ਮੈਨੂੰ ਤਾਂ ਹਰ ਸਮੇਂ, ਸਮੇਂ ਦੀ ਘਾਟ ਮਹਿਸੂਸ ਹੁੰਦੀ ਰਹਿੰਦੀ ਏ—ਕੰਮ 'ਚੋਂ ਕੰਮ ਨਿਕਲੇ ਆਉਂਦੇ ਨੇ; ਤੇ ਨੰਦਨੀ? ਉਸਦਾ ਸਮਾਂ ਕਿੰਜ ਬੀਤਦਾ ਹੋਏਗਾ? ਸ਼ੁਰੂ-ਸ਼ੁਰੂ ਵਿਚ ਮੈਂ ਕਈ ਵਾਰੀ ਉਸਨੂੰ ਪੁੱਛਿਆ ਵੀ। ਸੱਚ ਪੁੱਛੋ ਤਾਂ ਉਸਦੀ ਸਮਝ ਵਿਚ ਇਹ ਪ੍ਰਸ਼ਨ ਈ ਨਹੀਂ ਆਇਆ। ਉਹ ਕਦੀ ਵਿਹਲੀ ਜਾਂ ਉਦਾਸ ਬੈਠੀ ਹੋਈ, ਜਾਂ ਤਾਰੇ ਗਿਣਦੀ ਹੋਈ, ਨਜ਼ਰ ਨਹੀਂ ਆਈ। ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿਚ ਲੱਗੀ ਰਹਿੰਦੀ ਸੀ। ਉਸਦਾ ਮਨ ਖੁਸ਼ ਈ ਰਹਿੰਦਾ ਹੋਏਗਾ ਵਰਨਾ ਕਦੀ ਖਿਝਦੀ ਨਾ? ਪਰ ਇੰਜ ਕਦੀ ਹੋਇਆ ਈ ਨਹੀਂ। ਨਾ ਖਿਝ, ਨਾ ਚਿੜਚਿੜਾਹਟ, ਨਾ ਕੰਮ ਦੇ ਢੇਰ ਦੀ ਸ਼ਿਕਾਇਤ! ਔਖੀ-ਦੁਖੀ ਤਾਂ ਮੈਂ ਉਸਨੂੰ ਕਦੀ ਦੇਖਿਆ ਈ ਨਹੀਂ। ਉਹ ਹਮੇਸ਼ਾ ਇਕੋ-ਜਿਹੀ ਹੁੰਦੀ ਏ—ਸਹਿਜ, ਖੁਸ਼ ਤੇ ਆਪਣੇ ਆਪ ਵਿਚ ਮਗਨ। ਹਾਂ, ਸਥਿਤੀਆਂ ਵੀ ਉਸਦੇ ਇੰਜ ਹੋਣ ਵਿਚ ਸਹਾਇਕ ਸਿੱਧ ਹੁੰਦੀਆਂ ਨੇ ਪਰ ਮੈਂ ਇਹ ਕਦੀ ਨਹੀਂ ਜਾਣ ਸਕਿਆ ਕਿ ਉਸਦੇ ਮਨ ਵਿਚ ਕੀ ਚੱਲ ਰਿਹਾ ਏ!
ਉਸਨੇ ਇਕ ਲੰਮਾ ਸਾਹ ਖਿੱਚ ਕੇ ਛੱਡਿਆ—ਮਨ ਵਿਚ ਇਕ ਚੀਸ ਜਿਹੀ ਉਠੀ। ਹਮੇਸ਼ਾ ਵਰਗੇ ਵਿਚਾਰ—ਇਕੱਲੇ, ਵਿਹਲੇ ਮਨ ਵਿਚ ਉਭਰਨ ਵਾਲੇ। ਤੇ ਇਹਨਾਂ ਵਿਚਾਰਾਂ ਦੇ ਉਭਰਨ ਨਾਲ ਈ ਉਠਣ ਵਾਲੀ ਇਹ ਚੀਸ। ਇਹ ਦਿਲ ਦੀ ਬਿਮਾਰੀ ਕਤਈ ਨਹੀਂ। ਦਿਲ ਮੇਰਾ ਬਿਲਕੁਲ ਠੀਕ-ਠਾਕ ਏ। ਨਿਯਮ ਨਾਲ ਪੂਰੀ ਜਾਂਚ ਕਰਵਾਉਂਦਾ ਰਹਿੰਦਾ ਆਂ। ਸਰੀਰ ਘੋੜੇ ਵਾਂਗਰ ਚੁਸਤ ਤੇ ਰੋਅਬੀਲਾ ਏ। ਇਹ ਚੀਸ ਵੱਖਰੀ ਕਿਸਮ ਦੀ ਏ। ਮਨ ਵਿਚ ਉਭਰਨ ਵਾਲੀ। ਕਿੱਥੋਂ ਉਭਰਦੀ ਏ ਅੱਜ ਤੀਕ ਪਤਾ ਨਹੀਂ ਲੱਗਿਆ। ਪਰ ਉਭਰਦੀ ਏ ਤੇ ਤਦ ਉਭਰਦੀ ਏ ਜਦ ਅੰਦਰ ਬੇਤਹਾਸ਼ਾ ਦੌੜ ਸ਼ੁਰੂ ਹੋ ਜਾਂਦੀ ਏ। ਮੂੰਹ ਵਿਚ ਨਿੱਮ ਵਰਗੀ ਕੁਸੈਲ ਘੁਲ ਜਾਂਦੀ ਏ ਤੇ ਥਕਾਨ ਨਾਲ ਚੂਰ-ਚੂਰ ਹੋ ਜਾਂਨਾਂ ਮੈਂ।
ਉਸਨੇ ਸੀਟ ਬੈਲਟ ਢਿੱਲੀ ਕੀਤੀ। ਬਟਨ ਨੱਪ ਕੇ ਗਾਣੇ ਵਜਾਉਣੇ ਸ਼ੁਰੂ ਕਰ ਦਿੱਤੇ। ਗਾਣਿਆਂ ਦੀਆਂ ਮਿੱਠੀਆਂ ਸੁਰਾਂ ਦੇ ਗੂੰਜਦਿਆਂ ਈ ਚਿੱਤ ਰਤਾ ਥਾਵੇਂ ਆ ਗਿਆ। ਗਤੀ ਧੀਮੀ ਕਰਕੇ ਉਹ ਆਰਾਮ ਨਾਲ ਗੱਡੀ ਚਲਾਉਣ ਲੱਗ ਪਿਆ।


ਉਮੀਦ ਅਨੁਸਾਰ ਰਿਸੋਰਟ ਸ਼ਾਂਤ ਸੀ। ਇਹ ਨਾ ਤਾਂ ਛੁੱਟੀਆਂ ਦੇ ਦਿਨ ਸਨ ਤੇ ਨਾ ਈ ਵੀਕ ਐਂਡ ਦੇ। ਭੀੜ ਬਿਲਕੁਲ ਨਹੀਂ ਸੀ। ਗੱਡੀ ਦੇ ਉੱਥੇ ਪਹੁੰਚਦਿਆਂ ਈ ਨੰਦਨੀ ਖਿੜ ਗਈ—ਖੁੱਲ੍ਹੀ ਜਗਾਹ, ਦੂਰ-ਦੂਰ ਬਣੇ ਕਾਟੇਜ, ਹਰਿਆਲੀ, ਉਸ ਵਿਚੋਂ ਲੰਘਦੀ ਪਗਡੰਡੀ, ਵੱਡੇ-ਵੱਡੇ ਰੁੱਖ ਤੇ ਉਹਨਾਂ ਦੁਆਲੇ ਬਣੇ ਹੋਏ ਚਬੂਤਰੇ। ਛੱਤਾਂ ਨਾਲ ਝੂਟਦੀਆਂ ਵੇਲਾਂ, ਬਾਂਸ ਦੇ ਝੁੰਡ। ਹਰ ਕਾਟੇਜ ਦਾ ਲੰਮਾਂ ਸਾਰਾ ਵਰਾਂਡਾ, ਚੌੜੀ ਰੇਲਿੰਗ, ਬੈਂਤ ਦੀਆਂ ਕੁਰਸੀਆਂ, ਪੌੜੀਆਂ ਉੱਤੇ ਖੁੱਲ੍ਹੇ ਵੱਲ ਮੂੰਹ ਕਰਕੇ ਕਿਤੇ ਵੀ ਆਰਾਮ ਨਾਲ ਬੈਠਿਆ ਜਾ ਸਕਦਾ ਸੀ।
ਭਾਸਕਰ ਨੇ ਯਕਦਮ ਉਸ ਸਿਰੇ ਵਾਲਾ ਕਾਟੇਜ ਮੰਗਿਆ। ਪਿਛਲੀ ਵਾਰੀ ਉਹ ਦੇਖ ਕੇ ਗਿਆ ਸੀ। ਉੱਥੋਂ ਰੈਸਟੋਰੇਂਟ ਦੂਰ ਸੀ ਪਰ ਪਿਛਲੀ ਪਹਾੜੀ ਬਿਲਕੁਲ ਨਜ਼ਦੀਕ। ਇਕ ਪਗਡੰਡੀ ਸਿੱਧੀ ਪਹਾੜੀ ਵੱਲ ਜਾਂਦੀ ਸੀ ਤੇ ਦੂਜੇ ਪਾਸੇ ਸਮੁੰਦਰ ਤੱਕ ਲੈ ਜਾਣ ਵਾਲੀਆਂ ਪੌੜੀਆਂ।
“ਹਾਂ, ਉਹੀ ਕਾਟੇਜ ਤੁਹਾਨੂੰ ਦਿੱਤਾ ਗਿਆ ਏ ਸਰ! ਜਦੋਂ ਤੁਹਾਡੇ ਮੈਨੇਜਰ ਦਾ ਫ਼ੋਨ ਆਇਆ ਸੀ ਉਦੋਂ ਈ ਉਹ ਕਾਟੇਜ ਤੁਹਾਡੇ ਨਾਂ ਬੁਕ ਕਰ ਦਿੱਤਾ ਗਿਆ ਏ।” ਰਿਸੈਪਸ਼ਨ ਵਾਲਾ ਆਦਮੀ ਬੜੇ ਅਦਬ ਨਾਲ ਕਹਿ ਰਿਹਾ ਸੀ।
“ਗੁੱਡ। ਤੁਹਾਡੀ ਜਿੰਮ ਠੀਕ-ਠਾਕ ਏ ਨਾ?”
“ਬਿਲਕੁਲ ਸਰ।”
“ਸਮਾਂ?”
“ਕਦੋਂ ਵੀ ਸਰ! ਜਦੋਂ ਤੁਸੀਂ ਚਾਹੋ ਉਦੋਂ—ਗੇਸਟ ਲਈ ਚੌਵੀ ਘੰਟੇ ਖੁੱਲ੍ਹਾ।”
“ਵੈਰੀ ਗੁੱਡ। ਚਾਬੀ ਕਿੱਥੇ ਐ?”
“ਇਹ ਨਾਲ ਜਾਏਗਾ! ਕਾਟੇਜ ਖੋਲ੍ਹ ਦਿੱਤਾ ਏ। ਪਲੀਜ਼ ਬੀ ਕੰਫ਼ਰਟੇਬਲ। ਕੁਛ ਚਾਹੀਦਾ ਹੋਏ ਤਾਂ ਤੁਰੰਤ ਦੱਸਣਾ ਸਰ।” ਉਹ ਅਦਬ ਨਾਲ ਕਹਿ ਰਿਹਾ ਸੀ।
ਅਟੈਂਡੇਂਟ ਦੇ ਪਿੱਛੇ ਉਹ ਹਰਿਆਲੀ ਦੇ ਕਿਨਾਰੇ-ਕਿਨਾਰੇ ਤੁਰ ਪਏ। ਉੱਥੇ ਪਹੁੰਚਦਿਆਂ ਈ ਸਮੁੰਦਰ ਦੀ ਗੰਧ ਦਿਮਾਗ਼ ਉੱਤੇ ਛਾਉਣ ਲੱਗੀ। ਖੁੱਲ੍ਹੀ ਜਗਾਹ ਪਹੁੰਚਦਿਆਂ ਈ ਨਾਰੀਅਲ ਦੇ ਝੁੰਡਾਂ ਵਿਚੋਂ ਸਮੁੰਦਰ ਦਾ ਨੀਲਾ ਸੰਸਾਰ ਨਜ਼ਰ ਆਉਣ ਲੱਗ ਪਿਆ।
“ਇੱਥੋਂ ਦੇ ਸਮੁੰਦਰ ਦੀ ਗੱਲ ਤਾਂ ਠੀਕ ਏ—ਪਰ ਏਥੇ ਆਉਂਦਿਆਂ ਅਸਲੀ ਕਾਰਨ ਦਾ ਪਤਾ ਲੱਗ ਗਿਆ ਏ ਮੈਨੂੰ।” ਤੁਰਦੇ-ਤੁਰਦੇ ਨੰਦਨੀ ਨੇ ਕਿਹਾ।
“ਕੀ?”
“ਇਹੀ! ਜਿੰਮ! ਹੋਰ ਕੀ! ਉਸਦੇ ਬਿਨਾਂ ਤੁਹਾਡਾ ਸਰਦਾ ਏ ਭਲਾ!”
ਭਾਸਕਰ ਮੁਸਕੁਰਾਇਆ।
“ਹੁਣੇ ਤੁਰੰਤ ਤਾਂ ਨਹੀਂ ਜਾਓਗੇ ਨਾ?”
“ਨਹੀਂ। ਅਜੇ ਥੱਕਿਆ ਹੋਇਆਂ, ਗੱਡੀ ਚਲਾ-ਚਲਾ ਕੇ।...ਹੁਣ ਬਸ ਥੋੜ੍ਹੀ ਦੇਰ ਸੰਵਾਂਗਾ।”
ਕਾਟੇਜ ਵਿਚ ਪ੍ਰਵੇਸ਼ ਕਰਦਿਆਂ ਈ ਨੰਦਨੀ ਸਾਹਮਣੇ ਦਾ ਦ੍ਰਿਸ਼ ਦੇਖ ਕੇ ਖਿੜ-ਪੁੜ ਗਈ। ਸਾਹਮਣੇ ਵਾਲੇ ਲੰਮੇਂ ਰੁੱਖਾਂ ਕਰਕੇ ਪੌੜੀਆਂ ਉੱਤੇ ਛਾਂ ਸੀ ਤੇ ਚਾਰੇ ਪਾਸੇ ਪੀਲੀ ਧੁੱਪ। ਸਾਹਮਣੇ ਪਹਾੜੀ ਦੀ ਢਲਾਨ ਸੀ ਤੇ ਨਾਰੀਅਲ ਦੇ ਝੁੰਡਾਂ ਪਿੱਛੇ ਸਮੁੰਦਰ—ਕਿਸੇ ਚਿੱਤਰਕਾਰ ਦੇ ਕਾਨਵੈਸ ਉਪਰ ਬਣੀ ਪੇਂਟਿੰਗ ਵਾਲੇ ਸਮੁੰਦਰ ਵਾਂਗ। ਚਮਕੀਲਾ ਸਫੇਦ ਆਸਮਾਨ, ਮਿਟਮੈਲੀ ਰੇਤ ਦਾ ਬਿਸਤਰਾ, ਗਰਮ ਧੁੱਪ ਵਿਚ ਨੀਲਾ-ਪਾਣੀ ਚੰਨ-ਚਾਨਣੀ ਵਾਂਗ ਲਹਿਰਾ ਰਿਹਾ ਸੀ। ਹਵਾ ਨਹੀਂ ਸੀ...ਪਰ ਲਹਿਰਾਂ ਦੀ ਅਸਪਸ਼ਟ ਜਿਹੀ ਗੂੰਜ ਸੁਣਾਈ ਦੇ ਰਹੀ ਸੀ। ਨੰਦਨੀ ਉੱਥੇ ਵਰਾਂਡੇ ਦੀਆਂ ਪੌੜੀਆਂ ਉੱਤੇ ਈ ਬੈਠ ਗਈ।
“ਵਾਹ! ਕਿਆ ਸੁੰਦਰ ਨਜ਼ਾਰਾ ਏ! ਵਧੀਆ ਜਗਾਹ। ਮੈਂ ਤਾਂ ਇੱਥੇ ਬੈਠਾਂਗੀ—ਕਿਤੇ ਹੋਰ ਜਾਣ ਦੀ ਲੋੜ ਈ ਨਹੀਂ।”
“ਹਾਂ-ਹਾਂ! ਬੈਠੀ ਰਿਹਾ ਕਰੀਂ...ਹੋਰ ਇੱਥੇ ਕਰਨਾ ਵੀ ਕੀ ਏ!”
ਭਾਸਕਰ ਨੇ ਅੰਦਰ ਜਾ ਕੇ ਸਾਮਾਨ ਉੱਤੇ ਨਿਗਾਹ ਮਾਰੀ। ਅਟੈਂਡੇਂਟ ਨੂੰ ਟਿੱਪ ਦਿੱਤੀ।
“ਸਾਹਬ, ਕੁਛ ਚਾਹ-ਕਾਫੀ?”
“ਹਾਂ-ਹਾਂ। ਚਾਹ ਚੱਲੇਗੀ—ਨੰਦਨੀ ਤੂੰ ਕੀ ਲਏਂਗੀ?”
“ਚਾਹ ਈ। ਪਰ ਦੁੱਧ-ਚੀਨੀ ਅਲੱਗ-ਅਲੱਗ ਲਿਆਉਣ ਲਈ ਕਹਿਣਾ...ਜੇ ਹੋ ਸਕੇ ਤਾਂ।”
“ਦੋ ਪਾਟ ਟੀ।...ਤੇ ਪਾਣੀ ਹੈ ਨਾ?”
“ਹਾਂ ਸਾਹਬ! ਪਾਣੀ ਦੀਆਂ ਬੋਤਲਾਂ ਰੱਖ ਦਿੱਤੀਆਂ ਨੇ। ਫਰਿਜ਼ ਵਿਚ ਵੀ ਪਾਣੀ ਰੱਖਿਐ।” ਉਹ ਚਲਾ ਗਿਆ।
ਭਾਸਕਰ ਸੋਚਣ ਲੱਗਾ—ਕੱਪੜੇ ਬਦਲਾਂ ਕਿ...ਹੁਣ ਤੱਕ ਤਾਂ ਮਹਿਸੂਸ ਨਹੀਂ ਸੀ ਹੋਇਆ ਪਰ ਸਾਹਮਣੇ ਏਡਾ ਵੱਡਾ ਬੈੱਡ ਵਿਛਿਆ ਵੇਖ ਕੇ ਦੇਹ ਭਾਰੀ-ਭਾਰੀ ਲੱਗਣ ਲੱਗ ਪਈ ਸੀ। ਉਸਨੇ ਬੂਟ ਲਾਹੇ ਤੇ ਗੱਦੇ ਉੱਤੇ ਆਪਣੇ-ਆਪ ਨੂੰ ਝੋਂਕ ਦਿੱਤਾ। ਮੁਲਾਇਮ ਗੱਦੇ ਉੱਤੇ ਪੈਂਦਿਆਂ ਈ ਸਾਰੇ ਸਰੀਰ ਨੂੰ ਇਕ ਧੁੜਧੁੜੀ ਜਿਹੀ ਆਈ। ਉਸਨੇ ਹੱਥ ਸਿਰ ਹੇਠ ਰੱਖ ਲਏ। ਪੂਰਾ ਸਰੀਰ ਅਕੜਾਇਆ ਤੇ ਫੇਰ ਢਿੱਲਾ ਛੱਡ ਦਿੱਤਾ। ਛੱਤ ਤੋਂ ਲੈ ਕੇ ਫਰਸ਼ ਤਕ ਨਜ਼ਰਾਂ ਘੁਮਾਈਆਂ। ਛੱਤ ਦੀ ਉਚਾਈ ਕੁਝ ਜ਼ਿਆਦਾ ਈ ਸੀ। ਸਫੇਦ ਛੱਤ, ਹਲਕੇ ਪੀਲੇ ਰੰਗ ਦੀਆਂ ਕੰਧਾਂ—ਐਨ ਵਿਚਕਾਰ ਸੀਲਿੰਗ ਫੈਨ। ਦੋ ਖਿੜਕੀਆਂ। ਇਕ ਬਗ਼ੀਚੇ ਵੱਲ ਖੁੱਲ੍ਹਣ ਵਾਲੀ ਤੇ ਦੂਜੀ ਦਰਵਾਜ਼ੇ ਨਾਲ ਜੁੜਵੀਂ—ਸਮੁੰਦਰ ਵੱਲ ਖੁੱਲਦੀ ਹੋਈ। ਪਰਦੇ। ਬੈੱਡ ਨਾਲ ਲਾ ਕੇ ਰੱਖਿਆ ਡਰੈਸਿੰਗ ਟੇਬਲ। ਉਸਦੇ ਕੋਲ ਛੋਟਾ ਜਿਹਾ ਰਾਈਟਿੰਗ ਟੇਬਲ, ਟੇਬਲ ਲੈਂਪ। ਕੋਲ ਈ ਲੱਕੜ ਦਾ ਵਾਰਡਰੋਬ। ਵਿਚਕਾਰਲੀ ਖੁੱਲ੍ਹੀ ਜਗਾਹ ਉੱਤੇ ਲੰਮਾ ਜਿਹਾ ਸੋਫਾ, ਕੁਰਸੀਆਂ, ਟੀ ਪਾਟ। ਤਾਜ਼ੇ ਫੁੱਲਾਂ ਨਾਲ ਭਰਿਆ ਫਲਾਵਰ ਪਾਟ। ਕਮਰਾ ਕਾਰੋਬਾਰੀ ਨਜ਼ਰੀਏ ਨਾਲ ਸਜਾਇਆ ਗਿਆ ਸੀ।
ਕਾਰ ਚਲਾਉਂਦਾ-ਚਲਾਉਂਦਾ ਭਾਸਕਰ ਸੋਚ ਰਿਹਾ ਸੀ ਰਿਸੋਰਟ ਪਹੁੰਚ ਕੇ ਕੀ ਕੀਤਾ ਜਾਏ। ਤੇ ਉਸਨੂੰ ਸ਼ਾਦੀ ਪਿੱਛੋਂ ਦੂਜਾ ਸਾਲ ਯਾਦ ਆਇਆ। ਉਹ ਬੰਗਲੌਰ ਗਏ ਸਨ। ਸਾਰੀ ਰਾਤ ਦਾ ਸਫ਼ਰ। ਸਵੇਰੇ ਪਹੁੰਚੇ। ਸਾਮਾਨ ਰੱਖਿਆ ਗਿਆ। ਕਮਰੇ ਦਾ ਦਰਵਾਜ਼ਾ ਬੰਦ ਕੀਤਾ ਗਿਆ। ਇਕ ਪਲ ਨੰਦਨੀ ਤੇ ਮੈਂ ਇਕ ਦੂਜੇ ਨੂੰ ਦੇਖਦੇ ਰਹੇ।...ਤੇ ਫੇਰ ਤਨ ਵਿਚ ਜਿਵੇਂ ਜਵਾਲਾ ਭੜਕ ਉਠੀ ਸੀ। ਇਕ ਦੂਜੇ ਨਾਲ ਭਿੜ ਗਏ। ਨਾ ਸਮੇਂ ਦਾ ਖ਼ਿਆਲ ਸੀ ਨਾ ਕਿਸੇ ਹੋਰ ਗੱਲ ਦਾ ਲਿਹਾਜ਼। ਪੂਰੀ ਤਰ੍ਹਾਂ ਝੱਲਾ ਹੋਇਆ ਮੈਂ, ਉਸਦੇ ਸਰੀਰ ਨਾਲ ਰੁੱਝਿਆ ਰਿਹਾ। ਬਸ। ਤੇ ਉਹ ਵੀ ਸਾਹਾਂ 'ਤੇ ਸਵਾਰ ਹੁੰਦੀ ਹੋਈ ਮੈਨੂੰ ਮਹਿਸੂਸ ਕਰਦੀ ਰਹੀ। ਪਿੱਛੋਂ ਵੀ ਕਈ ਵਾਰ ਇੰਜ ਹੋਇਆ—ਖਾਸ ਕਰਕੇ ਸ਼ਾਦੀ ਪਿੱਛੋਂ ਮੁੱਢਲੇ ਕੁਝ ਵਰ੍ਹਿਆਂ ਵਿਚ। ਜਦੋਂ ਰਾਜੂ ਨਿੱਕਾ ਜਿਹਾ ਸੀ ਓਦੋਂ ਵੀ। ਇਕ ਵਾਰੀ ਤਾਂ ਇੰਜ ਹੋਇਆ ਕਿ ਰਾਜੂ ਛੱਤ ਵੱਲ ਦੇਖਦਾ ਹੋਇਆ ਕਿਲਕਾਰੀਆਂ ਮਾਰਦਾ ਰਿਹਾ ਤੇ ਉਸਦੇ ਕੋਲ ਈ ਅਸੀਂ...। ਫੇਰ ਰਾਜੂ ਵੱਡਾ ਹੋਣ ਲੱਗਾ। ਹਮੇਸ਼ਾ ਸਾਡੇ ਨਾਲ ਰਹਿੰਦਾ ਸੀ। ਫੇਰ ਸੰਭਵ ਨਹੀਂ ਹੋਇਆ। ਤੇ ਉਹ, ਯਾਨੀ ਕਿਤੇ ਪਹੁੰਚਦਿਆਂ ਈ ਕੋਲ ਆਉਣ ਦਾ ਸਿਲਸਿਲਾ ਬੰਦ ਹੋ ਗਿਆ। ਰਾਜੂ ਜਦੋਂ ਵੱਡਾ ਹੋਇਆ, ਉਸਨੇ ਸਾਡੇ ਨਾਲ ਆਉਣਾ ਬੰਦ ਕਰ ਦਿੱਤਾ। ਫੇਰ ਵੀ ਸਮੇਂ-ਸਮੇਂ ਦੀ ਗੱਲ ਹੋ ਗਈ ਸੀ ਉਹ ਗੱਲ। ਕਦੀ ਦੇਰ ਰਾਤ ਪਹੁੰਚਦੇ ਸਾਂ ਤੇ ਕਦੀ ਕਿਸੇ ਨੂੰ ਮਿਲਣ ਲਈ ਬੁਲਾਇਆ ਹੁੰਦਾ ਸੀ। ਸੱਚ ਕਹਾਂ ਤਾਂ ਉਹੋ-ਜਿਹੀ ਲਹਿਰ ਈ ਫੇਰ ਕਦੀ ਨਹੀਂ ਆਈ। ਫੇਰ ਰਹਿ ਗਿਆ ਸਿਰਫ ਆਰਾਮ ਨਾਲ ਚਾਹ ਪੀਣਾ, ਇਸ਼ਨਾਨ, ਨਾਸ਼ਤਾ, ਖਾਣਾ, ਟੀ.ਵੀ., ਘੁੰਮਣਾ ਤੇ ਰਾਤ ਨੂੰ ਸ਼ਾਦੀ-ਸ਼ੁਦਾ ਤੀਵੀਂ-ਮਰਦ ਵਾਂਗ ਇਕੋ ਬਿਸਤਰੇ ਉੱਤੇ ਆ ਪੈ ਜਾਣ ਦੀ ਰੀਤ।
ਉਸਨੂੰ ਹੁਣ ਲੱਗਿਆ, ਗੱਡੀ ਚਲਾਉਂਦਾ ਹੋਇਆ ਸ਼ਾਇਦ ਮੈਂ ਸੋਚ ਰਿਹਾ ਸਾਂ ਕਿ ਇੱਥੇ ਪਹੁੰਚਦਿਆਂ ਈ ਨੰਦਨੀ ਨੂੰ ਕੋਲ ਬੁਲਾਵਾਂਗਾ। ਭਾਵੇਂ ਉਹਨਾਂ ਦਿਨਾਂ ਵਾਂਗ ਨਹੀਂ, ਪਰ ਹੁਣ ਵੀ ਯੋਗ ਉਮੰਗ ਬਾਕੀ ਏ। ਸਰੀਰ ਤੰਦਰੁਸਤ ਏ। ਵਿਚਾਲੇ ਜਿਹੇ ਸੁਸਤ ਹੋ ਗਿਆ ਸੀ, ਪਰ ਹੁਣ ਕਸਰਤ ਕਰਨ ਕਰਕੇ ਠੀਕ-ਠਾਕ ਹੋ ਗਿਆ ਏ। ਸਰੀਰ ਵਿਚ ਨਾ ਚਰਬੀ ਏ ਨਾ ਸੁਸਤੀ। ਸਪਾਟ, ਕਸਵਾਂ ਢਿੱਡ। ਸੁਡੌਲ ਪੱਟ। ਬਾਏਸੇਪਸ ਕਦੀ ਵੀ ਫਰਕਣ ਲੱਗਦੇ ਨੇ। ਹਾਂ, ਪਰ ਹੁਣ ਮਨ ਵਿਚ ਉਹ ਉਮੰਗ ਨਹੀਂ ਉਠਦੀ। ਹੁਣ ਤਾਂ ਮਨ ਨਾਲ ਵਿਚਾਰ ਕਰਨਾ ਪੈਂਦਾ ਏ—ਸੁਖ ਭੋਗਣ ਲਈ ਵੀ।
ਉਸਨੇ ਦਰਵਾਜ਼ੇ ਵਿਚੋਂ ਦੇਖਿਆ। ਨੰਦਨੀ ਹਥੇਲੀਆਂ 'ਤੇ ਠੋਡੀ ਟਿਕਾਈ ਬੈਠੀ ਸਾਹਮਣੇ ਦੇਖ ਰਹੀ ਸੀ। ਆਪਣੇ-ਆਪ ਵਿਚ ਗਵਾਚੀ ਜਿਹੀ। ਉਹ ਜਾਣਦਾ ਸੀ, ਕੋਈ ਅਜਿਹਾ ਦ੍ਰਿਸ਼ ਦੇਖ ਕੇ ਨੰਦਨੀ ਇਵੇਂ ਈ ਗਵਾਚ ਜਾਂਦੀ ਏ—ਝੱਲਿਆਂ ਵਾਂਗ। ਤਦ ਉਸਨੂੰ ਕੁਝ ਹੋਰ ਯਾਦ ਨਹੀਂ ਰਹਿੰਦਾ। ਹੁਣ ਵੀ ਉਹ ਬੁੱਤ ਵਾਂਗ ਬੈਠੀ ਏ। ਸਫ਼ਰ ਦੀ ਥਕਾਣ ਭੁੱਲ ਚੁੱਕੀ ਏ। ਫਰੈਸ਼ ਹੋਣਾ ਦਾ ਵੀ ਚੇਤਾ ਨਹੀਂ। ਜੇ ਮੈਂ ਬੁਲਾਵਾਂਗਾ ਤਾਂ ਆਏਗੀ ਵੀ। ਬੈੱਡ ਉੱਤੇ ਵੀ ਆਏਗੀ, ਗਲ਼ੇ ਵਿਚ ਬਾਹਾਂ ਪਾਏਗੀ—ਪਰ ਜੇ ਮੈਂ ਬੁਲਾਵਾਂਗਾ ਤਾਂ। ਹੁਣ ਤਾਂ ਸਾਹਮਣੇ ਦ੍ਰਿਸ਼ ਵਿਚ ਗਵਾਚੀ ਹੋਈ ਏ ਉਹ। ਮੈਂ ਨਾਲ ਆਂ, ਸ਼ਾਇਦ ਇਸਦਾ ਵੀ ਚੇਤਾ ਨਹੀਂ ਉਸਨੂੰ।
ਉਸਨੇ ਅੱਧ ਮੀਚੀਆਂ ਅੱਖਾਂ ਨਾਲ ਬਾਹਰ ਦੇਖਿਆ—ਤੁਲਨਾਂ ਵਿਚ ਕਮਰੇ ਵਿਚ ਚਾਨਣ ਘੱਟ ਸੀ ਪਰ ਵਰਾਂਡੇ ਵਿਚ ਚਿੱਟੇ ਚਾਨਣ ਦਾ ਹੜ੍ਹ ਜਿਹਾ ਆਇਆ ਹੋਇਆ ਸੀ—ਜਿਸ ਵਿਚ ਨੰਦਨੀ ਨੂੰ ਸਾਫ-ਸਾਕਾਰ ਦੇਖਿਆ ਜਾ ਸਕਦਾ ਸੀ। ਉਹ ਚਾਹ ਨੂੰ ਘੁੱਟ-ਘੁੱਟ ਕਰਕੇ ਨਿਗਲ ਰਹੀ ਸੀ ਤੇ ਸਮੁੰਦਰ ਵੱਲ ਦੇਖੀ ਜਾ ਰਹੀ ਸੀ। ਉਸ ਵੱਲ ਦੇਖਦਿਆਂ ਹੋਇਆਂ ਭਾਸਕਰ ਨੂੰ ਲੱਗਿਆ, ਨੰਦਨੀ ਮੈਥੋਂ ਖਾਸੀ ਦੂਰ ਜਾ ਚੁੱਕੀ ਏ। ਜਿੱਥੇ ਉਹ ਪਹੁੰਚੀ ਹੋਈ ਏ, ਉਹ ਥਾਂ ਕਮਰੇ ਤੋਂ ਕੋਹਾਂ ਦੂਰ ਏ!...ਇਸੇ ਦੁਨੀਆਂ ਵਿਚ ਏ; ਮੇਰੀ ਨਜ਼ਰ ਦੀ ਹੱਦ ਵਿਚ ਵੀ ਏ...ਫੇਰ ਵੀ ਕੋਹਾਂ ਦੂਰ ਏ।
ਉਹ ਦੇਖਦਾ ਰਿਹਾ—ਬਰਾਈਟ ਲੈਮਨ ਕਲਰ ਦੀ ਸਾੜ੍ਹੀ, ਓਹੋ-ਜਿਹਾ ਈ ਬਲਾਊਜ਼। ਗਰਦਨ 'ਤੇ ਲਹਿਰਾਉਂਦੇ ਵਾਲ। ਉਸ ਤੋਂ ਹੇਠਾਂ ਗੋਰਾ ਗੋਲਾਕਾਰ ਹਿੱਸਾ—ਪਿੱਠ ਦਾ। ਇਕ ਪਾਸਿਓਂ ਦਿਖਣ ਵਾਲੇ ਗੋਰੇ ਪੇਟ ਦਾ ਹਿੱਸਾ—ਕੁਝ ਸਿੱਥਲ ਫੇਰ ਵੀ ਭਰਿਆ-ਭਰਿਆ ਜਿਹਾ। ਉਸ ਨੂੰ ਦੇਖਦਿਆਂ ਹੋਇਆਂ ਭਾਸਕਰ ਦੇ ਸਰੀਰ ਵਿਚ ਗਰਮ ਲਹਿਰ ਦੌੜਨ ਲੱਗੀ।
“ਨੰਦੂ...” ਉਸਨੇ ਬੁਲਾਇਆ।
“ਜੀ?” ਉਸਨੇ ਭੌਂ ਕੇ ਦੇਖਿਆ।
“ਆ, ਅੰਦਰ ਆ-ਜਾ ਬਈ।” ਉਸਨੇ ਕਿਹਾ।
“ਅੰਦਰ? ਆਈ।”
ਉਸਨੇ ਕੱਪ ਵਾਲੀ ਚਾਹ ਖ਼ਤਮ ਕੀਤੀ ਤੇ ਅੰਦਰ ਆ ਗਈ।
“ਦੱਸੋ?”
“ਏਥੇ ਆ ਨਾ।”
ਉਹ ਬੈੱਡ ਦੇ ਸਿਰੇ 'ਤੇ ਬੈਠ ਗਈ।
“ਦੱਸੋ?”
“ਬਾਹਰ ਕੀ ਦੇਖ ਰਹੀ ਏਂ?”
“ਸਮੁੰਦਰ।” ਉਸਨੇ ਕਿਹਾ।
“ਉਹ ਤਾਂ ਦੇਖਣਾ ਈ ਏ।” ਕਹਿੰਦਿਆਂ ਹੋਇਆਂ ਉਸਨੇ ਉਸਨੂੰ ਆਪਣੇ ਨੇੜੇ ਖਿੱਚ ਲਿਆ।
ਨੰਦਨੀ ਨੇ ਝੱਟ ਦਰਵਾਜ਼ੇ ਵੱਲ ਦੇਖਿਆ। ਬਾਹਰ ਕੋਈ ਵੀ ਨਹੀਂ ਸੀ। ਫੇਰ ਉਹ ਝੱਟ ਉਸਦੇ ਉੱਤੇ ਨਹੀਂ ਡਿੱਗੀ। ਸਭ ਸਮਝਦੀ ਹੋਈ ਵੀ ਕੁਝ ਪਲ ਨਾ-ਸਮਝ ਬਣੀ ਰਹੀ। ਭਾਸਕਰ ਨੂੰ ਆਪਣੇ ਹੱਥਾਂ ਦਾ ਵਜਨ ਵਧਾਉਣਾ ਪਿਆ।
“ਦਰਵਾਜ਼ਾ ਖੁੱਲ੍ਹਾ ਏ।” ਨੰਦਨੀ ਨੇ ਕਿਹਾ।
“ਕਰ ਲਵਾਂਗੇ ਬੰਦ।” ਭਾਸਕਰ ਨੇ ਜਵਾਬ ਦਿੱਤਾ। ਉਹ ਜਾਣਦਾ ਸੀ ਨੰਦਨੀ ਬਾਹਰਲਾ ਨਜ਼ਾਰਾ ਦੇਖਣਾ ਚਾਹੁੰਦੀ ਏ—ਪਰ ਮਨ੍ਹਾਂ ਵੀ ਨਹੀਂ ਕਰੇਗੀ। ਭਾਸਕਰ ਨੇ ਬਾਹਾਂ ਦੀ ਜਕੜ ਹੋਰ ਕਸ ਦਿੱਤੀ।
“ਦਰਵਾਜ਼ਾ ਬੰਦ ਕਰ ਆਵਾਂ।” ਉਸਨੇ ਉਠਦਿਆਂ ਹੋਇਆਂ ਕਿਹਾ। ਦਰਵਾਜ਼ਾ ਬੰਦ ਹੁੰਦਿਆਂ ਈ ਬਾਹਰਲੀ ਪੀਲੀ ਰੌਸ਼ਨੀ ਗ਼ਾਇਬ ਹੋ ਗਈ। ਹੁਣ ਸਿਰਫ ਖਿੜਕੀਆਂ ਦੇ ਪੱਲਿਆਂ ਵਿਚੋਂ ਝਾਕ ਰਹੀ ਸੀ। ਵਾਪਸ ਆਉਂਦਿਆਂ ਹੋਇਆਂ ਉਸਨੇ ਸਾਰੇ ਕਮਰੇ ਵਿਚ ਝਾਤ ਮਾਰੀ ਤੇ ਖੁੱਲ੍ਹੀ ਖਿੜਕੀ ਬੰਦ ਕਰ ਦਿੱਤੀ। ਪਰਦਾ ਤਾਣ ਦਿੱਤਾ। ਕਮਰੇ ਦੀ ਰੌਸ਼ਨੀ ਹੋਰ ਘਟ ਗਈ।
“ਦੱਸੋ?” ਉਹ ਬੈੱਡ ਉੱਤੇ ਬੈਠਦੀ ਹੋਈ ਬੋਲੀ।
“ਨਹੀਂ ਚਾਹੀਦਾ?”
“ਨਹੀਂ, ਐਂ ਤਾਂ ਨਹੀਂ।”
ਛਿਣ ਭਰ ਲਈ ਉਹ ਰੁਕ ਗਿਆ। ਉਸਦੇ ਸਰੀਰ ਦੀ ਸੂੰਹ ਲੈਂਦਾ ਹੋਇਆ। ਇੱਛਾ ਸੀ। ਪਹਿਲਾਂ ਵਰਗਾ ਜੋਸ਼ ਭਾਵੇਂ ਨਹੀਂ ਸੀ, ਪਰ ਅਹਿਸਾਸ ਜਾਗੇ ਹੋਏ ਸਨ। ਫੇਰ ਵੀ ਮਨ ਵਿਚ ਸ਼ੰਕਾ ਹੋਈ। ਉਹ 'ਨਾਂਹ' ਨਹੀਂ ਕਰੇਗੀ। ਪਰ! ਖ਼ੁਦ ਮੇਰੇ ਕੋਲ ਨਹੀਂ ਆਈ। ਮੇਰੇ ਬੁਲਾਉਣ 'ਤੇ ਈ ਆਈ ਏ। ਵਰਨਾ ਓਵੇਂ ਈ ਬੈਠੀ ਰਹਿੰਦੀ ਬਾਹਰ। ਹੁਣ ਮੈਨੂੰ ਈ ਫੈਸਲਾ ਕਰਨਾ ਪਏਗਾ—ਚਾਹੀਦਾ ਏ ਜਾਂ ਨਹੀਂ।
ਉਸਨੇ ਨੰਦਨੀ ਨੂੰ ਆਪਣੇ ਉਪਰ ਘਸੀਟ ਲਿਆ। ਉਹ ਉਸਦੀ ਛਾਤੀ 'ਤੇ ਟਿਕੀ ਤਾਂ ਉਸਦੇ ਸਰੀਰ ਦੀ ਗੁਣਗੁਣੀ ਪਸੀਨੇ ਭਰੀ ਗੰਧ ਉਸਦੇ ਸਰੀਰ ਵਿਚ ਸਮਾਉਣ ਲੱਗੀ। ਉਸਨੇ ਆਪਣੇ ਬੁੱਲ੍ਹ ਉਸਦੇ ਬੁੱਲ੍ਹਾਂ ਨਾਲ ਜੋੜ ਦਿੱਤੇ। ਗਿੱਲੀ, ਕੋਮਲ, ਗੁਣਗੁਣੀ ਛੋਹ। ਨੰਦਨੀ ਨੇ ਕੁਝ ਪਲਾਂ ਬਾਅਦ ਆਪਣੇ ਬੁੱਲ੍ਹ ਵੱਖ ਕੀਤੇ ਤੇ ਭਾਸਕਰ ਦੀ ਗਰਦਨ ਨਾਲ ਆਪਣਾ ਸਿਰ ਜੋੜ ਦਿੱਤਾ। ਭਾਸਕਰ ਨੂੰ ਆਪਣੇ ਸਰੀਰ ਵਿਚ ਦੌੜ ਰਹੀ ਗੁਣਗੁਣੀ ਲਹਿਰ ਕੋਸੀ ਤੋਂ ਕਰਾਰੀ ਹੁੰਦੀ ਹੋਈ ਮਹਿਸੂਸ ਹੋਈ। ਉਸਨੇ ਇਕ ਪਾਸੇ ਸਰਕਦਿਆਂ ਹੋਇਆਂ ਨੰਦਨੀ ਲਈ ਜਗਾਹ ਬਣਾਅ ਦਿੱਤੀ। ਦੁਬਾਰਾ ਉਸਨੇ ਨੰਦਨੀ ਦੇ ਬੁੱਲ੍ਹਾਂ ਦੀ ਗਰਮੀ ਨੂੰ ਮਾਪਣਾ ਚਾਹਿਆ—ਲੱਗਿਆ, ਉਹ ਛੂਹ ਹੁਣ ਵੀ ਸਿਰਫ ਗੁਣਗੁਣੀ ਈ ਏ। ਜਦ ਭਾਸਕਰ ਨੇ ਉਸਦੀਆਂ ਅੱਖਾਂ ਵਿਚ ਤੱਕਿਆ ਤਾਂ ਉਸਨੇ ਸਿਰਫ ਸਮਝਦਾਰੀ ਭਰੀ ਮੁਸਕਾਨ ਬਰੂਰੀ ਤੇ ਆਪਣੀਆਂ ਬਾਹਾਂ ਉਸਦੇ ਗਲ਼ੇ ਵਿਚ ਪਾ ਦਿੱਤੀਆਂ। ਤਦ ਵੀ ਉਸਨੂੰ ਉਸ ਜੋਸ਼ ਦੀ ਸਿੱਥਲਤਾ ਈ ਮਹਿਸੂਸ ਹੋਈ। ਉਸਦੀ ਸਮਝ ਵਿਚ ਨਹੀਂ ਆਇਆ ਕਿ ਹੁਣ ਕੀ ਕੀਤਾ ਜਾਏ। ਇਕ ਵਾਰੀ ਸੋਚਿਆ ਉਸਨੂੰ ਪੁੱਛ ਲਵਾਂ ਕੀਤਾ ਜਾਏ ਜਾਂ ਨਾ। ਪਰ ਹੁਣ ਉਸਨੇ ਆਪਣੀਆ ਅੱਖਾਂ ਮੀਚ ਲਈਆਂ ਸਨ। ਭਾਸਕਰ ਨੇ ਆਪਣੇ ਸਰੀਰ 'ਚ ਗੁਣਗੁਣੀ ਹਲਚਲ ਨੂੰ ਮਹਿਸੂਸ ਕੀਤਾ। ਕਮਰੇ ਦਾ ਠੰਡਾ ਇਕਾਂਤ ਤੇ ਉਸਦੇ ਸਰੀਰ ਦੀ ਗਰਮੀ। ਆਦਤਨ ਉਸਦੇ ਹੱਥ ਅੱਗੇ ਸਰਕਣ ਲੱਗੇ। ਕੱਪੜਿਆਂ ਦਾ ਸਪਰਸ਼ ਹਟਦਿਆਂ-ਹਟਦਿਆਂ ਉਸਦਾ ਗਰਮ ਸਰੀਰ ਤਾਂ ਖੁੱਲ੍ਹ ਗਿਆ ਪਰ ਅੱਖਾਂ ਬੰਦ ਈ ਰਹੀਆਂ। ਨਾ ਇੱਛਾ, ਨਾ ਇਨਕਾਰ। ਕੀ ਰੁਕ ਜਾਵਾਂ? ਜਾਣ ਦਿਆਂ? ਕੀ ਇਹ ਉਹ ਸਮਾਂ ਨਹੀਂ? ਸਰੀਰ ਵਿਚ ਗਰਮੀ ਤਾਂ ਏ ਪਰ ਉਹ ਅੱਗ ਨਹੀਂ। ਇੱਛਾ ਤਾਂ ਏ ਪਰ ਦੇਹ ਵਿਚ ਉਹ ਗਰਮੀ ਨਹੀਂ। ਉਸਦੇ ਮਨ ਵਿਚ ਉਥਲ-ਪੁਥਲ ਹੋਣ ਲੱਗ ਪਈ। ਨਾ ਪਿੱਛੇ ਹਟ ਸਕਦਾ ਏ ਨਾ ਅੱਗੇ ਵਧਣ ਦੀ ਝੰਡੀ ਏ। ਠੀਕ ਏ, ਫੇਰ ਵੀ ਚੱਲਿਆ ਜਾਏ ਅੱਗੇ। ਉਸਨੇ ਠਾਣ ਲਈ ਤੇ ਉਸਦੇ ਸਰੀਰ ਨਾਲ ਆਪਣਾ ਸਰੀਰ ਮੇਲ ਕੇ ਧੀਰਜ ਨਾਲ ਅੱਗੇ ਵਧ ਗਿਆ। ਤਦ ਉਸਨੂੰ ਅਹਿਸਾਸ ਹੋਇਆ ਕਿ ਨੰਦਨੀ ਵਿਚ ਠੰਡੀ ਅੱਗ ਏ। ਬਿਲਕੁਲ ਬੁਝੀ ਅੱਗ ਵਰਗੀ। ਅਲਾਵ ਠੰਡਾ। ਬਾਹਾਂ ਦੀ ਜਕੜ ਠੰਡੀ। ਅੰਦਰਲੀ-ਬਾਹਰਲੀ ਹਵਾ, ਦੁਪਹਿਰ, ਸਾਹ, ਉਸਦੇ ਸਰੀਰ ਦਾ ਗਿੱਲਾਪਨ ਸਭ ਸਰਦ ਏ। ਦਰਵਾਜ਼ਾ ਖੁੱਲ੍ਹ ਰਿਹਾ ਏ ਪਰ ਠੰਡੇਪਨ ਨਾਲ। ਮੈਂ ਰਿੱਝ ਰਿਹਾਂ, ਉਹ ਵੀ ਠੰਡੇਪਨ ਨਾਲ।
ਉਹ ਦੂਰ ਖਿਸਕ ਕੇ ਲੇਟ ਗਿਆ। ਹਮੇਸ਼ਾ ਵਾਂਗ ਆਪਣਾ ਹੱਥ ਉਸਦੇ ਬਦਨ ਉੱਤੇ ਰੱਖਣ ਦੀ ਇੱਛਾ ਨਾ ਹੋਈ। ਕੁਝ ਚਿਰ ਬਾਅਦ ਉਸਨੇ ਮਹਿਸੂਸ ਕੀਤਾ ਕਿ ਨੰਦਨੀ ਦਾ ਹੱਥ ਉਸਦੇ ਸਰੀਰ ਉੱਤੇ ਸੀ। ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਹ ਸਮਝਦਾਰੀ ਭਰੀ ਮੁਸਕਾਨ ਬਰੂਰਦੀ ਹੋਈ ਹੱਸ ਪਈ। ਉਸਨੇ ਪਾਸਾ ਪਰਤ ਕੇ ਉਸਦੇ ਸਰੀਰ ਉੱਤੇ ਹੱਥ ਰੱਖਿਆ ਤੇ ਅੱਖਾਂ ਬੰਦ ਕਰ ਲਈਆਂ।
ਉਸਨੇ ਸੋਚਿਆ ਸੀ, ਨੀਂਦ ਨਹੀਂ ਆਏਗੀ, ਪਰ ਉਹ ਗੂੜ੍ਹੀ ਨੀਂਦ ਸੁੱਤਾ। ਖਾਸੀ ਦੇਰ ਬਾਅਦ ਜਾਗਿਆ। ਉਸਨੇ ਬਾਹਰ ਦੇਖਿਆ। ਉਹ ਪਹਿਲਾਂ ਵਾਂਗ ਪੌੜੀਆਂ ਉੱਤੇ ਬੈਠੀ ਸੀ। ਹੁਣ ਉਸਦੇ ਹੱਥ ਵਿਚ ਕਿਤਾਬ ਸੀ। ਉਸਨੇ ਗੁੱਟ ਉੱਤੇ ਵੱਝੀ ਘੜੀ ਦੇਖੀ। ਡੇਢ ਵੱਜ ਚੁੱਕਿਆ ਸੀ।
ਕੁਝ ਚਿਰ ਉਹ ਓਵੇਂ ਈ ਲੇਟਿਆ ਰਿਹਾ। ਉਠਦਿਆਂ ਹੋਇਆਂ ਨੰਦਨੀ ਨੇ ਉਸ ਉੱਤੇ ਚਾਦਰ ਦੇ ਦਿੱਤੀ ਸੀ। ਪੱਖਾ ਘੁੰਮ ਰਿਹਾ ਸੀ। ਹਵਾ ਵਿਚ ਉਮਸ ਸੀ। ਉਸਨੂੰ ਕੁਝ ਤਰੋਤਾਜ਼ਾ ਲੱਗ ਰਿਹਾ ਸੀ। ਖਾਲੀਪਨ ਪਰ ਖੁਸ਼ਗਵਾਰ। ਕੁਝ ਪਲ ਉਹ ਵਿਚਾਰਹੀਣ ਸਥਿਤੀ ਵਿਚ ਰਿਹਾ। ਫੇਰ ਭੁੱਖ ਦਾ ਅਹਿਸਾਸ ਜਾਗ ਪਿਆ। ਫੇਰ ਵੀ ਉਸਦਾ ਮਨ ਉਠਣ ਨੂੰ ਨਹੀਂ ਕੀਤਾ। ਖਾਣਾ ਕੋਈ ਵੱਡੀ ਗੱਲ ਨਹੀਂ ਸੀ—ਇੱਥੇ ਵੀ ਮੰਗਵਾਇਆ ਜਾ ਸਕਦਾ ਸੀ। ਸਵਾਲ ਇਹ ਸੀ ਕਿ ਖਾਣੇ ਪਿੱਛੋਂ ਕੀ ਕੀਤਾ ਜਾਏ? ਫੇਰ ਸੁੱਤਾ ਜਾਏ—ਉੱਤੋਂ ਤਿੱਖੜ ਦੁਪਹਿਰ ਹੋਏਗੀ। ਕਮਰੇ ਵਿਚ ਈ ਰਹਿਣਾ ਪਏਗਾ। ਨੀਂਦ ਦਾ ਸਮਾਂ। ਤਦ ਸੰਵਾਂਗਾ ਤਾਂ ਸਿੱਧਾ ਚਾਰ, ਸਾਢੇ ਚਾਰ ਵਜੇ ਤਕ ਸੌਣ ਨੂੰ ਮਿਲ ਜਾਏਗਾ। ਤਦ ਨੰਦਨੀ ਨੂੰ ਕੋਲ ਬੁਲਾਉਣਾ ਚਾਹੀਦਾ ਸੀ। ਇਕ ਵੱਖਰੀ ਕਿਸਮ ਦਾ ਇਕਾਂਤ ਮਿਲਦਾ। ਪੂਰੀ ਦੁਪਹਿਰ ਆਪਣੀ ਸੀ। ਪਿੱਛੋਂ ਸੌਣ ਦਾ ਇਰਾਦਾ। ਇਸ ਤੋਂ ਉਪਜਿਆ ਹੋਇਆ ਇਕਾਂਤ ਮਿਲਦਾ ਓਦੋਂ। ਥੋੜ੍ਹਾ ਸਬਰ ਦਿਖਾਇਆ ਹੁੰਦਾ ਮੈਂ, ਤਾਂ ਠੀਕ ਸੀ। ਤਦ ਸ਼ਾਇਦ ਨੰਦਨੀ ਵੀ ਸਾਥ ਦੇਂਦੀ। ਪਰ ਮੈਂ ਤਾਂ ਪਹਿਲਾਂ ਈ ਸਭ ਕੁਝ ਕਰ ਲਿਐ। ਹੁਣ? ਨੰਦਨੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਢੇਰ ਸਾਰੀਆਂ ਕਿਤਾਬਾਂ ਨਾਲ ਲਿਆਈ ਏ। ਮਰਾਠੀ, ਅੰਗਰੇਜ਼ੀ ਦੋਵੇਂ। ਮੈਂ ਵੀ ਕੁਝ ਪੜ੍ਹਨ ਲਈ ਲਿਆਇਆ ਆਂ, ਪਰ ਬਸ! ਕੁਝ ਖਾਸ ਨਹੀਂ। ਉਸ ਵਾਂਗ ਮਗਨ ਚਿੱਤ ਹੋ ਕੇ ਪੜ੍ਹਨ ਵਾਲਾ ਕੁਝ ਵੀ ਨਹੀਂ।
ਉਸਨੂੰ ਅਚਾਨਕ ਸਭ ਕੁਝ ਉਦਾਸ-ਉਦਾਸ ਜਿਹਾ ਲੱਗਣ ਲੱਗਿਆ। ਉਸਨੇ ਸੋਚਿਆ ਗਲਤੀ ਹੋ ਗਈ ਸ਼ਾਇਦ। ਏਨੀ ਜਲਦੀ ਨਹੀਂ ਕਰਨੀ ਚਾਹੀਦੀ ਸੀ। ਸੱਚ ਤਾਂ ਇਹ ਸੀ ਕਿ ਉਹ ਚਾਹੁੰਦੀ ਨਹੀਂ ਸੀ। ਉਸਨੇ ਮੇਰਾ ਮਨ ਰੱਖਿਆ, ਬਸ ਏਨਾ ਈ। ਨਾ ਉਸ ਵਿਚ ਉਮੰਗ ਸੀ ਨਾ ਮੈਂ ਪੂਰਾ ਉਬਾਲ ਖਾਧਾ ਸੀ। ਮਨ ਵਿਚ ਇਕ ਪਾਗਲਪਨ ਸੀ, ਬਸ ਏਨਾ ਈ। ਉਸਨੂੰ ਪਾ ਲੈਣ ਦਾ, ਇੱਥੇ ਪਹੁੰਚਦਿਆਂ ਈ। ਸ਼ਾਇਦ ਉਹਨਾਂ ਦਿਨਾਂ ਦੀ ਯਾਦ? ਜਾਂ ਇਹ ਅਹਿਸਾਸ ਕਿ ਜਦੋਂ ਚਾਹਾਂ ਉਸਨੂੰ ਪਾ ਸਕਦਾਂ? ਇਹ ਸੋਚਣਾ ਈ ਬੇਕਾਰ ਏ। ਉਸਦਾ ਮਨ ਦੁਖਾਉਣ ਦਾ ਕਤਈ ਇਰਾਦਾ ਨਹੀਂ ਸੀ। ਉਸਨੇ ਮਨ੍ਹਾਂ ਕੀਤਾ ਹੁੰਦਾ ਤਾਂ ਮੈਂ ਰੁਕ ਜਾਂਦਾ। ਥੋੜ੍ਹਾ ਮਨ ਖ਼ਰਾਬ ਹੋ ਜਾਂਦਾ ਪਰ ਮੈਂ ਨਾਰਾਜ਼ ਨਹੀਂ ਸੀ ਹੁੰਦਾ। ਗੁੱਸੇ ਤਾਂ ਬਿਲਕੁਲ ਨਹੀਂ ਸੀ ਹੁੰਦਾ। ਹੁਣ ਏਨੇ ਵਰ੍ਹਿਆਂ ਬਾਅਦ ਕੀ ਮੈਂ ਏਨਾ ਵੀ ਨਹੀਂ ਸਮਝਦਾ? ਤੇ ਇਹ ਵੀ ਨਹੀਂ ਜਾਣਦਾ ਕਿ ਔਰਤਾਂ ਨੂੰ ਸਾਡੇ ਵਾਂਗ ਕੁਝ ਵੀ ਨਹੀਂ ਲੱਗਦਾ। ਪਰ ਉਸਨੇ ਵੀ ਮਨ੍ਹਾਂ ਨਹੀਂ ਕੀਤਾ। ਸ਼ਾਇਦ ਉਸਨੇ ਆਪਣਾ ਕਰਤੱਵ ਨਿਭਾਇਆ ਸੀ। ਸ਼ਾਇਦ ਇਹ ਵੀ ਸੋਚਿਆ ਹੋਏਗਾ ਕਿ ਛੁੱਟੀਆਂ ਮਨਾਉਣ ਆਏ ਆਂ, ਸ਼ੁਰੂਆਤ ਈ ਇਨਕਾਰ ਤੋਂ ਕਿਉਂ ਕੀਤੀ ਜਾਏ?
ਹਾਂ, ਇਹ ਸੱਚ ਏ ਕਿ ਹੁਣ ਉਸਦੇ ਮਨ ਵਿਚ ਉਮੰਗਾਂ ਉਭਰਦੀਆਂ ਈ ਨਹੀਂ। ਜੇ ਮੈਂ ਨਾ ਬੁਲਾਂਦਾ ਤਾਂ ਕਤਈ ਨਾ ਆਉਂਦੀ। ਓਵੇਂ ਈ ਬੈਠੀ ਸਮੁੰਦਰ ਵੇਖਦੀ ਰਹਿੰਦੀ। ਦੁਪਹਿਰੇ ਵੀ ਮੈਂ ਈ ਕਦੀ ਕੋਲ ਬੁਲਾਂਦਾ ਆਂ ਤਦੇ ਨੇੜੇ ਆਉਂਦੀ ਏ ਵਰਨਾਂ ਲੇਟੀ ਰਹਿੰਦੀ ਏ। ਦੁਪਹਿਰੇ ਈ ਕਿਉਂ, ਰਾਤ ਨੂੰ ਵੀ ਇਸ ਨਾਲੋਂ ਵੱਖਰਾ ਕੁਝ ਨਹੀਂ ਹੁੰਦਾ। ਮੈਂ ਗਲ਼ ਲਾਵਾਂ ਤਾਂ ਨੇੜੇ ਆਏਗੀ ਨਹੀਂ ਤਾਂ ਸਿਰਫ ਪਿੰਡੇ 'ਤੇ ਹੱਥ ਰੱਖ ਕੇ ਸੌਂ ਜਾਏਗੀ। ਮੈਂ ਮੂੰਹ ਉਧਰ ਕਰਕੇ ਸੰਵਾਂ ਤਦ ਵੀ ਕੁਝ ਨਹੀਂ ਕਹੇਗੀ।
ਉਸਦੇ ਮਨ ਵਿਚ ਮੁੜ ਚੀਸ ਉਠੀ। ਉਹ ਆਪਣੇ ਕਰਤੱਵ ਤੋਂ ਕਦੀ ਉਕਦੀ ਨਹੀਂ। ਕਦੀ ਮੇਰਾ ਮਨ ਨਾਰਾਜ਼ ਨਹੀਂ ਕੀਤਾ। ਕੁਝ ਨਹੀਂ ਕਹਿੰਦੀ। ਸਭ ਬਰਦਾਸ਼ਤ ਕਰਦੀ ਰਹਿੰਦੀ ਏ। ਸਿਆਣੀ ਏਂ, ਪਰ ਇਸ ਤੋਂ ਪਰ੍ਹੇ ਵੀ ਕੁਝ ਹੁੰਦਾ ਏ ਕਿ ਨਹੀਂ? ਜਾਂ ਕੁਝ ਹੁੰਦਾ ਏ ਜਿਹੜਾ ਮੇਰੀ ਸਮਝ ਵਿਚ ਨਹੀਂ ਆ ਰਿਹਾ? ਮੈਂ ਬਹੁਤਾ ਬੋਲਣਾ ਪਸੰਦ ਨਹੀਂ ਕਰਦਾ। ਬਚਪਨ 'ਚ ਵੀ ਲੋਕ ਮੈਨੂੰ ਗੂੰਗਾ ਕਹਿੰਦੇ ਹੁੰਦੇ ਸੀ। ਹੁਣ ਇੰਜ ਕੋਈ ਨਹੀਂ ਕਹਿ ਸਕਦਾ ਪਰ ਮੈਂ ਆਪਣੇ ਵੱਲੋਂ ਕਦੀ ਬਹੁਤਾ ਕੁਝ ਨਹੀਂ ਕਹਿੰਦਾ। ਉਸ ਬਾਰੇ ਤਾਂ ਬਿਲਕੁਲ ਕੁਝ ਨਹੀਂ, ਨਾ ਹੀ ਕਿਸੇ ਮਾਮਲੇ ਵਿਚ ਬਹੁਤੀ ਪੁੱਛ-ਪੜਤਾਲ ਕਰਦਾਂ। ਕਈ ਵਾਰੀ ਅਜਿਹਾ ਸਮਾਂ ਆਇਆ, ਪਰ ਮੈਂ ਕੁਝ ਪੁੱਛਿਆ ਨਹੀਂ। ਜਿੰਨਾ ਸਮਝ ਸਕਿਆ ਸਮਝ ਲਿਆ। ਚੰਗਾ ਮਾੜਾ ਜੋ ਹੋਏ। ਪਰ ਖ਼ੁਦ ਕਦੀ ਛਾਣਬੀਨ ਨਹੀਂ ਕੀਤੀ। ਜੋ ਹੈ ਸੋ ਹੈ। ਜਿਵੇਂ ਹੈ ਓਵੇਂ ਈ ਠੀਕ ਮੰਨ ਲਿਆ। ਉਹ ਉੱਥੇ ਬੈਠੀ ਪੜ੍ਹ ਰਹੀ ਏ, ਮੈਂ ਇੱਥੇ ਬਿਸਤਰੇ 'ਤੇ ਲੇਟਿਆ ਹੋਇਆਂ।
ਉਸਦੇ ਢਿੱਡ ਵਿਚ ਚੂਹੇ ਦੌੜਨ ਲੱਗੇ। ਹੁਣ ਉਠਣਾ ਚਾਹੀਦਾ ਏ। ਉਸਨੇ ਸੋਚਿਆ। ਉਹ ਤਾਂ ਕਦੋਂ ਵੀ ਖਾਣਾ ਸਰਵ ਕਰ ਸਕਦੇ ਨੇ, ਪਰ ਹੁਣ ਚੱਲਣਾ ਚਾਹੀਦਾ ਏ।
ਉਸਨੇ ਕੱਪੜੇ ਪਾਏ ਤੇ ਬਾਹਰ ਆਇਆ। ਉਸਦੀ ਆਹਟ ਮਿਲਦਿਆਂ ਈ ਨੰਦਨੀ ਬੋਲੀ, “ਜਾਗ ਪਏ? ਖਾਣਾ ਖਾਈਏ?”
“ਹਾਂ ਚੱਲ। ਤੈਨੂੰ ਭੁੱਖ ਨਹੀਂ ਲੱਗੀ?”
“ਕਦੋਂ ਦੀ ਲੱਗੀ ਹੋਈ ਏ।”
“ਫੇਰ ਮੈਨੂੰ ਜਗਾਇਆ ਕਿਉਂ ਨਹੀਂ?”
“ਤੁਸੀਂ ਗੂੜ੍ਹੀ ਨੀਂਦੇ ਸੁੱਤੇ ਹੋਏ ਸੌ।”
“ਨਹੀਂ ਤਾਂ! ਬਸ ਝਪਕੀ ਆ ਗਈ ਸੀ। ਚੱਲ, ਚੱਲੀਏ।”
***

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਖਾਣਾ ਖਾ ਕੇ ਉਹ ਵਾਪਸ ਆਏ। ਦਰਵਾਜ਼ਾ ਖੋਲ੍ਹਦਿਆਂ ਹੋਇਆਂ ਉਸਨੇ ਕਿਹਾ—
“ਹੁਣ ਕੀ ਕਰੀਏ?”
“ਕੀ ਕਰਨੈਂ। ਥੋੜ੍ਹੀ ਦੇਰ ਲੇਟ ਲੈਨੇਂ ਆਂ। ਰੋਟੀ ਖਾ ਕੇ ਥੋੜ੍ਹੀ ਸੁਸਤੀ ਆ ਜਾਂਦੀ ਏ।”
“ਤੂੰ ਤਾਂ ਪੜ੍ਹਨ ਬੈਠੇਂਗੀ!”
“ਨਹੀਂ ਐਸਾ ਕੁਝ ਨਹੀਂ। ਉਦੋਂ ਮੈਨੂੰ ਨੀਂਦ ਨਹੀਂ ਸੀ ਆ ਰਹੀ ਇਸ ਲਈ ਪੜ੍ਹਨ ਲੱਗ ਪਈ। ਹੁਣ ਲੇਟਾਂਗੇ ਥੋੜ੍ਹੀ ਦੇਰ।”
ਉਸਨੇ ਸ਼ਰਟ ਲਾਹੀ। ਪੱਖਾ ਤੇਜ਼ ਕਰ ਦਿੱਤਾ। ਹੁਣ ਹੋਰ ਕੁਝ ਕਰਨ ਵਾਲਾ ਨਹੀਂ ਸੀ। ਆਰਾਮ ਈ ਕੀਤਾ ਜਾ ਸਕਦਾ ਸੀ। ਓਹਦੀ ਲੋੜ ਨਹੀਂ ਸੀ, ਫੇਰ ਆਰਾਮ ਈ ਕੀਤਾ ਜਾ ਸਕਦਾ ਸੀ। ਸ਼ਰੀਰ ਸ਼ਾਂਤ ਸੀ। ਹਮੇਸ਼ਾ ਵਾਂਗ। ਛੁੱਟੀਆਂ ਮਨਾਉਣ ਆਏ ਪੱਕੀ ਉਮਰੇ ਜੋੜੇ ਵਾਂਗ।
“ਪਹਿਲਾਂ ਸਾੜ੍ਹੀ ਬਦਲ ਲਵਾਂ। ਡਰੈੱਸ ਈ ਪਾਵਾਂਗੀ। ਫੇਰ ਓਵੇਂ ਈ ਘੁੰਮਣ ਜਾ ਸਕਦੇ ਆਂ।”
“ਮੈਨੂੰ ਸ਼ਾਇਦ ਨੀਂਦ ਨਹੀਂ ਆਏਗੀ। ਪਹਿਲਾਂ ਈ ਕਾਫੀ ਸੌਂ ਚੁੱਕਿਆਂ।”
“ਫੇਰ?” ਨੰਦਨੀ ਨੇ ਪੁੱਛਿਆ।
“ਉਹੀ ਸੋਚ ਰਿਹਾਂ ਕਿ ਕੀ ਕਰਾਂ?”
“ਕੁਛ ਪੜ੍ਹਨ ਬੈਠ ਜਾਓ। ਬਾਹਰ ਧੁੱਪ ਏ।”
“ਮੈਂ ਕੁਛ ਖਾਸ ਨਹੀਂ ਲਿਆਇਆ। ਏਥੇ ਪੜ੍ਹਨਾਂ ਕੀ ਸੀ?”
“ਮੈਂ ਆਪਣੀਆਂ ਕਿਤਾਬਾਂ ਵਿਚੋਂ ਕੋਈ ਦਿਆਂ?”
“ਤੇਰੀਆਂ ਕਿਤਾਬਾਂ?” ਉਹ ਮੁਸਕੁਰਾਇਆ।
“ਪਤਾ ਏ। ਸ਼ਾਇਦ ਤੁਹਾਨੂੰ ਪਸੰਦ ਨਾ ਆਉਣ।”
“ਮਨ ਹੋਇਆ ਤਾਂ ਲੈ ਲਵਾਂਗਾ।”
“ਟੀ.ਵੀ. ਦੇਖ ਲਓ।”
“ਏਥੇ ਆ ਕੇ ਟੀ.ਵੀ.?”
“ਇਹ ਵੀ ਠੀਕ ਏ, ਫੇਰ ਕਰੀਏ ਕੀ?”


ਐਵੇਂ ਈ ਉਹ ਲੇਟਿਆ ਰਿਹਾ—ਸੁੰਨੀਆਂ ਨਜ਼ਰਾਂ ਨਾਲ ਛੱਤ ਵੱਲ ਤੱਕਦਾ ਹੋਇਆ। ਗੱਦੇ ਉੱਤੇ ਸਰੀਰ ਸੁਸਤਾਇਆ। ਖਾਣਾ ਖਾਣ ਪਿੱਛੋਂ ਵਾਲੀ ਸੁਸਤੀ। ਨੰਦਨੀ ਨੇ ਕੱਪੜੇ ਬਦਲੇ। ਉਸਨੂੰ ਪਤਾ ਨਾ ਲੱਗੇ ਇੰਜ ਉਹ ਦੇਖਦਾ ਰਿਹਾ ਪਰ ਮਨ ਵਿਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਹੀਂ ਹੋਈ। ਨੰਦਨੀ ਨੇ ਤਿਪਾਈ 'ਤੇ ਰੱਖੀ ਕਿਤਾਬ ਚੁੱਕੀ ਤੇ ਉੱਥੇ ਖੜ੍ਹੀ-ਖੜ੍ਹੀ ਸਫੇ ਉੱਲਭਣ ਲੱਗੀ।
“ਸੰਵੇਂਗੀ ਨਹੀਂ?” ਉਸਨੇ ਪੁੱਛਿਆ।
“ਸੰਵਾਂਗੀ! ਬਸ ਅਹਿ ਪੂਰਾ ਕਰ ਲਵਾਂ।”
“ਏਥੇ ਆ ਜਾ।”
“ਹਾਂ, ਆ ਰਹੀ ਆਂ।”
ਉਹ ਕਿਤਾਬ ਲੈ ਕੇ ਬੈੱਡ 'ਤੇ ਆ ਗਈ। ਉਸਨੇ ਪਿੱਛੇ ਖਿਸਕ ਕੇ ਉਸਨੂੰ ਜਗਾਹ ਦੇ ਦਿੱਤੀ। ਉਹ ਬਾਂਹ 'ਤੇ ਸਿਰ ਰੱਖ ਕੇ ਕਿਤਾਬ ਵੱਲ ਦੇਖਣ ਲੱਗਾ—ਨਾਂ ਓਪਰਾ ਜਿਹਾ ਲੱਗਿਆ।
“ਕਾਹਦੀ ਕਿਤਾਬ ਏ?”
“ਨਾਵਲ ਏ।”
“ਕੀ ਐ ਇਸ 'ਚ?”
“ਐਸਾ ਕੋਈ ਖਾਸ ਵਿਸ਼ਾ ਨਹੀਂ।”
“ਫੇਰ ਵੀ?”
“ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕੀਤਾ ਗਿਐ।”
“ਕਿਸ ਦੀਆਂ? ਔਰਤ ਦੀਆਂ?”
“ਹਾਂ!”
“ਲੇਖਕਾ ਨਵੀਂ ਏਂ?”
“ਓਨੀ ਨਵੀਂ ਨਹੀਂ, ਪੁਰਾਣੀ ਈ ਏ।”
“ਕੀ ਕਹਿੰਦੀ ਏ ਉਹ?”
“ਔਰਤ ਦੇ ਮਨ 'ਚ ਹਰ ਮੋੜ 'ਤੇ ਕੀ-ਕੀ ਉਭਰਦਾ ਏ, ਉਸਦਾ ਵਰਨਣ ਕਰਦੀ ਏ। ਕਹਾਣੀ ਕੁਛ ਖਾਸ ਨਹੀਂ। ਕਾਲ, ਘਟਨਾਵਾਂ ਇਕ ਦੂਜੇ 'ਚ ਉਲਝੇ ਹੋਏ ਨੇ। ਵਰਤਮਾਣ ਵਿਚ ਭੂਤਕਾਲ।”
“ਇਕੱਲੀ ਔਰਤ ਏ? ਜਾਂ ਸ਼ਾਦੀ ਸ਼ੁਦਾ ਏ?”
“ਸ਼ਾਦੀ ਸ਼ੁਦਾ ਏ। ਪਿੱਛੋਂ ਵੱਖ ਰਹਿਣ ਲੱਗਦੀ ਏ। ਪਤੀ ਨਾਲ, ਬੱਚਿਆਂ ਨਾਲ ਸੰਪਰਕ ਹੈ, ਫੇਰ ਵੀ ਅਲੱਗ ਰਹਿੰਦੀ ਏ।”
“ਸਮਝ ਗਿਆ। ਸਾਡੇ ਏਥੇ ਉਹ ਕਾਮਤੇਕਰ ਨਾਂ ਦੀ ਜ਼ਨਾਨੀ ਏ ਨਾ! ਅਕਾਊਂਟਸ 'ਚ! ਉਸਦਾ ਕੇਸ ਵੀ ਬਿਲਕੁਲ ਇਹੋ ਏ। ਇਕ ਵਾਰੀ ਮੈਨੂੰ ਕਹਿ ਰਹੀ ਸੀ, ਉਸਨੂੰ ਘਰ ਲਈ ਲੋਨ ਚਾਹੀਦਾ ਏ। ਮੈਂ ਸਮਝ ਨਹੀਂ ਸਕਿਆ। ਅਸੀਂ ਉਸਦੇ ਨਵੇਂ ਘਰ ਦੇ ਗ੍ਰਹਿ-ਪ੍ਰਵੇਸ਼ ਸਮਾਗਮ ਵਿਚ ਗਏ ਸਾਂ—ਯਾਦ ਏ ਨਾਂ? ਮੈਂ ਪੁੱਛਿਆ ਤਾਂ ਬੋਲੀ, 'ਮੈਂ ਆਪਣੇ ਲਈ ਫਲੈਟ ਲੈ ਰਹੀ ਆਂ। ਇਕੱਲੀ ਰਹਾਂਗੀ ਮੈਂ...'ਕੱਲੀ ਰਹਾਂਗੀ ਤਾਂ ਠੀਕ ਰਹਾਂਗੀ। ਪਤੀ ਤੇ ਬੱਚੇ ਉੱਥੇ ਰਹਿਣਗੇ—ਪੁਰਾਣੇ ਫਲੈਟ 'ਚ'।”
“ਸੱਚ! ਇਸ ਵਿਚ ਵੀ ਬਿਲਕੁਲ ਇਵੇਂ ਈ ਏ!”
“ਮੈਂ ਲੋਨ ਦੇ ਦਿੱਤਾ ਉਸਨੂੰ। ਉਸਦਾ ਕੰਮ ਚੰਗਾ ਏ। ਨਾਂ ਅੱਜ ਵੀ ਕਾਮਤੇਕਰ ਈ ਏ। ਮੈਂ ਠੀਕ ਤਰ੍ਹਾਂ ਸਮਝ ਨਹੀਂ ਸਕਿਆ—ਉਸਦੇ ਮਨ ਵਿਚ ਕੀ ਸੀ? ਸੱਚੀਂ! ਔਰਤ ਦੇ ਮਨ ਵਿਚ ਕੀ-ਕੀ ਚੱਲਦਾ ਰਹਿੰਦੈ, ਕੁਝ ਸਮਝ 'ਚ ਈ ਨਹੀਂ ਆਉਂਦਾ।”
“ਤੁਸੀਂ ਮਰਦ ਲੋਕ ਪੁੱਛਦੇ ਈ ਕਦ ਓ?”
“ਯਾਨੀ?”
“ਯਾਨੀ ਕਿ ਕੀ ਕਦੀ ਉਸਨੂੰ ਪੁੱਛਦਾ ਏ ਕੋਈ? ਪੁੱਛੋਗੇ ਤਦ ਪਤਾ ਲੱਗੇਗਾ। ਇਸ ਨਾਵਲ ਵਿਚ ਵੀ ਇਹੀ ਗੱਲ ਏ। ਕੋਈ ਕਦੀ ਉਸ ਤੋਂ ਪੁੱਛਦਾ ਈ ਨਹੀਂ। ਉਸ ਕਾਮਤੇਕਰ ਦਾ ਇਹੋ ਹਾਲ ਹੋਏਗਾ।”
“ਉਸ ਵਿਚ ਪੁੱਛਣਾ ਕੀ ਹੁੰਦੈ? ਕੁਛ ਗੱਲਾਂ ਅਸੀਂ ਮੰਨ ਕੇ ਈ ਚੱਲਦੇ ਆਂ—ਪਤੀ ਪਤਨੀ ਵਿਚ ਏਨੀ ਅੰਡਰ-ਸਟੈਂਡਿੰਗ ਤਾਂ ਹੋਣੀ ਓ ਚਾਹੀਦੀ ਏ ਨਾ? ਇਹੋ ਤਾਂ ਇਸ ਰਿਸ਼ਤੇ ਦੀ ਬੁਨਿਆਦ ਹੁੰਦੀ ਏ। ਦੇਖ ਲੈ ਪਤੀ ਪਤਨੀ ਦਾ ਰਿਸ਼ਤਾ ਏਸੇ ਬੇਸਕ ਗੱਲ ਉੱਤੇ ਟਿਕਿਆ ਰਹਿੰਦੈ।”
“ਉਸ ਤੋਂ ਪਰ੍ਹੇ ਵੀ ਤਾਂ ਕੁਛ ਹੁੰਦਾ ਏ।”
“ਕੀ?”
“ਹਰ ਇਕ ਦੇ ਮਨ ਵਿਚ ਉਭਰਣ ਵਾਲੀਆਂ ਗੱਲਾਂ। ਹਰ ਕਿਸੇ ਦਾ ਆਪਣਾ ਇਕ ਜੀਵਨ ਤਾਂ ਹੁੰਦਾ ਏ।”
“ਮੈਂ ਨਹੀਂ ਸਮਝਦਾ ਕਿ ਪਤੀ ਪਤਨੀ ਦੇ ਵਿਚਕਾਰ ਵੀ ਕੁਝ ਹੁੰਦਾ ਏ। ਮੈਂ ਤਾਂ ਮੰਨਦਾਂ ਕਿ ਉੱਥੇ ਸਿਰਫ ਵਿਸ਼ਵਾਸ ਹੁੰਦੈ। ਸਭ ਕੁਝ ਜੋ ਹੁੰਦੈ, ਸਾਂਝਾ ਹੁੰਦੈ। ਹਾਂ ਕੰਮ, ਧੰਦਾ ਵੱਖਰਾ-ਵੱਖਰਾ ਹੋ ਸਕਦੈ। ਪਰ ਜੋ ਬੁਨਿਆਦ ਏ ਉਹ ਤਾਂ ਇਕੋ ਏ ਨਾ?”
ਨੰਦਨੀ ਕੁਝ ਬੋਲੀ ਨਹੀਂ। ਉਸਨੇ ਕਿਤਾਬ ਰੱਖ ਦਿੱਤੀ ਤੇ ਸਾਹਮਣੀ ਕੰਧ ਵੱਲ ਦੇਖਣ ਲੱਗ ਪਈ।
“ਕੀ ਉਸਦੇ ਦੋਸਤ-ਮਿੱਤਰ ਹੈਨ?”
“ਹੰ ! ਹਾਂ,ਹੈਨ, ਉਸਦੇ ਦੋਸਤ-ਮਿੱਤਰ।”
“ਸਮਝ ਗਿਆ। ਟਿਪੀਕਲ ਸਟੋਰੀ ਏ।”
“ਟਿਪੀਕਲ? ਉਹ ਕਿੱਦਾਂ?”
“ਉਹੀ! ਉਹ ਦੋਸਤ-ਮਿੱਤਰ ਮਦਦ ਕਰਦੇ ਨੇ—ਫੇਰ ਉਹ ਉਹਨਾਂ ਵਿਚੋਂ ਈ ਕਿਸੇ ਇਕ ਨਾਲ ਰਹਿਣ ਲੱਗ ਪੈਂਦੀ ਏ।”
“ਨਹੀਂ।”
“ਨਹੀਂ?”
“ਨਹੀਂ, ਉਹ ਇਕੱਲੀ ਰਹਿੰਦੀ ਏ। ਦੋਸਤ-ਮਿੱਤਰ ਹੈਨ ਪਰ ਉਹਨਾਂ ਨੂੰ ਉਸਦੀ ਸੁਣਨ ਦੀ ਵਿਹਲ ਨਹੀਂ, ਉਹ ਆਪਣੇ ਘਰ-ਪਰਿਵਾਰ, ਕੰਮ-ਧੰਦੇ ਵਿਚ ਵਿਅਸਤ ਰਹਿੰਦੇ ਨੇ।”
“ਆਈ ਸੀ! ਫੇਰ?”
“ਫੇਰ ਕੁਛ ਨਹੀਂ। ਇਹੋ ਤਾਂ ਕਹਾਣੀ ਏਂ। ਉਹ ਇਕੱਲੀ ਈ ਰਹਿ ਰਹੀ ਏ।”
“ਇੰਜ ਏ? ਇੰਟਰੈਸਟਿੰਗ! ਤੂੰ ਪੜ੍ਹ ਲਵੇਂ ਤਾਂ ਮੈਨੂੰ ਦਵੀਂ। ਪੜ੍ਹਾਂਗਾ। ਕੀ ਕਾਮਤੇਕਰ ਨਾਲ ਵੀ ਇਵੇਂ ਹੁੰਦੈ? ਪੁੱਛਣਾ ਪਏਗਾ। ਸ਼ਾਇਦ ਉਸਦੀ ਕਹਾਣੀ ਓ ਹੋਏ ਇਸ ਵਿਚ।”
ਨੰਦਨੀ ਕੁਝ ਨਹੀਂ ਬੋਲੀ। ਕੁਝ ਚਿਰ ਚੁੱਪ ਵਾਪਰੀ ਰਹੀ। ਫੇਰ ਭਾਸਕਰ ਨੇ ਪੁੱਛਿਆ, “ਇਹ ਪੜ੍ਹ ਕੇ ਤੈਨੂੰ ਕੀ ਲੱਗਦੈ?”
“ਮੈਨੂੰ?”
“ਹਾਂ, ਤੈਨੂੰ!”
“ਹੂੰ! ਮੈਂ ਜਾਣ ਗਈ ਆਂ ਕਿ ਉਸ ਉੱਤੇ ਕੀ ਬੀਤੀ ਏ। ਉਸਦੀ ਸਮੱਸਿਆ ਕੁਛ ਹੋਰ ਏ। ਸਮੱਸਿਆ ਇਹ ਐ ਕਿ ਉਹ ਕਿਸੇ ਨਾਲ ਪ੍ਰੇਮ ਨਹੀਂ ਕਰ ਸਕਦੀ। ਲੇਖਕਾ ਇਸ ਗੱਲ ਨੂੰ ਠੀਕ ਢੰਗ ਨਾ ਉਘਾੜ ਨਹੀਂ ਸਕੀ। ਸ਼ਾਇਦ ਉਹ ਖ਼ੁਦ ਇਸ ਗੱਲ ਬਾਰੇ ਨਹੀਂ ਜਾਣਦੀ। ਇਸੇ ਕਾਰਕੇ ਉਹ ਦਿਸ਼ਾਹੀਣ ਭਟਕ ਰਹੀ ਏ।”
“ਕਿਸੇ ਦੋਸਤ-ਮਿੱਤਰ ਨਾਲ ਵੀ ਨਹੀਂ?”
“ਨਹੀਂ!”
“ਖ਼ੁਦ ਨੂੰ ਤਾਂ ਪ੍ਰੇਮ ਕਰਦੀ ਏ ਨਾ?”
“ਉਹ ਵੀ ਨਹੀਂ। ਮੈਨੂੰ ਲੱਗਦਾ ਏ ਉਸ ਵਿਚ ਇਹ ਹਿਸ ਈ ਨਹੀਂ। ਤੇ ਇਸ ਗੱਲ ਤੋਂ ਉਹ ਅਣਜਾਣ ਏਂ। ਹੋ ਸਕਦਾ ਏ, ਕਾਰਨ ਕੋਈ ਹੋਰ ਹੋਏ—ਹੁੰਦੇ ਨੇ ਕਈ ਕਿਸਮ ਦੇ ਲੋਕ। ਇਹ ਵੀ ਇਕ ਕਿਸਮ ਏਂ। ਲੇਖਕਾ ਜੇ ਅਜਿਹੇ ਪਾਤਰਾਂ ਨੂੰ ਸਾਕਾਰ ਕਰਨਾ ਚਾਹੁੰਦੀ ਏ ਤਾਂ ਠੀਕ ਏ। ਲੇਖਕਾ ਨੇ ਅਖ਼ੀਰ ਵਿਚ ਕੁਝ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਏ—ਉਸ ਤੋਂ ਮੈਨੂੰ ਇਹੀ ਲੱਗਿਐ।”
“ਤਾਂ ਆਪਣਾ ਵਿਚਾਰ ਲੇਖਕਾ ਨੂੰ ਲਿਖ ਭੇਜ।”
“ਬਿਲਕੁਲ ਨਹੀਂ। ਕਿਉਂ ਲਿਖਦੀ ਫਿਰਾਂ। ਮੈਂ ਸਮਝ ਗਈ ਆਂ ਆਪਣੀ ਮੱਤ ਅਨੁਸਾਰ, ਉਹ ਆਪਣੀ ਜਾਣੇ।”
“ਇਹ ਵੀ ਠੀਕ ਏ। ਪੜ੍ਹ!” ਕਹਿੰਦਿਆਂ ਹੋਇਆਂ ਉਸਨੇ ਬਾਂਹ ਤੋਂ ਸਿਰ ਹਟਾ ਕੇ ਸਿਰਹਾਣੇ ਉੱਤੇ ਰੱਖ ਲਿਆ। “ਚੰਗਾ ਤਾਂ ਇਹ ਐ ਕਿ ਤੂੰ ਸੌਂ ਜਾ। ਮੈਨੂੰ ਆਪਣਾ ਹੱਥ ਤੇਰੇ ਪੇਟ 'ਤੇ ਰੱਖਣ ਦੇ, ਹਮੇਸ਼ਾ ਵਾਂਗ।”
ਨੰਦਨੀ ਨੂੰ ਆਪਣੇ ਵੱਲ ਖਿਸਕਦਿਆਂ ਹੋਇਆਂ ਉਸਨੇ ਦੇਖਿਆ। ਉਸਨੇ ਕਿਤਾਬ ਨਹੀਂ ਖੋਲ੍ਹੀ—ਸਿਰਫ ਦੇਖਦੀ ਰਹੀ। ਉਸਦੇ ਪੇਟ 'ਤੇ ਹੱਥ ਰੱਖਦਿਆਂ ਈ ਸੁਤੇ-ਸੁਧ ਨੰਦਨੀ ਦਾ ਹੱਥ ਉਸਦੇ ਵਾਲਾਂ ਵਿਚ ਫਿਰਨ ਲੱਗਾ। ਉਹ ਅੱਖਾਂ ਮੀਚੀ ਲੇਟਿਆ ਰਿਹਾ। ਉਸਦੀ ਦੇਹ ਦੀ ਤੇ ਨਵੀ ਧੁਲੀ ਡਰੈਸ ਦੀ ਜਾਣੀ-ਪਛਾਣੀ ਗੰਧ ਫੈਲ ਗਈ। ਉਸਨੂੰ ਲੱਗਿਆ ਨੰਦਨੀ ਕਿਤਾਬ ਪੜ੍ਹੇਗੀ, ਪਰ ਕਿਤਾਬ ਉਸਨੇ ਦੂਰ ਖਿਸਕਾ ਦਿੱਤੀ। ਸਿਰਹਾਣਾ ਸਿੱਧਾ ਕੀਤਾ ਤੇ ਉਸਦੀਆਂ ਬਾਹਾਂ ਵਿਚ ਸਿਮਟ ਗਈ।
“ਆਈ ਲਵ ਯੂ।” ਉਹ ਬੋਲੀ।
ਉਹ ਬੰਦ ਅੱਖਾਂ ਵਿਚ ਈ ਮੁਸਕੁਰਾਇਆ ਤੇ ਜਵਾਬ ਵਿਚ ਸਿਰਫ 'ਹੰ' ਕਿਹਾ। ਉਸਦੇ ਵਾਲਾਂ ਦੀ, ਸਰੀਰ ਦੀ ਗੰਧ ਉਸਦੇ ਨੱਕ ਵਿਚ ਧਸੀ। ਠੋਡੀ 'ਤੇ, ਮੱਥੇ ਦੀ ਕੋਸੀ ਛੂਹ ਤੇ ਪੇਟ ਦੀ ਗਰਮੀ ਮਹਿਸੂਸ ਹੋਣ ਲੱਗੀ। ਫੇਰ ਵੀ ਉਸ ਵਿਚ ਉਤੇਜਨਾ ਨਹੀਂ ਜਾਗੀ। ਹਾਂ, ਚੰਗਾ ਜ਼ਰੂਰ ਲੱਗਿਆ। ਖਾਣੇ ਕਰਕੇ ਝਪਕੀ ਆਉਣ ਲੱਗ ਪਈ ਸੀ। ਉਹ ਸੋਚ ਰਿਹਾ ਸੀ ਕਿ ਨੀਂਦ ਨਹੀਂ ਆਵੇਗੀ, ਪਰ ਕੁਝ ਚਿਰ ਵਿਚ ਈ ਘੁਰਾੜੇ ਮਰਨ ਲੱਗਾ।

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਜਦ ਉਸਦੀ ਅੱਖ ਖੁੱਲ੍ਹੀ, ਨੰਦਨੀ ਉਸਦੀਆਂ ਬਾਹਾਂ ਵਿਚ ਆਰਾਮ ਨਾਲ ਸੁੱਤੀ ਹੋਈ ਸੀ। ਉਸਦੇ ਸਾਹਾਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਉਹ ਉਸ ਵੱਲ ਤੱਕਦਾ ਰਿਹਾ। ਉਸਦੇ ਏਨਾ ਨੇੜੇ ਸੀ ਉਸਦਾ ਚਿਹਰਾ, ਮੱਥਾ, ਨੱਕ, ਗੱਲ੍ਹ, ਠੋਡੀ, ਚਮੜੀ ਦੇ ਮੁਸਾਮ। ਗਰਦਨ ਦੀਆਂ ਨਸਾਂ! ਗਲ਼ੇ ਦਾ ਖੱਡਾ। ਕੁਰਤੇ ਦੀ ਧਾਰੀ। ਮੋਢੇ। ਬਾਹਾਂ। ਵੀਣੀਆਂ, ਕੰਗਨ। ਅੰਗੂਠੀ ਤੇ ਸਮੁੱਚੇ ਸਰੀਰ ਵਿਚ ਸਮਾਈ ਹੋਈ ਨੀਂਦ। ਨੰਦਨੀ ਦਾ ਹਮੇਸ਼ਾ ਦਾ ਕਹਿਣਾ ਉਸਨੂੰ ਯਾਦ ਆਇਆ, “ਤੁਸੀਂ ਹੁੰਦੇ ਓ ਤਾਂ ਮੈਂ ਗੂੜ੍ਹੀ ਨੀਂਦ ਸੌਂ ਸਕਦੀ ਆਂ।” ਤੇ ਉਸਨੂੰ ਹਾਸਾ ਆ ਗਿਆ। ਉਹ ਉਸਦੇ ਵਾਲਾਂ 'ਤੇ ਹੱਥ ਫੇਰਨਾ ਚਾਹੁੰਦਾ ਸੀ ਪਰ ਇੰਜ ਕਰਨ ਨਾਲ ਉਹ ਜਾਗ ਪਏਗੀ, ਇਹ ਸੋਚ ਕੇ ਇੰਜ ਨਹੀਂ ਸੀ ਕੀਤਾ।
ਨੰਦਨੀ ਹਮੇਸ਼ਾ ਇਵੇਂ ਸੌਂਦੀ ਏ। ਉਸਦਾ ਇਹ ਰੂਪ ਮੈਂ ਅਕਸਰ ਈ ਦੇਖਦਾ ਆਂ। ਕੀ ਕਦੀ ਉਸਨੇ ਮੈਨੂੰ ਗੂੜ੍ਹੀ ਨੀਂਦ ਸੁੱਤਿਆਂ ਦੇਖਿਆ ਹੋਏਗਾ? ਕੀ ਪਤਾ! ਰਾਤ ਨੂੰ ਤਾਂ ਉਹ ਮੈਥੋਂ ਪਹਿਲਾਂ ਸੌਂ ਜਾਂਦੀ ਏ। ਐਤਵਾਰ ਦੀ ਸਵੇਰ ਸ਼ਾਇਦ ਦੇਖਦੀ ਹੋਏਗੀ ਪਰ ਤਦ ਮੈਂ ਜਾਗ ਗਿਆ ਹੁੰਦਾ ਆਂ। ਗੂੜ੍ਹੀ ਨੀਂਦ ਵਿਚ ਨਹੀਂ ਹੁੰਦਾ। ਪਰ ਮੈਂ ਅਕਸਰ ਉਸਨੂੰ ਇਸੇ ਰੂਪ ਵਿਚ ਦੇਖਦਾ ਆਂ। ਜੇ ਉਸਦਾ ਚਿਹਰਾ ਅੱਖਾਂ ਸਾਹਵੇਂ ਲਿਆਉਣ ਦੀ ਕੋਸ਼ਿਸ਼ ਕਰਾਂ ਤਾਂ ਸ਼ਾਇਦ ਇਹੀ ਚਿਹਰਾ ਨਜ਼ਰ ਆਏਗਾ। ਮੇਰੇ ਉੱਤੇ ਭਰੋਸਾ ਕਰਕੇ ਚੈਨ ਨਾਲ ਸੁੱਤਾ ਹੋਇਆ ਚਿਹਰਾ।
ਕੁਝ ਪਲ ਉਹ ਕਮਰੇ ਨੂੰ ਦੇਖਦਾ ਰਿਹਾ। ਸ਼ਾਦੀ ਪ੍ਰੰਪਰਾਗਤ ਵਿਧੀ ਨਾਲ ਹੋਈ ਸੀ। ਨੰਦਨੀ ਮੇਰੀ ਮਾਸੀ ਕੀ ਚਾਲ ਵਿਚ ਰਹਿੰਦੀ ਸੀ। ਪਹਿਲਾਂ ਤੋਂ ਮੈਂ ਜਾਣਦਾ ਸਾਂ ਉਸਨੂੰ। ਇਸ ਲਈ ਜਦੋਂ ਉਸਦੇ ਨਾਂ ਦੀ ਚਰਚਾ ਚੱਲੀ ਤਾਂ ਬਹੁਤਾ ਸੋਚਣਾ ਨਹੀਂ ਪਿਆ। ਉਸਦਾ ਵੀ ਇਹੋ ਹਾਲ ਹੋਏਗਾ। ਸਭ ਕੁਝ ਆਸਾਨ ਸੀ। ਉਸੇ ਸ਼ਹਿਰ ਵਿਚ ਰਹਿਣਾ। ਪਹਿਲਾਂ ਨੌਕਰੀ, ਫੇਰ ਕਾਰੋਬਾਰ, ਫੇਰ ਉਸ ਵਿਚ ਲਗਨ ਨਾਲ ਕੰਮ ਕਰਨਾ। ਰਾਜੂ ਦਾ ਜਨਮ, ਉਸਦਾ ਸਕੂਲ, ਕਾਲੇਜ, ਉਸਦੇ ਦੋਸਤ-ਮਿੱਤਰ। ਹੁਣ ਉਹ ਕੋਲ ਨਹੀਂ, ਖ਼ਾਲੀਪਨ—ਪਰ ਹਰ ਮੋੜ 'ਤੇ ਨੰਦਨੀ ਨਾਲ ਰਹੀ।
ਫੇਰ ਉਸਦੇ ਮਨ ਵਿਚ ਹਲਕੀ ਜਿਹੀ ਚੀਸ ਉਠੀ। ਉਸਦੇ ਮਨ ਵਿਚ ਵਿਚਾਰ ਆਇਆ—ਜਦ ਨੰਦਨੀ ਮੇਰੇ ਕੋਲ ਸੁੱਤੀ ਹੁੰਦੀ ਏ ਤਦ ਉਹ ਮੇਰੇ ਕੋਲ ਈ ਹੁੰਦੀ ਏ ਜਾਂ ਮੈਥੋਂ ਦੂਰ? ਘਰੇ ਉਹ ਹਰ ਵੇਲੇ ਨਾਲ ਰਹਿੰਦੀ ਏ ਫੇਰ ਵੀ ਲੱਗਦਾ ਏ ਕਿ ਉਹ ਕਿਧਰੇ ਦੂਰ ਏ। ਇੰਜ ਨਹੀਂ ਕਿ ਉਹ ਗੁਆਚੀ ਗੁਆਚੀ ਰਹਿੰਦੀ ਏ ਜਾਂ ਕੋਈ ਪਾਗਲਪਨ ਕਰਦੀ ਏ। ਫੇਰ ਵੀ ਮੈਨੂੰ ਇੰਜ ਕਿਉਂ ਲੱਗਦਾ ਰਹਿੰਦਾ ਏ?...ਮੈਂ ਕੁਛ ਜ਼ਿਆਦਾ ਕਹਿੰਦਾ ਨਹੀਂ ਇਸ ਲਈ? ਉਸ ਤੋਂ ਕੁਛ ਪੁੱਛਦਾ ਨਹੀਂ, ਇਸ ਲਈ? ਕੁਛ ਚਿਰ ਪਹਿਲਾਂ ਉਸਨੇ ਕਿਹਾ ਵੀ ਸੀ, “ਤੁਸੀਂ ਮਰਦ ਲੋਕ ਪੁੱਛਦੇ ਈ ਕਦ ਓ?” ਮੈਨੂੰ ਉਸ ਤੋਂ ਕੀ ਪੁੱਛਣਾ ਚਾਹੀਦਾ ਸੀ? ਇਹ ਕਿ ਦੱਸ ਤੇਰੇ ਮਨ ਵਿਚ ਕੀ ਚੱਲ ਰਿਹਾ ਏ? ਪਰ ਇਸ ਵਿਚ ਪੁੱਛਣ ਵਾਲੀ ਕਿਹੜੀ ਗੱਲ ਏ? ਏਨੇ ਵਰ੍ਹੇ ਪਤੀ-ਪਤਨੀ ਦੇ ਰੂਪ ਵਿਚ ਰਹਿ ਕੇ ਵੀ ਇਸ ਔਪਚਾਰਿਕਤਾ ਦੀ ਲੋੜ ਈ ਕੀ ਏ? ਇੰਜ ਤਾਂ ਮੈਂ ਕੰਪਨੀ ਵਿਚ ਪੁੱਛਦਾ ਆਂ। ਨਵੇਂ ਸਟਾਫ ਨੂੰ। ਚਾਰ-ਛੇ ਮਹੀਨਿਆਂ ਬਾਅਦ। ਜਾਂ ਐਚ ਆਰ ਮੈਨੇਜਰ ਨੂੰ ਦੋ-ਤਿੰਨ ਸਾਲਾਂ ਬਾਅਦ ਸਰਵੇ ਕਰਦਾ ਆਂ ਤਦ ਪੁੱਛਦਾ ਆਂ, 'ਆਰ ਯੂ ਹੈਪੀ? ਡੂ ਯੂ ਹੈਵ ਐਨੀ ਪਰਾਬਲਮ? ਐਨੀ ਕੰਸਰਨਸ? ਨੋ? ਫਾਈਨ ਦੈਨ? ਐਨਜੁਆਏ ਯੁਅਰ ਵਰਕ!'...ਕੀ ਘਰੇ ਵੀ ਇਸਦੀ ਲੋੜ ਏ?
ਉਸਦਾ ਦਿਮਾਗ਼ ਚਕਰਾਉਣ ਲੱਗਾ। ਉਪਰ ਪੱਖਾ ਚੱਲ ਰਿਹਾ ਸੀ ਫੇਰ ਵੀ ਉਸਨੂੰ ਘੁਟਣ ਮਹਿਸੂਸ ਹੋਈ। ਸੱਚਮੱਚ ਕੁਝ ਗੱਲਾਂ ਸਮਝ ਤੋਂ ਪਰ੍ਹੇ ਹੁੰਦੀਆਂ ਨੇ—ਉਸਨੇ ਸੋਚਿਆ।...ਤੇ ਇੰਜ ਇਸ ਲਈ ਹੁੰਦਾ ਏ ਕਿ ਉਹਨਾਂ ਨੂੰ ਸਮਝ ਲੈਣ ਦਾ ਢੰਗ ਪਤਾ ਨਹੀਂ ਹੁੰਦਾ। ਉਸਦੀਆਂ ਸੋਚਾਂ ਜ਼ਾਰੀ ਰਹੀਆਂ। ਵੈਸੇ ਇਸ ਦੁਨੀਆਂ ਵਿਚ ਅਜਿਹਾ ਕੁਝ ਵੀ ਨਹੀਂ ਜਿਸ ਬਾਰੇ ਜਾਣਿਆ ਨਹੀਂ ਜਾ ਸਕਦਾ। ਪਹਿਲਾਂ ਸਾਨੂੰ ਰਿਵਰਸ ਆਸਮਾਸਿਸ ਦਾ ਪਤਾ ਥੋੜ੍ਹਾ ਈ ਹੁੰਦਾ ਏ? ਪਰ ਅਸੀਂ ਆਰੰਭ ਕਰ ਦੇਂਦੇ ਆਂ, ਕੁਛ ਬਨਿਆਦੀ ਜਾਣਕਾਰੀ ਦੇ ਆਧਾਰ 'ਤੇ—ਕੁਛ ਨਿਯਮਾਂ, ਸਿਧਾਂਤਾਂ ਨੂੰ ਸਾਹਵੇਂ ਰੱਖਦੇ ਆਂ ਤੇ ਪੌੜੀ-ਦਰ-ਪੌੜੀ ਚੜ੍ਹਦੇ ਰਹਿੰਦੇ ਆਂ। ਜਾਣਨ ਦੀ ਇੱਛਾ ਤੇ ਢੰਗ ਪਤਾ ਹੋਣਾ ਚਾਹੀਦਾ ਏ, ਬਸ! ਫੇਰ ਕੁਝ ਵੀ ਮੁਸ਼ਕਿਲ ਨਹੀਂ।
ਪਰ ਇਸ ਮਾਮਲੇ ਵਿਚ ਕਿਹਾੜਾ ਤਰੀਕਾ ਅਪਣਾਉਣਾ ਪਏਗਾ? ਪੁੱਛਨਾ? ਗੱਲਾਂ ਕਰਨੀਆਂ? ਉਹ ਤਾਂ ਮੈਂ ਹਮੇਸ਼ਾ ਈ ਕਰਦਾ ਰਿਹਾਂ। ਜ਼ਰੂਰਤਾਂ ਦਾ ਧਿਆਨ ਰੱਖਦਾ ਆਂ। ਬਿਨਾਂ ਮੰਗੇ ਕਈ ਚੀਜ਼ਾਂ ਲਿਆ ਦੇਂਦਾ ਆਂ; ਗੱਲਬਾਤ ਕਰਦਾ ਰਹਿੰਦਾ ਆਂ। ਸਾਡੇ ਦੋਵਾਂ ਵਿਚ ਇਹ ਬੇਸਿਕ ਅੰਡਰ ਸਟੈਂਡਿੰਗ ਹੈ-ਈ। ਇਸ ਲਈ ਤਾਂ ਬਹੁਤਾ ਕਹਿਣ-ਸੁਣਨ ਦੀ ਜ਼ਰੂਰਤ ਨਹੀਂ ਪੈਂਦੀ। ਠੀਕ ਇਵੇਂ ਕੰਪਨੀ ਵਿਚ ਹੁੰਦਾ ਏ। ਸਾਰੇ ਇਕ ਦੂਜੇ ਨੂੰ ਜਾਣਦੇ ਨੇ। ਗੁਣ-ਦੋਸ਼ਾਂ ਸਮੇਤ। ਚੰਗੀ ਤਰ੍ਹਾਂ, ਪੂਰੀ ਤਰ੍ਹਾਂ। ਇਸ 'ਤੇ ਵੀ ਕਿਸੇ ਗੱਲ ਦੀ ਲੋੜ ਪੈਂਦੀ ਏ, ਤਾਂ ਕਿਹਾ ਜਾਂਦਾ ਏ।
ਉਸਨੂੰ ਲੱਗਿਆ ਉਹ ਲੀਹੋਂ ਲੱਥਦਾ ਜਾ ਰਿਹਾ ਏ। ਉਸਨੇ ਘੜੀ ਦੇਖੀ। ਸਾਡੇ ਚਾਰ ਵੱਜ ਗਏ ਸਨ। ਅਜੇ ਵੀ ਧੁੱਪ ਹੋਏਗੀ। ਲੇਟੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਖਿੜਕੀਆਂ 'ਤੇ ਪਰਦੇ ਸਨ ਫੇਰ ਵੀ ਤੇਜ਼ ਧੁੱਪ ਦਾ ਅਹਿਸਾਸ ਹੋ ਰਿਹਾ ਸੀ। ਫੇਰ ਉਸਨੂੰ ਯਾਦ ਆਇਆ ਇੱਥੇ ਜਿੰਮ ਵੀ ਏ। ਸਵੇਰੇ ਮੈਨੇਜਰ ਨੇ ਕਿਹਾ ਸੀ ਹਰ ਵੇਲੇ ਖੁੱਲ੍ਹੀ ਹੁੰਦੀ ਏ। ਕਦੋਂ ਵੀ ਉੱਥੇ ਜਾ ਸਕਦਾ ਆਂ। ਉਸਨੇ ਸੋਚਿਆ ਜਦ ਤਕ ਨੰਦਨੀ ਸੁੱਤੀ ਹੋਈ ਏ, ਤਦ ਤਕ ਜਿੰਮ ਦੇਖ ਆਵਾਂ।
ਉਸਨੇ ਹੌਲੀ ਜਿਹੀ ਨੰਦਨੀ ਦੇ ਸਿਰ ਹੇਠੋਂ ਆਪਣੀ ਬਾਂਹ ਕੱਢ ਲਈ ਤੇ ਬਿਨਾਂ ਖੜਾਕ ਕੀਤਿਆਂ ਬੈੱਡ ਤੋਂ ਹੇਠ ਉਤਰ ਗਿਆ। ਫੇਰ ਵੀ ਉਹ ਜਾਗ ਪਈ। ਅੱਖਾਂ ਮਲਦਿਆਂ ਹੋਇਆਂ ਉਸਨੇ ਕਿਹਾ, “ਮੇਰੀ ਅੱਖ ਲੱਗ ਗਈ ਸੀ ਨਾ?”
“ਅੱਛੀ-ਖਾਸੀ ਗੂੜ੍ਹੀ ਨੀਂਦ 'ਚ ਸੁੱਤੀ ਹੋਈ ਸੈਂ।”
“ਸੱਚੀਂ?”
“ਹੋਰ ਕੀ!”
“ਤੁਸੀਂ ਕਿਉਂ ਉਠ ਗਏ?”
“ਜ਼ਰਾ ਜਿੰਮ ਤੀਕ ਹੋ ਆਵਾਂ..”
“ਓ-ਅ! ਜਿੰਮ!”
“ਮੈਨੂੰ ਲੱਗਿਆ ਤੂੰ ਸੁੱਤੀ ਹੋਈ ਏਂ।”
“ਫੇਰ ਕੀ ਹੋਇਆ। ਮੈਨੂੰ ਜਗਾਅ ਲੈਂਦੇ। ਸਮੁੰਦਰ ਦੇਖਣ ਚੱਲਣਾ ਏ ਨਾ?”
“ਦੇਖ ਲੈ, ਉੱਥੇ ਅਜੇ ਵੀ ਧੁੱਪ ਏ—ਫੇਰ ਵੀ ਚੱਲਣੈ ਕਿ ਸੂਰਜ ਦੇ ਛਿਪਣ ਵੇਲੇ ਚੱਲੀਏ?”
ਨੰਦਨੀ ਨੇ ਦਰਵਾਜ਼ਾ ਖੋਲ੍ਹਿਆ। ਝੱਟ ਪੀਲਾ-ਚਮਕੀਲਾ ਤੇਜ਼ ਚਾਨਣ ਅੰਦਰ ਘੁਸ ਆਇਆ। ਸੂਰਜ ਐਨ ਦਰਵਾਜ਼ੇ ਦੇ ਸਾਹਮਣੇ ਸੀ। ਵਰਾਂਡੇ ਵਿਚ, ਰਸਤੇ ਉੱਤੇ ਤਿੱਖੀ ਧੁੱਪ ਫੈਲੀ ਹੋਈ ਸੀ। ਨਾਰੀਅਲ ਦੇ ਤਣਿਆ ਪਿੱਛੇ ਸੂਰਜ ਓਵੇਂ ਈ ਝਿਲਮਿਲਾ ਰਿਹਾ ਸੀ। ਉਹ ਕੁਝ ਚਿਰ ਦਰਵਾਜ਼ੇ ਵਿਚ ਖੜ੍ਹੀ ਰਹੀ ਤੇ ਫੇਰ ਪਿੱਛੇ ਮੁੜਦਿਆਂ ਹੋਇਆਂ ਉਸਨੇ ਕਿਹਾ, “ਸੱਚੀਂ, ਬੜੀ ਤੇਜ਼ ਧੁੱਪ ਏ। ਨਹੀਂ ਜਾ ਸਕਾਂਗੇ।”
“ਫੇਰ?”
“ਤੁਸੀਂ ਜ਼ਰਾ ਜਿੰਮ ਹੋ ਆਓ। ਮੈਂ ਕਿਤਾਬ ਪੜ੍ਹਦੀ ਆਂ।...ਤੇ ਚਾਹ?”
“ਤੂੰ ਆਪਣੇ ਲਈ ਮੰਗਵਾ ਲੈ। ਮੈਂ ਆ ਕੇ ਪੀਆਂਗਾ।”
“ਕਿਉਂ? ਚਾਹ ਪੀ ਕੇ ਜਾਓ ਨਾ! ਵੈਸੇ ਵੀ ਤੁਸੀਂ ਸਿਰਫ ਜਿੰਮ ਦੇਖਣ ਈ ਤਾਂ ਜਾ ਰਹੇ ਓ ਨਾ?”
“ਠੀਕ-ਠਾਕ ਹੋਏਗਾ ਤਾਂ ਹੱਥ-ਪੈਰ ਵੀ ਹਿਲਾਅ ਲਵਾਂਗਾ।” ਉਹ ਸ਼ਰਟ ਲਾਹੁੰਦਿਆਂ ਹੋਇਆਂ ਬੋਲਿਆ।
“ਵਾਹ ਜੀ ਉਤਸ਼ਾਹ! ਛੁੱਟੀ ਮਨਾਉਣ ਆਏ ਨੇ ਪਰ ਜਿੰਮ ਨਹੀਂ ਛੱਡ ਸਕਦੇ।”
“ਬਿਲਕੁਲ! ਜਾਣਦੀ ਨਹੀਂ, ਮੈਂ ਬਾਡੀ ਬਿਲਡਰ ਆਂ। ਦੇਖ!” ਕਹਿੰਦਿਆਂ ਹੋਇਆ ਉਸਨੇ ਆਪਣੀਆਂ ਬਾਹਾਂ ਤਾਣੀਆ। “ਕਿੰਜ ਲੱਗਦੈ? ਟਰਨਸ ਯੂ ਆਨ?” ਉਸ ਨੇ ਮੁਸਕਰਾਉਂਦਿਆਂ ਹੋਇਆ ਕਿਹਾ।
“ਕਤਈ ਨਹੀਂ। ਇਹੀ ਤਾਂ ਤੁਹਾਡਾ ਮਰਦਾਂ ਦਾ ਭੁਲੇਖਾ ਏ। ਇਟ ਐਕਚੁਅਲੀ ਟਰਨਸ ਅੱਸ ਆਫ।” ਉਸਨੇ ਮੁਸਕਰਾਂਦਿਆਂ ਹੋਇਆਂ ਕਿਹਾ।
ਭਾਸਕਰ ਦੀ ਸਮਝ ਵਿਚ ਨਹੀਂ ਆਇਆ ਇਸ ਦਾ ਕੀ ਉਤਰ ਦਿੱਤਾ ਜਾਏ? ਉਹ ਨਾਰਾਜ਼ ਹੋ ਗਿਆ। ਸਕੂਲ ਵਿਚ ਜਦੋਂ ਨਾਟਕ ਵਿਚ ਕੰਮ ਨਹੀਂ ਸੀ ਮਿਲਿਆ, ਓਹੋ ਜਿਹੀ ਨਾਰਾਜ਼ਗੀ। ਉਸਨੇ ਮੂੰਹੋਂ ਸਿਰਫ 'ਸ਼ਿੱਟ' ਕਿਹਾ ਤੇ ਬੈਗ ਵਿਚੋਂ ਟਰੈਕ ਪੈਂਟ, ਟੀ-ਸ਼ਰਟ ਕੱਢ ਕੇ ਪਾਉਣ ਲੱਗ ਪਿਆ। “ਆਉਣਾ, ਅੱਧੇ ਕੁ ਘੰਟੇ 'ਚ।” ਉਸਨੇ ਨੈਪਕਿਨ ਚੁੱਕ ਕੇ ਸਲੀਪਰ ਪਾਉਂਦਿਆਂ ਹੋਇਆਂ ਕਿਹਾ।

ਜਿੰਮ ਸ਼ਾਂਤ ਤੇ ਖੁੱਲ੍ਹਾ ਸੀ। ਉੱਥੇ ਕੋਈ ਨਹੀਂ ਸੀ। ਹਾਲ ਛੋਟਾ ਸੀ ਪਰ ਹਵਾਦਾਰ। ਕੰਧਾਂ 'ਤੇ ਸਫੇਦ ਰੰਗ ਸੀ। ਸਾਰੇ ਸਾਧਨ ਢੰਗ ਨਾਲ ਇਕ ਕਤਾਰ ਵਿਚ ਰੱਖੇ ਸਨ। ਉਸਨੇ ਨਜ਼ਰਾਂ ਦੌੜਾਈਆਂ। ਬੈਂਚ ਪਰੈਸ, ਲੈਟਰਲ ਪੁਲੀ, ਇੰਕਲਾਇੰਡ ਮਸ਼ੀਨ, ਸ਼ੋਲਡਰ ਪਰੈਸ, ਲੈੱਗ ਕਰਲ। ਸਭ ਸੀ ਸਿਰਫ ਟਰੇਡ ਮਿਲ ਨਹੀਂ ਸੀ। ਕਾਰਡਿਅੱਕ ਸਾਈਕਲ ਸੀ। ਸਾਮਾਨ ਨਵਾਂ ਸੀ। ਸ਼ਾਇਦ ਜ਼ਿਆਦਾ ਇਸਤੇਮਾਲ ਵੀ ਨਹੀਂ ਸੀ ਕੀਤਾ ਗਿਆ। ਉਹ ਦੇਖ ਈ ਰਿਹਾ ਸੀ ਕਿ ਉਸਦੇ ਵਰਗੀ ਡਰੈਸ ਪਾਈ ਇਕ ਇੰਸਟਕਟਰ ਅੰਦਰ ਆਇਆ।
“ਵੈੱਲਕਮ ਸਰ! ਤੁਸੀਂ ਹੁਣੇ ਆਏ ਓ ਨਾ?” ਉਹ ਮੁਸਕਰਾਉਂਦਾ ਹੋਇਆ ਬੋਲਿਆ।
“ਹਾਂ! ਇੱਥੇ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ।” ਭਾਸਕਰ ਨੇ ਜੁਗਿਆਸਾ ਨਾਲ ਕਿਹਾ।
“ਹਾਂ ਸਰ! ਇਹ ਸਿਰਫ ਗੈਸਟ ਲਈ ਏ। ਵੈਸੇ ਪਿੰਡ ਦੇ ਜਿਹੜੇ ਮੁੰਡੇ ਮੈਂਬਰ ਨੇ ਉਹ ਆਉਂਦੇ ਨੇ ਆਮ ਕੋਈ ਨਹੀਂ। ਤੁਸੀਂ ਐਕਸਰਸਾਈਜ਼ ਕਰੋਗੇ?”
“ਹਾਂ! ਸੋਚ ਰਿਹਾਂ।”
“ਹਾਂ, ਜ਼ਰੂਰ ਕਰੋ ਸਰ। ਵੈਸੇ ਤਾਂ ਤੁਹਾਨੂੰ ਇੰਸਟਰਕਸ਼ਨ ਦੀ ਜ਼ਰੂਰਤ ਨਹੀਂ ਹੋਏਗੀ। ਫੇਰ ਕੋਈ ਜ਼ਰੂਰ ਪਈ ਤਾਂ ਦੱਸਣਾ।”
“ਥੈਂਕ ਯੂ। ਜ਼ਰੂਰਤ ਹੋਈ ਤਾਂ ਜ਼ਰੂਰ ਦੱਸਾਂਗਾ।”
ਇੰਸਟਕਟਰ ਅਦਬ ਨਾਲ ਦੂਰ ਜਾ ਕੇ ਬੈਠ ਗਿਆ। ਭਾਸਕਰ ਨੇ ਸਾਰੀਆਂ ਮਸ਼ੀਨਾਂ ਉੱਤੇ ਨਜ਼ਰ ਮਾਰੀ। ਕੀ ਕਰਾਂ? ਲੈੱਗ-ਬੈਕ-ਬਾਇਸੇਪਸ ਜਾਂ ਚੈਸਟ-ਸ਼ੋਲਡਰ-ਟਰਾਇਸੇਪਸ? ਸ਼ਾਮ ਨੂੰ ਤੁਰਨਾ ਵੀ ਏ, ਸਮੁੰਦਰ ਦੇ ਕਿਨਾਰੇ। ਤਾਂ ਫੇਰ ਹੁਣ ਚੈਸਟ-ਸ਼ੋਲਡਰ ਕਰਾਂ? ਚੱਲੋ। ਪਹਿਲਾਂ ਵਾਰਮ ਅੱਪ ਹੋ ਲਵਾਂ। ਫੇਰ ਪੰਜ ਦਸ ਕਿਲੋਮੀਟਰ ਸਾਈਕਲ ਚਲਾਵਾਂਗਾ।
ਉਸਨੇ ਨੈਪਕਿਨ ਡੰਡੇ 'ਤੇ ਰੱਖ ਦਿੱਤਾ। ਸਾਈਕਲ ਦੇ ਪੈਡਲ ਮਾਰਨੇ ਸ਼ੁਰੂ ਕੀਤੇ। ਲੱਤਾਂ ਜਵਾਬ ਦੇਣ ਲੱਗੀਆਂ। ਦੁਪਹਿਰ ਦੀ ਸੁਸਤੀ ਹੁਣ ਵੀ ਸੀ। ਗੱਡੀ ਚਲਾਉਣ ਦੀ ਥਕਾਣ ਵੀ ਸੀ। ਪਰ ਉਹ ਜਾਣਦਾ ਸੀ ਥੋੜ੍ਹੀ ਦੇਰ ਵਿਚ ਸਰੀਰ ਸਾਥ ਦੇਣ ਲੱਗ ਪਏਗਾ। ਸਰੀਰ ਨੂੰ ਗਤੀ ਵਿਚ ਢਲਣਾ ਪਸੰਦ ਨਹੀਂ ਹੁੰਦਾ ਪਰ ਇਕ ਵਾਰੀ ਗਤੀ ਫੜ੍ਹ ਲਏ ਤਾਂ ਗਤੀ ਈ ਚੰਗੀ ਲੱਗਦੀ ਏ। ਹਮੇਸ਼ਾ ਦਾ ਮਾਮਲਾ ਏ ਇਹ। ਉਹ ਸਹਿਜ ਨਾਲ ਸਾਹਮਣੇ ਦੇਖਦਾ ਹੋਇਆ ਪੈਡਲ ਮਾਰਦਾ ਰਿਹਾ। ਸਾਈਕਲ ਦੇ ਪੈਨਲ ਉੱਤੇ ਅੰਕੜੇ ਉਭਰਣ ਲੱਗੇ—ਗਤੀ ਦੇ, ਸਮੇਂ ਦੇ, ਤੈਅ ਕੀਤੀ ਦੂਰੀ ਦੇ। ਕੁਝ ਚਿਰ 'ਚ ਚੱਕੇ ਦੀ ਲੈਅ ਬੱਧ ਆਵਾਜ਼ ਗੂੰਜਣ ਲੱਗੀ। ਲੱਤਾਂ ਹੌਲੀਆਂ ਹੋ ਗਈਆਂ। ਉਸਨੇ ਗਤੀ ਤੇਜ਼ ਕਰ ਦਿੱਤੀ। ਤੇ ਉਹ ਇਕ ਤਾਲ ਵਿਚ ਸਾਈਕਲ ਚਲਾਉਣ ਲੱਗਿਆ।
“ਹਾਂ ਕਰੋ-ਕਰੋ ਕਸਰਤ! ਬਟ ਇਟ ਡਜੰਟ ਇਮਪ੍ਰੈੱਸ ਦੇਮ।” ਉਸ ਦਾ ਮਨ ਉਸ ਅਧੂਰੇ ਰਹਿ ਗਏ ਸੰਵਾਦ ਵੱਲ ਚਲਾ ਗਿਆ। ਫੇਰ ਉਹੀ ਸਵਾਲ ਉਭਰਿਆ। ਅਸਲ ਵਿਚ ਉਹ ਕੀ ਚਾਹੁੰਦੀਆਂ ਨੇ? ਉਹਨਾਂ ਨੂੰ ਸਾਡੇ ਬਲਸ਼ਾਲੀ ਸਰੀਰ ਨਾਲ ਮੋਹ ਨਹੀਂ ਹੁੰਦਾ। ਤਾਂ ਕੀ ਚਾਹੀਦਾ ਹੁੰਦੈ? ਸਿਰਫ ਬੈਠ ਕੇ ਗੱਪਾਂ ਮਾਰਨਾਂ? ਸਿਨਮਾ, ਨਾਟਕ, ਕਿਤਾਬਾਂ ਦੀਆਂ ਗੱਲਾਂ? ਤੇ ਜਦੋਂ ਰਸਤੇ ਵਿਚ ਕੋਈ ਛੇੜਖਾਨੀ ਕਰਦਾ ਏ ਓਦੋਂ? ਉਦੋਂ ਕੀ ਉਸਨੂੰ ਸਦਾਚਾਰ ਦੇ ਉਪਦੇਸ਼ ਦੇਈਏ? ਉਹ ਕਿਉਂ ਨਹੀਂ ਸਮਝਦੀਆਂ ਇਹ ਗੱਲਾਂ? ਉਹਨਾਂ ਦੇ ਮਨ ਦੀਆਂ ਗੱਲਾਂ ਅਸੀਂ ਕਿੰਜ ਜਾਣੀਏਂ? ਹੁਣੇ ਹੁਣੇ ਤਾਂ ਨੰਦਨੀ ਨੇ ਕਿਹਾ ਸੀ। ਵੈਸੇ ਵੀ ਉਸਨੂੰ ਮੇਰੀ ਕਸਰਤ ਨਾਲ ਕੋਈ ਲਾਗਾ-ਦੇਗਾ ਨਹੀਂ ਹੁੰਦਾ। ਇਹ ਤਾਂ ਮੇਰਾ ਸ਼ੌਕ ਏ। ਕਾਲੇਜ ਦੇ ਦਿਨਾਂ ਤੋਂ ਈ। ਪਿੱਛੋਂ ਵੀ ਮੈਂ ਇਸ ਨੂੰ ਜਾਰੀ ਰੱਖਿਆ। ਵਰਨਾ ਲੋਕ ਪਿੱਛੋਂ ਛੱਡ ਦੇਂਦੇ ਨੇ ਤੇ ਤੁੱਥ-ਮੁੱਥ ਸਰੀਰ ਲਈ ਸਾਰੀ ਜ਼ਿੰਦਗੀ ਜਿਊਂਦੇ ਨੇ। ਮੈਂ ਓਵੇਂ ਹੋਣ ਨਹੀਂ ਦਿੱਤਾ। ਦਿਨ-ਬ-ਦਿਨ ਫੈਕਟਰੀ ਦਾ ਕੰਮ ਤੇ ਉਲਝਣਾ ਵਧਦੀਆਂ ਗਈਆਂ, ਤਦ ਵੀ ਨਹੀਂ। ਦਿਨ ਵਿਚ ਅੱਧਾ ਘੰਟਾ ਤਾਂ ਮੈਂ ਕਸਰਤ ਕਰਦਾ ਈ ਆਂ। ਤੇ ਇਸਦਾ ਲਾਭ ਵੀ ਹੋਇਆ ਏ। ਸਰੀਰ ਮਜ਼ਬੂਤ ਰਿਹੈ। ਮਨ ਵੀ। ਸਿਹਤ, ਠੀਕ-ਠਾਕ। ਨੰਦਨੀ ਮੰਨੇ ਨਾ ਮੰਨੇ, ਠੀਕ ਐ, ਪਰ ਮੇਰੀ ਕਸਰਤ ਦੀ ਉਸਨੂੰ ਕੋਈ ਤਕਲੀਫ਼ ਨਹੀਂ—ਨੁਕਾਸਨ ਤਾਂ ਬਿਲਕੁਲ ਵੀ ਨਹੀਂ।
ਫੇਰ ਵੀ ਫ਼ਰਕ ਤਾਂ ਪੈਂਦੇ, ਉਸਨੇ ਆਪਣੇ ਆਪ ਨੂੰ ਕਿਹਾ। ਹਰੇਕ ਦੀ ਆਪੋ ਆਪਣੀ ਪਸੰਦ ਏ। ਇਕ ਦੀ ਪਸੰਦ ਦੂਜੇ ਦੀ ਪਸੰਦ ਹੋਏ ਇਹ ਜ਼ਰੂਰੀ ਤਾਂ ਨਹੀਂ। ਵੈਸੇ ਉਸਦੀ ਤੇ ਮੇਰੀ ਪਸੰਦ ਵਿਚ ਕੋਈ ਖਾਸ ਅੰਤਰ ਨਹੀਂ। ਇੰਜ ਵੀ ਨਹੀਂ ਹੋਇਆ ਕਿ ਇਕ ਦੀ ਖਾਤਰ ਦੂਜੇ ਨੂੰ ਆਪਣਾ ਮਨ ਮਾਰਨਾਂ ਪਏ। ਅਕਸਰ ਗੱਲਾਂ ਦੋਵਾਂ ਦੀ ਇਕ ਪਸੰਦ ਨਾਲ ਹੀ ਹੁੰਦੀਆਂ ਨੇ। ਫੇਰ ਵੀ ਕੁਝ ਤਾਂ ਪਰਦਾ ਹੁੰਦਾ ਈ ਏ। ਉੱਤੋਂ ਭਲਾਂ ਦੀ ਨਾ ਦਿਸੇ। ਸਮਾਂ ਆਉਣ 'ਤੇ ਨੰਦਨੀ ਆਪਣੀ ਗੱਲ ਦਬਾਅ ਕੇ ਮੇਰੀ ਗੱਲ ਰੱਖ ਵੀ ਲੈਂਦੀ ਏ—ਪਰ ਮੈਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਰਹਿੰਦਾ ਏ। ਉਸ ਪੀੜ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੈਸੀ ਪੀੜ ਏ ਇਹ? ਇਸਦਾ ਵੀ ਠੀਕ-ਠੀਕ ਪਤਾ ਨਹੀਂ ਲੱਗਦਾ। ਪਤੀ-ਪਤਨੀ ਪੂਰੀ ਤਰ੍ਹਾਂ ਇਕ ਦੂਜੇ ਦੇ ਹੋ ਜਾਂਦੇ ਨੇ, ਫੇਰ ਵੀ ਇਕ ਅਦਿੱਖ ਦੂਰੀ ਬਣੀ ਰਹਿੰਦੀ ਏ। ਅਜਿਹੇ ਕਿਸੇ ਮੌਕੇ ਫੇਰ ਉਸ ਦੂਰੀ ਦਾ ਅਹਿਸਾਸ ਹੁੰਦਾ ਏ। ਇਸਦਾ ਕੋਈ ਤਾਂ ਇਲਾਜ਼ ਹੋਏਗਾ? ਹੈ ਜਾਂ ਨਹੀਂ? ਜਾਂ ਹੈ ਪਰ ਮੈਂ ਨਹੀਂ ਜਾਣਦਾ।
ਵਿਚਾਰਾਂ ਵਿਚ ਗਵਾਚੇ ਭਾਸਕਰ ਨੂੰ ਪਤਾ ਈ ਨਹੀਂ ਸੀ ਲੱਗਿਆ ਕਿ ਸਾਈਕਲ ਦੀ ਸਪੀਡ ਕਦੋਂ ਵਧ ਗਈ ਸੀ। ਖਾਲੀ ਜਿੰਮ ਵਿਚ ਸਾਈਕਲ ਦੀ ਗੂੰਜ ਕੁਝ ਵਧੇਰੇ ਹੀ ਤਿੱਖੀ ਸੁਣਾਈ ਦੇ ਰਹੀ ਸੀ। ਉਸਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ। ਸਰੀਰ ਦਾ ਪਸੀਨਾ ਵੀ ਸਾਫ ਦਿਖਾਈ ਦੇ ਰਿਹਾ ਸੀ। ਉੱਥੇ ਖੜ੍ਹਾ ਇੰਸਟਕਟਰ ਹੈਰਾਨ ਹੋਇਆ ਹੋਇਆ ਉਸ ਵੱਲ, ਆਦਰ ਨਾਲ, ਦੇਖ ਰਿਹਾ ਸੀ। ਭਾਸਕਰ ਦੀ ਨਿਗਾਹ ਪੈਨਲ ਉੱਤੇ ਪਈ। ਪੰਜ ਕਿਲੋਮੀਟਰ ਕਦੇ ਦੇ ਪਾਰ ਹੋ ਚੁੱਕੇ ਸਨ। ਉਹ ਜਿਵੇਂ ਸਾਈਕਲ ਰੇਸ ਲਾ ਰਿਹਾ ਸੀ। ਉਸਨੇ ਸਪੀਡ ਘੱਟ ਕੀਤੀ। ਪੈਡਲਾਂ ਤੋਂ ਪੈਰ ਹਟਾ ਲਏ। ਨੈਪਕਿਨ ਚੁੱਕਿਆ ਤੇ ਹੇਠਾਂ ਉਤਰ ਆਇਆ। ਹੁਣ ਉਸਨੂੰ ਕਾਫੀ ਹਲਕਾ ਮਹਿਸੂਸ ਹੋ ਰਿਹਾ ਸੀ। ਉਹ ਨਵੇਂ ਉਤਸਾਹ ਨਾਲ ਸਟ੍ਰੇਚਿੰਗ ਦੀਆਂ ਕਿਸਮਾਂ, ਗਰਦਨ ਦੀ ਕਸਰਤ, ਪਿੰਜਨੀਆਂ, ਪਿੱਠ, ਮੋਢਿਆਂ ਲਈ ਕਸਰਤ ਕਰਦਾ ਰਿਹਾ। ਬੈਂਚ ਪਰੈਸ ਉੱਤੇ ਲੇਟ ਕੇ ਪਹਿਲਾਂ ਸੱਠ ਕਿਲੋ, ਫੇਰ ਸੱਤਰ ਕਿਲੋ, ਅੱਸੀ ਕਿਲੋ, ਦਸ-ਦਸ ਦੇ ਤਿੰਨ ਸੈੱਟ, ਪੇਕ ਡੇਕ ਉੱਤੇ ਤੀਹ, ਪੈਂਤੀ, ਚਾਲੀ ਤੇ ਸ਼ੋਲਡਰ ਪ੍ਰੈੱਸ ਉੱਤੇ ਸ਼ੁਰੂ ਵਿਚ ਈ ਪੰਜਾਹ! ਉਫ਼! ਇੰਸਟਕਟਰ ਹੱਕਾ-ਬੱਕਾ ਰਹਿ ਗਿਆ। ਬਸ ਉਸ ਵੱਲ ਦੇਖਦਾ ਈ ਰਿਹਾ। ਭਾਸਕਰ ਮੁਸਕੁਰਾਇਆ। ਅਜਿਹੇ ਮੌਕੇ ਵੀ ਆਉਂਦੇ ਨੇ। ਮੇਰੇ ਸਰੀਰ ਨੂੰ ਦੇਖ ਕੇ ਕੋਈ ਸੋਚ ਨਹੀਂ ਸਕਦਾ ਕਿ ਮੈਂ ਬੈਂਚ ਪ੍ਰੈੱਸ 'ਤੇ ਨੱਬੇ ਕਿਲੋ ਤਕ ਪਹੁੰਚਦਾ ਆਂ। ਕੂਲ ਡਾਊਨ ਹੋ ਕੇ ਉਹ ਬਾਹਰ ਨਿਕਲਿਆ। ਸਾਢੇ ਪੰਜ ਕਦੋਂ ਦੇ ਵੱਜ ਚੁੱਕੇ ਸਨ।


ਉਹ ਕਾਟੇਜ ਪਹੁੰਚਿਆ। ਨੰਦਨੀ ਉਸੇ ਤਰ੍ਹਾਂ ਵਰਾਂਡੇ ਦੀ ਰੇਲਿੰਗ ਨਾਲ ਪਿੱਠ ਲਾਈ ਬੈਠੀ ਕਿਤਾਬ ਵਿਚ ਗਵਾਚੀ ਹੋਈ ਸੀ। ਜਦੋਂ ਉਹ ਬਿਲਕੁਲ ਨੇੜੇ ਪਹੁੰਚ ਗਿਆ ਤਾਂ ਨੰਦਨੀ ਨੇ ਉਸਦੀ ਆਹਟ ਸੁਣੀ ਤੇ ਗਰਦਨ ਉੱਤੇ ਕਰਕੇ ਉਸ ਵੱਲ ਦੇਖਿਆ।
“ਏਨੀ ਦੇਰ? ਤੁਸੀਂ ਤਾਂ ਸਿਰਫ ਦੇਖਣ ਗਏ ਸੀ ਨਾ?”
“ਨਹੀਂ! ਠੀਕ-ਠਾਕ ਹੋਇਆ ਤਾਂ ਕਰਕੇ ਵੀ ਆਵਾਂਗਾ।...ਇੰਜ ਵੀ ਕਿਹਾ ਸੀ।”
“ਪਰ ਏਨੀ ਦੇਰ?”
“ਇਕ ਘੰਟਾ ਈ ਤਾਂ ਹੋਇਐ। ਹਮੇਸ਼ਾ ਕਰਦਾਂ, ਉਸ ਤੋਂ ਘੱਟ ਈ। ਤੂੰ ਬੋਰ ਹੋ ਗਈ ਏਂ?”
“ਨਹੀਂ। ਬੋਰ ਨਹੀਂ ਹੋਈ।”
“ਪੜ੍ਹ ਰਹੀ ਸੈਂ?”
“ਹਾਂ।”
“ਫੇਰ?”
ਉਹ ਸਿਰਫ ਮੁਸਕਰਾਈ। ਬੁੱਕ-ਮਾਰਕ ਰੱਖ ਕੇ ਉਸਨੇ ਕਿਤਾਬ ਬੰਦ ਕਰ ਦਿੱਤੀ।
“ਚਾਹ ਪੀ ਲਈ?”
“ਹਾਂ, ਉਦੋਂ ਈ ਪੀ ਲਈ ਸੀ। ਤੁਹਾਡੇ ਲਈ ਕਹਾਂ?”
“ਹਾਂ, ਜ਼ਰੂਰ। ਓਨੀ ਦੇਰ 'ਚ ਮੈਂ ਨਹਾਅ ਆਉਣਾ। ਫੇਰ ਚੱਲਾਂਗੇ ਸਮੁੰਦਰ ਕਿਨਾਰੇ।” ਉਹ ਅੰਦਰ ਜਾਂਦਾ-ਜਾਂਦਾ ਕਹਿ ਗਿਆ।

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਕਾਟੇਜ ਵਿਚੋਂ ਨਿਕਲ ਕੇ ਜਦੋਂ ਉਹ ਸਮੁੰਦਰ ਕਿਨਾਰੇ ਪਹੁੰਚੇ ਉਦੋਂ ਧੁੱਪ ਮੱਠੀ ਪੈ ਗਈ ਸੀ। ਪੀਲਾ ਸੂਰਜ ਆਸਮਾਨ ਵਿਚ ਸੀ ਪਰ ਉਸ ਵਿਚ ਹੁਣ ਉਹ ਗਰਮੀ ਨਹੀਂ ਸੀ। ਸਮੁੰਦਰ ਦਾ ਨੀਲਾ ਪਾਣੀ ਪਹਿਲਾਂ ਵਾਂਗ ਈ ਝਿਲਮਿਲਾ ਰਿਹਾ ਸੀ। ਰਿਸੋਰਟ ਦੇ ਫੇਂਸਿੰਗ ਦੇ ਪਰ੍ਹੇ ਖਾਲੀ ਜਗਾਹ ਛੱਡੀ ਹੋਈ ਸੀ। ਇਕ ਵੱਖਰਾ ਰਸਤਾ ਵੀ ਸੀ। ਉਸ ਤੋਂ ਪਰ੍ਹੇ ਸੰਘਣੇ ਰੁੱਖ ਸਨ।
ਭਾਟੇ ਦਾ ਸਮਾਂ ਚੱਲ ਰਿਹਾ ਸੀ। ਸਮੁੰਦਰ ਦਾ ਪਾਣੀ ਪਿਛੜ ਗਿਆ ਸੀ। ਮਿਟਮੈਲੀ ਰੇਤ ਦਾ ਇਕ ਦੂਜਾ ਸਮੁੰਦਰ ਪੈਰਾਂ ਹੇਠ ਫੈਲਿਆ ਹੋਇਆ ਸੀ। ਕਿਨਾਰਾ ਮੌਨ ਸੀ। ਦੋ-ਤਿੰਨ ਬੱਚੇ ਰੇਤ ਨਾਲ ਖੇਡ ਰਹੇ ਸਨ। ਇੱਕਾ-ਦੁੱਕਾ ਮਛੇਰੇ ਘਰ ਜਾਂਦੇ ਦਿਸ ਰਹੇ ਸਨ। ਕਾਫੀ ਦੂਰ ਲਾਲ-ਸਫੇਦ ਬੇੜੀਆਂ ਕਿਨਾਰੇ 'ਤੇ ਸੁਸਤਾ ਰਹੀਆਂ ਸਨ। ਹਵਾ ਦੇ ਬੁੱਲ੍ਹੇ ਆ ਰਹੇ ਸਨ ਤੇ ਭਾਸਕਰ ਤੇਜ਼-ਤੇਜ਼ ਤੁਰਦਾ ਹੋਇਆ ਇੱਥੇ ਆ ਖਲੋਤਾ ਸੀ। ਕੁਝ ਚਿਰ ਤਕ ਉਹ ਸਮੁੰਦਰ ਨੂੰ ਬਸ ਦੇਖਦਾ ਰਿਹਾ। ਸਾਹਮਣੇ ਸੂਰਜ ਸੀ ਤੇ ਪਾਣੀ ਝਿਲਮਿਲਾ ਰਿਹਾ ਸੀ। ਉਸਦੇ ਮਨ ਨੂੰ ਠੰਡਕ ਮਹਿਸੂਸ ਹੋਈ। ਉਸਨੂੰ ਮਹਿਸੂਸ ਹੋਇਆ ਕਿ ਉਸਨੇ ਇੱਥੇ ਆਉਣ 'ਚ ਦੇਰ ਕਰ ਦਿੱਤੀ ਏ। ਖਾਣੇ ਵਿਚ, ਸੌਣ ਵਿਚ, ਚਾਹ ਪੀਣ ਵਿਚ ਸਮਾਂ ਬਰਬਾਦ ਕਰਦਾ ਰਿਹਾ ਏ—ਇੱਥੇ ਆਉਂਦਿਆਂ ਈ ਸਮੁੰਦਰ ਕੋਲ ਆ ਜਾਣਾ ਚਾਹੀਦਾ ਸੀ ਉਸਨੂੰ। ਕੀ ਹੋਇਆ ਧੁੱਪ ਸੀ ਫੇਰ ਵੀ। ਮੈਨੂੰ ਧੁੱਪ ਵਿਚ ਘੁੰਮਣ ਦੀ ਆਦਤ ਤਾਂ ਹੈ-ਈ। ਤੇ ਇੱਥੇ ਤਾਂ ਨਮਕੀਨ ਹਵਾ ਕਾਰਨ ਧੁੱਪ ਮਹਿਸੂਸ ਵੀ ਨਹੀਂ ਹੁੰਦੀ। ਟੋਪੀ ਲੈ ਕੇ ਧੁੱਪ ਤੋਂ ਬਚਿਆ ਵੀ ਜਾ ਸਕਦਾ ਸੀ। ਦੁਪਹਿਰ ਦੇ ਬਾਰਾਂ ਵਜੇ ਵੀ ਇੱਥੇ ਆਇਆ ਜਾ ਸਕਦਾ ਏ। ਅਸੀਂ ਇੱਥੇ ਆਏ ਆਂ ਸਮੁੰਦਰ ਕਰਕੇ ਤੇ ਕਿਨਾਰੇ ਤੋਂ ਦੂਰ ਰਹੇ। ਕੀ ਲਾਭ? ਕਲ੍ਹ ਤੋਂ ਸਭ ਬਦਲਨਾ ਪਏਗਾ। ਸਵੇਰ, ਦੁਪਹਿਰ, ਸ਼ਾਮ ਇੱਥੇ ਈ ਬਿਤਾਈ ਜਾਏਗੀ। ਮਨ ਕਰੇਗਾ ਤਾਂ ਪਹਾੜ 'ਤੇ ਜਾਵਾਂਗੇ ਨਹੀਂ ਤਾਂ ਇੱਥੇ ਈ, ਕਿਨਾਰੇ ਕਿਨਾਰੇ ਮੌਜ-ਮਸਤੀ ਕਰਾਂਗੇ। ਕਮਰੇ ਵਿਚ ਰਹਿਣਾ ਈ ਨਹੀਂ। ਇੱਥੇ ਏਨਾਂ ਵਧੀਆ ਦੂਰ ਤਕ ਫੈਲਿਆ ਹੋਇਆ ਕਿਨਾਰਾ ਏ। ਭਾਵੇਂ ਜਿੰਨਾ ਚਾਹੋ ਤੁਰਦੇ ਜਾਓ, ਕਿਨਾਰਾ ਖਤਮ ਈ ਨਹੀਂ ਹੋਏਗਾ। ਉਧਰ ਉਹ ਪਾਣੀ ਵਿਚ ਭਿੱਜੀਆਂ ਚਟਾਨਾਂ ਨੇ। ਉਹਨਾਂ 'ਤੇ ਬੈਠ ਸਕਦੇ ਆਂ। ਫੇਰ ਤਾਂ ਸਮੁੰਦਰ ਈ ਸਾਨੂੰ ਭਿਓਂਦਾ ਰਹੇਗਾ। ਰੁੱਖਾਂ ਦੇ ਸੰਘਣੇ ਪਰਛਾਵੇਂ ਨੇ। ਉੱਥੇ ਬੈਠ ਕੇ ਖਾਣਾ ਖਾ ਸਕਦੇ ਆਂ। ਸੌਂ ਵੀ ਸਕਦੇ ਆਂ। ਦਿਨ ਆਰਾਮ ਨਾਲ ਇੱਥੇ ਬੀਤ ਜਾਏਗਾ। ਰਾਤ ਵੀ। ਰਾਤ ਨੂੰ ਇੱਥੇ ਹੋਰ ਨਜ਼ਾਰਾ ਆਏਗਾ। ਠੰਡੀਆਂ ਪੌਣਾ...ਸਮੁੰਦਰ ਦਾ ਲੈਅ ਬੱਧ ਰਾਗ...ਦੂਰ ਟਿਮਟਿਮਾਉਂਦੀਆਂ ਹੋਈਆਂ ਬੱਤੀਆਂ...ਝਿਲਮਿਲ ਕਰਦੇ ਤਾਰੇ...ਏਥੇ ਕਿੰਨੀ ਮਿੱਠੀ ਨੀਂਦ ਆ ਸਕਦੀ ਏ।
ਨੰਦਨੀ ਨੂੰ ਕਹਿਣ ਲਈ ਉਹ ਪਿੱਛੇ ਮੁੜਿਆ। ਉਸਨੂੰ ਲੱਗਿਆ ਉਹ ਉਸਦੇ ਨੇੜੇ ਈ ਹੋਏਗੀ, ਪਰ ਉਹ ਉਸ ਨਾਲੋਂ ਕਾਫੀ ਪਿੱਛੇ ਖੜ੍ਹੀ ਸੀ—ਚੁੱਪਚਾਪ ਸਮੁੰਦਰ ਵੱਲ ਦੇਖਦੀ ਹੋਈ। ਉਸਦੀ ਸਫੇਦ ਚੁੰਨੀ ਹਵਾ ਵਿਚ ਲਹਿਰਾ ਰਹੀ ਸੀ। ਪਰ ਉਸਦਾ ਧਿਆਨ ਨਹੀਂ ਸੀ। ਉਹ ਆਪਣੇ ਆਪ ਵਿਚ ਗਵਾਚੀ, ਕਿਧਰੇ ਹੋਰ ਈ ਸੀ।
ਉਹ ਉਸ ਵੱਲ ਤੁਰ ਪਿਆ। ਉਸਦੀ ਆਹਟ ਮਹਿਸੂਸ ਕਰਕੇ ਉਹ ਵੀ ਉਸ ਵੱਲ ਆਉਣ ਲੱਗੀ।
“ਕੀ ਦੇਖ ਰਹੀ ਸੈਂ?”
“ਅਅੰ? ਕੁਛ ਨਹੀਂ!”
“ਸਮੁੰਦਰ ਵੀ ਨਹੀਂ?”
“ਸਮੁੰਦਰ ਈ ਤਾਂ ਦੇਖ ਰਹੀ ਸੀ। ਕਿੰਨਾ ਵਿਸ਼ਾਲ ਏ, ਹੈ-ਨਾ? ਕੁਛ ਸੁੱਝਦਾ ਈ ਨਹੀਂ।”
“ਪਹਿਲਾਂ ਪਾਣੀ 'ਚ ਉਤਰੀਏ? ਜਾਂ ਘੁੰਮ ਆਈਏ?”
“ਜਿਵੇਂ ਤੁਸੀਂ ਚਾਹੋਂ...”
“ਪਹਿਲਾਂ ਘੁੰਮਣਾ ਚਾਹੀਦਾ ਏ, ਪਰ ਪਾਣੀ ਵਿਚ ਪੈਰ ਡੁਬੋਣ ਦਾ ਮਨ ਵੀ ਹੋ ਰਿਹੈ। ਅਸੀਂ ਸਵੇਰ ਦੇ ਇੱਥੇ ਆਂ, ਪਰ ਸਮੁੰਦਰ ਨੂੰ ਛੂਹਿਆ ਈ ਨਹੀਂ।”
ਉਸਨੇ ਬੂਟ ਲਾਹ ਦਿੱਤੇ। ਪੈਂਟ ਉੱਤੇ ਚੜ੍ਹਾਈ। ਗੋਡਿਆਂ ਤਕ। ਨੰਦਨੀ ਨੇ ਵੀ ਸਲਵਾਰ ਉੱਪਰ ਟੁੰਗ ਲਈ। ਉਹ ਦੋਵੇਂ ਆਰਾਮ ਨਾਲ ਪਾਣੀ ਵਿਚ ਉਤਰਣ ਲੱਗੇ। ਪੈਰਾਂ ਨਾਲ ਪਾਣੀ ਛੋਂਹਦਿਆਂ ਈ ਪੂਰੇ ਸਰੀਰ ਨੂੰ ਧੁੜਧੁੜੀ ਜਿਹੀ ਆਈ। ਭਾਸਕਰ ਦੀ ਝੁਲਸੀ ਹੋਈ ਦੇਹ ਨੂੰ ਰਾਹਤ ਮਿਲੀ। ਇਕ ਲਹਿਰ ਹੌਲੀ ਜਿਹੇ ਪੈਰਾਂ ਨੂੰ ਛੂਹ ਕੇ ਵਾਪਸ ਪਰਤ ਗਈ। ਜਾਂਦੀ-ਜਾਂਦੀ ਪੈਰਾਂ ਹੇਠੋਂ ਰੇਤ ਨੂੰ ਵੀ ਸਰਕਾਅ ਗਈ।
“ਪੈਰਾਂ 'ਚ ਕੁਤਕਤਾੜੀਆਂ ਕਰਦੀ ਏ ਰੇਤ।” ਉਹ ਹੋਰ ਅੱਗੇ ਵਧ ਗਏ।
“ਹਾਂ!” ਉਸਨੇ ਕਿਹਾ।
ਪਾਣੀ ਪਿੰਜਨੀਆਂ ਨੂੰ ਛੂਹਣ ਲੱਗਾ ਤਾਂ ਹੋਰ ਵੀ ਚੰਗਾ ਲੱਗਿਆ। ਸਾਰਾ ਆਕਾਸ਼ ਸ਼ਾਮ ਦੀ ਸੁਨਹਿਰੀ ਧੁੱਪ ਨਾਲ ਭਰ ਗਿਆ ਸੀ। ਰੋਸ਼ਨੀ ਹਾਲੇ ਵੀ ਏਨੀ ਤਿੱਖੀ ਸੀ ਕਿ ਉਸ ਵੱਲ ਝਾਕਿਆ ਨਹੀਂ ਸੀ ਜਾਂਦਾ। ਸਮੁੰਦਰ ਦੇ ਪਾਣੀ ਵਿਚ ਗਰਮਾਹਟ ਭਰੀ ਠੰਡਕ ਸੀ। ਲਹਿਰਾਂ ਦਾ ਆਉਦਾ ਜਾਰੀ ਸੀ ਪਰ ਸਮੁੰਦਰ ਜਿਵੇਂ ਸਮਾਧੀ ਵਿਚ ਸੀ। ਉਸਨੇ ਹੇਠਾਂ ਝੁਕ ਕੇ ਚੁੱਲੀ ਵਿਚ ਪਾਣੀ ਭਰਿਆ, ਫੇਰ ਡੋਲ੍ਹ ਦਿੱਤਾ।
ਨੰਦਨੀ ਵੀ ਉਸਦੇ ਕੋਲ ਆ ਖੜ੍ਹੀ ਹੋਈ। ਉਸਨੇ ਵੀ ਚੁੱਲੀ ਵਿਚ ਪਾਣੀ ਭਰ ਕੇ ਡੋਲ੍ਹ ਦਿੱਤਾ। ਭਾਸਕਰ ਨੇ ਝੱਟ ਫੇਰ ਓਵੇਂ ਈ ਕੀਤਾ।
“ਪਾਵਾਂ, ਤੇਰੇ 'ਤੇ?” ਉਸਨੇ ਚੁਲੀ ਵੱਲ ਦੇਖਦਿਆਂ ਹੋਇਆਂ ਕਿਹਾ।
“ਨਹੀਂ! ਨਾ ਪਾਇਓ।” ਉਹ ਹੱਥ ਨਾਲ ਰੋਕਦੀ ਹੋਈ ਕੂਕੀ।
ਉਸਦੀ ਆਵਾਜ਼ ਸੁਣ ਕੇ ਤ੍ਰਬਕ ਗਿਆ ਉਹ। ਉਸਨੂੰ ਲੱਗਿਆ ਪੁੱਛ ਕੇ ਗ਼ਲਤੀ ਕੀਤੀ। ਸਿੱਧਾ ਉਸਨੂੰ ਭਿਓਂ ਦੇਣਾ ਚਾਹੀਦਾ ਸੀ। ਉਸਦੇ ਮਨ੍ਹਾਂ ਕਰਨ ਪਿੱਛੋਂ, ਉਸਦਾ ਹੌਸਲਾ ਨਹੀਂ ਸੀ ਪਿਆ। ਉਸਨੇ ਚੁਲੀ ਖਾਲੀ ਕੀਤੀ ਤੇ ਬੂੰਦਾਂ ਆਪਣੇ ਉੱਤੇ ਛਿੜਕ ਲਈਆਂ।
“ਉਫ਼? ਚਿਪ-ਚਿਪ ਹੋ ਜਾਂਦੀ ਏ ਬਈ! ਚੰਗਾ ਨਹੀਂ ਲੱਗਦਾ। ਸਿਰਫ ਪੈਰਾਂ ਉੱਤੇ ਲਹਿਰਾਂ ਝੱਲਣੀਆਂ ਆਸਾਨ ਨੇ।”
ਉਹ ਕੁਝ ਨਹੀਂ ਬੋਲਿਆ। ਦੋਵੇਂ ਚੁੱਪਚਾਪ ਸਮੁੰਦਰ ਦੇਖਦੇ ਰਹੇ। ਉਹ ਪਾਣੀ ਵਿਚੋਂ ਬਾਹਰ ਆਇਆ। ਗਿੱਲੇ ਪੈਰਾਂ ਨੂੰ ਬੂਟਾਂ ਵਿਚ ਤੁੰਨਿਆਂ। ਤੇ ਤੁਰਨ ਲੱਗਾ। ਜ਼ਮੀਨ ਗਿੱਲੀ ਸੀ। ਪੈਰ ਧਸ ਰਹੇ ਸਨ। ਕੁਝ ਚਿਰ ਤਕ ਉਸਨੇ ਓਵੇਂ ਈ ਤੁਰਨ ਦਾ ਯਤਨ ਕੀਤਾ। ਜਦੋਂ ਸੰਭਵ ਨਾ ਹੋਇਆ ਤਾਂ ਬੂਟ ਲਾਹ ਕੇ ਹੱਥ ਵਿਚ ਫੜ ਲਏ ਤੇ ਕਾਹਲੀ-ਕਾਹਲੀ ਤੁਰਨ ਲੱਗਾ।
ਕੁਝ ਚਿਰ ਪਿੱਛੋਂ ਉਸਨੂੰ ਖ਼ਿਆਲ ਆਇਆ ਕਿ ਮੈਂ ਇਕੱਲਾ ਈ ਅੱਗੇ ਨਿਕਲ ਆਇਆ ਆਂ। ਨੰਦਨੀ ਪਿੱਛੇ ਰਹਿ ਗਈ ਏ। ਕੁਝ ਚਿਰ ਉਹ ਉਸ ਲਈ ਰੁਕਿਆ। ਜਦੋਂ ਉਹ ਕੁਝ ਨੇੜੇ ਆ ਗਈ, ਉਦੋਂ ਫੇਰ ਤੁਰ ਪਿਆ। ਫੇਰ ਉਸਦੇ ਧਿਆਨ ਵਿਚ ਆਇਆ ਕਿ ਉਹ ਹੁਣ ਵੀ ਪਿੱਛੇ ਰਹਿ ਗਈ ਏ।
“ਤੂੰ ਚੱਲਣਾ ਨਹੀਂ ਕਿ?” ਉਸਦੇ ਨੇੜੇ ਆਉਂਦਿਆਂ ਈ ਉਸਨੇ ਪੁੱਛਿਆ।
“ਅਅੰ? ਰੇਤ 'ਤੇ ਤੁਰਨਾ ਮੁਸ਼ਕਿਲ ਹੁੰਦਾ ਏ।”
“ਚੱਲਣਾ ਏਂ ਜਾਂ ਨਹੀਂ?”
“ਅਅੰ? ਚੱਲ ਰਹੀ ਆਂ।”
“ਤੂੰ ਥੱਕ ਗਈ ਏਂ ਤਾਂ ਰਹਿਣ ਦੇ।”
“ਮੈਂ ਸਿਰਫ ਰੇਤ 'ਤੇ ਬੈਠਣਾ ਚਾਹੁੰਦੀ ਆਂ। ਤੁਰਨਾ ਨਹੀਂ ਚਾਹੁੰਦੀ। ਮੈਂ ਬੈਠ ਜਾਵਾਂ ਤਾਂ ਚਲੇਗਾ ਨਾ?”
ਭਾਸਕਰ ਦੀ ਸਮਝ ਵਿਚ ਨਹੀਂ ਆਇਆ ਕੀ ਕਹੇ? “ਇੰਜ ਕਿਉਂ ਪੁੱਛ ਰਹੀ ਏਂ? ਕੋਈ ਜਬਰਦਸਤੀ ਥੋੜ੍ਹਾ ਈ ਏ, ਤੂੰ ਬੈਠ।”
“ਇਹ ਗੱਲ ਨਹੀਂ। ਤੁਸੀਂ ਏਨੇ ਉਤਸਾਹ ਨਾਲ ਘੁੰਮਣ ਨਿਕਲੇ ਓ ਤੇ ਮੈਂ...”
“ਕੋਈ ਗੱਲ ਨਹੀਂ। ਚੱਲ ਅਸੀਂ ਏਥੇ ਈ ਬੈਠਦੇ ਆਂ।”
“ਤੁਸੀਂ ਘੁੰਮ ਆਓ। ਮੇਰੇ ਕਰਕੇ ਤੁਸੀਂ ਤਾਂ ਨਾ ਬੈਠੋ। ਤੁਸੀਂ ਕੁਛ ਦੂਰ ਹੋ ਆਓ। ਬਹੁਤੀ ਦੂਰ ਨਾ ਜਾਣਾ। ਮੇਰੀ ਨਜ਼ਰ 'ਚ ਈ ਰਹਿਣਾ।”
“ਇੰਜ ਕਹਿ ਬਈ ਤੂੰ ਇਕੱਲੀ ਬੈਠਣਾ ਚਾਹੁੰਦੀ ਏਂ।”
ਉਹ ਮੁਰਝਾਈ ਜਿਹੀ ਹਾਸੀ ਹੱਸੀ।
ਉਹ ਵਿਚਾਰਾ ਜਿਹਾ ਬਣ ਕੇ ਉਸ ਵੱਲ ਦੇਖਦਾ ਰਿਹਾ। ਫੇਰ ਉਸਨੇ ਗਰਦਨ ਹਿਲਾਈ। ਫੇਰ ਹੱਥ ਵਿਚ ਫੜ੍ਹੇ ਬੂਟਾਂ ਨੂੰ ਉਸਦੇ ਕੋਲ ਰੇਤ ਉੱਤੇ ਸੁੱਟਦਿਆਂ ਕਿਹਾ, “ਸੰਭਾਲ ਇਹਨਾਂ ਨੂੰ।” ਤੇ ਉਹ ਤੁਰ ਪਿਆ।
ਕੁਝ ਕਦਮ ਤੁਰਿਆ ਗਿਆ ਤਾਂ ਉਹੀ ਚੀਸ ਮਨ ਵਿਚ ਉਭਰ ਆਈ। ਬੇਧਿਆਨੀ ਵਿਚ ਉਸਨੇ ਪਿੱਛੇ ਭੌਂ ਕੇ ਦੇਖਿਆ। ਨੰਦਨੀ ਉਸ ਵੱਲ ਦੇਖ ਰਹੀ ਸੀ। ਨਜ਼ਰਾਂ ਨਾਲ ਨਜ਼ਰਾਂ ਮਿਲਦਿਆਂ ਈ ਨੰਦਨੀ ਨੇ ਹੱਥ ਹਿਲਾਇਆ। ਭਾਸਕਰ ਹੋਰ ਉਦਾਸ ਹੋ ਗਿਆ। ਢਿੱਡ ਵਿਚ ਇਕ ਗੋਲਾ ਜਿਹਾ ਉਠਿਆ; ਪੈਰਾਂ ਦੀ ਤਾਕਤ ਮੁੱਕਦੀ ਜਾਪੀ। ਉਸਨੇ ਸੋਚਿਆ ਮੈਂ ਵੀ ਨਾ ਜਾਵਾਂ; ਜਾ ਕੇ ਉਸਦੇ ਕੋਲ ਜਾਂ ਕਿਤੇ ਹੋਰ ਬੈਠ ਜਾਵਾਂ। ਉਹ ਮੇਰੇ ਨਾਲ ਜਾਣਾ ਨਹੀਂ ਚਾਹੁੰਦੀ। ਕੋਲ ਬੈਠਣਾ ਵੀ ਨਹੀਂ ਚਾਹੁੰਦੀ। ਉਹ ਇਕੱਲੀ ਰਹਿਣਾ ਚਾਹੁੰਦੀ ਏ ਸ਼ਾਇਦ।...ਤੇ ਅਸੀਂ ਆਏ ਆਂ ਦੋਵੇਂ ਇਕੱਠੇ ਛੁੱਟੀਆਂ ਮਨਾਉਣ ਵਾਸਤੇ। ਮੈਂ ਈ ਕਿਉਂ ਤੁਰਿਆ ਜਾ ਰਿਹਾ ਆਂ; ਪਾਗਲਾਂ ਵਾਂਗ ਇਕੱਲਾ?
ਪਰ ਉਹ ਪੈਰ ਘਸੀਟਦਾ ਹੋਇਆ ਤੁਰਦਾ ਈ ਰਿਹਾ। ਇਹ ਕੀ ਹੋ ਜਾਂਦਾ ਏ ਅਕਸਰ? ਕੁਛ ਸਮਝ ਵਿਚ ਨਹੀਂ ਆਉਂਦਾ। ਉਹ ਹੁਣ ਕੀ ਕਰੇਗੀ? ਰੇਤ 'ਤੇ ਬੈਠ ਕੇ ਸਿਰਫ ਸਮੁੰਦਰ ਵੇਖਦੀ ਰਹੇਗੀ? ਮਨ ਵਿਚ ਸੋਚਦੀ ਰਹੇਗੀ। ਸੋਚਣਾ, ਰੋਕ ਭਲਾ ਕਿੰਜ ਸਕੇਗੀ? ਆਦਮੀ ਤੁਰਨ ਉੱਤੇ ਰੋਕ ਲਾ ਸਕਦਾ ਏ, ਪਰ ਸੋਚਣ ਉੱਤੇ ਰੋਕ ਕਿੰਜ ਲਾਏ? ਤੇ ਵਿਚਾਰਾਂ ਨੂੰ ਕੋਈ ਰੋਕੇ ਵੀ ਕਿਉਂ? ਉਹ ਵਿਚਾਰਾਂ ਵਿਚ ਈ ਡੁੱਬੀ ਰਹਿਣਾ ਚਾਹੁੰਦੀ ਏ ਤਾਂ ਰੋਕਣਾ ਬੇਕਾਰ ਏ। ਇਕਾਂਤ ਵਿਚ ਇਕ ਗੱਲ ਈ ਕੀਤੀ ਜਾ ਸਕਦੀ ਏ; ਉਹ ਏ ਵਿਚਾਰ ਕਰਨਾ। ਜਾਂ ਫੇਰ ਯਾਦਾਂ ਨੂੰ ਦੁਹਰਾਉਣਾ ਚਾਹੁੰਦੀ ਹੋਏਗੀ। ਕੇਹੀਆਂ ਯਾਦਾਂ? ਤੇ ਕਿਉਂ ਦੁਹਾਈਏ ਉਹਨਾਂ ਨੂੰ? ਯਾਦਾਂ ਅਨੰਤ ਹੁੰਦੀਆਂ ਨੇ। ਪਿਛਲੇ ਵੀਹ-ਪੱਚੀ ਵਰ੍ਹਿਆਂ ਦੀਆਂ ਯਾਦਾਂ। ਸ਼ਾਦੀ ਦੇ ਦਿਨ ਤੋਂ ਲੈ ਕੇ ਅੱਜ ਤੀਕ ਦੀਆਂ ਯਾਦਾਂ।
ਰਾਜੂ ਦਾ ਜਨਮ, ਪੁਰਾਣਾ ਘਰ, ਨਵਾਂ ਘਰ। ਹੁਣ ਸਭ ਯਾਦਾਂ ਵਿਚ ਕੈਦ ਨੇ। ਪਰ ਉਹਨਾਂ ਨੂੰ ਦੁਹਰਾਇਆ ਕਿਉਂ ਜਾਏ ਇਕਾਂਤ ਵਿਚ?...ਤੇ ਉਹ ਵੀ ਇੱਥੇ ਬੈਠ ਕੇ? ਫੇਰ ਅਸੀਂ ਇੱਥੇ ਆਏ ਈ ਕਿਉਂ ਆਂ? ਯਾਦਾਂ ਈ ਦੁਹਰਾਉਣੀਆਂ ਸੀ ਤਾਂ ਘਰੇ ਬੈਠ ਕੇ ਵੀ ਦੁਹਰਾਈਆਂ ਜਾ ਸਕਦੀਆਂ ਸੀ। ਘਰੇ ਤਾਂ ਉਹ ਹਮੇਸ਼ਾ ਇਕੱਲੀ ਈ ਹੁੰਦੀ ਏ। ਮੈਂ ਫੈਕਟਰੀ ਚਲਾ ਜਾਂਦਾ ਆਂ ਤਾਂ ਸਾਰਾ ਦਿਨ ਉਹ ਇਕੱਲੀ ਰਹਿੰਦੀ ਏ। ਤਦ ਯਾਦਾਂ ਦੇ ਨਾਲ ਈ ਤਾਂ ਹੁੰਦੀ ਹੋਏਗੀ। ਫੇਰ ਇੱਥੇ ਵੀ? ਸਮੁੰਦਰ ਕਿਨਾਰੇ ਵੀ?
ਉਸਨੂੰ ਯਾਦ ਆਇਆ ਕਿ ਇਸ ਤੋਂ ਪਹਿਲਾਂ ਵੀ ਉਹ ਸਮੁੰਦਰ ਦੇਖਣ ਗਈ ਏ। ਇੱਥੇ ਨਹੀਂ, ਕਿਤੇ ਹੋਰ! ਕਿੱਥੇ! ਹੁਣ ਯਾਦ ਨਹੀਂ ਆ ਰਿਹਾ ਉਹਨਾਂ ਦਾ ਇਕ ਬੁੱਕ-ਕੱਲਬ ਏ। ਕੱਲਬ ਦੇ ਮੈਂਬਰ ਫੈਸਲਾ ਕਰਦੇ ਨੇ ਘੁੰਮਣ ਜਾਣ ਦਾ। ਜਾਂ ਉਹਨਾਂ ਦੀ ਇਕ ਐਸੋਸਿਏਸ਼ਨ ਵੀ ਏ ਪੁਰਾਣੇ ਮੰਦਰਾਂ ਦੀ ਛਾਣਬੀਣ ਕਰਨ ਵਾਲੀ। ਉਹ ਵੀ ਪਿਕਨਿਕ ਮਨਾਉਣ ਜਾਂਦੇ ਰਹਿੰਦੇ ਨੇ। ਉਹ ਯਾਦਾਂ ਹੋਣਗੀਆਂ ਜਾਂ ਹੋਰ ਵੀ ਕੋਈ। ਜ਼ਰੂਰੀ ਨਹੀਂ ਕਿ ਸਮੁੰਦਰ ਕਿਨਾਰੇ ਬੈਠ ਕੇ ਸਮੁੰਦਰ ਦੀਆਂ ਯਾਦਾਂ ਈ ਦੁਹਰਾਈਆਂ ਜਾਣ।
ਭਾਵੇਂ ਜੋ ਹੋਏ! ਉਸਨੇ ਸੋਚਿਆ! ਪਰ ਇਸ ਸਮੇਂ ਉਹ ਮੈਨੂੰ ਆਪਣੇ ਨਾਲ ਨਹੀਂ ਚਾਹੁੰਦੀ। ਇਹ ਕੀ ਬਲਾਅ ਏ? ਹਰੇਕ ਦਾ ਸਿਰਫ ਆਪਣਾ ਕੁਝ ਹੁੰਦਾ ਏ। ਮੇਰਾ ਆਪਣਾ ਵੀ ਅਜਿਹਾ ਕੁਝ ਏ ਜਿਹੜਾ ਸਿਰਫ ਮੇਰਾ ਐ। ਪਰ ਇਹ ਕੀ ਹੋਇਆ? ਪਤੀ-ਪਤਨੀ ਦੇ ਵਿਚਕਾਰ ਵੀ ਆਪੋ-ਆਪਣੇ ਟਾਪੂ ਹੋ ਸਕਦੇ ਨੇ? ਹੁਣ ਉਸਦੇ ਮਨ ਵਿਚ ਕੀ ਉਭਰ ਰਿਹਾ ਹੋਏਗਾ? ਇਸ ਵੇਲੇ? ਕੋਈ ਵਿਚਾਰ? ਜਿਹੜਾ ਮੇਰੇ ਬਗ਼ੈਰ ਕਰਨਾ ਏਂ।
ਬਿੰਦ ਦਾ ਬਿੰਦ ਉਸਨੇ ਸੋਚਿਆ, ਉਲਟੇ ਪੈਰੀਂ ਪਰਤ ਜਾਏ ਤੇ ਸਿੱਧਾ ਉਸਨੂੰ ਪੁੱਛ ਲਏ। ਅਜਿਹੀ ਕਿਹੜੀ ਗੱਲ ਏ ਜਿਸ ਕਰਕੇ ਤੂੰ ਇਕੱਲੀ ਰਹਿਣਾ ਚਾਹੁੰਦੀ ਏਂ? ਕੋਈ ਮੁਸੀਬਤ ਏ ਤਾਂ ਮੈਨੂੰ ਦੱਸ! ਦੁਪਹਿਰੇ ਤੂੰ ਕਿਤਾਬ ਪੜ੍ਹਦੀ ਰਹੀ, ਮੈਂ ਕੁਝ ਕਿਹਾ? ਕਦੀ ਕੁਝ ਨਹੀਂ ਕਿਹਾ-ਪੁੱਛਿਆ। ਤੂੰ ਆਪਣੇ ਪ੍ਰੋਗਰਾਮ ਬਣਾ ਲੈਂਦੀ ਏਂ। ਕਿਤੇ ਜਾਂਦੀ ਰਹਿੰਦੀ ਏਂ। ਤੇਰੇ ਆਪਣੇ ਜਾਣਨ ਵਾਲੇ ਤੈਨੂੰ ਮਿਲਣ ਆਉਂਦੇ ਰਹਿੰਦੇ ਨੇ। ਬੈਠੇ ਗੱਲਾਂ-ਬਾਤਾਂ, ਚਰਚਾਵਾਂ ਕਰਦੇ ਰਹਿੰਦੇ ਓ। ਤੁਸੀਂ ਲੋਕ ਰਲ ਕੇ ਕਿਤੇ ਵੀ ਜਾਂਦੇ-ਆਉਂਦੇ ਓ। ਮੈਂ ਕਦੀ ਕੁਝ ਕਿਹਾ? ਇਸ ਸਭ ਦੇ ਬਾਵਜੂਦ ਪਤੀ-ਪਤਨੀ ਦਾ ਕੁਝ ਰਿਸ਼ਤਾ ਹੁੰਦਾ ਏ ਨਾ? ਇਕ ਦੂਜੇ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਏ ਨਾ! ਸ਼ੁਰੂ ਸ਼ੁਰੂ ਵਿਚ ਠੀਕ ਏ, ਨਵੀਂ-ਨਵੀਂ ਸ਼ਾਦੀ ਪਿੱਛੋਂ—ਪਰ ਹੁਣ ਵੀਹ ਬਾਈ ਸਾਲਾਂ ਪਿੱਛੋਂ ਵੀ ਇਹ ਦੂਰੀ? ਹੁਣ ਤਾਂ ਇਕ ਦੂਜੇ ਵਿਚਕਾਰ ਕੋਈ ਪਰਦਾ ਨਹੀਂ ਹੋਣਾ ਚਾਹੀਦਾ ਨਾ? ਹੁਣ ਤਾਂ ਅਸੀਂ ਨਾਲ-ਨਾਲ ਕੁਝ ਅਨੁਭਵ ਕਰਨ ਇੱਥੇ ਆਏ ਆਂ, ਤੇ ਫੇਰ ਵੀ ਇਹ ਦੂਰੀ?
ਉਸਨੇ ਅਣਜਾਣੇ ਵਿਚ ਹੀ ਹਊਕਾ ਜਿਹਾ ਲਿਆ। ਫੇਰ ਲੰਮਾਂ ਸਾਹ ਖਿੱਚਿਆ। ਸਮੁੰਦਰ ਦੀ ਨਮਕੀਨ ਖੁੱਲ੍ਹੀ ਹਵਾ ਫੇਫੜਿਆਂ ਵਿਚ ਜਾਂਦਿਆਂ ਈ ਉਸਨੂੰ ਥੋੜ੍ਹਾ ਜਿਹਾ ਚੈਨ ਮਿਲਿਆ। ਜਾਣ ਦਿਓ! ਇਸ ਵਾਰੀ ਉਸਨੇ ਸੋਚਿਆ। ਉਹ ਇਕੱਲੀ ਬੈਠਣਾ ਚਾਹੁੰਦੀ ਏ ਤਾਂ ਇਵੇਂ ਸਹੀ। ਇਸ ਵਿਚ ਕਿਹੜੀ ਵੱਡੀ ਗੱਲ ਏ? ਸਮੁੰਦਰ ਕਿਨਾਰੇ ਇਕੱਲਿਆਂ ਬੈਠਣਾ ਚੰਗਾ ਲੱਗਦਾ ਹੋਏਗਾ। ਕਮਰੇ ਵਿਚ ਅਸੀਂ ਨਾਲ ਈ ਤਾਂ ਰਹਿੰਦੇ ਆਂ। ਉਦੋਂ ਤਾਂ ਅਜਿਹਾ ਕੁਝ ਨਹੀਂ ਕਹਿੰਦੀ ਉਹ। ਮੈਨੂੰ ਤਾਂ ਉਸਨੇ ਇਜਾਜ਼ਤ ਦੇ ਦਿੱਤੀ ਨਾ ਘੁੰਮਣ ਦੀ? ਚਲੋ ਮੈਂ ਤਾਂ ਘੁੰਮਾਂ...।
ਉਹ ਜਬਰਦਸਤੀ ਤੁਰਦਾ ਰਿਹਾ ਤੇ ਅਚਾਨਕ ਉਸਨੂੰ ਯਾਦ ਆਇਆ ਕਿ ਸੂਰਜ ਡੁੱਬਣ ਵਾਲਾ ਏ। ਏਨੀ ਦੇਰ ਤੀਕ ਆਸਮਾਨ 'ਚ ਮਘਦਾ ਰਿਹਾ ਸੂਰਜ ਝੱਟ ਹੇਠਾਂ ਉਤਰ ਗਿਆ ਏ ਤੇ ਸਾਹਮਣੇ ਸਿਰਫ ਲਾਲ ਤੇ ਕੇਸਰੀ ਰੰਗ ਦਾ ਗੋਲਾ ਬਾਕੀ ਰਹਿ ਗਿਆ ਏ। ਉਸਨੇ ਅਚਰਜ ਨਾਲ ਆਲੇ ਦੁਆਲੇ ਨਜ਼ਰਾਂ ਘੁਮਾਈਆਂ। ਤੁਰਦਾ-ਤੁਰਦਾ ਉਹ ਖਾਸੀ ਦੂਰ ਨਿਕਲ ਆਇਆ ਸੀ। ਇੱਥੋਂ ਨੰਦਨੀ ਦਿਖਾਈ ਨਹੀਂ ਸੀ ਦੇ ਰਹੀ। ਬਿੰਦ ਦਾ ਬਿੰਦ ਉਸਦੀ ਸਮਝ ਵਿਚ ਨਹੀਂ ਆਇਆ ਕਿ ਕੀ ਕੀਤਾ ਜਾਏ? ਉਸਨੇ ਸੋਚਿਆ ਈ ਨਹੀਂ ਸੀ ਕਿ ਏਨੀ ਜਲਦੀ ਸੂਰਜ ਡੁੱਬ ਜਾਏਗਾ। ਸੂਰਜ ਹੁਣ ਪਾਣੀ ਵਿਚ ਉਤਰ ਰਿਹਾ ਸੀ। ਸੁਨਹਿਰੀ ਕਿਰਨਾਂ ਹੁਣ ਗ਼ਾਇਬ ਹੋ ਗਈਆਂ ਸਨ। ਬਾਕੀ ਸੀ ਇਕ ਸੁਰਖ਼ ਗੋਲਾ ਤੇ ਉਸਦਾ ਚਾਨਣ।
ਦੌੜਦਿਆਂ ਹੋਇਆ ਪਿੱਛੇ ਪਰਤ ਜਾਣ ਦੀ ਇੱਛਾ ਹੋਈ। ਇੰਜ ਕਰਕੇ ਈ ਉਹ ਸੂਰਜ ਡੁੱਬਣ ਤੋਂ ਪਹਿਲਾਂ ਨੰਦਨੀ ਕੋਲ ਪਹੁੰਚ ਸਕਦਾ ਸੀ। ਤੇ ਤਦ ਉਹ ਦੋਵੇਂ ਇਕੱਠੇ ਡੁੱਬਦੇ ਸੂਰਜ ਨੂੰ ਦੇਖ ਸਕਦੇ ਸਨ। ਪਰ ਇੰਜ ਕਰਨਾ ਅਸੰਭਵ ਸੀ। ਰੇਤ ਉੱਤੇ ਦੌੜ ਲਾਉਣਾ ਮੁਸ਼ਕਿਲ ਸੀ। ਤੇ ਸੂਰਜ ਨੂੰ ਤਾਂ ਪਾਣੀ ਵਿਚ ਉਤਰਣ ਦੀ ਕਾਹਲੀ ਪਈ ਹੋਈ ਸੀ।
ਉਹ ਮੁੜ ਪਿਆ ਤੇ ਉਸ ਲਾਲ ਗੇਂਦ ਨੇ ਆਪਣੇ ਆਪ ਨੂੰ ਪਾਣੀ ਵਿਚ ਉਤਾਰ ਦਿੱਤਾ। ਸਮੁੰਦਰ ਦਾ ਪਾਣੀ ਇਕ ਪਲ ਵਿਚ ਲਾਲ-ਪੀਲੀ ਰੋਸ਼ਨੀ ਨਾਲ ਜਗਮਗਾ ਉਠਿਆ। ਉਹ ਠਿਠਕ ਗਿਆ। ਆਸਮਾਨ ਵਿਚ ਅੱਗ ਉਗਲਣ ਵਾਲਾ ਸੂਰਜ ਹੁਣ ਬਿਲਕੁਲ ਠੰਡਾ ਹੋ ਗਿਆ ਸੀ। ਮਾਸੂਮ, ਸ਼ਾਂਤ ਬੱਚੇ ਵਾਂਗਰ। ਤੇ ਹੌਲੀ ਹੌਲੀ ਪਾਣੀ ਵਿਚ ਉਤਰ ਰਿਹਾ ਸੀ। ਨਿਰਵਿਕਾਰ ਭਾਵ ਨਾਲ। ਸਮੁੰਦਰ ਵਿਚ ਨਿੱਕੀਆਂ ਨਿੱਕੀਆਂ ਲਹਿਰਾ ਉਠ ਰਹੀਆਂ ਸਨ ਤੇ ਸਾਰਾ ਵਾਤਾਵਰਣ ਬੋਝਿਲ ਜਿਹਾ ਹੋ ਗਿਆ ਸੀ। ਉਸਨੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਡੁੱਬਦੇ ਸੂਰਜ ਦਾ ਨਜ਼ਾਰਾ ਵੇਖਿਆ ਸੀ ਪਰ ਇਸ ਵਾਰੀ ਉਹ ਇੰਜ ਦੇਖ ਰਿਹਾ ਸੀ ਜਿਵੇਂ ਪਹਿਲੀ ਵਾਰੀ ਦੇਖ ਰਿਹਾ ਹੋਵੇ। ਉਸਨੂੰ ਸ਼ਾਂਤੀ ਮਹਿਸੂਸ ਹੋਈ ਤੇ ਉਦਾਸੀ ਵੀ। ਖਿਝ ਭਰੀ ਉਦਾਸੀ।
ਸੂਰਜ ਕਦੋਂ ਦਾ ਡੁੱਬ ਗਿਆ ਸੀ ਪਰ ਉਹ ਉੱਥੇ ਸਿਲ-ਪੱਥਰ ਹੋਇਆ ਖੜ੍ਹਾ ਸੀ। ਖਾਲੀ ਦਿਸਹੱਦੇ ਵੱਲ ਦੇਖਦਾ ਹੋਇਆ। ਇਕ ਪੰਛੀ ਚੀਕਦਾ ਹੋਇਆ ਮਾਹੌਲ ਦੀ ਚੁੱਪ ਵਿਚ ਚੀਰ ਪਾ ਗਿਆ ਤਾਂ ਉਹ ਚੇਤਨ ਹੋਇਆ ਤੇ ਵਾਪਸ ਪਰਤਨ ਲੱਗਾ।


ਨੰਦਨੀ ਉਸੇ ਜਗਾਹ ਬੈਠੀ ਸੀ। ਉਸਨੇ ਸੋਚਿਆ ਉਹ ਸਮੁੰਦਰ 'ਤੇ ਅੱਖਾਂ ਟਿਕਾਈ ਬੈਠੀ ਸੋਚਾਂ ਵਿਚ ਡੁੱਬੀ ਹੋਏਗੀ। ਪਰ ਨੇੜੇ ਜਾਂਦਿਆਂ ਈ ਉਸਨੂੰ ਪਤਾ ਲੱਗਾ ਕਿ ਉਹ ਉਸਦੀ ਉਡੀਕ ਵਿਚ ਬੈਠੀ ਏ।
“ਦੇਖਿਆ ਸੂਰਜ-ਅਸਤ?” ਨੰਦਨੀ ਨੇ ਉਸਦੇ ਕੋਲ ਆਉਂਦਿਆ ਈ ਪੁੱਛਿਆ।
“ਹਾਂ! ਇਕੱਲੇ ਨੇ!” ਉਸਨੇ ਜਵਾਬ ਦਿੱਤਾ।
“ਯਾਨੀ?”
“ਮੈਂ ਸੋਚਿਆ ਸੀ—ਅਸੀਂ ਇਕੱਠੇ ਦੇਖਾਂਗੇ। ਦੋਵੇਂ ਰਲਕੇ?”
“ਹਾਂ! ਮੈਂ ਵੀ ਚਾਹੁੰਦੀ ਸਾਂ।”
“ਫੇਰ? ਦੇਖਿਆ ਨਾ ਅਸੀਂ ਰਲ ਕੇ?”
“ਰਲ ਕੇ?”
“ਹਾਂ, ਅਸੀਂ ਇੱਥੇ ਤਾਂ ਸੀ?”
ਉਹ ਸਿਰਫ ਮੁਸਕੁਰਾਇਆ।
“ਇਸ ਨੂੰ ਦੋਵੇਂ ਰਲ ਕੇ ਕਹਿੰਦੇ ਐ ਕਿ?” ਉਹ ਆਪਣੇ ਬੂਟ ਠੀਕ ਕਰਕੇ ਉਹਨਾਂ ਉੱਤੇ ਬੈਠਦਾ ਹੋਇਆ ਬੋਲਿਆ।
“ਯਾਨੀ?”
“ਕਿਓਂ ਜਾਣ-ਬੁੱਝ ਕੇ ਨਾ ਸਮਝੀ ਦਾ ਨਾਟਕ ਕਰ ਰਹੀ ਏਂ?”
“ਓ ਬਈ ਸੱਚੀਂ! ਅਸੀਂ ਨਾਲ-ਨਾਲ ਨਹੀਂ ਸੀ ਤਾਂ ਕੀ ਹੋਇਆ? ਇਕੇ ਕਿਨਾਰੇ 'ਤੇ ਅਸੀਂ ਸੂਰਜ ਨੂੰ ਅਸਤ ਹੁੰਦਿਆਂ ਦੇਖਿਐ, ਹੈ-ਨਾ?” ਉਹ ਕੁਝ ਨਹੀਂ ਬੋਲਿਆ। ਚੁੱਪਚਾਪ ਸਾਹਮਣੇ ਖਾਲੀ ਦਿਸਹੱਦੇ ਵੱਲ ਤੱਕਦਾ ਰਿਹਾ।
“ਜੇ ਕੋਲ ਬੈਠੇ ਵੀ ਹੋਈਏ ਤਾਂ ਵੀ ਦੇਖਾਂਗੇ ਤਾਂ ਅਸੀਂ ਆਪੋ-ਆਪਣੀਆਂ ਅੱਖਾਂ ਨਾਲ ਈ।” ਨੰਦਨੀ ਨੇ ਕਿਹਾ।
ਉਹ ਕੁਝ ਨਹੀਂ ਬੋਲਿਆ। ਉਸਨੇ ਭੌਂ ਕੇ ਉਸ ਵੱਲ ਦੇਖਿਆ ਤਕ ਨਹੀਂ। ਕੁਝ ਚਿਰ ਬਾਅਦ ਨੰਦਨੀ ਦੇ ਸ਼ਬਦਾਂ ਵਿਚ ਛਿਪੇ ਅਰਥ ਉਸਦੀ ਸਮਝ ਵਿਚ ਆਏ। ਸੱਚ ਏ। ਉਸਨੇ ਮਨ ਵਿਚ ਸੋਚਿਆ। ਆਖ਼ਰ ਅਸੀਂ ਆਪਣੀਆਂ ਅੱਖਾਂ ਨਾਲ ਈ ਦੇਖਦੇ ਆਂ। ਨਾ ਦੂਜੇ ਦੀਆਂ ਨਜ਼ਰਾਂ ਉਧਾਰ ਲੈ ਸਕਦੇ ਆਂ ਤੇ ਨਾ ਈ ਉਸਦੀਆਂ ਅੱਖਾਂ ਵਿਚ ਉਤਰ ਕੇ ਦੇਖ ਸਕਦੇ ਆਂ। ਭਾਵੇਂ ਉਹ ਪਤਨੀ ਈ ਕਿਉਂ ਨਾ ਹੋਵੇ। ਜਦ ਇਹੀ ਸਹੀ ਏ ਤਾਂ ਅਸੀਂ ਕੋਲ ਹਈਏ ਜਾਂ ਨਾ ਹੋਈਏ ਕੀ ਫਰਕ ਪੈਂਦਾ ਏ?
“ਕਿਉਂ, ਕੀ ਹੋਇਆ?”
“ਹੋਣਾ ਕੀ ਏ? ਤੂੰ ਆਪਣੇ ਵਿਚ ਗਵਾਚੀ ਰਹਿਣਾ ਚਾਹੁੰਦੀ ਏਂ ਤਾਂ ਅਸੀਂ ਇੱਥੇ ਆਏ ਈ ਕਿਉਂ?”
“ਮੈਂ ਤੁਹਾਡੇ ਨਾਲ ਨਹੀਂ ਗਈ ਇਸ ਲਈ ਕਹਿ ਰਹੇ ਓ ਨਾ? ਸੱਚੀਂ, ਮੈਂ ਸਿਰਫ ਬੈਠਣਾ ਚਾਹੁੰਦੀ ਸੀ।”
“ਸਵਾਲ ਨਾਲ ਚੱਲਣ ਦਾ ਨਹੀਂ। ਓਨਾ ਤਾਂ ਮੈਂ ਵੀ ਸਮਝਦਾ ਆਂ। ਜੇ ਤੂੰ ਇਕੱਲੀ ਈ ਰਹਿਣਾ ਸੀ ਤਾਂ ਮੈਨੂੰ ਨਾਲ ਚੱਲਣ ਲਈ ਕਿਹਾ ਈ ਕਿਉਂ?”
“ਵੈਸਾ ਕੁਛ ਨਹੀਂ ਏ ਜੀ! ਬਸ ਕੁਛ ਦੇਰ ਮੈਂ ਬੈਠਣਾ ਈ ਚਾਹੁੰਦੀ ਸਾਂ ਤੇ ਤੁਸੀਂ ਜਾਣਾ ਸੀ। ਇਸ ਲਈ ਮੈਂ ਕਹਿ ਦਿੱਤਾ।”
“ਉਹ ਤਾਂ ਠੀਕ ਐ ਪਰ ਤੂੰ ਕਰਦੀ ਕੀ ਏਂ, ਇਹੋ ਮੇਰੀ ਸਮਝ 'ਚ ਨਹੀਂ ਆਉਂਦਾ! ਤੂੰ ਸਿਰਫ ਆਪਣੇ ਤਕ ਆਪਣੇ 'ਚ ਈ ਸੀਮਿਤ ਰਹਿੰਦੀ ਏਂ।”
“ਯਾਨੀ?”
“ਯਾਨੀ ਕੀ? ਤੈਨੂੰ ਖ਼ਿਆਲ ਵੀ ਰਹਿੰਦਾ ਏ ਕਿ ਕੋਈ ਦੂਜਾ ਵੀ ਤੇਰੇ ਨਾਲ ਏ? ਤੂੰ ਆਪਣੇ-ਆਪ 'ਚ ਗਵਾਚੀ ਰਹਿੰਦੀ ਏਂ। ਕਾਰ 'ਚ ਸੌਂ ਜਾਂਦੀ ਏਂ। ਕਮਰੇ 'ਚ ਕਿਤਾਬ ਪੜ੍ਹਦੀ ਰਹਿੰਦੀ ਏਂ। ਬਾਹਰ ਟਹਿਲਣ ਆਏ ਤਾਂ ਕਹੇਂਗੀ—ਮੈਂ ਇਕੱਲੀ ਬੈਠਣਾ ਚਾਹੁੰਦੀ ਆਂ। ਅਸੀਂ ਆਏ ਈ ਕਿਉਂ ਫੇਰ ਏਥੇ? ਘਰੇ ਈ ਰਹਿੰਦੇ। ਘਰੇ ਵੀ ਇਹੋ ਸਭ ਕਰਦੇ ਆਂ ਨਾ?”
“ਇੰਜ ਨਹੀਂ ਏਂ ਜੀ।”
“ਤਾਂ ਫੇਰ ਕਿੰਜ ਏ ਜੀ? ਸਮਝਾਓ ਮੈਨੂੰ। ਮੈਂ ਸਭ ਦੇਖ ਰਿਹਾਂ। ਜਿਵੇਂ ਤੂੰ ਇਕੱਲੀ ਆਈ ਹੋਵੇਂ ਇੱਥੇ। ਕੀ ਵਿਗੜਦਾ ਜੇ ਕੁਝ ਦੂਰ ਚਲੀ ਚੱਲਦੀ ਮੇਰੇ ਨਾਲ?ਸਾਰਾ ਦਿਨ ਬੈਠੀ ਈ ਤਾਂ ਰਹੀ ਸੀ ਨਾ? ਸਮੁੰਦਰ ਕਿਨਾਰੇ ਟਹਿਲਣ ਲਈ ਆਏ ਸੀ ਨਾ ਅਸੀਂ? ਠੀਕ ਏ ਚੱਲਣਾ ਨਹੀਂ ਸੀ, ਮੈਂ ਤੇਰੇ ਨਾਲ ਬੈਠਣਾ ਚਾਹ ਰਿਹਾ ਸਾਂ ਨਾ? ਉਹ ਵੀ ਮੰਜੂਰ ਨਹੀਂ ਸੀ ਤੈਨੂੰ।”
“ਹੁਣ ਅਸੀਂ ਬੈਠੇ ਆਂ ਨਾ ਨਾਲ?”
“ਕਿਉਂ ਨਹੀਂ?...ਸੂਰਜ ਡੁੱਬਣ ਪਿੱਛੋਂ?”
ਉਸਨੇ ਕੋਈ ਜਵਾਬ ਨਾ ਦਿੱਤਾ ਤੇ ਭਾਸਕਰ ਦੀ ਸਮਝ ਵਿਚ ਨਹੀਂ ਆਇਆ ਕਿ ਅੱਗੇ ਕੀ ਕਿਹਾ ਜਾਏ? ਉਸਨੂੰ ਉਮਸ ਭਰੀ ਸ਼ਾਮ ਦਾ ਅਹਿਸਾਸ ਹੋਇਆ। ਸਿੱਲ੍ਹ, ਗਿੱਲੀ ਉਮਸ। ਦਿਨ ਭਰ ਦੀ ਤਪੀ ਰੇਤ। ਸਮੁੰਦਰ ਦਾ ਪਾਣੀ ਵੀ ਗਰਮ ਹੋਏਗਾ। ਕਿਨਾਰੇ 'ਤੇ ਨਮਕੀਨ ਹਵਾ ਸੀ। ਰੁਕੀ ਹੋਈ। ਸੂਰਜ ਹੁਣੇ ਹੁਣੇ ਗਿਆ ਏ, ਸਾਰੀ ਗਰਮਾਹਟ ਪਿੱਛੇ ਛੱਡ ਕੇ।
ਭਾਸਕਰ ਨੇ ਲੰਮੀ ਆਹ ਭਰੀ। ਟੀ-ਸ਼ਰਟ ਲਾਹੁਣ ਦਾ ਮਨ ਹੋਇਆ। ਬਨੈਣ ਵੀ ਨਹੀਂ ਪਾਉਣੀ ਚਾਹੀਦੀ ਸੀ। ਉਸਨੂੰ ਅਹਿਸਾਸ ਹੋਇਆ। ਨੰਗੇ ਪਿੰਡੇ ਚੰਗਾ ਰਹਿੰਦਾ ਏ। ਕਿੰਨੀ ਚਿਪ-ਚਿਪ ਏ। ਕੱਪੜੇ ਸਾਰੇ ਪਿੰਡੇ ਨਾਲ ਚਿਪਕ ਗਏ ਨੇ। ਇਸ ਨਾਲੋਂ ਤਾਂ ਬਿਨਾਂ ਕੱਪੜਿਆਂ ਤੋਂ ਰਹਿਣਾ ਚਾਹੀਦਾ ਏ—ਮਛੇਰਿਆਂ ਵਾਂਗ। ਵਿਦੇਸ਼ੀ ਓਵੇਂ ਈ ਰਹਿੰਦੇ ਨੇ। ਕਲ੍ਹ ਕੋਸ਼ਿਸ਼ ਕਰਾਂਗਾ।
ਉਹ ਸਾਹਮਣੇ ਦੇਖਦਾ ਰਿਹਾ। ਮੱਧਮ ਜਿਹਾ ਚਾਨਣ ਰੀਂਘ ਰਿਹਾ ਸੀ। ਹੁਣ ਸ਼ਾਮ ਪੂਰੀ ਛਾ ਚੁੱਕੀ ਸੀ। ਸਮੁੰਦਰ ਦੇ ਪਾਣੀ ਦਾ ਰੰਗ ਬਦਲ ਗਿਆ ਸੀ। ਪਾਣੀ ਵਿਚ ਕਲੱਤਣ ਘੁਲ ਰਹੀ ਸੀ। ਦਿਸਹੱਦੇ ਉੱਤੇ ਪੁਚਿਆ ਕੇਸਰੀ-ਲਾਲ ਰੰਗ, ਗੂੜ੍ਹਾ ਕਾਲਾ ਬਣ ਰਿਹਾ ਸੀ। ਦੂਰ ਸਮੁੰਦਰ ਵਿਚ ਇਕ ਜਹਾਜ਼ ਹੁਣੇ ਹੁਣੇ ਦਿਖਾਈ ਦੇਣ ਲੱਗਿਆ ਸੀ।
ਉਸਨੇ ਰਤਾ ਕੁ ਅੱਖ ਟੇਢੀ ਕਰਕੇ ਉਸ ਵੱਲ ਦੇਖਿਆ। ਉਹ ਪਹਿਲਾਂ ਵਾਂਗ ਈ ਸਮੁੰਦਰ ਵਲ ਦੇਖਦੀ ਹੋਈ ਆਰਾਮ ਨਾਲ ਬੈਠੀ ਹੋਈ ਸੀ। ਉਹ ਜਾਣਦਾ ਸੀ ਹੁਣ ਉਹ ਕੁਝ ਨਹੀਂ ਬੋਲੇਗੀ। ਜਦ ਵੀ ਮੈਂ ਅਜਿਹਾ ਕੁਝ ਕਹਿੰਦਾ ਆਂ ਉਹ ਚੁੱਪਚਾਪ ਸੁਣ ਲੈਂਦੀ ਏ। ਉਲਟਾ ਜਵਾਬ ਨਹੀਂ ਦੇਂਦੀ, ਪਰ ਕਦੀ ਜ਼ਰੂਰ ਕਿਸੇ ਪ੍ਰਸੰਗ ਦੌਰਾਨ ਸੁਣਾ ਦੇਂਦੀ ਏ ਉਹ। ਹੁਣ ਵੀ ਉਸਦਾ ਇਹੋ ਰਵੱਈਆ ਏ। ਜ਼ਰੂਰ ਕਦੀ ਇਸ ਸੰਦਰਭ ਨੂੰ ਛੇਡ ਕੇ ਸੁਣਾ ਦਏਗੀ।
ਉਸਦੇ ਮੂੰਹ ਵਿਚ ਕੁਸੈਲ ਘੁਲ ਗਈ। ਉਸਨੇ ਬੁੱਲ੍ਹਾਂ ਉੱਤੇ ਜੀਭ ਫੇਰੀ। ਦੋਵੇਂ ਹੱਥ ਪਿੱਛੇ ਰੇਤ ਉੱਤੇ ਟਿਕਾਏ ਸਰੀਰ ਨੂੰ ਢਿੱਲਾ ਛੱਡਦਾ ਹੋਇਆ ਬੈਠ ਗਿਆ। ਇਕ ਪੰਛੀ ਚੀਕਦਾ ਹੋਇਆ ਉਹਨਾਂ ਦੇ ਉਤਲੇ ਆਸਮਾਨ ਵਿਚੋਂ ਲੰਘਿਆ। ਉਸਨੇ ਪੰਛੀ ਦੇ ਪਿੱਛੇ ਪਿੱਛੇ ਆਪਣੀਆਂ ਨਜ਼ਰਾਂ ਦੌੜਾਈਆਂ। ਉਹ ਟਟੀਹਰੀ ਸੀ। ਉੱਤੇ ਹੇਠਾਂ-ਪੀਂਘਾਂ ਭਰਦੀ ਹੋਈ ਉਹ ਕਿਨਾਰੇ ਕੋਲ ਜਾ ਕੇ ਅਦ੍ਰਿਸ਼ ਹੋ ਗਈ। ਉਸਦੀਆਂ ਚੀਕਾਂ ਨਾਲ ਵਾਤਾਵਰਣ ਵਿਚ ਫੈਲੀ ਹੋਈ ਸ਼ਾਂਤੀ ਕੁਝ ਚਿਰ ਲਈ ਭੰਗ ਹੋ ਗਈ ਸੀ।
“ਹੁਣ ਕੁਝ ਬੋਲੇਂਗੀ ਵੀ?” ਉਸਨੇ ਕਿਹਾ।
“ਬੋਲ ਤਾਂ ਰਹੀ ਆਂ। ਤੁਸੀਂ ਐਵੇਂ ਈ ਕੁਝ ਵੀ ਕਹਿ ਦੇਂਦੇ ਓ। ਕੀ ਮੈਂ ਸਿਰਫ ਆਪਣੇ ਬਾਰੇ ਸੋਚਿਆ ਸੀ? ਹਰ ਵੇਲੇ ਤਾਂ ਤੁਹਾਡੇ ਨਾਲ ਹੁੰਨੀਂ ਆਂ।”
“ਮੈਨੂੰ ਨਹੀਂ ਲੱਗਦਾ।”
“ਯਾਨੀ?”
“ਤੂੰ ਸਰੀਰ ਪੱਖੋਂ ਮੇਰੇ ਨਾਲ ਹੁੰਨੀਂ ਏਂ ਪਰ ਤੇਰਾ ਮਨ ਕਿਧਰੇ ਹੋਰ ਈ ਹੁੰਦਾ ਏ।”
ਉਹ ਤੁਰੰਤ ਕੁਝ ਨਹੀਂ ਬੋਲੀ। ਉਸਨੇ ਵੀ ਲੱਤਾਂ ਪਸਾਰ ਲਈਆਂ। ਫੇਰ ਗੋਡੇ ਮੋੜ ਕੇ ਬੈਠ ਗਈ—ਬਾਹਾਂ ਦੇ ਘੇਰੇ ਵਿਚ ਗੋਡਿਆਂ ਨੂੰ ਜਕੜ ਕੇ।
“ਹਰ ਕਿਸੇ ਦਾ ਮਨ ਉਸਦੇ ਆਪਣੇ ਕੋਲ ਈ ਹੁੰਦਾ ਏ।” ਉਸਨੇ ਸਾਹਮਣੇ ਦੇਖਦਿਆਂ ਕਿਹਾ।
ਭਾਸਕਰ ਦੀ ਸਮਝ ਵਿਚ ਨਹੀਂ ਆਇਆ ਇਸਦਾ ਕੀ ਜਵਾਬ ਦਿੱਤਾ ਜਾਏ?
“ਹੋਰ ਕਿਧਰੇ ਮੇਰੇ ਮਨ ਦੇ ਜਾਣ ਦਾ ਕੋਈ ਕਾਰਨ ਏਂ ਕਿ?”
“ਉਹ ਮੇਰੇ ਨਾਲ ਨਹੀਂ ਹੁੰਦਾ।”
“ਓ-ਜੀ, ਵੈਸਾ ਕੁਛ ਵੀ ਨਹੀਂ। ਇੰਜ ਕਦੀ ਹੁੰਦਾ ਏ ਕਿ?”
“ਕਦੀ ਨਹੀਂ ਹੋਇਆ?”
ਉਹ ਚੁੱਪ ਰਹੀ। ਸਮੁੰਦਰ ਦੇਖਦੀ ਰਹੀ। ਦਿਸਹੱਦੇ 'ਤੇ ਕਾਲਖ਼ ਛਾ ਰਹੀ ਸੀ। ਪਾਣੀ ਉੱਤੇ ਦੋ ਬੇੜੀਆਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ।
“ਜੋ ਤੁਸੀਂ ਸੋਚ ਰਹੇ ਓ, ਉਹ ਗੱਲ ਨਹੀਂ।” ਕੁਝ ਚਿਰ ਬਾਅਦ ਉਸਨੇ ਅਸਪਸ਼ਟ ਜਿਹੀ ਆਵਾਜ਼ ਵਿਚ ਕਿਹਾ।
“ਕੀ ਨਹੀਂ? ਕੀ ਤੂੰ ਕਦੀ ਆਪਣਾ ਮਨ ਆਪਣੀ ਇੱਛਾ ਅਨੁਸਾਰ ਨਹੀਂ ਰਮਾਇਆ? ਜਦੋਂ ਚਾਹੇਂ, ਉਦੋਂ ਈ? ਤੂੰ ਆਪਣਾ ਸੁਖ ਨਹੀਂ ਤਲਾਸ਼ ਕੀਤਾ?”
ਉਹ ਬਿਲਕੁਲ ਚੁੱਪ ਹੋ ਗਈ। ਹਨੇਰਾ ਗੂੜ੍ਹਾ ਹੋ ਗਿਆ ਸੀ। ਭਾਟਾ ਆਪਣੇ ਜੋਬਨ 'ਤੇ ਸੀ। ਸਮੁੰਦਰ ਦਾ ਪਾਣੀ ਕਿਨਾਰੇ ਨਾਲੋਂ ਖਾਸੀ ਦੂਰ ਚਲਾ ਗਿਆ ਸੀ। ਲਹਿਰਾਂ ਵਿਚ ਉਤਸ਼ਾਹ ਨਾਂਹ ਦੇ ਬਰਾਬਰ ਸੀ। ਕੁਝ ਚੁਲਬੁਲੀਆਂ ਲਹਿਰਾਂ ਉਂਜ ਈ ਕਿਨਾਰੇ ਤਕ ਆ ਕੇ ਕਲੋਲ ਬਾਜੀ ਕਰ ਰਹੀਆਂ ਸਨ। ਉਹਨਾਂ ਦੀ ਦੁਰਬਲ ਆਵਾਜ਼ ਚੁੱਪੀ ਵਿਚ ਤਰੇੜਾਂ ਪਾ ਰਹੀ ਸੀ। ਬਾਕੀ ਸਮੁੰਦਰ ਸੁੱਤਾ ਹੋਇਆ ਲੱਗ ਰਿਹਾ ਸੀ। ਦਿਸਹੱਦਾ ਬਦਰੰਗ ਹੋ ਗਿਆ ਸੀ। ਕਿਨਾਰੇ ਦੇ ਖੱਬੇ ਪਾਸੇ ਕੁਝ ਦੂਰ ਬੰਦਰਗਾਹ ਸੀ। ਉੱਥੇ ਇਕ ਦੋ ਪੀਲੀਆਂ ਬੱਤੀਆਂ ਜਗ ਰਹੀਆਂ ਸਨ। ਹਵਾ ਵਿਚ ਹੁਣ ਕੁਝ ਹਲਚਲ ਸੀ। ਹਨੇਰਾ ਗੂੜ੍ਹਾ ਹੋਣ ਲੱਗ ਪਿਆ ਸੀ।
ਉਸਨੂੰ ਯਾਦ ਆਇਆ ਇਸ ਤੋਂ ਪਹਿਲਾਂ ਵੀ ਅਜਿਹੇ ਸੰਵਾਦ ਉਹਨਾਂ ਵਿਚਕਾਰ ਹੋਏ ਸਨ। ਤੇ ਪਿੱਛੋਂ ਨੰਦਨੀ ਦੀ ਇਹੋ ਚੁੱਪ। ਮੈਂ ਉਂਜ ਈ ਇੰਜ ਕਹਿ ਦਿੱਤਾ। ਕਹਿਣਾ ਨਹੀਂ ਸੀ ਚਾਹੀਦਾ। ਜਿਸ ਗੱਲ ਦਾ ਮੈਨੂੰ ਅਹਿਸਾਸ ਏ, ਮੈਂ ਉਸਨੂੰ ਸ਼ਬਦਾਂ ਵਿਚ ਕਿਉਂ ਲੈ ਆਉਂਦਾ ਆਂ? ਸਭ ਕੁਝ ਤਾਂ ਠੀਕ ਠਾਕ ਚੱਲ ਰਿਹਾ ਸੀ। ਜਦੋਂ ਮੈਂ ਇਸ ਗੱਲ ਨੂੰ ਛੇੜਦਾਂ, ਉਹ ਚੁੱਪ ਵੱਟ ਜਾਂਦੀ ਏ। ਮੈਂ ਵੀ ਮਨੋਂ ਅਜਿਹਾ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਗੱਲ ਮੂੰਹੋਂ ਨਿਕਲ ਈ ਜਾਂਦੀ ਏ। ਨਾ ਚਾਹੁੰਦਿਆਂ ਹੋਇਆਂ ਵੀ। ਮਨ ਵਿਚ ਕਿਤੇ ਡੂੰਘਾ ਇਹ ਅਟਕਿਆ ਹੋਇਆ ਏ। ਨੰਦਨੀ ਤੇ ਉਸ ਰਾਜ ਉਪਾਧਿਆਏ ਨੇ ਇਕ ਦੂਜੇ ਦਾ ਹੱਥ, ਹੱਥ ਵਿਚ ਫੜਿਆ ਹੋਇਆ ਏ—ਜੇ ਮੈਂ ਇਹ ਨਾ ਦੇਖਦਾ ਤਾਂ ਸ਼ਾਇਦ ਮੈਨੂੰ ਕੁਝ ਵੀ ਪਤਾ ਨਾ ਲੱਗਦਾ। ਉਹ ਘਟਨਾ ਅਚਾਨਕ ਅਣਜਾਣੇ ਵਿਚ ਵਾਪਰੀ ਸੀ ਸ਼ਾਇਦ। ਉਹਨਾਂ ਦੋਵਾਂ ਦੇ ਧਿਆਨ ਵਿਚ ਵੀ ਇੰਜ ਨਹੀਂ ਆਇਆ ਹੋਏਗਾ? ਮੈਂ ਉਹਨਾਂ ਦੋਵਾਂ ਨੂੰ ਆਪਣੀ ਗੱਡੀ ਵਿਚ ਲਿਆਇਆ ਸਾਂ। ਉਹ ਪਿਕਨਿਕ ਤੋਂ ਆਏ ਸਨ। ਉਹਨਾਂ ਨੂੰ ਮੈਂ ਗੇਟ 'ਤੇ ਲਾਹ ਦਿੱਤਾ ਸੀ ਤੇ ਗੱਡੀ ਗਰਾਜ ਵਿਚ ਪਾਰਕ ਕਰਨ ਚਲਾ ਗਿਆ ਸਾਂ। ਕਿੰਨਾ ਸਮਾਂ ਲੱਗਿਆ ਹੋਏਗਾ? ਦੋ ਜਾਂ ਤਿੰਨ-ਚਾਰ ਮਿੰਟ। ਤੇ ਉਹਨਾਂ ਦਾ ਅੰਦਾਜ਼ਾ ਫੇਲ੍ਹ ਹੋ ਗਿਆ ਸੀ। ਉਹ ਹਾਲ ਵਿਚ ਖੜ੍ਹੇ ਸਨ। ਦਰਵਾਜ਼ਾ ਖੁੱਲ੍ਹਾ ਸੀ। ਮੈਂ ਵੀ ਉੱਥੇ ਈ ਸਾਂ, ਇਹ ਨਿੱਕੀ ਜਿਹੀ ਗੱਲ ਵੀ ਉਹਨਾਂ ਦੇ ਦਿਮਾਗ਼ ਵਿਚ ਨਹੀਂ ਸੀ ਆਈ? ਮੈਂ ਉਹਨਾਂ ਦੇ ਨਾਲ ਸਾਂ। ਬਸ ਕਾਰ ਪਾਰਕ ਕਰਨ ਲਈ ਦੂਰ ਚਲਾ ਗਿਆ ਸਾਂ ਤੇ ਉਹ ਵੀ ਉੱਥੇ ਈ। ਇੰਜ ਨਹੀਂ ਕਿ ਮੈਂ ਦੌਰੇ 'ਤੇ ਗਿਆ ਸਾਂ ਤੇ ਅਚਾਨਕ ਆ ਗਿਆ ਸਾਂ। ਮੈਨੂੰ ਦੇਖਦਿਆਂ ਈ ਉਹਨਾਂ ਆਪਣਾ ਆਪਣਾ ਹੱਥ ਝਟਕੇ ਨਾਲ ਛੁਡਾਅ ਲਿਆ ਸੀ। ਮੈਂ ਉਹਨਾਂ ਦੋਵਾਂ ਦੀਆਂ ਇਕ ਦੂਜੇ ਵਿਚ ਖੁੱਭੀਆਂ ਅੱਖਾਂ ਦੇਖੀਆਂ ਸਨ। ਚਿਹਰੇ ਦੇ ਹਾਵ-ਭਾਵ ਵੀ। ਮੈਂ ਕੁਛ ਨਹੀਂ ਸੀ ਕਿਹਾ। ਚਿਹਰਾ ਨਾਰਮਲ ਰੱਖਿਆ ਸੀ। ਮਹਿਮਾਨ ਨਿਵਾਜ਼ੀ ਦੇ ਭਾਵਾਂ ਵਾਲਾ। ਸਭਿਅ। ਮੁਸਕੁਰਾਂਦਾ ਹੋਇਆ। ਮੈਂ ਬੂਟ ਲਾਹੇ। ਅੰਦਰ ਜਾ ਕੇ ਚਾਬੀ ਰੱਖ ਆਇਆ। ਫੇਰ ਉਹ ਚਲਾ ਗਿਆ ਸੀ। ਜਾਂਦਾ ਹੋਇਆ ਮੈਥੋਂ ਵੀ ਵਿਦਾਅ ਲੈਂਦਾ ਗਿਆ ਸੀ। ਸਕੂਟਰ ਸਟਾਰਟ ਕਰਨ ਵੇਲੇ ਹੱਥ ਵੀ ਹਿਲਾਇਆ ਸੀ ਉਸਨੇ।
ਉਸਨੂੰ ਯਾਦ ਏ ਇਸ ਘਟਨਾ ਦੇ ਸੰਬੰਧ ਵਿਚ ਉਸਨੇ ਨੰਦਨੀ ਨੂੰ ਕਦੀ ਨਹੀਂ ਸੀ ਪੁੱਛਿਆ; ਅੱਜ ਤਕ ਨਹੀਂ। ਉਸ ਦਿਨ ਮੈਂ ਹਮੇਸ਼ਾ ਵਾਂਗ ਨਹਾਅ ਕੇ, ਕੱਪੜੇ ਬਦਲੇ ਸੀ ਤੇ ਟੀ.ਵੀ. ਦੇਖਦਾ ਰਿਹਾ ਸਾਂ। ਰਾਜੂ ਨਹੀਂ ਸੀ ਇਸ ਲਈ ਉਸੇ ਨਾਲ ਟੇਬਲ 'ਤੇ ਖਾਣਾ ਖਾਧਾ। ਫੇਰ ਟੀ.ਵੀ. ਦੇਖਦਾ ਰਿਹਾ। ਰਾਤੀਂ ਮੈਂ ਕੋਲ ਨਹੀਂ ਆਇਆ। ਵੈਸੇ ਕਈ ਰਾਤਾਂ ਦਾ ਕੋਲ ਨਹੀਂ ਸੀ ਆਇਆ। ਦੂਜੇ ਦਿਨ ਸਵੇਰੇ ਉਠਿਆ—ਜਿਵੇਂ ਕੁਝ ਹੋਇਆ ਈ ਨਾ ਹੋਵੇ। ਨਾਸ਼ਤਾ ਕੀਤਾ, ਬੈਗ ਚੁੱਕਿਆ, ਫੈਕਟਰੀ ਗਿਆ, ਸ਼ਾਮ ਨੂੰ ਦੇਰ ਨਾਲ ਆਇਆ। ਉਦੋਂ ਤਕ ਰਾਜੂ ਵੀ ਆ ਗਿਆ ਸੀ। ਉਸਦੇ ਖਰੀਦੇ ਹੋਏ ਕੱਪੜਿਆਂ ਦੀ ਤਾਰੀਫ਼ ਕੀਤੀ। ਸਾਰਿਆਂ ਨੇ ਮਿਲ ਕੇ ਖਾਣਾ ਖਾਧਾ। ਟੀ.ਵੀ., ਅਖ਼ਬਾਰ, ਨੀਂਦ—ਜੀਵਨ ਅੱਗੇ ਵਧਦਾ ਗਿਆ। ਬਾਅਦ ਵਿਚ ਦੋ ਚਾਰ ਵਾਰੀ ਉਸ ਰਾਜ ਉਪਾਧਿਆਏ ਨਾਲ ਮੁਲਾਕਤ ਵੀ ਹੋਈ। ਮੇਰੇ ਕੁਝ ਕਹਿਣ ਦਾ ਸਵਾਲ ਈ ਨਹੀਂ ਸੀ। ਉਹ ਘਰ ਆਉਂਦਾ ਰਿਹਾ ਹੋਏਗਾ। ਬਾਹਰ ਵੀ ਮਿਲਦੇ ਸਨ ਜਾਂ ਨਹੀਂ, ਮੈਂ ਕਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਫੇਰ ਕੁਝ ਮਹੀਨਿਆਂ ਬਾਅਦ ਉਹ ਗ਼ਾਇਬ ਹੋ ਗਿਆ। ਫੇਰ ਉਸਦੇ ਦਰਸ਼ਨ ਕਦੀ ਨਹੀਂ ਹੋਏ। ਨੰਦਨੀ ਦੀਆਂ ਗੱਲਾਂ ਵਿਚ ਵੀ ਨਹੀਂ। ਉਸਦੀ ਐਸੋਸਿਏਸ਼ਨ ਦੇ ਲੋਕ ਮਿਲਦੇ ਸਨ, ਤਦ ਵੀ ਨਹੀਂ। ਮੈਂ ਫੇਰ ਵੀ ਕੁਝ ਨਹੀਂ ਪੁੱਛਿਆ। ਪੁੱਛ ਕੇ ਕਰਦਾ ਵੀ ਕੀ? ਪੁੱਛਣ 'ਤੇ ਉਸਨੇ ਕੁਝ ਤਾਂ ਕਹਿਣਾ ਈ ਸੀ। ਉਸ ਵਿਚ ਮੈਨੂੰ ਕੋਈ ਰੁਚੀ ਨਹੀਂ ਸੀ। ਉਹ ਐਕਸਪਲੇਨੇਸ਼ਨ ਸੁਣ ਕੇ ਮੇਰਾ ਕੀ ਹੋਣਾ ਸੀ? ਜੋ ਕੁਝ ਮੈਂ ਦੇਖਿਆ ਸੀ, ਉਹਨੂੰ ਭੁੱਲ ਤਾਂ ਜਾਣ ਨਹੀਂ ਸੀ ਲੱਗਾ। ਉਸ ਦੇ ਅੱਗੇ-ਪਿੱਛੇ ਕੀ ਸੀ, ਇਹ ਜਾਣਨ ਦੀ ਮੈਂ ਕੋਸ਼ਿਸ਼ ਨਹੀਂ ਕੀਤੀ।


ਹਨੇਰਾ ਹੋਰ ਗੂੜ੍ਹਾ ਹੋ ਗਿਆ ਸੀ। ਆਸਮਾਨ ਵਿਚ ਤਾਰੇ ਚਮਕਣ ਲੱਗ ਪਏ ਸਨ। ਉਸਨੇ ਉੱਥੋਂ ਚੱਲਣਾ ਚਾਹਿਆ। ਉਹ ਜਾਣਦਾ ਸੀ ਨੰਦਨੀ ਕੁਝ ਨਹੀਂ ਕਹੇਗੀ। ਤੇ ਉੱਥੋਂ ਹਿੱਲੇਗੀ ਵੀ ਨਹੀਂ। ਮੈਂ ਬੈਠਾ ਰਿਹਾ ਤਾਂ ਰਾਤ ਭਰ ਮੇਰੇ ਨਾਲ ਬੈਠੀ ਰਹੇਗੀ। ਹੁਣ ਹਮੇਸ਼ਾ ਵਾਂਗ ਸਭ ਕੁਝ ਦਹੁਰਾਇਆ ਜਾਏਗਾ। ਮੈਂ ਅਜਨਬੀਆਂ ਵਾਂਗ ਸਭ ਕੁਝ ਨਿਪਟਾਂਦਾ ਰਹਾਂਗਾ। ਚੁੱਪ ਵਾਪਰੀ ਰਹੇਗੀ। ਕਹਿਣ-ਸੁਣਨ ਦੀ ਨੌਬਤ ਨਾ ਆਏ, ਟਕਰਾਅ ਟਲਦਾ ਰਹੇ ਏਨੀ ਸਾਵਧਾਨੀ ਵਰਤਦਿਆਂ ਹੋਇਆਂ ਰੋਜ਼ਾਨਾਂ ਜੀਵਨ ਦੇ ਕੰਮ ਹੁੰਦੇ ਰਹਿਣਗੇ। ਜਿਵੇਂ ਜਿਵੇਂ ਸਮਾਂ ਬੀਤੇਗਾ ਓਵੇਂ ਓਵੇਂ ਚੁੱਪ ਦੇ ਪਰਦੇ ਹਟਦੇ ਰਹਿਣਗੇ। ਕੁਝ ਕਾਰਨ ਉਘੜ ਆਉਣਗੇ। ਬੋਲਣਾ ਜ਼ਰੂਰੀ ਹੋ ਜਾਏਗਾ। ਰਾਤ ਹੋਏਗੀ। ਨੀਂਦ ਆਏਗੀ। ਸਵੇਰ ਹੋਏਗੀ। ਨਵਾਂ ਦਿਨ ਉਗਦਾ ਰਹੇਗਾ। ਇਹ ਬਾਤ ਭੁੱਲਣੀ ਪਏਗੀ। ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਏਗੀ। ਪਤੀ-ਪਤਨੀ ਬਹੁਤੀ ਦੇਰ ਚੁੱਪ ਨਹੀਂ ਰਹਿ ਸਕਦੇ।
ਉਸਨੇ ਜਿਵੇਂ ਸੋਚਿਆ ਸੀ, ਸਭ ਕੁਝ ਓਵੇਂ ਹੁੰਦਾ ਗਿਆ। ਉਹ ਕਮਰੇ ਵਿਚ ਗਏ। ਉਸਨੇ ਇੱਛਾ ਨਾ ਹੁੰਦਿਆਂ ਹੋਇਆਂ ਵੀ ਕੁਝ ਚਿਰ ਟੀ.ਵੀ. ਦੇਖਿਆ। ਖਾਣੇ ਦਾ ਆਰਡਰ ਦਿੱਤਾ। ਖਾਣਾ ਤਿਆਰ ਹੋਣ 'ਤੇ ਰੇਸਟੋਰੇਂਟ ਵਿਚ ਜਾ ਕੇ ਖਾਧਾ ਗਿਆ। ਹੋਟਲ ਦੇ ਮੈਨੇਜਰ ਨਾਲ ਗੱਲਾਂ ਹੋਈਆਂ। ਉਸਨੇ ਆਦਤਨ ਪੁੱਛਿਆ, “ਕਮਰਾ ਕੈਸਾ ਹੈ? ਕੋਈ ਔਖ ਤਾਂ ਨਹੀਂ?” ਨੰਦਨੀ ਨੇ ਪੁੱਛਿਆ, “ਮੱਛਰ ਤਾਂ ਨਹੀਂ?” ਉਸਨੇ ਕਾਈਲ ਭੇਜ ਦੇਣ ਦੀ ਗੱਲ ਕਹੀ। ਉਹਨਾਂ ਦਾ ਆਦਮੀ ਆਇਆ। ਕਾਈਲ ਲਾ ਕੇ ਚਲਾ ਗਿਆ। ਉਸਨੇ ਟੀ.ਵੀ. ਆਨ ਕੀਤਾ ਤੇ ਨੰਦਨੀ ਨੇ ਕਿਤਾਬ ਖੋਲ੍ਹ ਲਈ। ਉਸਨੇ ਪੁੱਛਿਆ, “ਆਵਾਜ਼ ਕੋਈ ਦਿੱਕਤ ਤਾਂ ਨਹੀਂ ਦੇ ਰਹੀ?” ਨੰਦਨੀ ਨੇ 'ਨਹੀਂ' ਕਿਹਾ। ਉਸਨੇ ਫੇਰ ਵੀ ਆਵਾਜ਼ ਧੀਮੀ ਕਰ ਦਿੱਤੀ। ਪੁਰਾਣੀ ਫ਼ਿਲਮ ਚੱਲ ਰਹੀ ਸੀ—'ਬੇਨਹਰ'। ਉਸ ਸ਼ਾਨਦਾਰ ਇਤਿਹਾਸਕ ਫ਼ਿਲਮ ਵਿਚ ਮਨ ਰਮ ਗਿਆ। ਉਸਨੇ ਕਿਤਾਬ ਬੰਦ ਕਰ ਦਿੱਤੀ। ਕੱਪੜੇ ਬਦਲੇ। ਬੈਡ ਉੱਤੇ ਜਾ ਪਈ। ਭਾਸਕਰ ਨੇ ਛੋਟੀ ਬੱਤੀ ਜਗਾ ਦਿੱਤੀ। ਉਸਦੀ ਵੀ ਸੌਣ ਦੀ ਇੱਛਾ ਹੋਈ ਪਰ ਉਸਨੂੰ ਧਿਆਨ ਆਇਆ ਕਿ ਨੀਂਦ ਏਨੀ ਜਲਦੀ ਨਹੀਂ ਆਏਗੀ। ਪਾਸੇ ਮਾਰਦੇ ਰਹਿਣ ਨਾਲੋਂ ਚੰਗਾ ਏ, ਫ਼ਿਲਮ ਈ ਦੇਖੀ ਜਾਏ।
ਫ਼ਿਲਮ ਦੇਰ ਰਾਤ ਤਕ ਚੱਲਦੀ ਰਹੀ। ਜਦੋਂ ਖ਼ਤਮ ਹੋਈ ਉਸਨੇ ਟੀ.ਵੀ. ਬੰਦ ਕੀਤਾ—ਸੌਣ ਲਈ ਲੇਟਿਆ ਤਾਂ ਉਸਦੀ ਨਿਗਾਹ ਨੰਦਨੀ 'ਤੇ ਜਾ ਪਈ। ਉਹ ਸੁੱਤੀ ਹੋਈ ਸੀ ਪਰ ਉਸਨੂੰ ਲੱਗਿਆ ਜਾਗ ਰਹੀ ਏ। ਉਸਨੇ ਸਿਰਹਾਣਾ ਠੀਕ ਕੀਤਾ ਫੇਰ ਵੀ ਉਹ ਜਾਗੀ ਨਹੀਂ। ਗੂੜ੍ਹੀ ਨੀਂਦ ਸੁੱਤੀ ਸੀ, ਹਮੇਸ਼ਾ ਵਾਂਗ। ਪੀਲੀ ਮੱਧਮ ਰੋਸ਼ਨੀ ਉਸਦੇ ਚਿਹਰੇ ਉੱਤੇ ਪੈ ਰਹੀ ਸੀ। ਪੈਰਾਂ ਉੱਤੇ ਚਾਦਰ ਲਈ ਹੋਈ ਸੀ। ਇਕ ਹੱਥ ਸਿਰਹਾਣੇ ਹੇਠ ਸੀ, ਇਕ ਪੇਟ ਉੱਤੇ। ਬਾਂਹ ਵਿਚ ਸੋਨੇ ਦਾ ਕੜਾ ਚਮਕ ਰਿਹਾ ਸੀ।
ਭਾਸਕਰ ਕੁਝ ਚਿਰ ਉਸਨੂੰ ਦੇਖਦਾ ਰਿਹਾ। ਕੋਈ ਵਿਚਾਰ ਮਨ ਵਿਚ ਲਿਆਂਦੇ ਬਿਨਾਂ ਦੇਖਦਾ ਰਿਹਾ। ਮੈਨੂੰ ਇੰਜ ਕਹਿਣਾ ਨਹੀਂ ਸੀ ਚਾਹੀਦਾ! ਭਾਵੇਂ ਉਸਨੇ ਕੁਝ ਕਿਹਾ ਨਹੀਂ, ਪਰ ਸਵੇਰ ਦਾ ਬਣਿਆ ਘੁੰਮਣ ਦਾ ਮੂਡ ਤਾਂ ਖ਼ਰਾਬ ਹੋ ਗਿਆ ਨਾ! ਘਰ ਵੀ ਇੰਜ ਕਈ ਵਾਰ ਹੋਇਆ ਏ ਪਰ ਘਰੇ ਕਈ ਕਿਸਮ ਦੇ ਹੋਰ ਕੰਮ-ਧੰਦ ਵੀ ਹੁੰਦੇ ਨੇ। ਕੁਝ ਨਹੀਂ ਤਾਂ ਸਵੇਰੇ ਉਠ ਕੇ ਫੈਕਟਰੀ ਜਾਣ ਕਰਕੇ ਸੌਖ ਰਹਿੰਦੀ ਏ। ਫੈਕਟਰੀ ਦੀ ਵੱਖਰੀ ਦੁਨੀਆਂ ਵਿਚ ਜਾਂਦਿਆਂ ਈ ਸਾਰੀਆਂ ਗੱਲਾਂ ਭੁੱਲੀਆਂ ਜਾਦੀਆਂ ਨੇ। ਸਵੇਰੇ ਕੀ ਹੋਇਆ, ਕੀ ਨਹੀਂ—ਯਾਦ ਈ ਨਹੀਂ ਰਹਿੰਦਾ। ਇੱਥੇ ਇਹ ਸੌਖ ਨਹੀਂ। ਇੱਥੇ ਅਸੀਂ ਦੋਵੇਂ ਆਂ। ਇਕੋ ਕਮਰੇ ਵਿਚ ਬੰਦ। ਬਾਹਰ ਦੁਨੀਆਂ ਏ, ਪਰ ਉਹ ਅਣਜਾਣੀ ਏ। ਉਸ ਦੁਨੀਆਂ ਨਾਲ ਮੇਰਾ ਕੋਈ ਸਰੋਕਾਰ ਨਹੀਂ, ਜਿਸ ਨਾਲ ਮੇਰਾ ਸਬੰਧ ਏ ਉਹ ਸਿਰਫ ਨੰਦਨੀ ਏ ਤੇ ਉਹ ਪਹਿਲਾਂ ਈ ਨੀਂਦ ਵਿਚ ਡੁੱਬ ਗਈ ਏ।
ਉਸਨੇ ਨੰਦਨੀ ਦੀ ਪੂਰੀ ਦੇਹ ਉਪਰ ਨਜ਼ਰਾਂ ਘੁਮਾਈਆਂ। ਮੋਢੇ, ਪੇਟ, ਕਮਰ ਦੇ ਹੇਠਲਾ ਉਭਾਰ। ਗੋਡਿਆਂ ਤਕ ਲਈ ਹੋਈ ਚਾਦਰ ਤੇ ਚਾਦਰ ਵਿਚੋਂ ਝਾਕ ਰਹੇ ਪੈਰ। ਗਾਊਨ ਨੇ ਪੂਰਾ ਸਰੀਰ ਢਕਿਆ ਹੋਇਆ ਸੀ—ਸਿਰਫ ਚਿਹਰਾ, ਗਰਦਨ ਦੇ ਨਾਲ ਲਗਵਾਂ ਹਿੱਸਾ ਤੇ ਹੱਥ ਈ ਨੰਗੇ ਸਨ। ਉਸਨੂੰ ਲੱਗਿਆ ਮੈਂ ਇਸਨੂੰ ਦੇਖ ਤਾਂ ਰਿਹਾ ਹਾਂ ਪਰ ਮੇਰੇ ਸਰੀਰ ਵਿਚ ਕੋਈ ਹਲਚਲ ਨਹੀਂ ਹੋ ਰਹੀ। ਉਹ ਬਿਨਾਂ ਕੱਪੜਿਆਂ ਤੋਂ ਵੀ ਸੁੱਤੀ ਹੁੰਦੀ—ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਮੈਂ ਚਾਹਾਂ ਤਾਂ ਕਦੋਂ ਵੀ ਗਾਊਨ ਉਪਰ ਖਿਸਕਾ ਸਕਦਾ ਆਂ। ਪਰ ਇੱਛਾ ਨਹੀਂ। ਦੁਪਹਿਰੇ ਖ਼ਾਲੀ ਹੋ ਗਿਆ ਆਂ, ਇਸ ਲਈ ਵੀ ਸ਼ਾਇਦ ਇੰਜ ਲੱਗ ਰਿਹਾ ਹੋਏਗਾ। ਇਸ ਨਾਲੋਂ ਵਧ, ਸ਼ਾਮੀਂ ਜੋ ਹੋਇਆ ਉਹ ਵੀ ਇਕ ਕਾਰਨ ਹੋਏਗਾ। ਪਰ ਮੈਂ ਜਾਣ-ਬੁੱਝ ਕੇ ਤਾਂ ਨਹੀਂ ਸੀ ਕਿਹਾ। ਉਂਜ ਈ ਗੱਲ ਛਿੜ ਪਈ ਤੇ ਵਧਦੀ ਗਈ। ਉਹ ਮੇਰੇ ਨਾਲ ਗਈ ਨਹੀਂ ਤੇ ਗੱਲ ਵਧ ਗਈ।
ਉਸਨੂੰ ਲੱਗਿਆ ਹੁਣ ਨੀਂਦ ਟਲ ਜਾਏਗੀ। ਦਿਮਾਗ਼ ਵਿਚ ਫ਼ਿਲਮੀ ਦ੍ਰਿਸ਼ ਘੁੰਮ ਰਹੇ ਨੇ। ਉਹ ਗੋਰੇ-ਗਦਰਾਏ ਬਦਨ, ਨੀਲੇ-ਜਾਮਨੀ ਕੱਪੜੇ, ਤਲਵਾਰਾਂ ਦੀ ਖਣਖਣਾਹਟ। ਰਥਾਂ ਦੀ ਦੌੜ। ਪਹਿਲਾਂ ਵੀ ਦੇਖੀ ਸੀ ਇਹ ਫ਼ਿਲਮ। ਅੱਜ ਦੇਖਣਾ ਜ਼ਰੂਰੀ ਨਹੀਂ ਸੀ ਪਰ ਉਹ ਕਿਤਾਬ ਪੜ੍ਹਨ ਬੈਠ ਗਈ ਤੇ ਉਸਦਾ ਸਾਥ ਨਿਭਾਉਣ ਖਾਤਰ ਮੈਂ ਫ਼ਿਲਮ ਦੇਖਣ ਲੱਗ ਪਿਆ। ਪਰ ਪਹਿਲਾਂ ਉਸਨੇ ਕਿਤਾਬ ਨਹੀਂ ਖੋਲ੍ਹੀ ਸੀ। ਉਹ ਕੁਝ ਚਿਰ ਟੀ.ਵੀ. ਦੇਖਦੀ ਰਹੀ ਸੀ। ਜਦੋਂ ਮੈਂ ਲੜਾਈ ਦੇ ਸੀਨ ਮਨ ਲਾ ਕੇ ਦੇਖਣ ਲੱਗ ਪਿਆ, ਉਦੋਂ ਉਸਨੇ ਕਿਤਾਬ ਖੋਲ੍ਹੀ ਸੀ। ਮੈਨੂੰ ਟੀ.ਵੀ. ਬੰਦ ਕਰ ਦੇਣਾ ਚਾਹੀਦਾ ਸੀ। ਤਦ ਮੈਂ ਉਸਨੂੰ ਕਹਿ ਸਕਦਾ ਸਾਂ ਕਿ 'ਕਿਤਾਬ ਨਾ ਪੜ੍ਹ'—ਇਹ ਸੋਚਣਾ ਚਾਹੀਦਾ ਸੀ। ਖਾਸ ਕਰਕੇ ਉਦੋਂ ਜਦੋਂ ਉਸਨੂੰ ਕੋਲ ਬੁਲਾਇਆ ਹੋਏਗਾ ਉਦੋਂ। ਉਸ ਲਈ ਪਹਿਲਾਂ ਈ ਤਿਆਰ ਹੋਣਾ ਪੈਂਦਾ ਏ। ਉਸਨੇ ਕਾਫੀ ਪਹਿਲਾਂ ਈ ਕਿਹਾ ਸੀ ਕਿ ਉਸਨੂੰ ਕਿੰਜ ਚੰਗਾ ਲੱਗਦਾ ਏ। ਉਹ ਬੋਲੀ ਸੀ, ਸਿੱਧੇ ਬੈਡ 'ਤੇ ਆ ਕੇ ਗਲ਼ੇ ਲੱਗਣਾ ਚੰਗਾ ਨਹੀਂ ਲੱਗਦਾ। ਹੌਲੀ-ਹੌਲੀ ਮਨ ਵਿਚ ਭਾਵ ਉਠਣੇ ਚਾਹੀਦੇ ਨੇ, ਜਦੋਂ ਉਹ ਚਰਮ ਸੀਮਾਂ 'ਤੇ ਪਹੁੰਚ ਜਾਣ ਗਲ਼ੇ ਮਿਲਣਾ ਚਾਹੀਦਾ ਏ, ਬੈੱਡ 'ਤੇ ਜਾਣਾ ਚਾਹੀਦਾ ਏ।
ਸ਼ਾਇਦ ਇਹ ਸੱਚ ਹੋਏਗਾ। ਉਸਨੇ ਸੋਚਿਆ, ਪਰ ਉਸਨੇ ਆਪਣੇ ਮਨ ਨਾਲ ਕਦੀ ਮੈਨੂੰ ਗਲ਼ ਲਾਇਆ ਹੋਏ, ਇੰਜ ਨਾਂਹ ਦੇ ਬਰਾਬਰ ਈ ਹੋਇਆ ਏ। ਮੈਂ ਕੋਲ ਖਿੱਚ ਲੈਂਦਾ ਆਂ ਤਾਂ ਉਹ ਮਨ੍ਹਾਂਹ ਨਹੀਂ ਕਰਦੀ ਤੇ ਨਾ ਈ ਕਮਜ਼ੋਰ ਪੈਂਦੀ ਏ ਪਰ ਕੁਝ ਵੀ ਆਪਣੇ ਮਨੋਂ ਨਹੀਂ ਕਰਦੀ। ਪਹਿਲਾਂ ਮੈਂ ਇਹਨਾਂ ਸਾਰੀਆਂ ਗੱਲਾਂ ਵਲ ਧਿਆਨ ਨਹੀਂ ਸਾਂ ਦੇਂਦਾ। ਓਦੋਂ ਆਵੇਗ ਵਿਚ ਇੰਜ ਵਹਿ ਜਾਂਦਾ ਸਾਂ ਕਿ ਇਹ ਸਭ ਸੋਚਣ ਦੀ ਫੁਰਸਤ ਈ ਨਹੀਂ ਸੀ ਹੁੰਦੀ। ਸਭ ਹੋ ਜਾਂਦਾ। ਕਿੰਜ ਹੋ ਜਾਂਦਾ, ਇਹ ਸਮਝ ਵਿਚ ਨਹੀਂ ਸੀ ਆਉਂਦਾ! ਹੁਣ ਮੈਂ ਸੋਚਦਾਂ, ਇਸੇ ਲਈ ਇਹ ਗੱਲਾਂ ਰੜਕਦੀਆਂ ਨੇ। ਹੁਣ ਸ਼ਾਇਦ ਸੋਚਣ ਦੀ ਉਮਰ ਆ ਗਈ ਏ।
ਉਸਨੇ ਫੇਰ ਉਸ ਚਿਹਰੇ ਨੂੰ ਦੇਖਿਆ। ਉਸਨੇ ਬਿੰਦੀ ਲਾਹੀ ਹੋਈ ਸੀ। ਸ਼ਾਇਦ ਇਸੇ ਕਾਰਨ ਲੱਗ ਰਿਹਾ ਸੀ ਪਰ ਉਸਦਾ ਚਿਹਰਾ ਹੋਰ ਈ ਲੱਗ ਰਿਹਾ ਸੀ। ਮਾਸੂਮ, ਭੋਲਾ-ਭੋਲਾ। ਕਿੰਨੀ ਗੂੜ੍ਹੀ ਨੀਂਦ ਸੌਂਦੀ ਏ ਹਮੇਸ਼ਾ। ਹੁਣ ਵੀ ਘੋੜੇ ਵੇਚ ਕੇ ਸੁੱਤੀ ਪਈ ਏ। ਤੇ ਮੈਂ ਜਾਗ ਰਿਹਾ ਆਂ। ਦਰਅਸਲ ਮੈਂ ਜ਼ਿਆਦਾ ਥੱਕ ਗਿਆਂ। ਚਾਰ ਪੰਜ ਘੰਟੇ ਡਰਾਈਵ ਕੀਤਾ। ਜਿੰਮ ਵਿਚ ਕਸਰਤ। ਸ਼ਾਮ ਦੀ ਸੈਰ। ਢਿੱਡ ਭਰ ਕੇ ਖਾਣਾ ਖਾਧਾ। ਰਾਤ ਦਾ ਸੰਨਾਟਾ ਏ, ਤੇ ਫੇਰ ਵੀ ਨੀਂਦ ਨਹੀਂ ਆ ਰਹੀ। ਨੰਦਨੀ ਕਦੇ ਦੀ ਸੌਂ ਚੱਕੀ ਏ। ਉਸਦੇ ਦਿਮਾਗ਼ ਵਿਚ ਕੀ ਚੱਲ ਰਿਹਾ ਹੋਏਗਾ? ਕੀ ਸ਼ਾਮ ਦੀ ਗੱਲਬਾਤ ਭੁੱਲ ਗਈ ਹੋਏਗੀ? ਚੁੱਪ ਈ ਸਾਧ ਗਈ ਸੀ। ਉਸ ਗੱਲ ਨੂੰ ਭੁੱਲ ਚੁੱਕੀ ਹੋਏਗੀ? ਜਾਂ ਮਨ ਦੇ ਕਿਸੇ ਕੋਨੇ ਵਿਚ ਸਾਂਭ ਛੱਡਿਆ ਹੋਏਗਾ? ਮੈਂ ਇੰਜ ਕਰਦਾ ਆਂ। ਕੁਝ ਦਿਨ ਪਹਿਲਾਂ ਮੇਰੇ ਕੋਲ ਇਕ ਮੈਨੇਜਮੈਂਟ ਕੰਸਲਟੈਂਟ ਆਇਆ ਸੀ। ਉਸਨੇ ਕਿਹਾ ਸੀ। ਇਕ ਸਮੇਂ ਇਕੋ ਵਿਚਾਰ—ਉਸੇ 'ਤੇ ਫੈਸਲਾ। ਫੇਰ ਦੂਜਾ ਵਿਚਾਰ ਜਾਂ ਵਿਸ਼ਾ। ਉਸ ਬਾਰੇ ਕਿਸੇ ਫੈਸਲੇ ਤੇ ਪਹੁੰਚਣ ਤਕ ਬਾਕੀ ਸਾਰੇ ਵਿਸ਼ੇ ਮਨ ਦੇ ਕਿਸੇ ਖਾਨੇ ਵਿਚ ਡੱਕ ਦਿਓ। ਜਦ ਫੁਰਸਤ ਹੋਏਗੀ ਤਦ ਉਹਨਾਂ ਬਾਰੇ ਸੋਚਾਂਗੇ। ਕੀ ਨੰਦਨੀ ਵੀ ਇਵੇਂ ਕਰਦੀ ਹੋਏਗੀ? ਜੇ ਹਾਂ ਤਾਂ ਖਾਸੀ ਮਾਹਿਰ ਏ ਇਸ ਵਿਚ। ਸਵੇਰੇ ਉਹ ਇਸ ਵਿਸ਼ੇ ਵਲ ਇਸ਼ਾਰਾ ਵੀ ਨਹੀਂ ਕਰੇਗੀ। ਹਮੇਸ਼ਾ ਵਾਂਗ ਦਿਨ ਦਾ ਆਰੰਭ ਕਰੇਗੀ। ਉਹ ਆਪਣੀ ਇੱਛਾ ਨਾਲ ਕਦੀ ਗੱਲਾਂ ਕਰਨੀਆਂ ਬੰਦ ਨਹੀਂ ਕਰਦੀ। ਮੈਂ ਈ ਚੁੱਪ ਸਾਧ ਲੈਂਦਾ ਆਂ। ਉਹ ਅਗਲੇ ਪਲ ਈ ਨਵੇਂ ਸਿਰੇ ਤੋਂ ਆਮ ਵਾਂਗ ਹੋ ਜਾਂਦੀ ਏ। ਉਦੋਂ ਜੇ ਮੈਂ ਪਾਣੀ ਉਪਰ ਤੈਰਦੇ ਜਹਾਜ਼ ਬਾਰੇ ਗੱਲ ਕਰਨ ਲੱਗਦਾ ਤਾਂ ਉਹ ਵੀ ਸ਼ਾਮਲ ਹੋ ਜਾਂਦੀ। ਜੇ ਮੈਂ ਉਸਨੂੰ ਨੇੜੇ ਖਿੱਚਦਾ ਤਾਂ ਮੇਰੀਆਂ ਬਾਹਾਂ ਵਿਚ ਆ ਜਾਂਦੀ।
ਪਰ ਓਦੋਂ ਅਜਿਹਾ ਕੁਝ ਕਰਨਾ ਸੰਭਵ ਨਹੀਂ ਸੀ। ਭਾਵਨਾਵਾਂ ਉਫਨਣੀਆ ਚਾਹੀਦੀਆਂ ਨੇ। ਫੇਰ ਅਜਿਹਾ ਕੁਝ ਹੋ ਸਕਦਾ ਏ। ਉਦੋਂ ਮੈਂ ਕੁਝ ਗੁੱਸੇ ਵਿਚ ਸਾਂ। ਮੈਨੂੰ ਇਕੱਲਿਆਂ ਈ ਸੂਰਜ-ਅਸਤ ਜੋ ਦੇਖਣਾ ਪਿਆ ਸੀ। ਉਹ ਮੈਥੋਂ ਵੱਟੀ-ਜਿਹੀ ਰਹਿੰਦੀ ਏ ਇਸ ਕਰਕੇ ਵੀ ਮੈਂ ਖਿਝ ਗਿਆ ਸਾਂ। ਤਦ ਭਲਾ ਮੈਂ ਕਿੰਜ ਉਸਨੂੰ ਨੇੜੇ ਖਿੱਚਦਾ! ਕਮਰੇ ਵਿਚ ਆਣ ਕੇ ਵੀ ਸਥਿਤੀ ਵਿਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ। ਦੂਰੀ ਬਣੀ ਰਹੀ। ਕਦੀ ਦੂਰੀ ਵੱਧੀ ਤੇ ਕਦੀ ਪਾੜਾ। ਕਦੀ ਪਾੜਾ ਨਹੀਂ ਹੁੰਦਾ ਪਰ ਫਾਸਲਾ ਵਧੇਰੇ ਹੁੰਦਾ ਏ। ਬੜੀ ਕਸ਼ਮਕਸ਼; ਬੜੀਆਂ ਉਲਝਣਾ-ਗੁੱਥੀਆਂ।
ਵਿਚਾਰਾਂ ਦੀ ਉਲਝਣ ਵਿਚ ਉਲਝਿਆਂ ਪਤਾ ਨਹੀਂ ਕਦੋਂ ਅੱਖ ਲੱਗ ਗਈ—ਬੱਤੀ ਬੁਝਾਉਣ ਦਾ ਚੇਤਾ ਨਹੀਂ ਰਿਹਾ।

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਸਵੇਰੇ ਦੇਰ ਨਾਲ ਉਸਦੀ ਅੱਖ ਖੁੱਲ੍ਹੀ। ਪਰਦੇ ਖਿਸਕਾਏ ਹੋਏ ਸਨ। ਦਰਵਾਜ਼ਾ ਬੰਦ ਸੀ। ਪੱਕਾ ਪਤਾ ਨਹੀਂ ਲੱਗਿਆ ਕਿ ਦਿਨ ਕਿੰਨਾਂ ਕੁ ਚੜ੍ਹ ਆਇਆ ਹੋਏਗਾ। ਉਸਨੇ ਅੱਖਾਂ ਮਲਦਿਆਂ ਹੋਇਆਂ ਘੜੀ ਦੇਖੀ। ਸਵਾ ਸਤ ਵੱਜ ਚੁੱਕੇ ਸਨ। ਉਹ ਉਠ ਬੈਠਾ ਹੋਇਆ। ਉਸਨੇ ਸੋਚਿਆ ਨੰਦਨੀ ਬਾਥਰੂਮ ਵਿਚ ਹੋਏਗੀ। ਪਰ ਓਥੇ ਵੀ ਬੱਤੀ ਨਹੀਂ ਸੀ।
ਉਸਨੇ ਮੂੰਹ ਧੋਤਾ। ਦਰਵਾਜ਼ਾ ਖੋਲ੍ਹ ਕੇ ਬਾਹਰ ਵਰਾਂਡੇ ਵਿਚ ਆਇਆ। ਉਸਨੂੰ ਲੱਗਿਆ ਸੀ ਕਿ ਉਹ ਕਲ੍ਹ ਵਾਂਗ ਉੱਥੇ ਬੈਠੀ ਕਿਤਾਬ ਪੜ੍ਹ ਰਹੀ ਹੋਏਗੀ। ਉਸਦਾ ਇਹ ਅੰਦਾਜ਼ਾ ਵੀ ਗ਼ਲਤ ਨਿਕਲਿਆ। ਵਰਾਂਡਾ ਖਾਲੀ ਸੀ। ਬਾਹਰ ਤੇਜ਼ ਰੋਸ਼ਨੀ ਸੀ। ਸੂਰਜ ਪਹਾੜੀ ਚੜ੍ਹ ਚੁੱਕਿਆ ਸੀ। ਕਾਟੇਜ ਉੱਤੇ ਹਾਲੇ ਵੀ ਧੁੱਪ ਨਹੀਂ ਸੀ ਆਈ। ਪਰ ਆਸੇ-ਪਾਸੇ ਤੇਜ਼ ਧੁੱਪ ਦੇ ਚਮਕਾਰੇ ਫੈਲੇ ਹੋਏ ਸਨ। ਹਵਾ ਵਿਚ ਹਲਕੀ ਜਿਹੀ ਠੰਡਕ ਸੀ। ਸਮੁੰਦਰ ਉਪਰੋਂ ਆਉਣ ਵਾਲੀ ਹਵਾ ਵਿਚ ਨਮਕੀਨ ਮਹਿਕ ਭਰੀ ਹੋਈ ਸੀ।
ਭਾਸਕਰ ਨੇ ਕਾਟੇਜ ਦੀਆਂ ਪੌੜੀਆਂ ਉਤਰ ਕੇ ਆਸੇ-ਪਾਸੇ ਨਜ਼ਰਾਂ ਦੌੜਾਈਆਂ। ਨੰਦਨੀ ਕਿਧਰੇ ਦਿਖਾਈ ਨਹੀਂ ਦਿੱਤੀ। ਦੂਜੇ ਕਾਟੇਜ ਵਿਚ ਚਾਹ ਲੈ ਕੇ ਜਾਣ ਵਾਲੇ ਬੈਰੇ ਨੂੰ ਉਸਨੇ ਚਾਹ ਲਿਆਉਣ ਲਈ ਕਿਹਾ। ਤੇ ਪੁੱਛ ਵੀ ਲਿਆ ਕਿ ਇਸ ਤੋਂ ਪਹਿਲਾਂ ਚਾਹ ਦੇ ਚੁੱਕਿਆ ਏ ਜਾਂ ਨਹੀਂ?
“ਨਹੀਂ ਸਾਹਬ!” ਬੈਰੇ ਨੇ ਕਿਹਾ ਤੇ ਨਾਲ ਈ ਇਹ ਵੀ ਜੋੜ ਦਿੱਤਾ, “ਮੈਡਮ ਉੱਥੇ ਰੇਸਤਰਾਂ ਵਿਚ ਚਾਹ ਪੀ ਚੁੱਕੇ ਨੇ।”
“ਠੀਕ ਏ। ਤੂੰ ਮੇਰੇ ਲਈ ਚਾਹ ਏਥੇ ਈ ਲੈ ਆ।” ਭਾਸਕਰ ਨੇ ਕਿਹਾ।
ਵਰਾਂਡੇ ਵਿਚ ਬੈਠ ਕੇ ਈ ਉਸਨੇ ਚਾਹ ਦੀਆਂ ਚੁਸਕੀਆਂ ਲਈਆਂ। ਨੰਦਨੀ ਦਾ ਸਵੇਰੇ ਜਲਦੀ ਉਠਣਾ ਉਸ ਲਈ ਹੈਰਾਨੀ ਵਾਲੀ ਗੱਲ ਸੀ। ਉਸਨੇ ਸੋਚਿਆ—'ਅੱਖ ਜਲਦੀ ਖੁੱਲ੍ਹ ਗਈ ਹੋਏਗੀ। ਮੈਂ ਸੁੱਤਾ ਸਾਂ ਇਸ ਲਈ ਉਸਦੀ ਸਮਝ ਵਿਚ ਨਹੀਂ ਆਇਆ ਹੋਏਗਾ ਕਿ ਕੀ ਕੀਤਾ ਜਾਏ? ਇਸੇ ਉਧੇੜ-ਬੁਣ ਵਿਚ ਚਲੀ ਗਈ ਹੋਏਗੀ, ਸਮੁੰਦਰ ਦੇ ਕਿਨਾਰੇ। ਯਾਨੀ ਕਲ੍ਹ ਵਾਂਗ ਈ। ਉਸਨੇ ਮੈਨੂੰ ਜਗਾਇਆ ਕਿਉਂ ਨਹੀਂ? ਕਮ-ਸੇ-ਕਮ ਦੱਸ ਤਾਂ ਜਾਂਦੀ। ਕੀ ਉਸਨੂੰ ਡਰ ਲੱਗਾ ਹੋਏਗਾ? ਕਿਤੇ ਮੈਂ ਨਾਲ ਈ ਨਾ ਤੁਰ ਪਵਾਂ?...ਹੁਣ ਪਤਾ ਨਹੀਂ ਕਦ ਤੀਕ ਆਏਗੀ?...ਜਾਂ ਉੱਥੇ ਬੈਠੀ-ਬੈਠੀ ਕਿਤੇ ਗਵਾਚ ਗਈ ਹੋਏਗੀ...ਕੀ ਉਸਨੂੰ ਚੇਤੇ ਵੀ ਹੋਏਗਾ ਕਿ ਉਸਦਾ ਪਤੀ ਨਾਲ ਹੈ ਜਾਂ ਨਹੀਂ...?'
ਫੇਰ ਉਹੀ ਪੀੜ ਉਭਰੀ। ਬੈਠੇ-ਬੈਠੇ ਉਸਨੇ ਸਮੁੰਦਰ ਵਲ ਜਾਣ ਵਾਲੀ ਪਗਡੰਡੀ ਉੱਤੇ ਨਿਗਾਹ ਮਾਰੀ। ਨਾਰੀਅਲ ਦੇ ਰੁਖਾਂ ਵਿਚ ਹਲਚਲ ਸੀ। ਬਾਕੀ ਸਭ ਸ਼ਾਂਤ ਸੀ। ਉਸਨੇ ਸਮੁੰਦਰ ਕਿਨਾਰੇ ਜਾ ਕੇ ਉਸਨੂੰ ਦੇਖ ਆਉਣਾ ਚਾਹਿਆ। ਕਿਨਾਰਾ ਲੰਮਾਂ-ਚੌੜਾ ਤਾਂ ਹੈ ਨਹੀਂ ਸੀ। ਮੈਂ ਝੱਟ ਉਸਨੂੰ ਲੱਭ ਲਵਾਂਗਾ। ਭਾਸਕਰ ਨੇ ਸੋਚਿਆ। ਉਸਨੇ ਝੱਟ ਕੱਪੜੇ ਚੜਾਏ। ਟ੍ਰੈਕ ਪੈਂਟ ਪਾਈ। ਜ਼ਿੰਦਰਾ ਮਾਰੇ ਕਿ ਖੁੱਲ੍ਹਾ ਛੱਡ ਜਾਏ, ਕੁਝ ਚਿਰ ਇਸੇ ਦੁਚਿੱਤੀ ਵਿਚ ਫਸਿਆ ਰਿਹਾ। ਓਦੋਂ ਈ ਨੰਦਨੀ ਆਉਂਦੀ ਹੋਈ ਦਿਖਾਈ ਦਿੱਤੀ। ਉਸਦੇ ਹੱਥਾਂ ਵਿਚ ਗ਼ੁਲਾਬ ਦੇ ਦੋ ਫੁੱਲ ਸਨ।
“ਸਮੁੰਦਰ ਕਿਨਾਰੇ ਗਈ ਸੀ ਨਾ?”
“ਨਹੀਂ ਜੀ! ਕਿਸਨੇ ਕਿਹੈ?” ਨੰਦਨੀ ਨੇ ਹੈਰਾਨੀ ਨਾਲ ਪੁੱਛਿਆ।
“ਸਮੁੰਦਰ ਕਿਨਾਰੇ ਨਹੀਂ ਗਈ ਸੀ?”
“ਨਹੀਂ। ਮੈਂ ਇਹਨਾਂ ਦੇ ਬਗ਼ੀਚੇ 'ਚ ਘੁੰਮ ਰਹੀ ਸਾਂ। ਬੜੀ ਨਰਸਰੀ ਏ ਇੱਥੇ। ਉੱਥੇ ਮਾਲੀ ਕੰਮ ਕਰ ਰਿਹਾ ਸੀ। ਕਾਫੀ ਸਾਰੀਆਂ ਫੁੱਲਾਂ ਦੀਆਂ ਕਿਆਰੀਆਂ ਨੇ। ਉਸਨੇ ਮੈਨੂੰ ਕਾਫੀ ਕੁਝ ਦਿਖਾਇਆ।”
“ਮੈਨੂੰ ਲੱਗਿਆ ਤੂੰ ਸਮੁੰਦਰ ਕਿਨਾਰੇ ਗਈ ਐਂ।”
ਇਸ ਉੱਤੇ ਉਸਨੇ ਅੱਖਾਂ ਚੁੱਕ ਕੇ ਭਾਸਕਰ ਵਲ ਸਿਰਫ ਦੇਖਿਆ, ਪਰ ਕੁਝ ਬੋਲੀ ਨਹੀ। ਪੌੜੀਆਂ ਚੜ੍ਹ ਕੇ ਉੱਤੇ ਆਈ। ਬਗ਼ੀਚੇ ਵਿਚ ਸ਼ਾਇਦ ਧੁੱਪ ਸੀ। ਉਸਦਾ ਚਿਹਰਾ ਲਾਲ ਹੋਇਆ ਹੋਇਆ ਸੀ।
“ਤੁਸੀਂ ਇੰਜ ਕਿਉਂ ਸੋਚਿਆ?”
ਭਾਸਕਰ ਦੀ ਸਮਝ ਵਿਚ ਨਹੀਂ ਆਇਆ, ਕੀ ਜਵਾਬ ਦਏ। ਉਹ ਸਿਟਪਿਟਾ ਗਿਆ।
“ਤੂੰ ਏਥੇ ਨਹੀਂ ਸੈਂ ਇਸ ਲਈ ਸੋਚਿਆ।”
“ਨਹੀਂ ਗਈ ਨਹੀਂ ਉੱਥੇ। ਬਗ਼ੀਚੇ ਵਿਚ ਸਾਂ। ਪਰ ਗਈ ਵੀ ਹੁੰਦੀ ਤਾਂ ਕੀ ਵਿਗੜ ਜਾਂਦਾ?”
“ਮੈਂ ਇੰਜ ਥੋੜ੍ਹਾ ਈ ਕਿਹਾ ਏ। ਮੈਂ ਤਾਂ ਸਿਰਫ ਪੁੱਛਿਆ ਏ। ਜਾਣਾ ਚਾਹੁੰਦੀ ਏਂ ਤਾਂ ਭਾਵੇਂ ਹੁਣ ਚਲੀ ਜਾਅ।”
ਉਸਨੇ ਕੁਝ ਨਹੀਂ ਕਿਹਾ। ਹੱਥਲੇ ਗ਼ੁਲਾਬ ਸਿਰਫ ਸੁੰਘੇ।
“ਤੁਹਾਨੂੰ ਛੱਡ ਕੇ ਜਾਣ ਦਾ ਮਨ ਨਹੀਂ ਹੋਇਆ।”
“ਵਾਹ! ਮੇਰੀ ਖੁਸ਼ਕਿਸਮਤੀ।”
“ਤੁਸੀਂ ਸਵੇਰੇ-ਸਵੇਰੇ ਇਹ ਕਹਿ ਰਹੇ ਓ—ਇਹ ਗੁੱਡ ਮੌਰਨਿੰਗ ਏ ਕਿ—?”
ਉਸਨੂੰ ਓਪਰਾ ਜਿਹਾ ਲੱਗਿਆ—ਪਰ ਉਹ ਚੁੱਪ ਰਿਹਾ।
“ਫੁੱਲ ਗੁਲਦਸਤੇ ਵਿਚ ਲਾ ਆਵਾਂ।” ਕਹਿ ਕੇ ਉਹ ਅੰਦਰ ਚਲੀ ਗਈ।
ਨਾਸਮਝੀ ਵਿਚ ਉਹ ਖੜ੍ਹਾ ਰਿਹਾ। ਫੇਰ ਪੌੜੀਆਂ 'ਤੇ ਬੈਠ ਗਿਆ। ਕੁਝ ਚਿਰ ਵਿਚ ਨੰਦਨੀ ਬਾਹਰ ਆਈ।
“ਤੂੰ ਕਦ ਜਾਗ ਗਈ?” ਬਾਹਰ ਆਉਂਦੀ ਨੂੰ ਉਸਨੇ ਪੁੱਛਿਆ।
“ਸਾਢੇ ਛੇ ਵੱਜੇ ਸਨ।”
“ਮੈਨੂੰ ਜਗਾ ਲੈਣਾ ਸੀ। ਹੋ ਆਉਂਦੇ ਸਮੁੰਦਰ ਕਿਨਾਰੇ।”
“ਤੁਸੀਂ ਗੂੜ੍ਹੀ ਨੀਂਦ 'ਚ ਸੌ। ਘੁਰਾੜੇ ਮਾਰ ਰਹੇ ਸੌ। ਕਲ੍ਹ ਦੇ ਥੱਕੇ ਹੋਏ ਵੀ ਸੌ, ਇਸ ਲਈ ਨਹੀਂ ਜਗਾਇਆ।”
“ਤੂੰ ਕੀ ਕੀਤਾ?”
“ਕੁਛ ਨਹੀਂ। ਬਾਹਰ ਆਈ। ਚੰਗਾ ਲੱਗਿਆ। ਟਹਿਲਦੀ-ਟਹਿਲਦੀ ਬਗ਼ੀਚੇ ਤਕ ਗਈ। ਉਹਨਾਂ ਲੋਕਾਂ ਨੇ ਈ ਪੁੱਛਿਆ, 'ਚਾਹ ਪਿਓਗੇ?' ਮੈਂ ਚਾਹ ਪੀਤੀ ਤੇ ਬਗ਼ੀਚੇ ਵਿਚ ਘੁੰਮਦੀ ਰਹੀ।”
“ਉਸ ਬੈਅਰੇ ਨੇ ਮੈਨੂੰ ਦੱਸਿਆ ਕਿ ਤੂੰ ਚਾਹ ਪੀ ਲਈ ਏ। ਤਦ ਮੈਂ ਸੋਚਿਆ ਤੂੰ ਜ਼ਰੂਰ ਸਮੁੰਦਰ ਕਿਨਾਰੇ ਗਈ ਹੋਏਂਗੀ। ਇਸ ਲਈ ਮੈਂ ਵੀ ਤੈਨੂੰ ਲੱਭਣ ਖਾਤਰ ਉਧਰ ਈ ਜਾਣ ਲੱਗਾ ਸਾਂ।”
“ਚੱਲੋ, ਹੁਣ ਚਲੇ ਚੱਲਦੇ ਆਂ।”
“ਮੈਂ ਉਸ ਪਹਾੜੀ 'ਤੇ ਜਾਣ ਬਾਰੇ ਸੋਚ ਰਿਹਾ ਸਾਂ—ਸਵੇਰੇ ਸਵਖਤੇ ਉਠ ਕੇ। ਕਿਉਂਕਿ ਧੁੱਪ ਚੜ੍ਹ ਆਉਣ ਪਿੱਛੋਂ ਉੱਥੇ ਜਾਣਾ ਮੁਸ਼ਕਿਲ ਹੋਏਗਾ।”
“ਇਹ ਪਿਛਲੀ ਪਹਾੜੀ? ਉਫ਼! ਖਾਸੀ ਉੱਚੀ ਏ।”
“ਬਹੁਤੀ ਨਹੀਂ। ਚੰਗੀ ਸੋਹਣੀ ਪਗਡੰਡੀ ਵੀ ਤਾਂ ਹੈ।”
“ਮੈਂ ਨਹੀਂ ਚੜ੍ਹ ਸਕਾਂਗੀ। ਮੇਰਾ ਦਮ ਪੱਟਿਆ ਜਾਏਗਾ।”
“ਕਿਉਂ ਨਹੀਂ ਚੜ੍ਹ ਸਕੇਂਗੀ? ਹੌਲੀ-ਹੌਲੀ ਚੱਲਾਂਗੇ।”
“ਨਹੀਂ। ਤੁਸੀਂ ਅੱਕ ਜਾਓਗੇ। ਤੁਸੀਂ ਤੇਜ਼-ਤੇਜ਼ ਚੜ੍ਹੋਗੇ ਤੇ ਮੈਂ ਕੱਛੂ ਵਾਂਗ। ਇਸ ਤੋਂ ਚੰਗਾ ਏ ਤੁਸੀਂ ਹੋ ਆਓ।”
ਉਹ ਕੁਝ ਬੋਲਿਆ ਨਹੀਂ। ਸੋਚਦਾ ਰਿਹਾ—ਇਹ ਤਾਂ ਕਲ੍ਹ ਵਾਲੀ ਗੱਲ ਈ ਦਹੁਰਾਈ ਜਾ ਰਹੀ ਏ।
“ਮੈਂ ਸੱਚ ਕਹਿ ਰਹੀ ਆਂ।”
“ਠੀਕ ਐ। ਅਸੀਂ ਇੱਥੇ ਬੈਠੇ ਰਹਾਂਗੇ। ਅਸੀਂ ਦੋਵੇਂ ਇਕੱਠੇ ਆਏ ਆਂ ਨਾ?...ਫੇਰ ਮੇਰੇ ਇਕੱਲੇ ਜਾਣ ਦਾ ਕੋਈ ਮਤਲਬ ਨਹੀਂ।”
“ਤੁਸੀਂ ਇੰਜ ਕਿਉਂ ਸੋਚ ਰਹੇ ਓ? ਹਾਂ ਤਾਂ ਅਸੀਂ ਇਕੱਠੇ ਈ ਨਾ।”
“ਮੈਨੂੰ ਇੰਜ ਨਹੀਂ ਲੱਗਦਾ।” ਭਾਸਕਰ ਨੇ ਉਸ ਵਲ ਦੇਖਦਿਆਂ ਹੋਇਆਂ ਕਿਹਾ।
ਉਸਦੀਆਂ ਨਜ਼ਰਾਂ ਦਾ ਸਾਹਮਣਾ ਕਰਦੀ ਹੋਈ ਉਹ ਚੁੱਪ ਰਹੀ—ਕੁਝ ਚਿਰ ਤਕ, ਸਾਹਮਣੇ ਵਾਲੇ ਦ੍ਰਿਸ਼ ਨੂੰ ਦੇਖਦੀ ਹੋਈ। ਫੇਰ ਖਰੀ ਆਵਾਜ਼ ਵਿਚ ਬੋਲੀ, “ਭਾਸਕਰ, ਤੁਸੀਂ ਇੰਜ ਕਿਉਂ ਕਹਿੰਦੇ ਓ?”
“ਕਿਉਂਕਿ ਮੈਨੂੰ ਇੰਜ ਲੱਗਦਾ ਏ।”
“ਇੰਜ ਲੱਗਣ ਦਾ ਕਾਰਨ ਕੀ ਏ?”
ਉਹ ਮੁਸਕੁਰਾਇਆ।
“ਇੰਜ ਕਿਉਂ ਮੁਸਕੁਰਾ ਰਹੇ ਓ?”
ਉਸਨੇ ਮੁਸਕਾਨ ਉੱਤੇ ਰੋਕ ਲਾਈ ਪਰ ਉਹ ਜਾਣਦਾ ਸੀ ਕਿ ਉਸਦੇ ਚਿਹਰੇ ਦੇ ਭਾਵਾਂ ਵਿਚ ਕੋਈ ਪਰੀਵਰਤਨ ਨਹੀਂ ਆਇਆ।
“ਭਾਸਕਰ, ਤੁਸੀਂ ਜਾਣਦੇ ਓ ਕਿ ਮੈਂ ਤੁਹਾਨੂੰ ਬੇਹੱਦ ਪਿਆਰ ਕਰਦੀ ਆਂ। ਮੇਰੇ ਜੀਵਨ ਵਿਚ ਤੁਹਾਡੀ ਜਿਹੜੀ ਜਗ੍ਹਾ ਐ, ਸਭ ਤੋਂ ਉੱਚੀ ਏ।”
ਉਹ ਤੁਰੰਤ ਕੁਝ ਨਹੀਂ ਬੋਲਿਆ ਪਰ ਪੌੜੀਆਂ ਤੋਂ ਉਠ ਕੇ ਵਰਾਂਡੇ ਦੀ ਕੰਧ ਨਾਲ ਲੱਗ ਕੇ ਬੈਠ ਗਿਆ। ਫੇਰ ਕਹਿਣ ਲੱਗਾ, “ਪਰ ਤੇਰੇ ਅੰਦਰ ਕੀ ਚੱਲ ਰਿਹੈ, ਮੇਰੀ ਸਮਝ ਤੋਂ ਪਰ੍ਹੇ ਐ।”
“ਕੀ ਚੱਲ ਰਿਹਾ ਏ, ਮੇਰੇ ਅੰਦਰ?”
“ਇਹੀ, ਜੋ ਤੂੰ ਪੜ੍ਹਦੀ ਏਂ, ਸੋਚਦੀ ਏਂ। ਤੇਰੇ ਉਹ ਦੋਸਤ, ਸਹੇਲੀਆਂ। ਤੁਸੀਂ ਕੀ ਕਰਦੇ ਰਹਿੰਦੇ ਓ?”
“ਇਸ ਵਿਚ ਨਵਾਂ ਕੁਝ ਹੈ ਕਿ? ਮੈਂ ਨਾ ਤਾਂ ਨੌਕਰੀ ਕਰਦੀ ਆਂ, ਨਾ ਕੋਈ ਬਿਜਨੇਸ। ਮੈਂ ਸਾਰਾ ਦਿਨ ਘਰੇ ਰਹਿੰਦੀ ਆਂ ਇਸ ਲਈ ਮੈਂ ਆਪਣਾ ਮਨ ਰਮਾਇਆ ਏ—ਇਹ ਸਭ ਮੇਰੇ ਕਾਰਨ ਨੇ, ਇਸੇ ਕਰਕੇ ਮੇਰੀ ਮਿੱਤਰ ਮੰਡਲੀ ਬਣੀ ਏਂ।”
“ਤੇ ਤੂੰ ਉਸੇ ਵਿਚ ਮਗਨ ਰਹਿੰਦੀ ਏਂ?”
“ਇਸ ਵਿਚ ਅਨੋਖਾ ਕੀ ਏ? ਤੁਸੀਂ ਨਹੀਂ ਆਪਣੇ ਕਾਰੋਬਾਰ ਵਿਚ ਮਗਨ ਰਹਿੰਦੇ? ਕਿੰਨੇ ਡੁੱਬੇ-ਖੁੱਭੇ ਰਹਿੰਦੇ ਓ!”
“ਮੇਰੇ ਕਹਿਣ ਦਾ ਉਹ ਮਤਲਬ ਨਹੀਂ। ਮੇਰਾ ਕੰਮ-ਧੰਦੇ ਵਿਚ ਡੁੱਬ ਜਾਣਾ ਸਾਡੇ ਸਾਰਿਆਂ ਲਈ ਐ। ਘਰ-ਪਰਿਵਾਰ, ਰਾਜੂ-ਤੂੰ, ਸਾਡੇ ਸਾਰਿਆਂ ਲਈ। ਸਭ ਪਾਰਦਰਸ਼ੀ ਏ। ਤੇਰਾ ਮਾਮਲਾ ਇੰਜ ਨਹੀਂ। ਜੋ ਹੈ ਸਿਰਫ ਨਿੱਜ ਦੀ ਖਾਤਰ ਐ।”
“ਮੈਂ ਸਮਝ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਓ। ਪਰ ਇੰਜ ਹਰੇਕ ਨਾਲ ਹੁੰਦਾ ਏ।” ਉਸਨੇ ਕੁਝ ਚਿਰ ਚੁੱਪ ਰਹਿਣ ਪਿੱਛੋਂ ਕਿਹਾ। ਤਦ ਤਕ ਉਹ ਅੱਖਾਂ ਗੱਡੀ ਉਸ ਵਲ ਦੇਖਦੀ ਰਹੀ ਸੀ।
“ਮੈਂ ਹੋਰਾਂ ਦੀ ਗੱਲ ਨਹੀਂ ਕਰ ਰਿਹਾ। ਕੀ ਪਤੀ-ਪਤਨੀ ਵਿਚਕਾਰ ਇੰਜ ਹੋਣਾ ਚਾਹੀਦਾ ਏ?”
“ਕਿਉਂ?...ਨਾ ਹੋਵੇ?”
“ਸਿਰਫ ਹੋਣ ਜਾਂ ਨਾ ਹੋਣ ਦਾ ਸਵਾਲ ਨਹੀਂ। ਜੋ ਹੋਣਾ ਚਾਹੀਦਾ ਐ, ਉਸਦਾ ਵੀ ਮੈਨੂੰ ਪਤਾ ਨਹੀਂ ਲੱਗਦਾ।”
“ਜਦ ਪੁੱਛੋਂਗੇ ਈ ਨਹੀਂ, ਪਤਾ ਕਿੰਜ ਲੱਗੇਗਾ?ਮੈਂ ਕਲ੍ਹ ਈ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਜਾਣਨ ਵਿਚ ਰੁਚੀ ਈ ਨਹੀਂ ਹੁੰਦੀ। ਹੈ ਇੱਛਾ? ਮੈਂ ਕੁਝ ਦੱਸਾਂ ਤਾਂ ਸਮਝ ਲਓਗੇ? ਸ਼ਾਂਤੀ ਨਾਲ ਸੁਣ ਸਕੋਗੇ?”
ਭਾਸਕਰ ਨੂੰ ਆਪਣਾ ਤਨ ਤਪਦਾ ਹੋਇਆ ਲੱਗਿਆ। ਮਨ ਵਿਚ ਉਹੀ ਹਮੇਸ਼ਾ ਵਰਗੀ ਚੀਸ ਉਠੀ। ਉਸਨੇ ਨੰਦਨੀ ਵਲ ਦੇਖਿਆ। ਉਹ ਸਿੱਧੀ ਉਸੇ ਵਲ ਦੇਖ ਰਹੀ ਸੀ। ਕੁਝ ਛਿਣ ਲਈ ਉਸਦਾ ਮਨ ਗੜਬੜਾ ਗਿਆ। ਉਸਨੂੰ ਲੱਗਿਆ ਝਖੇੜੇ ਵਿਚ ਫਸ ਗਿਆ ਏ। ਅੱਗੇ ਵਧੇ ਜਾਂ ਪਿੱਛੇ ਮੁੜ ਪਏ? ਅੱਗੇ ਜਾਣੋ ਉਹ ਡਰ ਰਿਹਾ ਸੀ। ਪਿੱਛੇ ਤਾਂ ਉਹ ਹਮੇਸ਼ਾ ਆਪਣੇ ਆਪ ਨੂੰ ਘਸੀਟਦਾ ਰਿਹਾ ਸੀ ਪਰ ਇਸ ਨਾਲ ਅੱਜ ਤਕ ਹੋਇਆ ਕੁਝ ਨਹੀਂ ਸੀ। ਅੱਗੇ ਕੀ ਹੋਏਗਾ? ਜੋ ਜਾਣਦਾ ਆਂ ਉਹੀ? ਤੇ ਅੱਗੇ ਜਾਣ ਵਾਲੀ ਗੱਲ ਕਿੱਥੇ ਐ? ਜਿੱਥੇ ਹਾਂ, ਉੱਥੇ ਈ ਆਂ ਤੇ ਰਹਾਂਗਾ।
“ਕਿਉਂ ਨਹੀਂ ਸੁਣਾਗਾ? ਪੁੱਛਿਆ ਨਹੀਂ ਪਰ ਸੁਣਾਗਾ ਵੀ ਨਹੀਂ, ਇੰਜ ਥੋੜ੍ਹਾ ਈ ਏ?” ਭਾਸਕਰ ਨੇ ਸਹਿ ਸੁਭਾਅ ਕਹਿ ਦਿੱਤਾ।
“ਤੁਹਾਡੇ ਮਨ ਵਿਚ ਇਕੋ ਕੀੜਾ ਰੀਂਘ ਰਿਹਾ ਏ ਨਾ? ਮੇਰੇ ਦੋਸਤ ਕੌਣ ਕੌਣ ਨੇ? ਕਿਹੜਾ ਮੇਰਾ ਖਾਸ ਦੋਸਤ ਏ?”
“ਮੇਰੇ ਮਨ 'ਚ ਨਹੀਂ। ਜੋ ਵੀ ਏ ਉਹ ਤੇਰੇ ਮਨ ਵਿਚ ਈ ਏ। ਸਮਝੀ?”
“ਠੀਕ ਏ। ਮੇਰੇ ਮਨ ਵਿਚ ਈ ਸਹੀ। ਗਣੇਸ਼ ਰਾਜ ਉਪਾਧਿਆਏ ਨਾਲ ਮੇਰੀ ਦੋਸਤੀ ਸੀ। ਤੇ ਮੈਂ ਨਹੀਂ ਮੰਨਦੀ ਕਿ ਉਸ ਵਿਚ ਕੁਛ ਗ਼ਲਤ ਸੀ।”
“ਗ਼ਲਤ ਤਾਂ ਮੈਂ ਵੀ ਨਹੀਂ ਕਿਹਾ।”
“ਹਾਂ ਸੱਚ ਏ ਤੁਸੀਂ ਅਜਿਹਾ ਕੁਝ ਨਹੀਂ ਕਿਹਾ। ਪਰ ਤੁਸੀਂ ਕੁਛ ਜਾਣਦੇ ਨਹੀਂ ਓ ਇਸ ਲਈ ਤੁਸੀਂ ਅਜਿਹਾ ਕੁਛ ਨਹੀਂ ਕਿਹਾ। ਭਾਸਕਰ, ਮੈਂ ਚੰਗੀ ਤਰ੍ਹਾਂ ਤੁਹਾਡੇ ਮਨ ਨੂੰ ਜਾਣਦੀ ਆਂ। ਤੁਸੀਂ ਸੋਚ ਰਹੇ ਓ ਕਿ ਕਿਸ ਲਈ ਚਾਹੀਦੀ ਹੁੰਦੀ ਐ ਅਜਿਹੀ ਦੋਸਤੀ। ਹੈ-ਨਾ?”
“ਨਹੀਂ। ਮੈਂ ਸਮਝ ਸਕਦਾ ਆਂ ਕਿ ਦੋਸਤੀ ਦੀ ਜ਼ਰੂਰਤ ਹੁੰਦੀ ਏ। ਦੋਸਤੀ ਹੋ ਸਕਦੀ ਏ। ਮੈਨੂੰ ਕੁਛ ਗ਼ਲਤ ਨਹੀਂ ਲੱਗਦਾ।”
“ਗੱਲ ਇਹ ਨਹੀਂ...ਮੈਂ ਦੋਸਤੀ ਦੇ ਉਸ ਸਰੂਪ ਨੂੰ ਲੈ ਕੇ ਗੱਲ ਕਰ ਰਹੀ ਆਂ।”
“ਮੈਂ ਨਹੀਂ ਜਾਣਦਾ।”
“ਇਹੀ ਤਾਂ ਗੱਲ ਏ। ਰਾਜ ਉਪਾਧਿਆਏ ਕੋਈ ਗਰੇਟ ਆਦਮੀ ਨਹੀਂ ਸੀ। ਉਹ ਰੇਲਵੇ ਵਿਚ ਕੰਮ ਕਰਦਾ ਸੀ। ਬਦਲੀ ਹੋਈ ਸੀ, ਇਸ ਲਈ ਇੱਥੇ ਆ ਗਿਆ। ਪੁਰਾਣੇ ਮੰਦਰਾਂ ਦਾ ਉਸਨੇ ਕਾਫੀ ਅਧਿਅਨ ਕੀਤਾ ਸੀ। ਸ਼ੌਕ ਸੀ ਉਸਦਾ। ਸਾਡੇ ਗਰੁੱਪ ਵਿਚ ਆਉਣ ਤੋਂ ਪਹਿਲਾਂ ਈ ਉਸਨੇ ਕਾਫੀ ਕੁਝ ਦੇਖ-ਖੋਜ ਲਿਆ ਸੀ। ਇਸ ਲਈ ਸਾਡੇ ਗਰੁੱਪ ਨੂੰ ਉਸਦਾ ਬੜਾ ਲਾਭ ਹੋਣ ਲੱਗਿਆ ਸੀ। ਖਾਸ ਕਰਕੇ...ਯਾਨੀ...।”
“ਯਾਨੀ? ਕੀ?”
“ਉਸਨੂੰ ਕੋਈ ਵੀ ਗੱਲ ਝੱਟ ਸਮਝ ਆ ਜਾਂਦੀ ਸੀ। ਸਾਹਮਣੇ ਵਾਲਾ ਕੀ ਕਹਿ ਰਿਹਾ ਏ ਉਹ ਯਕਦਮ ਸਮਝ ਜਾਂਦਾ ਸੀ। ਕਿਸੇ ਵੀ ਵਿਸ਼ੇ ਦੀ ਕਮਾਲ ਦੀ ਸਮਝ ਸੀ ਉਸਨੂੰ। ਸ਼ਾਇਦ ਇਹ ਇਕ ਖਾਸੀਅਤ ਹੁੰਦੀ ਏ ਕਿਸੇ ਕਿਸੇ ਵਿਚ ਜਾਂ ਫੇਰ ਖਾਸ ਬੁੱਧੀ ਮਿਲੀ ਹੁੰਦੀ ਏ ਉਸਨੂੰ। ਗੱਲ ਭਾਵੇਂ ਫ਼ਿਲਮ ਦੀ ਹੋਵੇ, ਕਿਸੇ ਕਿਤਾਬ ਦੀ ਹੋਵੇ, ਮੰਦਰ ਸੰਬੰਧੀ ਹੋਵੇ ਜਾਂ ਕਿਸੇ ਦੀ ਪਰਸਨਲ ਪ੍ਰਾਬਲਮ ਹੋਵੇ—ਉਹ ਧਿਆਨ ਨਾਲ ਸੁਣਦਾ ਸੀ। ਆਪਣੀ ਰਾਏ ਦੇਂਦਾ ਨਾ ਦੇਂਦਾ ਪਰ ਸੁਣਦਾ ਸੀ—ਤੇ ਆਪਣੀ ਗੱਲ ਕੋਈ ਧਿਆਨ ਨਾਲ ਸੁਣ ਰਿਹਾ ਏ, ਸਮਝ ਰਿਹਾ ਏ, ਇਸ ਵਿਚ ਜਿਹੜਾ ਕਮਾਲ ਦਾ ਆਨੰਦ ਹੁੰਦਾ ਏ ਉਹ ਦੱਸਣ ਵਾਲੇ ਨੂੰ ਮਿਲ ਜਾਂਦਾ ਸੀ। ਉਸਦੇ ਇਸੇ ਗੁਣ ਕਰਕੇ ਮੇਰੀ ਤੇ ਉਸਦੀ ਦੋਸਤੀ ਵਧਦੀ ਗਈ।”
ਭਸਾਕਰ ਚੁੱਪਚਾਪ ਸੁਣਦਾ ਰਿਹਾ। ਸ਼ਵੇਰ ਦੀ ਸ਼ਾਂਤੀ ਆਸੇ-ਪਾਸੇ ਖਿੱਲਰੀ ਹੋਈ ਸੀ। ਹਾਫ਼ ਪੈਂਟ ਪਾਈ ਇਕ ਕਰਮਚਾਰੀ ਲੰਮੀ ਹਰੀ ਰਬੜ ਦੀ ਪਾਈਪ ਚੁੱਕੀ ਉਸਦੇ ਸਾਹਮਣਿਓਂ ਲੰਘਿਆ। ਉਹ ਸ਼ਾਇਦ ਬਗ਼ੀਚੇ ਦੀ ਟੂਟੀ ਨਾਲ ਪਾਈਪ ਜੋੜ ਕੇ ਘਾਹ ਨੂੰ ਪਾਣੀ ਲਾਉਣ ਆਇਆ ਸੀ। ਉਸਨੇ ਓਵੇਂ ਈ ਕੀਤਾ। ਘਾਹ ਉੱਤੇ ਪਾਣੀ ਛਿੜਕਣ ਲੱਗਾ। ਰੁੱਖਾਂ ਉੱਤੇ ਪੰਛੀਆਂ ਦੀ ਚਹਿਚਹਾਟ ਵਧ ਗਈ। ਦੋ ਤਿੰਨ ਚਿੜੀਆਂ ਹੇਠਾਂ ਆ ਕੇ ਪਾਣੀ ਵਿਚ ਕਲੋਲ ਕਰਨ ਲੱਗ ਪਈਆਂ। ਉਸਨੇ ਧਿਆਨ ਨਾਲ ਸੁਣੀ—ਸਮੁੰਦਰ ਵੀ ਆਵਾਜ਼। ਨਾਰੀਅਲ ਦੇ ਰੁੱਖਾਂ ਪਿੱਛੇ ਸਮੁੰਦਰ ਦਾ ਚਮਕਦਾ ਪਾਣੀ ਉੱਫ਼ਨ ਰਿਹਾ ਸੀ।
“ਮੈਂ ਉਸ ਨਾਲ ਦੋਸਤੀ ਇਸ ਲਈ ਨਹੀਂ ਸੀ ਕੀਤੀ ਕਿ ਮੈਨੂੰ ਇਕੱਲਾਪਨ ਰੜਕ ਰਿਹਾ ਸੀ ਜਾਂ ਕਿਸੇ ਗੱਲ ਦੀ ਕਮੀ ਸੀ।” ਨੰਦਨੀ ਉਹ ਵਲ ਦੇਖ ਕੇ ਬੋਲੀ, “ਦੋਸਤੀ ਹੋ ਗਈ—ਆਪਣੇ ਆਪ। ਤੁਸੀਂ ਜਾਣਦੇ ਓ, ਮੈਨੂੰ ਪੁਰਾਣੇ ਮੰਦਰਾਂ ਨਾਲ ਕਿੰਨਾ ਲਗਾਅ ਐ। ਸਾਡੇ ਗਰੁੱਪ ਕਾਰਨ ਮੈਨੂੰ ਮੰਦਰਾਂ ਬਾਰੇ ਹੋਰ ਜਾਣਕਾਰੀ ਮਿਲਣ ਲੱਗੀ। ਵਰਨਾ ਸਿਰਫ ਦੇਖਣਾ ਤੇ ਅੰਦਾਜ਼ੇ ਲਾਉਣਾ, ਏਨਾ ਈ ਹੁੰਦਾ ਸੀ। ਰਾਜ ਉਪਾਧਿਆਏ ਕਰਕੇ ਹੋਰ ਤਰਤੀਬ-ਬੱਧ ਜਾਣਕਾਰੀ ਮਿਲਣ ਲੱਗੀ। ਉਹ ਹਰੇਕ ਗੱਲ ਦੀ ਪਿਛਲੀ ਭੂਮਿਕਾ, ਵਿਗਿਆਨ, ਸਮਝਾ ਕੇ ਸਾਰੀਆਂ ਸ਼ੰਕਾਵਾਂ ਦਾ, ਸਮੱਸਿਆਵਾਂ ਦਾ ਹੱਲ ਪੇਸ਼ ਕਰਦਾ ਸੀ। ਚੰਗਾ ਲੱਗਦਾ ਸੀ। ਈਸ਼ਵਰ ਦੇ ਹੋਰ ਨੇੜੇ ਆਉਣ ਦਾ ਅਹਿਸਾਸ ਹੋਣ ਲੱਗਦਾ ਸੀ। ਸਾਡਾ ਗਰੁੱਪ ਹੁਣ ਸਿਸਟੇਮੈਟਿਕ ਕੰਮ ਕਰਨ ਲੱਗ ਪਿਆ ਸੀ। ਸੁਸਥਿਰ ਹੋ ਗਿਆ ਸੀ। ਤਦ ਹੋਰ ਫੁਰਨੇਂ ਫੁਰਨ ਲੱਗੇ। ਇਕ ਵਾਰੀ ਦੁਪਹਿਰ ਦੇ ਤਿੰਨ ਵਜੇ ਅਸੀਂ ਇਕ ਮੰਦਰ ਦੇਖਣ ਗਏ। ਮੰਦਰ ਬੰਦ ਸੀ। ਪ੍ਰਾਈਵੇਟ ਸੀ। ਮਾਲਕ ਸੌਂ ਗਿਆ ਸੀ। ਸ਼ਾਮ ਤਕ ਸਮਾਂ ਬਿਤਾਉਣਾ ਸੀ। ਅਸੀਂ ਸਿਨੇਮਾ ਦੇਖਣ ਚਲੇ ਗਏ। ਮਜ਼ਾ ਆਇਆ। ਉਦੋਂ ਈ ਮੰਦਰ ਦੇਖਣ ਦੂਜੇ ਸ਼ਹਿਰਾਂ ਵਿਚ ਜਾਣ ਦੀ ਯੋਜਨਾ ਬਣੀ। ਉਸਨੇ ਨਾਲ ਕਈ ਸਵਾਲ ਉੱਠੇ। ਕੌਣ ਗੱਡੀ ਲੈ ਕੇ ਕਿੱਥੇ ਆਏਗਾ। ਗੱਡੀ ਕਿਸਦੀ ਹੋਏਗੀ?...ਕੌਣ ਖਾਣ ਲਈ ਕੀ ਲਿਆਏਗਾ?...ਫੇਰ ਇਕ ਦੂਜੇ ਦੇ ਘਰ-ਪਰਿਵਾਰ ਬਾਰੇ ਗੱਲਾਂ ਛਿੜ ਪਈਆਂ। ਰਾਜ ਉਪਾਧਿਆਏ ਇਕੱਲਾ ਰਹਿੰਦਾ ਸੀ। ਫੈਮਿਲੀ ਪਿੰਡ ਈ ਛੱਡ ਆਇਆ ਸੀ। ਉਸਦਾ ਕਵਾਰਟਰ ਖਾਸਾ ਵੱਡਾ ਸੀ। ਇਸ ਲਈ ਅਸੀਂ ਉੱਥੇ ਇਕੱਠੇ ਹੋਣ ਲੱਗੇ।”
ਅਣਜਾਣੇ ਈ ਭਾਸਕਰ ਦੇ ਚਿਹਰੇ ਉੱਤੇ ਮੁਸਕਾਨ ਦੀ ਲਕੀਰ ਉਭਰੀ। ਉਸਨੂੰ ਲੱਗਿਆ ਇਹ ਕਹਾਣੀ ਮੈਂ ਜਾਣਦਾ ਆਂ। ਮੈਂ ਦੱਸ ਸਕਦਾ ਆਂ ਅੱਗੇ ਕੀ ਹੋਇਆ ਹੋਏਗਾ, ਉਸਨੂੰ—ਤੇ ਉਹ ਨਾ ਵੀ ਦਸੇ ਤਾਂ ਵੀ ਮੈਂ ਜਾਣਦਾ ਆਂ। ਇਹ ਕਹਾਣੀਆਂ ਇੰਜ ਈ ਹੁੰਦੀਆਂ ਨੇ। ਇਕੋ ਤਰ੍ਹਾਂ ਅੱਗੇ ਵਧਦੀਆਂ ਨੇ। ਇਕ ਦੋ ਵਾਰੀ ਮੈਂ ਕੰਪਨੀ ਦੀ ਜੀਪ ਵੀ ਭੇਜੀ ਸੀ। ਉਹ ਸਾਡੇ ਘਰ ਵੀ ਇਕੱਠੇ ਹੁੰਦੇ ਸਨ। ਘਰ ਵੱਡਾ ਏ। ਖ਼ਾਲੀ ਰਹਿੰਦਾ ਏ। ਕੰਪਨੀ ਤੋਂ ਜਲਦੀ ਆ ਕੇ ਮੈਂ ਉਹਨਾਂ ਲੋਕਾਂ ਦੀ ਮਹਿਮਾਨ ਨਿਵਾਜ਼ੀ ਵੀ ਤਾਂ ਕੀਤੀ ਏ। ਕਦੀ ਕਿਸੇ ਗੱਲ ਲਈ ਮਨ੍ਹਾਂ ਨਹੀਂ ਕੀਤਾ। ਹਰ ਘਰ ਵਿਚ ਇੰਜ ਹੁੰਦਾ ਏ। ਪਤਨੀ ਦੇ, ਪਤੀ ਦੇ, ਬੱਚੇ ਦੇ ਆਪੋ-ਆਪਣੇ ਸਰਕਲ ਹੁੰਦੇ ਨੇ। ਰਾਜੂ ਦੇ ਸਕੂਲ ਵਿਚ ਮਾਤਾ-ਪਿਤਾ ਦਾ ਵੀ ਸਰਕਲ ਸੀ। ਉਸ ਵਿਚ ਸ਼ਾਮਲ ਹੋਣਾ ਪੈਂਦਾ ਸੀ। ਉਸ ਵਿਚ ਮਜ਼ਾ ਵੀ ਆਉਂਦਾ ਸੀ। ਭਾਂਤ-ਭਾਂਤ ਦੇ ਲੋਕ ਮਿਲਦੇ ਸੀ। ਇੰਟਰੈਸਟਿੰਗ ਹੁੰਦਾ ਏ। ਇਹਨਾਂ ਦੇ ਗਰੁੱਪ ਦੇ ਟੀਚਰ ਆਨੰਦ ਜੀ ਪਿੰਡ ਦੇ ਨੇ। ਮਿਲਦੇ ਨੇ ਤਾਂ ਪਿੰਡ ਦੀਆਂ ਗੱਲ ਛਿੜ ਪੈਂਦੀਆਂ ਨੇ। ਮਜ਼ਾ ਆਉਂਦਾ ਏ। ਇਸ ਵਿਚ ਕੋਈ ਖਾਸ ਗੱਲ ਨਹੀਂ। ਪਰ ਹੱਥ 'ਤੇ ਹੱਥ ਮਾਰਨ ਦੀ ਕੀ ਲੋੜ ਹੁੰਦੀ ਏ? ਪਤੀ ਦੀ ਮੌਜ਼ੂਦਗੀ ਦਾ ਵੀ ਖ਼ਿਆਲ ਨਹੀਂ ਰਹਿੰਦਾ?
“ਮੈਂ ਜਾਣਦੀ ਆਂ ਤੁਸੀਂ ਹੁਣ ਕੀ ਸੋਚਣ ਲੱਗ ਪਏ ਓ?” ਨੰਦਨੀ ਨੇ ਕਿਹਾ, “ਤੁਹਾਨੂੰ ਲੱਗਦਾ ਏ ਇਹ ਸਭ ਹੁੰਦਾ ਈ ਏ। ਇਸ ਵਿਚ ਨਵਾਂ ਕੀ ਐ? ਫੇਰ ਅਸੀਂ ਗਰੁੱਪ ਦੇ ਬਗ਼ੈਰ ਵੀ ਮਿਲਣ ਲੱਗੇ। ਮੈਂ ਤੇ ਰਾਜ ਉਪਾਧਿਆਏ। ਜਾਣਬੁੱਝ ਕੇ ਨਹੀਂ, ਪਰ ਮਿਲਦੇ ਰਹੇ। ਉਸ ਨਾਲ ਗੱਲਾਂ ਕਰਨੀਆਂ ਆਸਾਨ ਸੀ ਕਿਉਂਕਿ ਮੈਂ ਕੀ ਕਹਿਣਾ ਚਾਹੁੰਦੀ ਆਂ—ਉਹ ਇਨਬਿਨ ਸਮਝ ਲੈਂਦਾ ਸੀ; ਸੁਣ ਵੀ ਲੈਂਦਾ ਸੀ।”
“ਕੀ?”
“ਕੁਛ ਵੀ।”
“ਕੁਛ ਵੀ?”
“ਹਾਂ।”
“ਤੂੰ ਮੈਨੂੰ ਤਾਂ ਕਦੀ ਕੁਛ ਨਹੀਂ ਕਿਹਾ—ਮੈਂ ਕਦੀ ਕੋਈ ਗੱਲ ਅਣਸੁਣੀ ਕੀਤੀ ਏ ਕਿ?”
“ਸਿਰਫ ਸੁਣਦਾ ਈ ਨਹੀਂ ਜੀ।”
“ਹੋਰ ਫੇਰ? ਕੀ ਮੈਂ ਕਦੀ ਇੰਨਟਰੈਸਟ ਨਹੀਂ ਦਿਖਾਇਆ? ਮੈਂ ਕਈ ਵਾਰੀ ਤੁਹਾਨੂੰ ਲੋਕਾਂ ਨੂੰ ਮੰਦਰਾਂ ਬਾਰੇ ਜਾਣਕਾਰੀ ਦਿੱਤੀ ਏ ਨਾ? ਸਿਨੇਮਾ-ਨਾਟਕ ਬਾਰੇ ਅਸੀਂ ਵੀ ਤਾਂ ਗੱਲਾਂ ਕਰਦੇ ਆਂ ਕਿ ਨਹੀਂ?”
“ਇਹ ਗੱਲ ਨਹੀਂ ਜੀ। ਮੈਂ ਕਿੰਜ ਸਮਝਾਵਾਂ ਤੁਹਾਨੂੰ? ਇੰਜ ਬੋਲਣ-ਸੁਣਨ ਦੀ ਗੱਲ ਨਹੀਂ ਕਰ ਰਹੀ ਮੈਂ। ਇਸ ਤੋਂ ਅੱਗੇ ਵੀ ਕਈ ਗੱਲਾਂ ਹੁੰਦੀਆਂ ਨੇ। ਮਨ ਵਿਚ ਲਗਾਤਾਰ ਉਭਰਦੀਆਂ ਰਹਿੰਦੀਆਂ ਨੇ। ਤੇ ਉਸੇ ਵੇਲੇ ਕਿਸੇ ਨੂੰ ਦੱਸਣ ਦੀ ਇੱਛਾ ਹੁੰਦੀ ਏ। ਕਈ ਵਾਰੀ ਤਾਂ ਮਾਮੂਲੀ ਗੱਲਾਂ ਹੁੰਦੀਆਂ ਨੇ। ਤੇ ਮਨ ਹੁੰਦਾ ਏ ਕਿ ਬਿਨ-ਕਿਹਾਂ ਈ ਕੋਈ ਸਮਝ ਲਏ। ਉਦੋਂ ਤੁਸੀਂ ਨਹੀਂ ਹੁੰਦੇ ਨਾ। ਤੁਸੀਂ ਫੈਕਟਰੀ ਵਿਚ ਜਾਂ ਕਿਧਰੇ ਹੋਰ ਰੁੱਝੇ ਹੁੰਦੇ ਓ। ਮੈਂ ਉਸ ਵੇਲੇ ਦੀਆਂ ਗੱਲਾਂ ਦੀ ਗੱਲ ਕਰ ਰਹੀ ਆਂ।”
ਭਾਸਕਰ ਦੀ ਸਮਝ ਵਿਚ ਨਹੀਂ ਆਇਆ ਕਿ ਕੀ ਕਿਹਾ ਜਾਏ। ਕੰਮ, ਉਲਝਣਾ ਤਾਂ ਸਦਾ ਈ ਰਹਿੰਦੀਆਂ ਨੇ। ਹਮੇਸ਼ਾ ਕੋਈ ਪਤਨੀ ਕੋਲ ਤਾਂ ਬੈਠ ਨਹੀਂ ਸਕਦਾ—ਤੇ ਪਤਨੀ ਵੀ ਅਜਿਹੇ ਵਿਹਲੜ ਨੂੰ ਕੋਲ ਬੈਠਣ ਦਏਗੀ ਕਿ? ਕੰਮ ਦੇ ਰੁਝੇਵਿਆਂ ਤੇ ਵਪਾਰਕ ਕੰਪੀਟੀਸ਼ਨ ਨੂੰ ਛੱਡ ਕੇ, ਕੋਈ ਵੀ ਪਤੀ ਚੌਵੀ ਘੰਟੇ ਸਿਰਫ ਪਤਨੀ ਨੂੰ ਤਾਂ ਦੇ ਨਹੀਂ ਸਕਦਾ।
“ਉਸ ਰਾਜ ਉਪਾਧਿਆਏ ਦਾ ਵੀ ਕੋਈ ਕੰਮ-ਧੰਦਾ ਤਾਂ ਸੀ ਈ ਨਾ? ਫੈਮਿਲੀ ਨਹੀਂ ਸੀ ਉਸਦੀ ਤਾਂ ਵੀ ਕੰਮ 'ਤੇ ਤਾਂ ਜਾਂਦਾ ਈ ਸੀ ਨਾ?” ਉਸਨੇ ਪੁੱਛਿਆ।
“ਇਹ ਗੱਲ ਨਹੀਂ ਏ ਜੀ। ਉਹ ਵੀ ਨੌਕਰੀ ਕਰਦਾ ਸੀ। ਸ਼ਿਫਟ ਡਿਊਟੀ ਸੀ ਇਸ ਲਈ ਸਮਾਂ ਮਿਲ ਜਾਂਦਾ ਸੀ ਉਸਨੂੰ। ਪਰ ਏਥੇ ਮੁੱਦਾ ਸਮੇਂ ਦਾ ਨਹੀਂ ਏਂ—ਸਾਡੇ ਵਿਚਕਾਰ ਕਈ ਰੁਚੀਆਂ, ਵਿਸ਼ੇ ਸਾਂਝੇ ਸਨ ਜਿਹੜੇ ਸਾਨੂੰ ਦੋਵਾਂ ਨੂੰ ਨੇੜੇ ਲਿਆਉਂਦੇ ਗਏ।”
ਭਾਸਕਰ ਨੂੰ ਲੱਗਿਆ ਉਸਦਾ ਬਦਨ ਤਪ ਰਿਹਾ ਏ। ਕੀ ਹੁੰਦਾ ਏ ਰੁਚੀਆਂ-ਵਿਸ਼ੇ ਸਮਾਨ ਨਾ ਹੋਣ ਨਾਲ? ਹੈ ਕੋਈ ਜ਼ਿੰਮੇਵਾਰੀ? ਜ਼ਿੰਮੇਵਾਰੀਆਂ ਅਸੀਂ ਨਿਭਾਉਂਦੇ ਆਂ। ਕਸ਼ਟ ਸਹਿੰਦੇ ਆਂ। ਮਿਹਨਤ ਕਰਦੇ ਆਂ। ਪੈਸਾ, ਕਾਨੂੰਨ, ਕਸਟਮਰ—ਹਜ਼ਾਰਾਂ ਉਲਝਣਾ। ਘਰ ਗ੍ਰਹਿਤੀ ਇੰਜ ਈ ਨਹੀਂ ਨਿਭਦੀ ਪੁਰਾਣੇ ਮੰਦਰਾਂ ਦੇ ਸ਼ਾਸ਼ਤਰਾਂ ਉੱਤੇ ਬਹਿਸ ਕਰਕੇ। ਸਿਰ ਖਪਾਉਣਾ ਪੈਂਦਾ ਏ। ਦੇਹ ਗਾਲਣੀ ਪੈਂਦੀ ਏ। ਹੱਥ ਤੋੜਵੀਂ ਮਿਹਨਤ ਕਰਨੀ ਪੈਂਦੀ ਏ।
“ਅਸੀਂ ਕੀ ਗੱਪਾਂ ਨਹੀਂ ਮਾਰਦੇ? ਹੋਰ ਇਹ ਕੀ ਕਰ ਰਹੇ ਆਂ? ਘਰ ਵਿਚ ਵੀ ਗੱਲਾਂ ਕਰਦੇ ਰਹਿੰਦੇ ਆਂ ਨਾ? ਫੈਕਟਰੀ ਮੈਂ ਸਿਰਫ ਅੱਠ ਘੰਟੇ ਜਾਂਦਾ ਆਂ। ਹੁਣ ਤਾਂ ਏਸ ਤੋਂ ਵੀ ਘੱਟ ਸਮੇਂ ਲਈ ਜਾਂਨਾਂ।” ਭਾਸਕਰ ਵਰ੍ਹ ਗਿਆ।
“ਮੈਂ ਤੁਹਾਡੇ ਨਾਲ ਤੁਲਨਾਂ ਨਹੀਂ ਕਰ ਰਹੀ। ਉਹਨੀਂ ਦਿਨੀ ਤੁਸੀਂ ਅਤਿ ਵਿਆਸਤ ਰਹਿੰਦੇ ਸੀ। ਤੁਹਾਡੇ ਬਗ਼ੈਰ ਵਾਲੇ ਸਮੇਂ ਦੀ ਗੱਲ ਕਰ ਰਹੀ ਆਂ। ਉਸਦੀ ਕੰਪਨੀ ਬੜੀ ਅੱਛੀ ਏ।”
ਹਾਂ ਤਾਂ ਇਹ ਗੱਲ ਏ। ਭਾਸਕਰ ਮਨ ਈ ਮਨ ਬੜਬੜਾਇਆ। ਅੱਛੀ ਕੰਪਨੀ। ਔਰਤਾਂ ਦੀ ਇਹੋ ਖਾਸੀਅਤ। ਅਸੀਂ ਜਾਣਦੇ ਆਂ। ਘਰ ਵਿਚ ਸਭ ਠੀਕ ਠਾਕ ਹੁੰਦਾ ਏ। ਖਾਸਾ ਵਿਹਲਾ ਸਮਾਂ ਹੁੰਦਾ ਏ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ। ਨਾ ਭਾਂਡੇ ਮਾਂਜਣੇ ਹੁੰਦੇ ਨੇ ਨਾਲ ਝਾੜੂ ਲਾਉਣੀ ਹੁੰਦੀ ਏ। ਪਤੀ ਦੀ ਕੰਪਨੀ ਭਲਾ ਕਿਉਂ ਚੰਗੀ ਲੱਗਦੀ? ਪਤੀ ਵਿਚਾਰਾ ਕਿਹੜੀਆਂ ਗੱਲਾਂ ਕਰਦਾ? ਗੰਦਾ ਪਾਣੀ? ਆਰਡਰ ਦੀ ਡੈਡਲਾਇੰਸ, ਮੰਟੇਨੰਸ ਦੇ ਲਫੜੇ। ਲੇਬਰ ਦੇ ਪ੍ਰਾਬਲੇਮ? ਕਾਨੂੰਨ ਦੇ ਝੰਜਟ? ਇਹਨਾਂ ਵਿਚ ਪਤਨੀ ਨੂੰ ਕੀ ਰੁਚੀ ਹੋਏਗੀ? ਕਰਕੇ ਦੇਖੋ ਇਹ ਸਾਰੀਆਂ ਗੱਲਾਂ। ਫੇਰ ਪਤਾ ਲੱਗੇਗਾ। ਚਾਹੋ ਤਦ ਵੀ ਸਮਾਂ ਨਹੀਂ ਮਿਲਦਾ। ਲੋਕ ਪਾਣੀ ਗੰਦਾ ਕਰਨ। ਟੱਟੀ-ਪਿਸ਼ਾਬ ਕਰਕੇ। ਤੇ ਅਸੀਂ ਪਾਣੀ ਸਾਫ ਕਰੀਏ। ਅਸੀਂ ਕਰਦੇ ਆਂ ਸਫਾਈ, ਇਸ ਲਈ ਦੂਜੇ ਚੈਨ ਨਾਲ ਰਹਿੰਦੇ ਨੇ। ਵਰਨਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ। ਫੇਰ ਤੇਰਾ ਕੀ ਬਣਨ-ਵਿਗੜਨ ਲੱਗਾ ਐ? ਇੰਜ ਕਰਕੇ ਦਿਖਾਓ ਚਰਚਾ ਕਰਕੇ ਕਿ ਮੰਦਰ ਦਾ ਕਲਸ਼ ਚਕੋਰ ਐ ਜਾਂ ਅੱਠ ਖੂੰਜਾ ਐ?
ਭਾਸਕਰ ਦਾ ਚਿਹਰਾ ਅਜੀਬ ਜਿਹਾ ਹੋ ਗਿਆ ਸੀ। ਉਸਨੇ ਸੋਚਿਆ ਜੋ ਮਨ ਵਿਚ ਸੋਚ ਰਿਹਾ ਆਂ ਉਹ ਸਭ ਕਹਿ ਦੇਵਾਂ। ਉਸਨੂੰ ਸਮਝਾਅ ਦਿਆਂ। ਪਰ ਉਹ ਚੁੱਪ ਰਿਹਾ। ਸੂਰਜ ਕਾਫੀ ਉਪਰ ਚੜ੍ਹ ਆਇਆ ਸੀ। ਚਾਰੇ ਪਾਸੇ ਧੁੱਪ ਫੈਲੀ ਹੋਈ ਸੀ। ਹਰੀਆਂ ਪੱਤੀਆਂ ਚਮਕ ਰਹੀਆਂ ਸਨ। ਘਾਹ ਉੱਤੇ ਸ਼ਬਨਮ ਦੀਆਂ ਬੂੰਦਾਂ ਸਨ। ਪੌੜੀਆਂ 'ਤੇ ਛਾਂ ਸੀ। ਸਮੁੰਦਰ ਦੀ ਆਵਾਜ਼ ਧੀਮੀ ਪੈ ਗਈ ਸੀ। ਪਾਣੀ ਨੀਲਾ ਹੋ ਗਿਆ ਸੀ। ਹਵਾ ਰੁਕ ਗਈ ਸੀ। ਗਰਮਾਹਟ ਭਰ ਗਈ ਸੀ।
“ਤੂੰ ਇਹ ਸਭ ਮੈਨੂੰ ਉਦੋਂ ਈ ਕਿਉਂ ਨਹੀਂ ਕਿਹਾ?” ਭਾਸਕਰ ਨੇ ਅਚਾਨਕ ਪੁੱਛਿਆ। “ਤੇ ਹੁਣ ਕਹੇਂਗੀ, ਤੁਸੀਂ ਪੁੱਛਿਆ ਈ ਕਦੋਂ ਏ?”
“ਮੈਂ ਇਹੀ ਤਾਂ ਕਹਿਣਾ ਚਾਹ ਰਹੀ ਆਂ।”
“ਕੀ?”
“ਮਨ ਵਿਚ ਜਿਹੜੇ ਇਹ ਵਿਚਾਰ ਆਉਂਦੇ ਨੇ ਨਾ—ਉਹਨਾਂ ਨੂੰ ਸੁਣਨ ਲਈ ਬਹੁਤਿਆਂ ਕੋਲ ਸਮਾਂ ਨਹੀਂ ਹੁੰਦਾ। ਇੰਜ ਕਰਨਾ ਕਦੀ ਮਿਥ ਕੇ ਨਹੀਂ ਹੋ ਸਕਦਾ। ਕੋਈ ਵਿਚਾਰ ਅਚਾਨਕ ਮਨ ਵਿਚ ਆਉਂਦਾ ਏ ਤੇ ਆਪਣੇ-ਆਪ ਕਹਿ ਦਿੱਤਾ ਜਾਂਦਾ ਏ। ਕਦੋਂ ਕਿਸ ਵੇਲੇ ਮਨ ਵਿਚ ਕੀ ਆਏਗਾ, ਪਤਾ ਥੋੜ੍ਹਾ ਈ ਹੁੰਦਾ ਏ। ਇਹ ਤੈਅ-ਸ਼ੁਦਾ ਨਹੀਂ ਹੁੰਦਾ, ਇਸ ਲਈ ਇਸ ਦਾ ਪ੍ਰਗਟਾਵਾ ਵੀ ਮਿਥ-ਮਿਥਾ ਕੇ ਨਹੀਂ ਹੋ ਸਕਦਾ।”
“ਮੇਰੇ ਕੁਛ ਪੱਲੇ ਨਹੀਂ ਪੈ ਰਿਹਾ, ਤੂੰ ਇਹ ਸਭ ਕੀ ਕਹਿ ਰਹੀ ਏਂ।” ਉਸਨੇ ਕਿਹਾ, “ਹਾਂ ਠੀਕ ਐ, ਦੋਸਤੀ ਹੋਈ, ਤੁਸੀਂ ਮਿਲਦੇ ਰਹੇ। ਸਮਝ ਗਿਆ ਅੱਗੇ?”
“ਅੱਗੇ?”
“ਹਾਂ, ਅੱਗੇ ਕੀ ਹੋਇਆ?”
ਉਸਨੇ ਗ਼ੌਰ ਕੀਤਾ ਨੰਦਨੀ ਕੁਝ ਕਹਿੰਦੀ ਕਹਿੰਦੀ ਚੁੱਪ ਹੋ ਗਈ। ਬਿਲਕੁਲ ਚੁੱਪ! ਉਹਨਾਂ ਦੋਵਾਂ ਵਿਚਕਾਰ ਚੁੱਪ ਵਾਪਰ ਗਈ। ਉਸਨੇ ਨੰਦਨੀ ਵਲ ਦੇਖਿਆ। ਉਸਨੇ ਕਲ੍ਹ ਵਾਲੀ ਡਰੈਸ ਈ ਪਾਈ ਹੋਈ ਸੀ। ਪਛਾਣਦਾ ਏ ਉਹ ਉਸਦੀ ਇਸ ਡਰੈਸ ਨੂੰ। ਸਰੋਂ ਰੰਗੀ ਸਲਵਾਰ ਤੇ ਉਸ ਤੋਂ ਹਲਕੀ ਸ਼ੇਡ ਦਾ ਜੈਂਪਰ। ਨਿੱਕੀ ਨਿੱਕੀ ਕਢਾਈ। ਜਮਾਨੀ ਰੰਗ ਦੀ ਨੱਕਾਸ਼ੀ। ਮੋਢਿਆਂ ਉਪਰ ਚੁੰਨੀ। ਨੰਦਨੀ ਅੰਦਰ ਬਾਹਰ ਦੇਖ ਰਹੀ ਸੀ।
“ਤੂੰ ਉਸਨੂੰ ਪ੍ਰੇਮ ਕਰਨ ਲੱਗੀ ਸੈਂ ਨਾ?” ਭਾਸਕਰ ਨੇ ਪੁੱਛ ਤਾਂ ਲਿਆ ਪਰ ਉਸਨੂੰ ਆਪਣੇ ਇਹਨਾਂ ਸ਼ਬਦਾਂ ਉੱਤੇ ਬੜੀ ਹੈਰਾਨੀ ਹੋਈ।
ਨੰਦਨੀ ਨੇ ਤ੍ਰਬਕ ਕੇ ਉਸ ਵਲ ਦੇਖਿਆ। ਸ਼ਾਇਦ ਉਸਨੇ ਸੋਚਿਆ ਨਹੀਂ ਸੀ ਕਿ ਉਹ ਅਜਿਹਾ ਕੁਝ ਪੁੱਛੇਗਾ। ਉਹ ਕੁਝ ਚਿਰ ਚੁੱਪ ਰਹੀ।
“ਮੈਂ ਨਹੀਂ ਸੋਚਦੀ ਕਿ...ਪਰ।”
“ਪਰ ਕੀ?”
“ਦੋਸਤੀ, ਚੰਗੀ ਹੋ ਗਈ ਸੀ। ਉਹ ਭਲਾ ਆਦਮੀ ਸੀ! ਇਸ ਲਈ...”
“ਇਸ ਲਈ ਕੀ?...”
ਉਹ ਕੁਝ ਕਹਿਣ ਲੱਗੀ ਸੀ ਪਰ ਉਹ ਹਾਫ ਪੈਂਟ ਵਾਲਾ ਆਦਮੀ ਫੇਰ ਉੱਥੋਂ ਲੰਘਿਆ। ਹੱਥ ਵਿਚ ਝਾੜੂ ਫੜੀ ਦੂਜਾ ਵੀ ਉਸਦੇ ਨਾਲ ਸੀ।
“ਉੱਥੋਂ ਮਾਰਨ ਲੱਗ ਪੈ...ਫੇਰ ਅੱਗੇ ਆਵੀਂ। ਉਸ ਹੇਠਾਂ ਵਾਲੇ ਰੁੱਖ ਤਕ ਝਾੜੂ ਮਾਰਨਾ ਏਂ। ਇਕ ਵੀ ਪੱਤਾ ਡਿੱਗਿਆ ਦਿਖਾਈ ਨਹੀਂ ਦੇਣਾ ਚਾਹੀਦਾ।” ਉਸਨੇ ਝਾੜੂ ਵਾਲੇ ਆਦਮੀ ਨੂੰ ਕਿਹਾ।
ਫੇਰ ਹਾਫ ਪੈਂਟ ਵਾਲੇ ਆਦਮੀ ਨੇ ਟੂਟੀ ਬੰਦ ਕਰ ਦਿੱਤੀ। ਰਬੜ ਦੀ ਪਾਈਪ ਲਾਹੀ। ਪਾਣੀ ਰੁਕ ਗਿਆ। ਉਸਨੇ ਪਾਈਪ ਲਪੇਟਣੀ ਸ਼ੁਰੂ ਕਰ ਦਿੱਤੀ। ਝਾੜੂ ਵਾਲਾ ਝਾੜੂ ਮਾਰਨ ਲੱਗ ਪਿਆ। ਫਰਸ਼ ਉੱਤੇ ਸੁੱਕੇ ਪੱਤਿਆਂ ਦੀ ਸਰਸਰਾਹਟ ਹੋਣ ਲੱਗੀ।
“ਆਪਾਂ ਅੰਦਰ ਬੈਠੀਏ।” ਕਹਿੰਦੀ ਹੋਈ ਨੰਦਨੀ ਅੰਦਰ ਚਲੀ ਗਈ। ਭਾਸਕਰ ਬੈਠਾ ਰਿਹਾ। ਕੁਝ ਚਿਰ ਘਾਹ ਉੱਤੇ ਖੜ੍ਹੇ ਉਸ ਆਦਮੀ ਵਲ ਦੇਖਦਾ ਰਿਹਾ। ਫੇਰ ਨਾਰੀਅਲ ਦੇ ਤਣਿਆ ਵਿਚਕਾਰੋਂ ਉਸਨੇ ਨਜ਼ਰਾਂ ਸਮੁੰਦਰ ਵਲ ਦੌੜਾਈਆਂ। ਪਾਣੀ ਖ਼ਾਮੋਸ਼ ਸੀ। ਆਸਮਾਨ ਧੁੱਪ ਵਿਚ ਨਹਾਇਆ ਹੋਇਆ। ਉਹੀ ਰੰਗ ਪਾਣੀ ਵਿਚ ਘੁਲ ਗਿਆ ਸੀ। ਫੇਰ ਉਹ ਅੰਦਰ ਚਲਾ ਗਿਆ।
ਉਸਨੇ ਸੋਚਿਆ ਨੰਦਨੀ ਸੋਫੇ ਉੱਤੇ ਬੈਠੀ ਹੋਏਗੀ। ਪਰ ਉਹ ਬਾਥਰੂਮ ਵਿਚ ਸੀ। ਉਸਨੇ ਦਰਵਾਜ਼ਾ ਭੀੜ ਦਿੱਤਾ। ਪਿਛਲੀ ਖਿੜਕੀ ਅੱਧਖੁੱਲੀ ਸੀ ਪਰ ਓਧਰ ਕੋਈ ਨਹੀਂ ਸੀ। ਪਿਛਲਾ ਹਿੱਸਾ ਸ਼ਾਂਤ ਸੀ। ਉਹ ਖਿੜਕੀ ਕੋਲ ਖੜ੍ਹਾ ਰਿਹਾ। ਫੇਰ ਪਰਦਾ ਖਿਸਕਾ ਕੇ ਸੋਫੇ ਉੱਤੇ ਅੱਧਾ ਕੁ ਲੇਟ ਗਿਆ।
ਨੰਦਨੀ ਬਾਹਰ ਆਈ। ਉਸਨੇ ਸਲੀਵਲੈਸ ਗਾਊਨ ਪਾਇਆ ਹੋਇਆ ਸੀ। ਬਾਹਾਂ ਨੰਗੀਆਂ ਸਨ।
“ਡਰੈੱਸ ਬਦਲ ਲਈ।” ਕੁਝ ਨਾ ਸੁੱਝਿਆ ਤਾਂ ਉਹ ਬੋਲੀ ਤੇ ਉੱਥੇ ਰੁਕੀ ਖੜ੍ਹੀ ਰਹੀ। ਫੇਰ ਸੋਫੇ ਦੇ ਦੂਜੇ ਸਿਰੇ 'ਤੇ ਬੈਠ ਗਈ।
“ਤੂੰ ਕਹਿ ਰਹੀ ਸੈਂ...” ਭਾਸਕਰ ਨੇ ਯਾਦ ਕਰਵਾਇਆ।
ਉਸਨੇ ਬਿੰਦ ਦਾ ਬਿੰਦ ਕੁਝ ਨਹੀਂ ਕਿਹਾ। ਸਿਰਫ ਉਸ ਵਲ ਦੇਖਿਆ। ਫੇਰ ਖਿੜਕੀ ਵਲ ਦੇਖਣ ਲੱਗ ਪਈ। ਭਾਸਕਰ ਚੁੱਪ ਰਿਹਾ। ਭਾਸਕਰ ਨੂੰ ਲੱਗਿਆ ਸੁਣਨਾ ਆਸਾਨ ਏਂ, ਕਹਿਣਾ ਬੜਾ ਮੁਸ਼ਕਿਲ। 'ਹੁਣ ਕਹਿ ਵੀ! ਮੈਂ ਸੁਣਨ ਲਈ ਤਿਆਰ ਆਂ। ਹੁਣ ਤਾਂ ਸ਼ਿਕਾਇਤ ਨਹੀਂ ਨਾ ਹੋਏਗੀ ਤੈਨੂੰ ਕਿ ਮੇਰੇ ਕੋਲ ਸੁਣਨ ਲਈ ਸਮਾਂ ਨਹੀਂ ਹੁੰਦਾ।' ਭਾਸਕਰ ਮਨ ਈ ਮਨ ਕਹਿ ਰਿਹਾ ਸੀ।
“ਭਾਸਕਰ, ਉਸ ਵਿਚ ਪਹਿਲਾਂ ਜਾਂ ਬਾਅਦ ਵਿਚ ਕੁਝ ਵੀ ਵਿਸ਼ੇਸ਼ ਨਹੀਂ...ਉਹ ਦੋਸਤੀ ਸੀ ਬਸ।” ਹੋਰ ਕੀ?”
ਉਹ ਸੋਚਾਂ ਵਿਚ ਲੱਥ ਗਿਆ। ਛਿਣ ਪਲ ਲਈ ਇਕ ਗੂੜ੍ਹਾ ਕਾਲਾ ਸ਼ੁੰਨ ਉਸਦੀਆਂ ਅੱਖਾਂ ਸਾਹਮਣੇ ਪਰਗਟ ਹੋਇਆ ਤੇ ਮਿਟ ਗਿਆ। ਪਹਿਲਾਂ ਵੀ ਉਸਨੇ ਕਈ ਵਾਰੀ ਇਹ ਦ੍ਰਿਸ਼ ਦੇਖਿਆ ਏ। 'ਕਿਉਂ, ਚੱਲਣਾ ਏਂ ਉਸ ਪਾਸੇ?' ਉਸਨੇ ਮਨ ਨੂੰ ਪੁੱਛਿਆ। ਪਹਿਲਾਂ ਕਦੀ ਇਸ ਰਸਤੇ ਵਲ ਦੇਖਿਆ ਨਹੀਂ—ਉਸ ਉੱਤੇ ਜਾਣਾ ਤਾਂ ਦੂਰ। ਉਹ ਕਿਹੜਾ ਅਹਿਸਾਸ ਸੀ—ਉਸ ਰਸਤੇ 'ਤੇ ਨਾ ਜਾਣ ਵਾਲਾ? ਅੱਜ ਉਹ ਕੰਧ ਢੈ ਰਹੀ ਏ। ਕੀ ਮੈਂ ਖ਼ੁਦ ਉਸਨੂੰ ਢਾਹੁਣਾ ਚਾਹੁੰਦਾ ਆਂ? ਜਾਂ ਉਹ ਆਪਣੇ ਆਪ ਢੈ ਰਹੀ ਏ?
“ਕੁਝ ਨਹੀਂ ਸੀ ਤਾਂ ਗੱਲ ਖ਼ਤਮ। ਪਰ ਤੂੰ ਈ ਕੁਝ ਕਹਿਣਾ ਚਾਹੁੰਦੀ ਸੈਂ ਨਾ?”
ਨੰਦਨੀ ਨੇ ਉਸ ਵਲ ਦੇਖਿਆ। ਭਾਸਕਰ ਸਮਝ ਗਿਆ ਕਿ ਨੰਦਨੀ ਦੇ ਮਨ ਵਿਚ ਤੂਫ਼ਾਨ ਉਠਿਆ ਹੋਇਆ ਏ। ਸ਼ਾਇਦ ਉਹ ਸਭ ਜਟਿਲ ਏ—ਏਨੇ ਦਿਨਾਂ ਦਾ ਦਬਅ ਕੇ ਰੱਖਿਆ ਹੋਇਆ। 'ਕੀ ਸੱਚਮੁੱਚ ਮੈਂ ਉਹ ਸਭ ਜਾਣਨਾ ਚਾਹੁੰਦਾ ਆਂ?' ਉਸਨੇ ਆਪਣੇ ਮਨ ਤੋਂ ਪੁੱਛਿਆ। 'ਜਾਣਨਾ ਜ਼ਰੂਰੀ ਏ ਕਿ? ਕਿਉਂ ਪੁੱਛ ਰਿਹਾ ਆਂ ਮੈਂ ਇਹ ਸਭ? ਕਿਉਂ ਸੁਣਨਾ ਚਾਹੁੰਦਾ ਆਂ? ਹੁਣ ਤਕ ਬਿਨਾਂ ਕੁਝ ਪੁੱਛੇ-ਸੁਣੇ ਸਭ ਠੀਕ ਠਾਕ ਚੱਲ ਰਿਹਾ ਸੀ ਨਾ? ਅੱਗੇ ਵੀ ਠੀਕ ਈ ਚੱਲਦਾ ਰਹੇਗਾ। ਹੁਣ ਵੀ ਰੋਕਿਆ ਜਾ ਸਕਦਾ ਐ। ਕਹਿ ਦਿਆਂ ਉਸਨੂੰ ਕਿ ਕੋਈ ਲੋੜ ਲਈ ਜਾਣਨ ਦੀ।' ਪਰ ਉਸਨੂੰ ਯਾਦ ਆਇਆ ਕਿ ਉਸਨੇ ਈ ਇਹ ਇੱਛਾ ਪਰਗਟ ਕੀਤੀ ਸੀ। ਉਹ ਚਾਹੁੰਦੀ ਏ ਕਿ ਮੈਂ ਜਾਣ ਲਵਾਂ। ਹੁਣ ਵੀ ਕਹਿ ਰਹੀ ਸੀ ਕਿ—ਪੁੱਛਿਆ ਕਿਉਂ ਨਹੀਂ? ਜਿਵੇਂ ਪੁੱਛਣਾ ਮੇਰਾ ਫਰਜ਼ ਸੀ ਤੇ ਮੈਨੂੰ ਉਹ ਨਿਭਾਉਣਾ ਚਾਹੀਦਾ ਸੀ। ਹੋਰ ਜ਼ਿੰਮੇਵਾਰੀਆਂ ਵਾਂਗ।
“ਸਾਡਾ ਸਰੀਰਕ ਸੰਬੰਧ ਹੋਇਆ ਸੀ। ਮੈਂ ਇਹੀ ਤੁਹਾਨੂੰ ਦੱਸਣਾ ਸੀ ਕਦੀ ਨਾ ਕਦੀ।”
ਭਾਸਕਰ ਦੀ ਸਾਰੀ ਦੇਹ ਭਖਣ ਲੱਗ ਪਈ। ਉਸਦੀ ਸਮਝ ਵਿਚ ਨਹੀਂ ਆਇਆ ਕਿ ਕੀ ਹੋ ਰਿਹਾ ਏ। ਤਲੀਆਂ, ਪਿੰਜਣੀਆਂ, ਲੱਤਾਂ-ਪੱਟ, ਢਿੱਡ, ਛਾਤੀ ਫੇਰ ਸਮੁੱਚੀ ਦੇਹ। ਗਲ਼ਾ ਸੁੱਕਣ ਲੱਗ ਪਿਆ।
“ਕਦੋਂ? ਕਿੱਥੇ?” ਉਸਨੇ ਝੱਟ ਪੁੱਛਿਆ।
“ਓਹਨੀਂ ਦਿਨੀ।”
“ਕਿਉਂ?”
ਨੰਦਨੀ ਨੇ ਜਵਾਬ ਨਹੀਂ ਦਿੱਤਾ। ਸਵਾਲ ਕਮਰੇ ਵਿਚ ਹਵਾ ਵਾਂਗ ਤੈਰਦਾ ਰਿਹਾ। ਭਾਸਕਰ ਨੂੰ ਮਹਿਸੂਸ ਹੋਣ ਲੱਗਿਆ ਸੀ ਕਿ ਦੇਹ ਵਿਚ ਗਰਮੀ ਵਧਦੀ ਜਾ ਰਹੀ ਏ। ਚਿਹਰਾ ਭਖ ਰਿਹਾ ਏ। ਦਿਮਾਗ਼ ਝਣਝਣਾਅ ਰਿਹਾ ਏ। ਗਰਮੀ ਦੀਆਂ ਜਿਵੇਂ ਲਹਿਰਾਂ ਉਠ ਰਹੀਆਂ ਸਨ। ਪੂਰੇ ਸਰੀਰ ਨੂੰ ਕੰਬਣੀ ਛਿੜੀ ਹੋਈ ਏ ਤੇ ਗਲ਼ਾ ਸੁੱਕ ਰਿਹਾ ਏ। ਅੱਖਾਂ ਮੱਚ ਰਹੀਆਂ ਨੇ। ਮੱਥਾ ਵੀ।
“ਕਿਉਂ?” ਉਸਨੇ ਸਵਾਲ ਦਹੁਰਾਇਆ।
ਨੰਦਨੀ ਨੇ ਹੁਣ ਵੀ ਕੋਈ ਜਵਾਬ ਨਾ ਦਿੱਤਾ। ਭਾਸਕਰ ਨੂੰ ਲੱਗਿਆ ਮੇਰਾ ਸਵਾਲ ਹਵਾ ਹੋ ਗਿਆ ਏ। ਉੱਥੇ ਕੁਛ ਨਹੀਂ ਏ। ਉਸ ਉਸਨੂੰ ਘੂਰ ਰਿਹਾ ਏ। ਨੰਦਨੀ ਨੇ ਇਕ ਵਾਰੀ ਉਸ ਵਲ ਦੇਖਿਆ ਤੇ ਫੇਰ ਜ਼ਮੀਨ ਵਲ ਦੇਖਣ ਲੱਗ ਪਈ।
“ਕਿੰਨੀ ਵਾਰੀ?” ਉਸਨੇ ਪੁੱਛਿਆ।
“ਦੋ-ਤਿੰਨ ਵਾਰੀ।”
“ਆਪਣੇ ਘਰੇ?”
ਉਸਨੇ ਇਨਕਾਰ ਵਿਚ ਸਿਰ ਹਿਲਾਅ ਦਿੱਤਾ।
“ਫੇਰ?”
“ਉਸਦੇ ਘਰ।”
ਭਾਸਕਰ ਦੀਆਂ ਅੱਖਾਂ ਸਾਹਮਣੇ ਉਸਦਾ ਦੇਖਿਆ ਹੋਇਆ ਘਰ ਸਾਕਾਰ ਹੋ ਉਠਿਆ। ਸਰਕਾਰੀ ਇਮਾਰਤ। ਗੂੜ੍ਹੀ ਚੁੱਪ। ਖ਼ਾਲੀ ਵੱਡੇ-ਵੱਡੇ ਕਮਰੇ। ਕੰਧਾਂ ਉੱਤੇ ਸਫੇਦ ਰੰਗ, ਲੱਕੜੀ ਦਾ ਫਰਨੀਚਰ, ਕੁਰਸੀਆਂ, ਕੌਚ, ਬੈੱਡ, ਰਸੋਈ ਤੇ ਇਕਾਂਤ।
“ਦੁਪਹਿਰੇ?” ਉਸਨੇ ਪੁੱਛਿਆ।
ਨੰਦਨੀ ਚੁੱਪ ਰਹੀ।
“ਹੁਣ ਦੱਸ! ਤੂੰ ਦੱਸਣਾ ਚਾਹੁੰਦੀ ਸੀ ਨਾ?”
“ਇੰਜ ਨਹੀਂ ਕਿ ਉਹ ਸਭ ਤੈਅ ਕਰਕੇ ਹੋਇਆ ਸੀ। ਪਹਿਲਾਂ ਅਸੀਂ ਮਿਲਦੇ ਸਾਂ। ਗੱਲਾਂ ਬਾਤਾਂ ਕਰਦੇ ਸਾਂ...ਉਸ ਨਾਲ...”
“ਕਿਸ ਨੇ ਸ਼ੁਰੂਆਤ ਕੀਤੀ? ਉਸਨੇ ਜਾਂ ਤੂੰ?”
“ਐਸਾ-ਵੈਸਾ ਕੁਛ ਨਹੀਂ। ਪਹਿਲਾਂ ਇਕ ਦੋ ਵਾਰੀ ਸਿਰਫ ਹਗ ਕੀਤਾ—ਫੇਰ ਉਸਨੇ ਪਾਸ ਲਿਆ।”
“ਫੇਰ? ਅੱਗੇ? ਤੂੰ ਕੀ ਕੀਤਾ? ਰੋਕਿਆ ਨਹੀਂ?”
“ਸੰਭਵ ਨਹੀਂ ਸੀ।”
“ਤੈਨੂੰ ਚੰਗਾ ਲੱਗਿਆ? ਅਅੰ? ਚੰਗਾ ਲੱਗਿਆ ਹੋਏਗਾ?”
ਉਹ ਚੁੱਪ ਰਹੀ। ਭਾਸਕਰ ਨੂੰ ਲੱਗਿਆ ਉਸਦੇ ਸਰੀਰ ਵਿਚ ਉਤੇਜਨਾ ਫੈਲ ਰਹੀ ਏ। ਸਰੀਰ ਤਣ ਰਿਹਾ ਏ। ਲਹਿਰਾ ਰਿਹਾ ਏ। ਹੱਥਾਂ ਦੇ ਵਾਲ ਖੜ੍ਹੇ ਹੋ ਗਏ ਨੇ। ਹਰ ਮੁਸਾਮ ਸੁਚੇਤ ਹੋ ਗਿਆ ਏ। ਉਹ ਸੋਫੇ ਤੋਂ ਉਠਿਆ। ਉਸਨੇ ਦੇਖਿਆ ਨੰਦਨੀ ਦੀਆਂ ਹੈਰਾਨੀ ਭਰੀਆਂ ਅੱਖਾਂ ਉਸਨੂੰ ਘੂਰ ਰਹੀਆਂ ਨੇ ਤੇ ਹੁਣ ਤਕ ਚੁਰਾਈਆਂ ਜਾ ਰਹੀਆਂ ਉਸਦੀਆਂ ਨਜ਼ਰਾਂ ਉਸ ਉੱਤੇ ਆ ਟਿਕੀਆਂ ਨੇ। ਉਸਨੇ ਪੈਰ ਨਾਲ ਤਿਪਾਈ ਪਰ੍ਹੇ ਧਰੀਕ ਦਿੱਤੀ। ਉਸਦੀ ਬਾਂਹ ਕੱਸ ਕੇ ਫੜ੍ਹੀ। ਉਹ ਵੀ ਉਠ ਖੜ੍ਹੀ ਹੋਈ। ਕੰਬਦੀ ਹੋਈ।
“ਫੇਰ ਕੀ ਹੋਇਆ? ਤੂੰ ਸਾੜ੍ਹੀ ਬੰਨ੍ਹੀ ਹੋਈ ਸੀ ਨਾ?”
“ਹਾਂ!” ਉਸਨੇ ਸਾਫ ਆਵਾਜ਼ ਵਿਚ ਕਿਹਾ।
“ਫੇਰ? ਉਸਨੇ ਸਾੜ੍ਹੀ ਖੋਲ੍ਹੀ ਜਾਂ ਖਿੱਚੀ?”
ਭਾਸਕਰ ਨੇ ਮਹਿਸੂਸ ਕੀਤਾ ਉਸਦੇ ਸਰੀਰ ਵਿਚ ਉਤੇਜਨਾ ਦਾ ਵਿਸਫੋਟ ਹੋ ਰਹੇ ਨੇ। ਸਾਰੀਆਂ ਇੰਦਰੀਆਂ ਅਤਿ ਉਤੇਜਿਤ ਹੋਈਆਂ ਹੋਈਆਂ ਸਨ। ਉਸਦੀ ਪਕੜ ਢਿੱਲੀ ਪੈ ਗਈ। ਉਸਨੂੰ ਕੁਝ ਹੋਰ ਪਤਾ ਲੱਗਣ ਤੋਂ ਪਹਿਲਾਂ ਈ ਧੱਕਾ ਮਾਰ ਕੇ ਉਸਨੂੰ ਬੈੱਡੇ ਉੱਤੇ ਧਰੀਕ ਦਿੱਤਾ। ਉਸਨੂੰ ਲੱਗਿਆ ਉਸਦਾ ਸਾਰਾ ਸਰੀਰ, ਸਾਰੀਆਂ ਸੀਮਾਂਵਾਂ ਲੰਘ ਚੁੱਕਿਆ ਏ। ਅੰਦਰ ਕੋਈ ਦਹਾੜ ਰਿਹਾ ਏ। ਰੋਏਂ ਨੇਜੇ-ਬਰਛੀਆਂ ਵਾਂਗ ਖੜ੍ਹੇ ਹੋ ਗਏ ਨੇ।
ਉਸਨੇ ਗਾਊਨ ਫਾੜ ਦਿੱਤਾ। ਉਸਦੇ ਦਿਮਾਗ਼ ਨੂੰ ਚੰਡ ਚੜਿਆ ਹੋਇਆ ਸੀ। 'ਦੁਪਹਿਰ ਦਾ ਸਮਾਂ ਸੀ? ਤੂੰ ਸਾੜ੍ਹੀ ਵਿਚ ਸੀ? ਕਿਹੜੀ ਸਾੜ੍ਹੀ? ਕਸ਼ੀਦੇ ਵਾਲੀ? ਰੇਸ਼ਮੀਂ? ਦੋਸਤੀ ਕਹਿੰਦੀ ਏਂ? ਦੋਸਤੀ? ਕੰਪਨੀ ਚਾਹੀਦੀ ਏ? ਕਿਹੋ ਜਿਹੀ ਚਾਹੀਦੀ ਏ? ਇਹੋ ਜਿਹੀ? ਦੱਸ? ਤੂੰ ਦੱਸਣਾਂ ਚਾਹੁੰਦੀ ਏਂ ਨਾ? ਉਚਰ? ਕਿਹੋ ਜਿਹਾ ਸੀ ਉਹ? ਇਹੋ ਜਿਹਾ? ਕੀ ਚਾਹੀਦਾ ਏ ਤੈਨੂੰ? ਕਿਹੜੀ ਕਮੀਂ ਏਂ?...ਜਿਹੜੀ ਮੈਂ ਨਹੀਂ ਪੂਰੀ ਕਰ ਸਕਦਾ? ਦੱਸਣਾ ਤਾਂ ਚਾਹੀਦਾ ਸੀ। ਪੂਰੀ ਕਰਦਾ। ਲੈ ਹੁਣ। ਪੂਰੀ ਕਰ ਦੇਨਾਂ। ਲੈ, ਇਹ ਲੈ। ਕੈਸਾ ਏ? ਬੋਲ ਨਾ? ਮੂੰਹ ਖੋਲ੍ਹ? ਘੁੰਮਣ ਜਾਣਾ ਏਂ? ਹੱਥ ਵਿਚ ਹੱਥ ਫੜ੍ਹ ਕੇ? ਕਿੰਜ ਜਾਣਾ ਏਂ? ਰੇਲ ਰਾਹੀਂ ਜਾਂ ਹਵਾਈ ਜਹਾਜ਼ ਵਿਚ? ਚੱਲ। ਲੈ ਚੱਲਦਾਂ। ਦੇਖ ਕੀ ਰਹੀ ਏਂ? ਡਰ ਲੱਗ ਰਿਹਾ ਏ? ਮੰਦਰ ਦੇਖਣੇ ਨੇ? ਪਿੰਡੀ ਦੇਖਣੀ ਏਂ? ਕੰਧਾਂ 'ਤੇ ਬਣੇ ਚਿੱਤਰ ਦੇਖਣੇ ਨੇ? ਜਾਂ ਗਰਭਗ੍ਰਹਿ ਵਿਚ ਜਾਣਾ ਏਂ। ਕਾਲੇ ਗਰਭਗ੍ਰਹਿ ਵਿਚ? ਕਲਸ਼ ਦੇਖਣਾ ਏਂ? ਹਾਂ ਚੱਲ। ਉਹ ਪੱਤਣ ਵੀ ਦੇਖ ਆਉਣੇ ਆਂ। ਚੱਲੀਏ?'
ਉਸਨੂੰ ਲੱਗਿਆ ਗਰਭਗ੍ਰਹਿ ਦੀ ਡੂੰਘੀ ਹਨੇਰੀ ਗੁਫ਼ਾ ਵਿਚੋਂ ਇਕ ਤੀਰ ਤੇਜ਼ੀ ਨਾਲ ਕਲਸ਼ ਵਲ ਜਾ ਰਿਹਾ ਏ। ਮੰਦਰ ਦਾ ਝੰਡਾ ਉਧੇੜ ਕੇ ਨੀਲੇ ਆਸਮਾਨ ਵਲ ਵਧ ਰਿਹਾ ਏ। ਫੇਰ ਆਸਮਾਨ ਦੀ ਛਾਤੀ ਵਿੰਨ੍ਹ ਕੇ ਨਦੀ ਦੇ ਗਰਮ ਪਾਣੀ ਦਾ ਵਹਾਅ ਉਛਾਲੇ ਲੈ ਲਿਆ ਏ ਤੇ ਝਰਨੇ ਵਾਂਗ ਡਿੱਗ ਰਿਹਾ ਏ। ਹੇਠਾਂ ਸਰੋਵਰ ਵਿਚ। ਸਮੁੱਚੇ ਸਰੀਰ ਦਾ ਗਰਮ ਪ੍ਰਭਾਵ। ਹਰ ਸੁਰਾਖ਼ ਉਗਲ ਰਿਹਾ ਏ ਜਵਾਲਾ। ਨੀਲੇ, ਸੁਨਹਿਰੀ ਅੰਗਿਆਰ ਪਾਣੀ ਵਿਚ ਡਿੱਗ ਕੇ ਠੰਡੇ ਹੁੰਦੇ ਜਾ ਰਹੇ ਨੇ। ਰੇਸ਼ਮ ਵਰਗੀ ਸੁਰਖ਼ ਹਰਿਆਲੀ ਉਪਰ ਸਰੀਰ ਸੁਸਤਾ ਰਿਹਾ ਏ।
ਉਹ ਸੁਸਤ ਜਿਹਾ ਲੇਟਿਆ ਰਿਹਾ। ਕੁਝ ਚਿਰ ਬਾਅਦ ਜਦੋਂ ਨੀਂਦ ਖੁੱਲ੍ਹੀ ਤਾਂ ਉਸਨੇ ਦੇਖਿਆ ਨੰਦਨੀ ਉਸ ਵਲ ਦੇਖਦੀ ਹੋਈ ਉੱਥੇ ਈ ਬੈਠੀ ਏ।
“ਕੀ ਹੋ ਗਿਆ ਸੀ ਤੁਹਾਨੂੰ?” ਉਸਨੇ ਸ਼ਾਂਤ ਆਵਾਜ਼ ਵਿਚ ਕਿਹਾ, “ਗਾਊਨ ਪਾੜ ਦਿੱਤਾ। ਇੰਜ ਕੱਪੜੇ ਨਹੀਂ ਪਾੜਨੇ ਚਾਹੀਦੇ।”
ਉਹ ਕੁਝ ਨਹੀਂ ਬੋਲਿਆ। ਉਸਨੇ ਉਸ ਵਲ ਦੇਖਿਆ ਤਕ ਨਹੀਂ। ਹੱਥ ਸਿਰਹਾਣੇ ਰੱਖ ਕੇ ਛੱਤ ਵਲ ਤੱਕਦਾ ਰਿਹਾ। ਨੰਦਨੀ ਕੁਝ ਚਿਰ ਬੈਠੀ ਰਹੀ। ਫੇਰ ਬਾਥਰੂਮ ਚਲੀ ਗਈ। ਅੰਦਰ ਟੂਟੀ ਵਿਚੋਂ ਪਾਣੀ ਦੇ ਡਿੱਗਣ ਦੀ ਆਵਾਜ਼ ਆਉਣ ਲੱਗੀ।
ਕੁਝ ਚਿਰ ਉਹ ਲੇਟਿਆ ਰਿਹਾ। ਉਸਨੂੰ ਭੁੱਖ ਲੱਗੀ ਸੀ। ਫੇਰ ਵੀ ਉਹ ਲੇਟਿਆ ਰਿਹਾ। ਜਦੋਂ ਲੇਟਣਾ ਮੁਸ਼ਕਿਲ ਹੋ ਗਿਆ ਤਾਂ ਉਸਨੇ ਟਰੈਕ ਸੂਟ ਪਾਇਆ, ਬੂਟ ਪਾਏ ਤੇ ਦਰਵਾਜ਼ਾ ਭੀੜ ਕੇ ਬਾਹਰ ਨਿਕਲ ਪਿਆ।

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਰੇਸਟੋਰੇਂਟ ਵਿਚ ਜਿਹੜੀ ਦਿਸੀ ਉਹੀ ਚੀਜ਼ ਮੰਗਵਾਈ। ਉੱਥੋਂ ਦੇ ਲੋਕਾਂ ਦੇ ਪ੍ਰਸ਼ਨਾਂ ਦੇ ਉਤਰ ਨਹੀਂ ਦਿੱਤੇ। ਦੇਹ ਦਿਮਾਗ਼ ਸੰਵੇਦਨਾਹੀਣ ਹੋਏ ਹੋਏ ਸਨ। ਕੀ ਖਾ ਰਿਹਾ ਏ ਇਸਦਾ ਵੀ ਧਿਆਨ ਨਹੀਂ ਸੀ। ਬਾਹਰ ਦੇਖਦਿਆਂ ਹੋਇਆਂ ਉਸਨੇ ਖਾਣਾ ਪੇਟ ਵਿਚ ਠੂਸ ਲਿਆ ਤੇ ਉਸੇ ਚੇਤਨਾਹੀਣ ਸਥਿਤੀ ਵਿਚ ਬਾਹਰ ਨਿਕਲ ਆਇਆ...ਤੇ ਸਾਹਮਣੇ ਦਿਖਾਈ ਦੇਣ ਵਾਲੀ ਪਹਾੜੀ ਉੱਤੇ ਚੜ੍ਹਨ ਲੱਗਾ।
ਹੋਟਲ ਦੇ ਕੈਂਪਸ ਵਿਚ ਰੁੱਖ ਸਨ—ਸੋ ਪਰਛਾਵੇਂ ਵੀ ਸਨ। ਬਾਹਰ ਰੜਾ ਮੈਦਾਨ ਸੀ। ਸੂਰਜ ਸਿੱਧਾ ਮੱਥੇ ਵਿਚ ਵੱਜ ਰਿਹਾ ਸੀ। ਧੁੱਪ ਕਰੜੀ ਸੀ। ਪਗਡੰਡੀ ਰੁੱਖੀ-ਖ਼ੁਸ਼ਕ। ਲਾਲ ਮਿੱਟੀ। ਪੀਲੀ ਘਾਹ। ਖਿੱਲਰੇ ਹੋਏ ਬੂਟੇ। ਨੰਗੀਆਂ ਚਟਾਨਾਂ। ਚੜ੍ਹਾਣ ਸ਼ੁਰੂ ਹੋਈ ਤੇ ਉਸਨੂੰ ਕਾਟੇਜ, ਨਾਰੀਅਲ ਦੇ ਰੁੱਖ, ਸਮੁੰਦਰ ਸਭ ਕੁਝ ਸਾਫ-ਸਾਫ ਦਿਖਾਈ ਦੇਣ ਲੱਗਾ। ਪਹਾੜੀ ਸੁੰਨਸਾਨ ਪਈ ਸੀ।
ਉਹ ਇੱਥੇ ਕੀ ਕਰਨ ਆਇਆ ਏ? ਚੜ੍ਹਦਿਆਂ-ਚੜ੍ਹਦਿਆਂ ਉਸਨੇ ਸੋਚਿਆ। ਮੁੜ ਜਾਏ? ਇਹੀ ਠੀਕ ਰਹੇਗਾ। ਇੱਥੇ ਰੁਕ ਕੇ ਵੀ ਕੀ ਕਰਨਾ ਏਂ? ਇਕ ਦੂਜੇ ਨੂੰ ਝੱਲਦੇ ਰਹਿਣਾ ਏ ਬਸ। ਇਸ ਨਾਲੋਂ ਤਾਂ ਚੰਗਾ ਏ ਵਾਪਸ ਚਲੇ ਜਾਈਏ। ਕਲ੍ਹ ਫੈਕਟਰੀ ਚਲਾ ਜਾਵਾਂਗਾ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਮੈਂ ਕਹਿ ਕੇ ਆਇਆ ਆਂ ਕਿ ਦੋ ਚਾਰ ਦਿਨ ਨਹੀਂ ਆਵਾਂਗਾ। ਪਰ ਇਸ ਨਾਲ ਕੁਝ ਥੁੜਣ ਨਹੀਂ ਲੱਗਾ। ਸਾਰੇ ਜਾਣਦੇ ਨੇ ਕਿ ਮੈਂ ਕੰਮ ਦਾ ਕਿੰਨਾ ਸ਼ੂਕੀਨ ਆਂ। ਪਰ ਉੱਥੇ ਵੀ ਘਰ ਤਾਂ ਜਾਣਾ ਈ ਪਏਗਾ ਨਾ? ਫੇਰ? ਫੇਰ ਕੀ ਹੋਏਗਾ?
ਉਸਨੇ ਬੇਚੈਨ ਨਜ਼ਰਾਂ ਸਾਹਮਣੇ ਵਲ ਦੌੜਾਈਆਂ। ਚੜ੍ਹਾਣ ਕਰਕੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ। ਤਨ ਹਾਲੇ ਵੀ ਤਪ ਰਿਹਾ ਸੀ। ਖਾਣਾ ਖਾਧਾ ਸੀ ਇਸ ਲਈ ਨਿਭ ਰਿਹਾ ਸੀ। ਗਰਮੀ ਓਵੇਂ ਈ ਐ। ਸਵਾਲ ਇਹ ਐ ਕਿ ਇੱਥੇ ਜਾਂ ਘਰੇ ਅੱਗੇ ਕੀ ਕਰੇਗਾ ਉਹ?
ਉਹ ਰੁਕ ਗਿਆ। ਹਾਲੇ ਉਹ ਜ਼ਿਆਦਾ ਉਪਰ ਨਹੀਂ ਸੀ ਗਿਆ। ਕਾਟੇਜ ਦਾ ਮਾਹੌਲ ਕੁਝ ਦੂਰ ਈ ਸੀ। ਸਾਹਮਣੇ ਪਹਾੜੀ ਖੜ੍ਹੀ ਸੀ। ਉਸਨੂੰ ਤਪਸ਼ ਮਹਿਸੂਸ ਹੋਈ ਤੇ ਦਿਮਾਗ਼ ਠੁੱਸ ਹੁੰਦਾ ਲੱਗਿਆ। ਉਸਦੇ ਅੰਦਰ ਜਿਹੜੇ ਸ਼ੰਕੇ ਉਸਨੂੰ ਵਲੂੰਧਰਦੇ ਰਹਿੰਦੇ ਸਨ, ਉਹ ਸਹੀ ਨਿਕਲੇ। ਉਸਨੇ ਕਦੀ ਇਹ ਸਵਾਲ ਪੁੱਛੇ ਈ ਨਹੀਂ, ਅਕਸਰ ਟਾਲਦਾ ਰਿਹਾ—ਪਰ ਕਿਉਂ? ਕਿਉਂਕਿ ਅੰਦਰ ਇਹੀ ਡਰ ਬੈਠਾ ਹੋਇਆ ਸੀ ਕਿ ਕਿਧਰੇ ਇਹ ਸੱਚ ਨਾ ਨਿਕਲਣ! ਏਨੇ ਦਿਨ ਜੋ ਢਕੀ-ਕੱਜੀ ਰੱਖਿਆ, ਅੱਜ ਉਹ ਉਘੜ ਆਇਆ। ਉਸਨੇ ਉਘੇੜਿਆ ਜਾਂ ਮੈਂ ਉਸਨੂੰ ਉਘੇੜਨ ਲਈ ਮਜ਼ਬੂਰ ਕਰ ਦਿੱਤਾ? ਮੈਂ ਨਹੀਂ, ਸ਼ਾਇਦ ਉਸਨੇ ਈ ਉਘੇੜਿਆ। ਉਹ ਦੱਸਣਾ ਚਾਹੁੰਦੀ ਸੀ। ਮੌਕੇ ਦੀ ਭਾਲ ਵਿਚ ਸੀ। ਅੱਜ ਮਿਲ ਗਿਆ।
ਪਰ ਹੁਣ ਮੈਂ ਕੀ ਕਰਾਂਗਾ? ਉਸਨੇ ਆਪਣੇ ਆਪ ਨੂੰ ਪੁੱਛਿਆ। ਹੁਣ ਤਾਂ ਪਤਾ ਲੱਗ ਗਿਆ ਏ। ਏਨੇ ਦਿਨ ਪਤਾ ਨਹੀਂ ਸੀ—ਪਰ ਹੁਣ?
ਕੀ ਕਰਾਂ? ਲੱਤ ਮਾਰ ਕੇ ਕੱਢ ਦਿਆਂ? ਉਸਨੇ ਮਨ ਨੂੰ ਪੁੱਛਿਆ। ਅਜਿਹੇ ਮੌਕੇ ਹੋਰ ਕੀ ਕੀਤਾ ਜਾ ਸਕਦਾ ਏ? ਜਦ ਉਸਨੇ ਕਿਹਾ ਸੀ, ਓਦੋਂ ਹੀ ਥੱਪੜ ਜੜ ਦੇਣਾ ਚਾਹੀਦਾ ਸੀ। ਫੇਰ ਬਾਕੀ ਗੱਲਾਂ ਕਰਨੀਆਂ ਸਨ। ਇਹੋ ਬਦਕਿਸਮਤੀ ਹੁੰਦੀ ਏ ਇਹਨਾਂ ਦੀ। ਘੁਮਾ-ਫਿਰਾ ਕੇ ਗੱਲ ਇੱਥੇ ਈ ਪਹੁੰਚਦੀ ਏ। ਘਰ ਵਿਚ ਸਭ ਠੀਕ-ਠਾਕ ਰਹਿੰਦਾ ਏ। ਕਿਸੇ ਗੱਲ ਦੀ ਫਿਕਰ ਨਹੀਂ, ਚਿੰਤਾ ਨਹੀਂ, ਤਕਲੀਫ਼ ਨਹੀਂ। ਤਾਂ ਇਹ ਸਭ ਸੁੱਝੇਗਾ ਈ। ਚੋਚਲੇ ਮਨ ਦੇ। 'ਇੰਜ ਕਿਉਂ ਕੀਤਾ?' ਇਹ ਪ੍ਰਸ਼ਨ ਈ ਬੇਕਾਰ ਏ। ਉਸੇ ਸਮੇਂ ਪੁੱਛਿਆ ਹੁੰਦਾ ਤਾਂ ਕੋਈ ਅਰਥ ਹੁੰਦਾ। ਹੁਣ ਤਾਂ ਉਹ ਕਰ ਚੁੱਕੀ ਏ। ਹੁਣ ਪੁੱਛਣਾ ਮੂਰਖਤਾ ਏ। ਕਰ ਲਿਆ ਉਹਨਾਂ। ਮੌਕਾ ਸੀ। ਸਾਧਨ ਸੀ। ਸ਼ਾਇਦ ਇੱਛਾ ਵੀ ਹੋਏਗੀ। ਉਹਨਾਂ ਕੀ ਕੀਤਾ, ਸਵਾਲ ਇਹ ਨਹੀਂ—ਸਵਾਲ ਤਾਂ ਇਹ ਐ ਕਿ ਹੁਣ ਉਹ ਕੀ ਕਰੇਗਾ?
ਛਿਣ ਪਲ ਲਈ ਉਸਨੂੰ ਲੱਗਿਆ ਇੰਜ ਈ ਕਰਨਾ ਚਾਹੀਦਾ ਏ। ਉਸਨੇ ਨਾਜਾਇਜ਼ ਫਾਇਦਾ ਉਠਾਇਆ ਏ ਸਭ ਕਾਸੇ ਦਾ। ਮੈਂ ਕਦੀ ਕਿਸੇ ਗੱਲ ਦੀ ਕੋਤਾਹੀ ਨਹੀਂ ਕੀਤੀ ਸੀ। ਸਭ ਕੁਝ ਲਿਆ ਕੇ ਚਰਣਾ ਵਿਚ ਰੱਖ ਦਿੱਤਾ ਸੀ। ਸਮਾਂ ਬਹੁਤਾ ਨਹੀਂ ਦੇ ਸਕਿਆ ਸਾਂ, ਇਹ ਸੱਚ ਏ। ਪਰ ਮੈਂ ਉਸਨੂੰ ਇੱਥੇ ਛੱਡ ਕੇ ਛੇ-ਛੇ ਮਹੀਨੇ ਲਈ ਦੁਬਾਈ ਜਾਂ ਸਿੰਘਾਪੁਰ ਨਹੀਂ ਗਿਆ ਸਾਂ। ਇੰਜ ਹੁੰਦਾ ਤਾਂ ਯੂ ਹੈਡ ਏ ਪੁਆਂਇਟ! ਮੈਂ ਤਾਂ ਇੱਥੇ ਈ ਸੀ। ਇਹ ਲੋਕ ਦੋਸਤੀ-ਦੋਸਤੀ ਕੂਕਦੇ ਨੇ, ਉਹ ਸਭ ਝੂਠ ਹੁੰਦਾ ਏ। ਉਸਦਾ ਅੰਤ ਇਵੇਂ ਈ ਹੁੰਦਾ ਏ। ਦੇ ਜਸਟ ਚੀਟ ਯੂ। ਪਰ ਇੰਜ ਕਹਿਣ ਦੀ ਸਹੂਲਤ ਨਹੀਂ। ਉਹ ਝੱਟ ਕਹਿਣਗੇ, ਦੱਸ ਤਾਂ ਦਿੱਤਾ ਏ, ਕੁਛ ਲੋਕਇਆ ਥੋੜ੍ਹੀ ਈ ਏ। ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਹਾਂ ਇਲਾਜ਼ ਕਰ ਸਕਦੇ ਹੋ। ਫੇਰ ਆਏਗੀ ਅਕਲ ਥਾਵੇਂ। ਗੱਡੀ, ਬੰਗਲਾ ਸਭ ਮਿਲ ਰਿਹਾ ਏ, ਇਸ ਲਈ ਇਹ ਐਬ ਸੁੱਝਦੇ ਨੇ। ਕਿਸਦੇ ਬਲਬੂਤੇ ਉੱਤੇ? ਸੜਕ 'ਤੇ ਆਉਣਾ ਪਿਆ ਤਦ ਨਾਨੀ ਚੇਤੇ ਆਏਗੀ। ਰਸਤੇ ਉੱਤੇ, ਦਰ-ਦਰ ਦੀਆਂ ਠੋਕਰਾਂ ਖਾਣ ਦਾ ਮਜ਼ਾ ਚੱਖਣ ਦਿਓ ਇਹਨਾਂ ਨੂੰ ਕਦੀ।
ਉਹ ਸੋਚਣ ਲੱਗਿਆ—ਜੇ ਮੈਂ ਸੱਚਮੁੱਚ ਇਹਨੂੰ ਘਰੋਂ ਕੱਢ ਦਿਆਂ ਤਾਂ ਕੀ ਹੋਏਗਾ? ਰਾਜੂ ਪੁੱਛੇਗਾ। ਉਸਨੂੰ ਸੱਚ ਦੱਸਣਾ ਪਏਗਾ। ਦੂਜਾ ਕਾਰਨ ਉਸਦੀ ਤਸੱਲੀ ਨਹੀਂ ਕਰਵਾ ਸਕਦਾ। ਰਾਜੂ ਸਾਨੂੰ ਦੋਵਾਂ ਨੂੰ ਬੇਹੱਦ ਪਿਆਰ ਕਰਦਾ ਏ। ਅਸੀਂ ਦੋਵੇਂ ਈ ਤਾਂ ਰਹੇ ਆਂ ਹਮੇਸ਼ਾ। ਹੋਰ ਕੋਈ ਨਹੀਂ। ਰਾਜੂ ਬੜਾ ਸਿੱਧਾ-ਸਾਦਾ ਏ। ਨੰਦਨੀ ਵਰਗਾ ਸੁਭਾਅ ਏ ਉਸਦਾ। ਹੁਣ ਉਸਦਾ ਫ਼ੋਨ ਆਏਗਾ। ਉਹ ਚਾਰ ਦਿਨਾਂ ਬਾਅਦ ਫ਼ੋਨ ਕਰਦਾ ਏ। ਹੁਣ ਉਸਨੂੰ ਕੀ ਦੱਸਾਂ ਮੈਂ? ਉਹ ਯਕੀਨ ਈ ਨਹੀਂ ਕਰ ਸਕੇਗਾ। ਜਵਾਨ ਬੱਚਾ ਪਤਾ ਨਹੀਂ ਕੀ ਸੋਚੇ? ਹੋ ਸਕਦਾ ਏ ਆਪਣੀ ਮਾਂ ਉੱਤੇ ਹਿਰਖ ਜਾਏ। ਸ਼ਾਇਦ ਕੁਝ ਬੋਲੇਗਾ ਨਹੀਂ। ਇਸ ਮਾਮਲੇ ਵਿਚ ਉਹ ਮੇਰੇ ਉੱਤੇ ਗਿਆ ਏ। ਚੁੱਪਚਾਪ ਸੁਣਦਾ-ਦੇਖਦਾ ਰਹੇਗਾ।
ਇਹ ਸਭ ਝਮੇਲਾ ਕਿਸ ਲਈ? ਉਸਨੇ ਅੱਕੇ ਕੇ ਆਪਣੇ ਮਨ ਨੂੰ ਕਿਹਾ। ਧੰਦੇ ਵਿਚ ਵੀ ਅਨੇਕਾਂ ਝੰਜਟ-ਝਮੇਲੇ ਰਹਿੰਦੇ ਨੇ। ਆਏ ਦਿਨ ਕੁਝ ਨਾ ਕੁਝ ਹੁੰਦਾ ਈ ਰਹਿੰਦਾ ਏ। ਉੱਥੇ ਤਾਂ ਸਭ ਪਤਾ ਹੁੰਦਾ ਏ ਇਸ ਲਈ ਮਨ ਵੀ ਅੱਗੋਂ ਤਿਆਰ ਰਹਿੰਦਾ ਏ। ਕੰਮ ਕਰਨ ਵਾਲੇ ਹੁੰਦੇ ਨੇ। ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦੇਈਏ ਤਾਂ ਨਿਭਾਅ ਦੇਂਦੇ ਨੇ। ਪੈਸਾ ਚੱਲਦਾ ਏ। ਪੈਸੇ ਨਾਲ ਸਾਰੇ ਕੰਮ ਆਸਾਨ ਹੋ ਜਾਂਦੇ ਨੇ। ਸਭ ਤੈਅ ਹੁੰਦਾ ਏ—ਸਿਸਟੇਮੈਟਿਕ! ਮੈਂ ਤਾਂ ਹੁਣ ਆਰਾਮ ਦੀ ਜ਼ਿੰਦਗੀ ਬਿਤਾਉਣ ਬਾਰੇ ਸੋਚ ਰਿਹਾ ਸਾਂ। ਬੇਟਾ ਵੱਡਾ ਹੋ ਗਿਆ ਏ। ਆਪਣੇ ਪੈਰਾਂ 'ਤੇ ਖੜ੍ਹਾ ਏ। ਭਵਿੱਖ ਦੀ ਚਿੰਤਾ ਨਹੀਂ। ਯਾਤਰਾਵਾਂ ਕਰਨ, ਦੇਸ਼-ਵਿਦੇਸ਼ ਘੁੰਮਣ ਬਾਰੇ ਸੋਚਦਾ ਸਾਂ। ਪਰ ਇੰਜ ਹੋਏਗਾ ਨਹੀਂ। ਕਿਤੇ ਨਾ ਕਿਤੇ ਕੱਚ ਰਹਿ ਈ ਜਾਂਦਾ ਏ।
ਉਹ ਤੁਰਦਾ ਰਿਹਾ। ਉਸਨੂੰ ਲੱਤਾਂ ਭਾਰੀ ਹੁੰਦੀਆਂ ਲੱਗੀਆਂ। ਜਿਸਮ ਥੱਕ ਕੇ ਚੂਰ-ਚੂਰ ਹੋ ਗਿਆ। ਉਸਨੇ ਗਰਦਨ ਚੁੱਕ ਕੇ ਦੇਖਿਆ। ਸੂਰਜ ਬਿਲਕੁਲ ਸਾਹਮਣੇ ਸੀ, ਅੱਖਾਂ ਵਿਚ ਪਿਆ। ਅਜੇ ਅੱਧੀ ਪਹਾੜੀ ਚੜ੍ਹਨਾ ਬਾਕੀ ਸੀ। ਉਸਨੂੰ ਲੱਗਿਆ ਸਰੀਰ ਵਿਚ ਹੁਣ ਉਹ ਤਾਕਤ ਨਹੀਂ ਰਹੀ। ਥੋੜ੍ਹੀ ਦੇਰ ਸੌਣਾ ਚਾਹੀਦਾ ਸੀ। ਇੰਜ ਝੱਟ ਨਹੀਂ ਸੀ ਆਉਣਾ ਚਾਹੀਦਾ ਇੱਥੇ। ਉਹ ਵੀ ਚੜ੍ਹਾਣ 'ਤੇ। ਅਜਿਹਾ ਪਾਗਲਪਨ ਨਹੀਂ ਕਰਨਾ ਚਾਹੀਦਾ ਸੀ। ਇਸ ਤੋਂ ਚੰਗਾ ਹੁੰਦਾ ਮੈਂ ਸਮੁੰਦਰ ਕਿਨਾਰੇ ਟਹਿਲ ਲੈਂਦਾ। ਉੱਥੇ ਕਿਸੇ ਚਟਾਨ ਉੱਤੇ ਜਾ ਕੇ ਬੈਠ ਜਾਣਾ ਚਾਹੀਦਾ ਸੀ।
ਉਸਨੇ ਪਿੱਛੇ ਭੌਂ ਕੇ ਦੇਖਿਆ। ਉਹ ਪਹਾੜੀ ਦੀ ਟੀਸੀ ਦੇ ਨੇੜੇ ਸੀ ਤੇ ਕਾਟੇਜਸ ਦਾ ਸਾਰਾ ਨਜ਼ਾਰਾ ਕਾਫੀ ਹੇਠਾਂ ਰਹਿ ਗਿਆ ਸੀ। ਸਮੁੰਦਰ ਦਾ ਦੂਰ ਤਕ ਫੈਲਿਆ ਵਿਸਤਾਰ ਦਿਸ ਰਿਹਾ ਸੀ। ਕਿਨਾਰਾ ਦੂਜ ਦੇ ਚੰਦ ਵਰਗਾ ਲੱਗ ਰਿਹਾ ਸੀ। ਬਾਦਾਮੀ ਰੇਤ। ਚਟਾਨਾਂ! ਬੇੜੀਆਂ। ਨਾਰੀਅਲ ਦੇ ਰੁੱਖਾਂ ਵਿਚਕਾਰ ਵੱਸੀ ਖਪਰੈਲ ਦੀਆਂ ਛੱਤਾਂ ਵਾਲੇ ਘਰਾਂ ਦੀ ਬਸਤੀ।
ਉਸਨੇ ਨਜ਼ਰਾਂ ਭੁਆਂ ਕੇ ਆਪਣਾ ਕਾਟੇਜ ਭਾਲਿਆ। ਆਸਾਨੀ ਨਾਲ ਲੱਭ ਗਿਆ ਉਹ। ਲਾਲ ਟੀਨ ਦੀ ਛੱਤ ਕਰਕੇ। ਰੁੱਖਾਂ ਦੀ ਭੀੜ ਤੇ ਹੋਟਲ ਦਾ ਕੰਪਾਊਂਡ। ਉਸਨੂੰ ਗਹੁ ਨਾਲ ਦੇਖਣਾ ਪਿਆ ਕਿਉਂਕਿ ਦੂਰੀ ਖਾਸੀ ਵੱਧ ਸੀ। ਸਾਰਾ ਨਜ਼ਾਰਾ ਖਿੰਡਿਆ-ਪੁੰਡਿਆ ਦਿਸ ਰਿਹਾ ਸੀ, ਜਿਵੇਂ ਉਸ ਨਾਲ ਕੋਈ ਸੰਬੰਧ ਨਾ ਹੋਵੇ—ਓਪਰਾ-ਬਿਗਾਨਾ ਜਿਹਾ।
ਉਹ ਹੇਠਾਂ ਦਾ ਇਹ ਨਜ਼ਾਰਾ ਦੇਖਦਾ ਰਿਹਾ। ਲੱਤਾਂ ਦੀ ਥਕਾਣ ਦਾ ਅਹਿਸਾਸ ਹੁੰਦਿਆਂ ਈ ਮਨ ਵਿਚ ਫੇਰ ਦੁਚਿੱਤੀ ਪੈਦਾ ਹੋਈ। ਉਪਰ ਤਕ ਜਾਵਾਂ ਜਾਂ ਨਾ? ਉਹ ਬੇਹੱਦ ਥੱਕ ਗਿਆ ਸੀ। ਸਰੀਰ ਵਿਚੋਂ ਜਿਵੇਂ ਸਾਰੀ ਸ਼ਕਤੀ ਨਿਚੋੜ ਲਈ ਗਈ ਸੀ। ਪੈਰ ਪੁੱਟਣਾ ਮੁਸ਼ਕਿਲ ਜਿਹਾ ਲੱਗ ਰਿਹਾ ਸੀ। ਹੇਠਾਂ ਜਾ ਕੇ ਵੀ ਕੀ ਕਰਾਂਗਾ? ਉਸਨੇ ਸੋਚਿਆ। ਉੱਥੋਂ ਤਾਂ ਦੂਰ ਜਾਣਾ ਏ। ਉਪਰ ਈ ਜਾਣਾ ਚਾਹੀਦਾ ਏ। ਹੁਣ ਹੇਠਾਂ ਕੀ ਰੱਖਿਆ ਏ?
ਉਹ ਉਪਰ ਚੜ੍ਹਦਾ ਗਿਆ ਪਰ ਮਨ ਪੱਖੋਂ ਬੇਹੱਦ ਟੁੱਟ ਚੁੱਕਿਆ ਸੀ। ਨੰਦਨੀ ਨੇ ਇੰਜ ਕਿਉਂ ਕੀਤਾ ਹੋਏਗਾ? ਉਸ ਨਾਲ ਕਿੰਜ ਕੀਤਾ ਹੋਏਗਾ? ਕੀ ਉਸਨੂੰ ਉਸ ਵੇਲੇ ਮੇਰੀ ਯਾਦ ਨਹੀਂ ਆਈ ਹੋਏਗੀ? ਤੇ ਰਾਜੂ ਦੀ? ਘਰ ਦੀ? ਜਾਂ ਉਸਦੇ ਗਿਰਦ ਸਿਰਫ ਉਸਦਾ ਆਪਣਾ ਸੁਖ ਈ ਮੰਡਲਾ ਰਿਹਾ ਸੀ? ਇਵੇਂ ਈ ਹੋਇਆ ਹੋਏਗਾ। ਹਰ ਕਿਸੇ ਨੂੰ ਆਪਣੇ ਸੁਖ ਦੀ ਪਈ ਰਹਿੰਦੀ ਏ। ਜਨਮਾਂ-ਜਨਮ ਮਤਲਬ ਵਿਚ ਘਿਰਿਆ ਰਹਿੰਦਾ ਏ ਮਨ। ਦੂਜਿਆਂ ਨੇ ਮੇਰੀ ਖਾਤਰ ਕੀ ਕੀਤਾ ਏ, ਰਤਾ ਵੀ ਯਾਦ ਨਹੀਂ ਰਹਿੰਦਾ।
ਉਸਦੇ ਮਨ ਵਿਚ ਫੇਰ ਖਿਝ ਭਰ ਗਈ। ਮੈਂ ਮੂਰਖ ਆਂ ਕਿ? ਭੋਲਾ ਆਂ? ਪਾਗ਼ਲ ਆਂ? ਇਸ ਲਈ ਇਹ ਲੋਕ ਮੇਰੇ ਨਾਲ ਇੰਜ ਪੇਸ਼ ਆਉਂਦੇ ਨੇ? ਆਰਾਮ ਨਾਲ ਮੈਨੂੰ ਧੋਖਾ ਦਿੰਦੇ ਰਹਿੰਦੇ ਨੇ? ਮੈਂ ਚੰਗੇ ਪਤੀ ਵਾਂਗ ਪੇਸ਼ ਆਉਦਾ ਰਿਹਾ। ਨਾ ਕਦੀ ਸ਼ਰਾਬ ਪੀ ਕੇ ਰੌਲਾ ਪਾਇਆ, ਨਾ ਕਦੀ ਜੰਗਲੀਆਂ ਵਾਂਗ ਚੀਕਿਆ-ਗੜ੍ਹਕਿਆ। ਜੇ ਇੰਜ ਕਰਦਾ ਤਾਂ ਪਤਾ ਲੱਗਦਾ। ਮੈਨੂੰ ਅਜਿਹਾ ਖ਼ੂੰਖ਼ਾਰ ਵਰਤਾਅ ਕਰਨਾ ਚਾਹੀਦਾ ਸੀ ਨਾ? ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਸ਼ੱਕੀ ਮਰਦਾਂ ਵਾਂਗ? ਤਦ ਉਹ ਦਾਬੂ ਰਹਿੰਦੀ ਨਾ? ਮੈਂ ਬੇਹੱਦ ਪਿਆਰ ਨਾਲ ਪੇਸ਼ ਆਉਂਦਾ ਰਿਹਾ, ਸੱਜਣ ਬਣ ਕੇ, ਇਸੇ ਲਈ ਇਹ ਸਭ ਕੁਝ ਹੋਇਆ?
ਉਹ ਪਸੀਨੇ ਨਾਲ ਤਰ-ਬ-ਤਰ ਹੋਇਆ ਹੋਇਆ ਸੀ। ਚੜ੍ਹਨਾ ਮੁਸ਼ਕਿਲ ਹੋ ਗਿਆ ਸੀ। ਉਸਨੇ ਸੋਚਿਆ ਗ਼ਲਤ ਸਮਾਂ ਚੁਣਿਆ ਏ ਮੈਂ, ਪਹਾੜੀ ਚੜ੍ਹਨ ਲਈ। ਸੂਰਜ ਮੱਥੇ 'ਤੇ ਐ। ਧੁੱਪ-ਈ-ਧੁੱਪ। ਕਿਤੇ ਵੀ ਛਾਂ ਨਹੀਂ। ਮੈਨੂੰ ਤੁਰਨਾ, ਪਹਾੜ ਚੜ੍ਹਨਾ ਪਸੰਦ ਏ। ਇਹ ਚੜ੍ਹਾਣ ਤਾਂ ਕੁਝ ਵੀ ਨਹੀਂ ਪਰ ਸਮਾਂ ਗ਼ਲਤ ਏ। ਸਰੀਰ ਵਿਚ ਥਕਾਣ ਏ। ਪਾਣੀ ਵਾਲੀ ਬੋਤਲ ਤਕ ਨਾਲ ਨਹੀਂ। ਉਸਨੇ ਆਸਮਾਨ ਵਲ ਦੇਖਿਆ। ਪਹਾੜੀ ਦੀ ਟੀਸੀ ਦਿਸੀ। ਬਹੁਤੀ ਦੂਰ ਨਹੀਂ। ਉੱਥੇ ਰੁੱਖ ਦਿਸ ਰਿਹਾ ਸੀ। ਸ਼ਾਇਦ ਛਾਂ ਹੋਏਗੀ ਉੱਥੇ।
ਉਹ ਪੈਰ ਘਸੀਟਦਾ ਹੋਇਆ ਉਸ ਰੁੱਖ ਤਕ ਜਾ ਪਹੁੰਚਿਆ। ਰੁੱਖ ਵੱਡਾ ਨਹੀਂ ਸੀ। ਪਰ ਛਾਂ ਖਾਸੀ ਸੀ। ਪਥਰੀਲੀ ਜ਼ਮੀਨ। ਉਹ ਮੁੱਢ ਨਾਲ ਢੋਅ ਲਾ ਕੇ ਬੈਠ ਗਿਆ। ਸ਼ਾਂਤੀ ਮਹਿਸੂਸ ਹੋਈ।
ਉਸਨੇ ਸੋਚਿਆ, ਇਹ ਵੀ ਕੋਈ ਚੜ੍ਹਾਈ ਏ—ਹੋਰ ਕੋਈ ਮੌਕਾ ਹੁੰਦਾ ਤਾਂ ਮੈਂ ਕਈ ਵਾਰੀ ਚੜ੍ਹ-ਉਤਰ ਲਿਆ ਹੁੰਦਾ, ਪਰ ਹੁਣ ਮਨ ਨੇ ਥਕਾ ਦਿੱਤਾ ਏ ਪੂਰਾ! ਬੇਵਸ ਮਨ! ਸਰੀਰ ਥਕਾਣ ਨਾਲ ਚੂਰ।
ਉਸਨੇ ਲੰਮਾਂ ਸਾਹ ਖਿੱਚਿਆ ਤੇ ਛੱਡਿਆ। ਖੁੱਲ੍ਹਾ ਵਾਤਾਵਰਣ ਸੀ। ਹਵਾ ਦੀਆਂ ਠੰਡੀਆਂ ਲਹਿਰਾਂ ਆ ਰਹੀ ਸੀ। ਉਸਨੇ ਸਾਹਮਣੇ ਦੇਖਿਆ। ਅਸੀਮ ਸਮੁੰਦਰ। ਧੁੱਪ ਵਿਚ ਲਿਪਟਿਆ ਆਸਮਾਨ ਵੀ ਸਮੁੰਦਰ ਵਿਚ ਘੁਲ-ਮਿਲ ਗਿਆ ਸੀ।
ਉਸਨੇ ਆਪਣੇ ਸੁੱਕੇ ਬੁੱਲ੍ਹਾਂ ਉੱਤੇ ਜੀਭ ਫੇਰੀ। ਉਸਨੂੰ ਯਾਦ ਆਇਆ—ਵਿਆਹ ਹੋਣ ਪਿੱਛੋਂ ਉਹ ਘਰ-ਗ੍ਰਹਿਸਤੀ ਵਿਚ ਰਮ ਗਿਆ ਸੀ ਫੇਰ ਵੀ ਮਨ ਵਿਚ ਇਕ ਡਰ ਬੈਠਾ ਹੋਇਆ ਸੀ। ਨੰਦਨੀ ਮੈਨੂੰ ਛੱਡ ਜਾਏਗੀ। ਹੁਣ ਪਤਾ ਨਹੀਂ ਇਹ ਇੰਜ ਉਸਨੇ ਕਿਉਂ ਮੰਨ ਲਿਆ ਸੀ? ਉਸਦੇ ਛੱਡ ਕੇ ਜਾਣ ਦਾ ਕੋਈ ਕਾਰਨ ਵੀ ਨਹੀਂ ਸੀ। ਨਾ ਕਦੀ ਐਸਾ ਕੋਈ ਸੰਕੇਤ ਮਿਲਿਆ ਸੀ। ਪਰ ਮਨ ਦੀ ਡੂੰਘਾਈ ਵਿਚ ਇਹ ਡਰ, ਵਿਆਹ ਦੇ ਤੁਰੰਤ ਬਾਅਦ ਈ, ਅੜ ਕੇ ਬੈਠਾ ਗਿਆ ਸੀ। ਨੰਦਨੀ ਦੀ ਗੱਲਬਾਤ ਵਿਚ ਜਾਂ ਵਿਹਾਰ ਵਿਚ ਕੋਈ ਰਹੱਸ ਨਹੀਂ ਸੀ, ਫੇਰ ਵੀ ਭਾਸਕਰ ਸੋਚਦਾ ਰਿਹਾ ਕਿ ਅਜਿਹਾ ਕੁਝ ਹੋ ਸਕਦਾ ਏ। ਉਹ ਹਮੇਸ਼ਾ ਨਾਲ ਰਹਿੰਦੀ ਸੀ। ਉਸਨੇ ਭਾਸਕਰ ਨੂੰ ਕਿਸੇ ਕਿਸਮ ਦੀ ਕੋਈ ਕਮੀ ਮਹਿਸੂਸ ਨਹੀਂ ਸੀ ਹੋਣ ਦਿੱਤੀ। ਫੇਰ ਵੀ ਭਾਸਕਰ ਸੋਚਦਾ ਸੀ ਕਿ ਮੈਂ ਨੰਦਨੀ ਦੇ ਮਨ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਨਾ ਸਕਿਆ। ਉਸਦੇ, ਮੇਰੇ ਵਿਚਕਾਰ ਕੋਈ ਅਣਬਣ ਹੋਈ ਤਾਂ ਉਹ ਮੈਨੂੰ ਛੱਡ ਕੇ ਚਲੀ ਜਾਏਗੀ। ਇਸੇ ਡਰ ਕਰਕੇ ਉਹ ਕਦੀ ਨੰਦਨੀ ਨਾਲ ਦੁਰਵਿਹਾਰ ਨਹੀਂ ਕਰ ਸਕਿਆ। ਉਹ ਸੋਚਦਾ ਸੀ ਇਸ ਵਰਗੀਆਂ ਔਰਤਾਂ ਕਦੀ ਕੁਛ ਕਹਿੰਦੀਆਂ ਨਹੀਂ ਪਰ ਅੰਦਰੇ-ਅੰਦਰ ਸੋਚਦੀਆਂ ਰਹਿੰਦੀਆਂ ਨੇ ਤੇ ਅਚਾਨਕ ਘਰ-ਗ੍ਰਹਿਸਤੀ ਵੱਲੋਂ ਉਹਨਾਂ ਦਾ ਮਨ ਉਚਾਟ ਹੋ ਜਾਂਦਾ ਏ। ਉਹ ਕੁਝ ਵੀ ਸੋਚ, ਕਰ, ਸਕਦੀਆਂ ਨੇ। ਇਹਨਾਂ ਬਾਰੇ ਕੋਈ ਅੰਦਾਜ਼ਾ ਲਾਉਣਾ ਮੁਸ਼ਕਿਲ ਏ। ਇਹਨਾਂ ਦਾ ਮਨ ਵੱਖਰੀ ਕਿਸਮ ਦਾ ਹੁੰਦਾ ਏ। ਉਹ ਕੁਛ ਵੱਖਰੀ ਤਰ੍ਹਾਂ ਈ ਸੋਚਦੀਆਂ ਨੇ।
ਤੇ ਇੰਜ ਈ ਹੋਇਆ। ਭਾਵੇਂ ਉਹ ਮੈਨੂੰ ਛੱਡ ਕੇ ਨਹੀਂ ਗਈ ਪਰ ਵਾਨੰਗੀ ਉਹੀ ਏ। ਤੇ ਛੱਡ ਕੇ ਜਾਏਗੀ ਵੀ ਕਿਉਂ? ਘਰੇ ਰਹਿ ਕੇ ਈ ਜਦੋਂ ਸਭ ਕੁਝ ਕਰ ਸਕਦੀ ਏ ਤਾਂ ਘਰ ਦੀ ਸੁਰੱਖਿਆ ਤਿਆਗ ਕੇ ਕਿਉਂ ਜਾਏਗੀ? ਇਹ ਆਪਣੇ ਨਾਲੋਂ ਵੀ ਚਲਾਕ ਨਿਕਲੀ। ਮੈਂ ਤਾਂ ਮੂਰਖ ਈ ਸਾਬਤ ਹੋਇਆ ਆਂ। ਵਿਆਹ ਤੈਅ ਹੋਇਆ ਸੀ ਓਦੋਂ ਵੀ ਇਹ ਗੱਲ ਮੇਰੇ ਮਨ ਵਿਚ ਆਈ ਸੀ। ਮੈਂ ਪੇਂਡੂ ਮੁੰਡਾ। ਉਹ ਸ਼ਹਿਰ ਵਿਚ ਪਲੀ-ਵੱਡੀ ਹੋਈ ਏ। ਚਾਲ ਵਿਚ ਰਹਿਣ ਵਾਲੀ। ਆਪਣੇ ਵੱਲ ਖਿੱਚ ਲੈਣ ਵਾਲੀ। ਇਸਦਾ ਕੋਈ ਤਾਂ ਚੱਕਰ ਰਿਹਾ ਹੋਏਗਾ। ਸਿੱਧਾ ਉਸਨੂੰ ਪੁੱਛਣ ਦਾ ਹੌਸਲਾ ਉਹ ਕਦੀ ਨਹੀਂ ਕਰ ਸਕਿਆ। ਹਾਸੇ-ਮਜ਼ਾਕ ਵਿਚ ਪੁੱਛਿਆ ਤਾਂ ਸੀ—ਕੋਈ ਹੈ ਤਾਂ ਦੱਸ। ਉਦੋਂ ਤਾਂ ਉਸਨੇ 'ਨਾਂਹ' ਕਹਿ ਦਿੱਤੀ ਸੀ। ਫੇਰ ਮੈਂ ਵੀ ਇਸ ਗੱਲ ਨੂੰ ਕਦੀ ਨਹੀਂ ਛੇੜਿਆ। ਮੇਰਾ ਸੁਭਾਅ ਵੀ ਸ਼ੱਕੀ ਨਹੀਂ ਤੇ ਉਸਦੇ ਵਿਹਾਰ ਵਿਚ ਕਦੀ ਕੁਛ ਗ਼ਲਤ ਵੀ ਨਹੀਂ ਲੱਗਿਆ।
ਰੁੱਖ ਦੀ ਛਾਂ ਫੈਲੀ ਹੋਈ ਸੀ। ਖੁੱਲ੍ਹੀ ਹਵਾ ਵਗ ਰਹੀ ਸੀ। ਉਹ ਆਰਾਮ ਨਾਲ ਬੈਠਾ ਸੀ, ਤਦ ਵੀ ਉਸਨੂੰ ਬੜੀ ਥਕਾਣ ਮਹਿਸੂਸ ਹੋ ਰਹੀ ਸੀ। ਇਕੱਲਾਪਨ ਰੜਕ ਰਿਹਾ ਸੀ। ਆਸੇ-ਪਾਸੇ ਕੋਈ ਨਹੀਂ ਸੀ। ਹੁੰਦਾ ਵੀ ਤਾਂ ਉਸ ਨਾਲ ਗੱਲ ਥੋੜ੍ਹਾ ਈ ਕੀਤੀ ਜਾਂਦੀ? ਕਿਸ ਨੂੰ ਕਹਾਂ? ਵੈਸੇ ਮੇਰਾ ਸਕਾ ਹੈ ਕੌਣ? ਮਾਂ ਬਚਪਨ ਵਿਚ ਗੁਜਰ ਗਈ ਸੀ। ਕਾਲੇਜ ਵਿਚ ਸੀ ਤਾਂ ਪਿਤਾ ਜੀ ਚੱਲ ਵੱਸੇ ਸਨ। ਨਾ ਭੈਣ ਨਾ ਭਰਾ। ਚਚੇਰੇ ਭਰਾਵਾਂ ਨਾਲ ਸੰਪਰਕ ਬਣ ਨਹੀਂ ਸਕਿਆ। ਮਾਂ ਨਾਲ ਸੰਬੰਧਤ ਇਕ ਦੋ ਦੂਰ ਦੇ ਰਿਸ਼ਤੇਦਾਰ ਤੇ ਕੁਝ ਯਾਰ-ਬੇਲੀ। ਕੋਈ ਨਜ਼ਦੀਕੀ ਰਿਸਤਾ ਨਹੀਂ। ਕਿਸਨੂੰ ਕਹੇ? ਕਿਸ ਨਾਲ ਸਲਾਹ ਕਰੇ? ਕਿਸੇ ਦਾ ਮੇਰੇ ਨਾਲ ਲਾਗਾ-ਦੇਗਾ ਈ ਕੀ ਏ? ਸਾਰੇ ਮੈਨੂੰ ਜਾਣਦੇ ਨੇ—ਇਕ 'ਸੈਲਫ਼ਮੇਡ ਮੈਨ' ਦੇ ਰੂਪ ਵਿਚ। ਲੋਕ ਮੈਥੋਂ ਈ ਸਲਾਹ ਮੰਗਣ ਆਉਂਦੇ ਨੇ। ਮੈਂ ਕਿਸ ਕੋਲ ਕੀ ਜਾਵਾਂ? ਤੇ ਕਿਸ ਨੂੰ ਕੀ ਆਖਾਂਗਾ?
ਉਸਨੂੰ ਲੱਗਿਆ ਏਨੀ ਸਾਵਧਾਨੀ ਵਰਤਨ ਦੇ ਬਾਵਜੂਦ ਵੀ ਮੈਂ ਧੋਖਾ ਈ ਖਾਧਾ ਏ ਆਖ਼ਰ। ਮੇਰੇ ਨਾਲ ਈ ਇਹ ਕਿਉਂ ਹੋਇਆ? ਮੇਰਾ ਕੀ ਦੋਸ਼ ਏ? ਇਹ ਕਿਸ ਗੱਲ ਦੀ ਸਜ਼ਾ ਮਿਲ ਰਹੀ ਏ? ਉਸਦੇ ਚਿਹਰੇ ਦਾ ਤਣਾਅ ਵਧਦਾ ਗਿਆ। ਮੈਂ ਤਾਂ ਨੰਦਨੀ ਨੂੰ ਬੇਹੱਦ ਪਿਆਰ ਕੀਤਾ ਏ। ਉਹ ਫੇਰ ਸੋਚਣ ਲੱਗਾ...ਤੇ ਹੋਰ ਕਿਸੇ ਕੁੜੀ ਦੇ ਪ੍ਰਤੀ ਮੈਨੂੰ ਇੰਜ ਕੁਝ ਨਹੀਂ ਲੱਗਿਆ। ਇੰਜਨੀਅਰਿੰਗ ਕਾਲੇਜ ਵਿਚ ਕੁਝ ਕੁੜੀਆਂ ਹੈ ਸਨ। ਬਾਹਰ ਵੀ। ਚੜ੍ਹਦੀ ਅਵਸਥਾ ਵਿਚ ਜਿਹੜਾ ਅਕਰਖਣ ਹੁੰਦਾ ਏ ਬਸ ਓਨਾਂ ਈ ਰਿਹਾ। ਕੁਝ ਖਾਸ ਨਹੀਂ। ਮੇਰੇ ਨਾਲ ਦੇ ਸਾਰੇ ਵਿਦਿਆਰਥੀ ਕੁੜੀਆਂ ਦੇ ਪਿੱਛੇ ਪਿੱਛੇ ਮੰਡਲਾਉਂਦੇ ਫਿਰਦੇ ਸਨ। ਮੈਂ ਉਹਨਾਂ ਉੱਤੇ ਹੱਸਦਾ ਹੁੰਦਾ ਸਾਂ। ਨੰਦਨੀ ਪਹਿਲੀ ਨਜ਼ਰ ਵਿਚ ਮੈਨੂੰ ਚੰਗੀ ਲੱਗੀ ਤੇ ਹਮੇਸ਼ਾ ਚੰਗੀ ਈ ਲੱਗਦੀ ਰਹੀ। ਉਹ ਕੀ ਚਾਹੁੰਦੀ-ਸੋਚਦੀ ਸੀ, ਪਤਾ ਨਹੀਂ...ਪਰ ਮੇਰੀ ਚਾਹਤ ਬੜੀ ਸਾਧਾਰਣ ਜਿਹੀ ਰਹੀ। ਪਤੀ-ਪਤਨੀ ਇਕ ਦੂਜੇ ਨਾਲ ਬੇਹੱਦ ਪ੍ਰੇਮ ਕਰਨ। ਬਸ। ਭਾਵੇਂ ਕੁਝ ਵੀ ਹੋਏ ਦੋਵੇਂ ਨਾਲ-ਨਾਲ ਰਹਿਣ। ਕੀ ਏਨੀ ਇੱਛਾ-ਉਮੀਦ ਵੀ ਨਹੀਂ ਸੀ ਰੱਖਣੀ ਚਾਹੀਦੀ?
ਹੁਣ ਉਹ ਥਕਾਣ ਨਾਲ ਚੂਰ-ਚੂਰ ਹੋ ਗਿਆ ਸੀ। ਉਸਨੇ ਚਾਰੇ ਪਾਸੇ ਨਜ਼ਰ ਦੌੜਾਈ। ਪਹਾੜੀ ਉਪਰ ਸਾਰੇ ਪਾਸੇ ਸੁੱਕੀ ਘਾਹ ਸੀ। ਨੰਗੀਆਂ ਚਟਾਨਾਂ। ਕੁਝ ਦੂਰੀ ਉੱਤੇ ਕਿਸੇ ਪੁਰਾਣੇ ਕਿਲੇ ਦਾ ਖੰਡਰ ਖੜ੍ਹਾ ਸੀ। ਆਪਣੇ-ਆਪ ਵਿਚ ਮਗਨ। ਉਸਦੇ ਲਾਗੇ ਹੀ ਲਾਈਟ-ਹਾਊਸ ਸੀ। ਹਵਾ ਵਗ ਰਹੀ ਸੀ। ਕਿਸੇ ਮਨੁੱਖ ਦਾ ਨਾਂ-ਨਿਸ਼ਾਨ ਨਹੀਂ ਸੀ। ਗਿਆਰਵੀਂ ਦੇ ਇਮਤਿਹਾਨ ਵਿਚ ਅੰਗਰੇਜ਼ੀ ਦੇ ਪਰਚੇ ਸਮੇਂ ਜਿਹੜੀ ਹਾਲਤ ਹੋਈ ਸੀ ਬਿਲਕੁਲ ਓਹੋ-ਜਿਹੀ ਈ ਉਸਨੂੰ ਏਸ ਵੇਲੇ ਲੱਗ ਰਿਹੀ ਸੀ। ਇਮਤਿਹਾਨ ਦੇਣ ਲਈ ਤਹਿਸੀਲ ਦੇ ਸਕੂਲ ਜਾਣਾ ਪੈਂਦਾ ਸੀ। ਉਸ ਦਿਨ ਬਸ ਆਈ ਈ ਨਹੀਂ। ਦੂਜੀ ਕੋਈ ਸਵਾਰੀ ਮਿਲਣਾ ਮੁਸ਼ਕਿਲ ਸੀ। ਛੇ ਕਿਲੋਮੀਟਰ ਦੌੜਦਾ-ਹਫ਼ਦਾ ਹੋਇਆ ਵੱਡੀ ਸੜਕ ਤਕ ਗਿਆ ਸੀ। ਕਰੜੀ ਧੁੱਪ ਵਿਚ ਇਕ ਘੰਟਾ ਦੇਰ ਨਾਲ ਪਹੁੰਚਿਆ। ਤਿਆਰੀ ਚੰਗੀ ਹੋਈ ਸੀ ਪਰ ਸਮਾਂ ਨਹੀਂ ਸੀ ਮਿਲਿਆ। ਤਿੰਨ ਸਵਾਲਾਂ ਦੇ ਉਤਰ ਨਹੀਂ ਸੀ ਲਿਖ ਸਕਿਆ। ਇਮਤਿਹਾਨ ਪਿੱਛੋਂ ਫੁੱਟ-ਫੁੱਟ ਕੇ ਰੋ ਪਿਆ ਸੀ ਮੈਂ। ਮੇਰੀ ਕੋਈ ਗਲਤੀ ਨਹੀਂ ਸੀ। ਫੇਰ ਵੀ ਅਸਫ਼ਲਤਾ। ਪਿਤਾ ਜੀ ਗੁਜਰ ਗਏ ਸਨ ਉਦੋਂ ਵੀ ਇਹੀ ਹਾਲ ਸੀ। ਸਟਰਾਈਕਾਂ ਧਰਨੇ ਚੱਲ ਰਹੇ ਸਨ। ਸਭ ਬੰਦ ਸੀ। ਉਹ ਅੰਤਮ ਘੜੀਆਂ ਗਿਣ ਰਹੇ ਸਨ। ਮੈਂ ਤੁਰੰਤ ਉਹਨਾਂ ਕੋਲ ਜਾਣ ਲਈ ਤੁਰ ਪਿਆ ਪਰ ਵਿਚਕਾਰ ਰੇਲ ਰੋਕ ਦਿੱਤੀ ਗਈ ਸੀ। ਸਵੇਰੇ ਪਹੁੰਚਿਆ ਤਾਂ ਉਹ ਚਲ-ਵੱਸੇ ਸਨ। ਉਦੋਂ ਵੀ ਮੈਂ ਓਵੇਂ ਹੀ ਰੋਇਆ ਸੀ।
ਅਣਜਾਣੇ ਵਿਚ ਉਸਦੀਆਂ ਅੱਖਾਂ ਸਿੱਜਲ ਹੋ ਗਈਆਂ। ਕਿਧਰੇ ਗਵਾਚਿਆ ਜਿਹਾ ਉਹ ਇਹੀ ਸੋਚ ਰਿਹਾ ਸੀ। ਹੁਣ ਵੀ ਉਸਦੀ ਉਸੇ ਤਰ੍ਹਾਂ ਰੋਣ ਦੀ ਇੱਛਾ ਹੋਈ। ਚੰਗਾ ਸੀ ਕੋਈ ਆਸੇ-ਪਾਸੇ ਨਹੀਂ ਸੀ। ਉਸਨੇ ਬੁੱਲ੍ਹ ਘੁੱਟ ਲਏ। ਕੋਈ ਸਾਥ ਹੋਣਾ ਚਾਹੀਦਾ ਸੀ। ਮਾਂ! ਮਾਂ ਦੀ ਧੁੰਦਲੀ ਜਿਹੀ ਯਾਦ ਏ। ਉਸਦੀ ਉਹ ਮਹਿੰਦੀ ਰੰਗ ਦੀ ਸਾੜ੍ਹੀ। ਫ਼ੋਟੋ ਹੈ ਪਰ ਫ਼ੋਟੋ ਵਾਲੀ ਮਾਂ ਓਪਰੀ-ਪਰਾਈ ਜਿਹੀ ਲੱਗਦੀ ਏ। ਮਨ ਵਿਚ ਜਿਹੜੀ ਧੁੰਦਲੀ ਜਿਹੀ ਤਸਵੀਰ ਏ ਉਹੀ ਜ਼ਿਆਦਾ ਆਪਣੀ ਲੱਗਦੀ ਏ। ਉਸਦੀ ਉਹ ਵਾਸਤਲ ਭਰੀ ਛੋਹ, ਅਗਰਬੱਤੀ ਦੀ ਖ਼ੁਸ਼ਬੂ, ਲੱਡੂ ਦਾ ਸਵਾਦ, ਤੇ ਉਸਦੇ ਹੋਣ ਦਾ ਅਹਿਸਾਸ। ਉਹ ਹੁੰਦੀ ਵੀ ਤਾਂ ਕੀ ਹੁੰਦਾ? ਕੀ ਮੈਂ ਉਸਨੂੰ ਇਹ ਸਭ ਦੱਸ ਸਕਦਾ? ਪਿਤਾ ਜੀ ਤਾਂ ਜਿਵੇਂ ਵਿਰਕਤ ਸਨ। ਮਾਂ ਦੇ ਚਲੇ ਜਾਣ ਪਿੱਛੋਂ ਕੁਝ ਵਧੇਰੇ ਈ ਉਦਾਸੀਨ ਹੋ ਗਏ। ਮੇਰੇ ਲਈ ਸਭ ਜੁਗਾੜ ਕਰ ਦਿੱਤਾ ਸੀ ਉਹਨਾਂ ਨੇ ਪਰ ਮੈਂ ਕੀ ਪੜ੍ਹ ਰਿਹਾਂ, ਕੀ ਕਰ ਰਿਹਾ ਆਂ—ਇਸ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਸੀ। ਉਹ ਕੁਝ ਜਾਣਨਾ-ਪੁੱਛਣਾ ਵੀ ਨਹੀਂ ਸੀ ਚਾਹੁੰਦੇ।
ਉਸਨੇ ਗਿੱਲੀਆਂ ਅੱਖਾਂ ਨਾਲ ਸਾਹਮਣੇ ਵਲ ਦੇਖਿਆ। ਦੂਰ ਤਕ ਫੈਲਿਆ ਨੀਲਾ ਸਮੁੰਦਰ—ਧੁੰਦਲਾ ਦੁਮੇਲ...ਸ਼ੁੰਨ ਵਿਚ ਸਮਾਇਆ ਹੋਇਆ ਚਾਨਣ। ਪਾਣੀ ਤੇ ਆਸਮਾਨ ਦਾ ਇਕ ਦੂਜੇ ਵਿਚ ਘੁਲਿਆ ਹੋਇਆ ਨਜ਼ਾਰਾ। ਫੇਰ ਦੀ ਸਮੁੰਦਰ ਦਾ ਹੋਣਾ ਸਾਫ ਪਤਾ ਲੱਗ ਰਿਹਾ ਏ। ਆਕਾਸ਼ ਖਾਲੀ ਏ। ਇਕ ਸੱਖਣਾਪਨ! ਸਮੁੰਦਰ ਭਰਿਆ ਭਰਿਆ ਜਿਹਾ ਏ। ਡੂੰਘਾ ਏ। ਇਸ ਲਈ ਜੀਵੰਤ ਲੱਗਦਾ ਏ। ਲਹਿਰਾਂ ਨੇ। ਝੱਗ ਐ। ਲਹਿਰਾਂ ਕਿਨਾਰੇ ਨਾਲ ਖਹਿ ਰਹੀਆਂ ਨੇ। ਆਵਾਜ਼ ਧੀਮੀ ਏ ਪਰ ਜੀਵੰਤ ਹੋਣ ਦਾ ਅਹਿਸਾਸ ਕਰਵਾਉਂਦੀ ਏ।
ਦੇਰ ਤਕ ਉਹ ਓਵੇਂ ਈ ਬੈਠਾ ਰਿਹਾ। ਸੋਚਣ ਲੱਗਾ, ਕੋਈ ਨਹੀਂ ਪਰ ਸਮੁੰਦਰ ਤਾਂ ਐ। ਇਹ ਪਹਾੜੀ, ਇਹ ਮੈਦਾਨ, ਆਕਾਸ਼, ਸੂਰਜ ਸਭ ਬੇਕਾਰ ਨੇ। ਕਿਸੇ ਕੰਮ ਦੇ ਨਹੀਂ ਪਰ ਇਹ ਸਮੁੰਦਰ ਆਪਣਾ ਏ। ਇਹ ਜਾਗ ਰਿਹਾ ਏ। ਮੈਂ ਇਸ ਵੇਲੇ ਭਾਵੇਂ ਏਨੀ ਉਚਾਈ ਉੱਤੇ ਆਂ ਪਰ ਸਮੁੰਦਰ ਮੈਨੂੰ ਆਪਣੇ ਕੋਲ ਲੱਗ ਰਿਹਾ ਏ। ਕਵੀ ਲੋਕ ਐਵੇਂ ਈ ਨਹੀਂ ਸਮੁੰਦਰ ਨੂੰ ਆਪਣੇ ਸਾਰੇ ਭੇਤ ਦੱਸਦੇ ਰਹਿੰਦੇ। ਉਹ ਜਾਣਦੇ ਨੇ ਕਿ ਸਮੁੰਦਰ ਆਪਣੀ ਡੂੰਘਾਈ ਵਿਚ ਸਾਰੇ ਭੇਤ ਸਾਂਭੀ ਰੱਖਦਾ ਏ। ਜਦੋਂ ਮਨੁੱਖ ਨਹੀਂ ਸੀ, ਓਦੋਂ ਤੋਂ ਲੈ ਕੇ ਸਾਰੇ ਭੇਤ ਅੱਜ ਵੀ ਉਸ ਕੋਲ ਹੈਨ।
ਹੌਲੀ ਹੌਲੀ ਉਸਦਾ ਮਨ ਸ਼ਾਂਤ ਹੁੰਦਾ ਗਿਆ। ਉਸਨੇ ਕਾਟੇਜ ਜਾਣ ਬਾਰੇ ਸੋਚਿਆ। ਜਾਂ ਫੇਰ ਸਮੁੰਦਰ ਕਿਨਾਰੇ ਜਾ ਕੇ ਬੈਠਾਂਗਾ। ਇੱਥੇ ਫੇਰ ਕਦੀ ਆਵਾਂਗਾ। ਉਸਨੇ ਇਕ ਨਜ਼ਰ ਕਿਲੇ ਵਲ ਦੇਖਿਆ। ਇਹ ਪੱਥਰ ਇੰਜ ਈ ਰਹਿਣਗੇ। ਕਿੱਥੇ ਜਾਣਗੇ? ਪਰ ਮੈਨੂੰ ਹੁਣ ਸਮੁੰਦਰ ਕਿਨਾਰੇ ਜਾਣਾ ਚਾਹੀਦਾ ਏ। ਸਮੁੰਦਰ ਲਾਗੇ ਜਿਹੜੀਆਂ ਚਟਾਨਾਂ ਨੇ ਉਹਨਾਂ ਉੱਤੇ ਬੈਠਾਂਗਾ ਤਾਂ ਸਮੁੰਦਰ ਨਾਲ ਰੂ-ਬ-ਰੂ ਹੋ ਜਾਵਾਂਗਾ। ਤੇ ਮਨ ਵਧੇਰੇ ਸ਼ਾਂਤ ਹੋਏਗਾ।


ਉਹ ਪਹਾੜੀ ਉਤਰਨ ਲੱਗਾ। ਸਹਿਜ ਨਾਲ। ਰੇਸਟੋਰੇਂਟ ਕੋਲੋਂ ਲੰਘਦਾ ਹੋਇਆ ਕਾਟੇਜ ਪਹੁੰਚਿਆ।
ਨੰਦਨੀ ਪੌੜੀਆਂ ਉੱਤੇ ਬੈਠੀ ਕਿਤਾਬ ਪੜ੍ਹ ਰਹੀ ਸੀ। ਭਾਸਕਰ ਨੂੰ ਦੇਖਦਿਆਂ ਈ ਉਸਦੀਆਂ ਅੱਖਾਂ ਵਿਚ ਚਮਕ ਆ ਗਈ।
“ਕਿੱਥੇ ਗਏ ਸੀ?” ਕਿਤਾਬ ਬੰਦ ਕਰਦਿਆਂ ਉਸਨੇ ਪੁੱਛਿਆ।
“ਪਹਾੜੀ 'ਤੇ।”
“ਬਿਨਾਂ ਦੱਸਿਆਂ?”
“ਕਿਉਂ ਮੈਨੂੰ ਏਨੀ ਵੀ ਖੁੱਲ੍ਹ ਨਹੀਂ?”
“ਉਹ ਗੱਲ ਨਹੀਂ ਜੀ! ਖਾਸੀ ਦੇਰ ਲਾ ਦਿੱਤੀ। ਇਸ ਲਈ।” ਉਸਨੇ ਧੀਮੀ ਆਵਾਜ਼ ਵਿਚ ਕਿਹਾ।
ਭਾਸਕਰ ਨੇ ਸਿਰਫ ਘੜੀ ਦੇਖੀ। ਸਾਢੇ ਗਿਆਰਾਂ ਵੱਜ ਚੁੱਕੇ ਸਨ।
“ਨਾਸ਼ਤਾ ਕੀਤਾ?”
“ਹਾਂ।”
“ਮੈਂ ਨਹੀਂ ਕੀਤਾ। ਮੈਂ ਤੁਹਾਡੀ ਉਡੀਕ ਕਰ ਰਹੀ ਸੀ।”
“ਜੇ ਤੂੰ...” ਕਹਿੰਦਾ ਕਹਿੰਦਾ ਉਹ ਚੁੱਪ ਕਰ ਗਿਆ।
“ਕੀ?”
“ਤੂੰ ਰੇਸਟੋਰੇਂਟ ਜਾ ਕੇ ਨਾਸ਼ਤਾ ਕਰ ਸਕਦੀ ਸੈਂ।”
ਉਹ ਚੁੱਪ ਰਹੀ। ਭਾਸਕਰ ਵਰਾਂਡੇ ਵਿਚ ਬੈਠਾ ਹੋਇਆ ਸਮੁੰਦਰ ਦੇਖਦਾ ਰਿਹਾ ਸੀ। ਉਸਨੂੰ ਯਾਦ ਆਇਆ ਕਿ ਅਜੇ ਨਹਾਉਣਾ-ਧੋਣਾ ਸਭ ਕੁਝ ਰਹਿੰਦਾ ਏ। ਉਸਨੇ ਆਪਣੇ ਕੱਪੜੇ ਚੁੱਕੇ ਤੇ ਬਾਥਰੂਮ ਵਿਚ ਵੜ ਗਿਆ। ਠੰਡੇ ਪਾਣੀ ਦੇ ਸ਼ਾਵਰ ਹੇਠ ਉਸਨੂੰ ਚੰਗਾ ਲੱਗਾ। ਸਾਬਨ ਦੀ ਝੱਗ ਨਾਲ ਪਸੀਨਾ ਵੀ ਰੁੜ੍ਹ ਗਿਆ। ਉਸਨੂੰ ਹੋਰ ਵੀ ਚੰਗਾ ਲੱਗਾ।
ਤਰੋਤਾਜ਼ਾ ਹੋ ਕੇ ਉਹ ਬਾਹਰ ਆਇਆ। ਨੰਦਨੀ ਪੜ੍ਹਨ ਬੈਠ ਗਈ ਸੀ। ਹੁਣ ਕਿਤਾਬ ਪਾਸੇ ਰੱਖ ਦਿੱਤੀ। ਭਾਸਕਰ ਨੇ ਉਸ ਵਲ ਦੇਖਿਆ ਪਰ ਸਮਝ ਨਹੀਂ ਆਈ ਕਿ ਕੀ ਗੱਲ ਕਰੇ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਬਾਹਰ ਨਾਰੀਅਲ ਦੇ ਤਣਿਆਂ ਵਿਚੋਂ ਸਮੁੰਦਰ ਦਿਖਾਈ ਦੇ ਰਿਹਾ ਸੀ। ਕੁਝ ਨਾ ਕਹਿੰਦਿਆਂ ਹੋਇਆਂ ਉਸਨੇ ਬੂਟ ਪਾਉਣੇ ਸ਼ੁਰੂ ਕਰ ਦਿੱਤੇ। ਏਨੇ ਵਿਚ ਨੰਦਨੀ ਨੇ ਪੁੱਛਿਆ, “ਕਿਤੇ ਜਾ ਰਹੇ ਓ?”
“ਸਮੁੰਦਰ ਕਿਨਾਰੇ।”
“ਐਸ ਵੇਲੇ? ਧੁੱਪੇ ਈ?”
ਉਸਨੇ ਜਵਾਬ ਨਾ ਦਿੱਤਾ।
“ਮੈਂ ਵੀ ਚੱਲਾਂਗੀ।”
“ਨਹੀਂ।”
“ਫੇਰ ਤੁਸੀਂ ਵੀ ਨਾ ਜਾਓ। ਮੈਨੂੰ ਛੱਡ ਕੇ ਨਾ ਜਾਓ। ਮੈਥੋਂ ਬਰਦਾਸ਼ਤ ਨਹੀਂ ਹੁੰਦਾ।”
ਉਹ ਓਵੇਂ ਈ ਬੈਠਾ ਰਿਹਾ। ਇਕ ਵਾਰੀ ਉਸਨੇ ਸੋਚਿਆ ਨੰਦਨੀ ਦੀਆਂ ਗੱਲਾਂ ਵਲ ਧਿਆਨ ਨਾ ਦੇਂਦਾ ਹੋਇਆ ਚਲਾ ਜਾਵਾਂ। ਪਰ ਉਹ ਜਾਣਦਾ ਸੀ ਨੰਦਨੀ ਨਾਲ ਆਏਗੀ। ਫੇਰ ਉਸਨੂੰ ਰੋਕਣਾ ਮੁਸ਼ਕਿਲ ਹੋ ਜਾਏਗਾ। ਇਸ ਤੋਂ ਚੰਗਾ ਏ ਇੱਥੇ ਈ ਬੈਠਾ ਰਹਾਂ। ਉਸਨੇ ਬੂਟ ਪਰ੍ਹੇ ਖਿਸਕਾ ਦਿੱਤੇ ਤੇ ਸੋਫਾ ਕੁਰਸੀ ਉੱਤੇ ਬੈਠ ਗਿਆ।
“ਮੈਂ ਜਾਣਦੀ ਆਂ ਤੁਹਾਡੇ ਮਨ ਵਿਚ ਕੀ ਕੀ ਉਭਰ ਰਿਹਾ ਏ। ਪਰ ਜਿਵੇਂ ਤੁਸੀਂ ਸੋਚਦੇ ਓ, ਗੱਲ ਓਵੇਂ ਨਹੀਂ-ਜੀ।” ਨੰਦਨੀ ਉਸ ਵੱਲ ਖਿਸਕਦੀ ਹੋਈ ਬੋਲੀ।
ਭਾਸਕਰ ਦੇ ਹੋਠਾਂ ਉੱਤੇ ਖੰਜਰ ਵਰਗੀ ਤਿੱਖੀ ਮੁਸਕਾਨ ਉਭਰ ਆਈ।
“ਤੁਸੀਂ ਸੋਚੋਗੇ, ਹੁਣ ਮੇਰੇ ਕੋਲ ਦੱਸਣ ਵਾਸਤੇ ਕੀ ਬਚਿਆ ਹੋਏਗਾ? ਪਰ ਅਜੇ ਜੋ ਦੱਸਣਾ ਬਾਕੀ ਏ, ਉਹੀ ਅਸਲ ਗੱਲ ਏ।”
ਭਾਸਕਰ ਦੇ ਹੋਠਾਂ ਦੀ ਮੁਸਕਾਨ ਗ਼ਾਇਬ ਹੋ ਗਈ।
“ਦੇਖੋ ਭਾਸਕਰ, ਇਹ ਜੋ ਮੈਂ ਦੋਸਤੀ ਕੀਤੀ ਸੀ ਉਹ ਇਸ ਲਈ ਨਹੀਂ ਸੀ ਕੀਤੀ ਕਿ ਮੈਨੂੰ ਕਿਸੇ ਚੀਜ਼ ਦੀ ਕਮੀ ਸੀ। ਜਾਂ ਤੁਹਾਥੋਂ ਕੁਝ ਮਿਲਦਾ ਨਹੀਂ ਸੀ ਜਾਂ ਤੁਹਾਡੇ ਵਿਚ ਕੋਈ ਕਮੀ ਸੀ। ਇਹ ਗੱਲ ਨਹੀਂ ਇਸੇ ਲਈ ਕਹਿੰਦੀ ਆਂ ਕਿ ਤੁਸੀਂ ਕੋਈ ਗ਼ਲਤ-ਫ਼ਹਿਮੀ ਨਾ ਰੱਖਣਾ ਮਨ ਵਿਚ।”
ਉਹ ਸਿਰਫ ਸੁਣਦਾ ਰਿਹਾ।
“ਭਾਸਕਰ ਮੈਂ ਜਾਣਦੀ ਆਂ ਕਿ ਤੁਸੀਂ ਮੇਰੇ ਨਾਲ ਗੁੱਸੇ ਓ। ਕਿਸੇ ਨੂੰ ਵੀ ਮੇਰਾ ਇੰਜ ਕਰਨਾ ਪਸੰਦ ਨਹੀਂ ਆਏਗਾ। ਮੈਂ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ। ਇਹ ਸਭ ਪਹਿਲੋਂ ਧਾਰ ਕੇ ਨਹੀਂ ਹੁੰਦਾ—ਬਸ ਹੋ ਜਾਂਦਾ ਏ, ਆਪਣੇ ਆਪ। ਮੈਂ ਏਨਾ ਈ ਸਮਝਾਉਣਾ ਚਾਹੁੰਦੀ ਆਂ ਕਿ ਇਹ ਸਭ ਕਿਸੇ ਕਮੀ ਦੇ ਕਾਰਨ ਨਹੀਂ ਹੋਇਆ।”
ਉਹ ਕੁਝ ਰੁਕੀ। ਫੇਰ ਕਹਿਣਾ ਸ਼ੁਰੂ ਕੀਤਾ...:
“ਦੇਖੋ, ਮੈਂ ਪਹਿਲਾਂ ਈ ਕਿਹਾ ਸੀ ਕਿ ਸਾਡਾ ਮਨ ਬਦਲਦਾ ਰਹਿੰਦਾ ਏ। ਉਹ ਇਕੋ ਜਿਹਾ ਕਦੀ ਨਹੀਂ ਰਹਿੰਦਾ। ਇਸ ਲਈ ਅਸੀਂ ਬਚਪਨ ਵਿਚ ਜਿਵੇਂ ਤੇ ਜੋ ਸੋਚਦੇ ਆਂ, ਓਹ ਜਵਾਨੀ ਵਿਚ ਨਹੀਂ ਸੋਚਦੇ ਤੇ ਨਾ ਈ ਓਵੇਂ ਸੋਚਦੇ ਆਂ। ਅਸੀਂ ਕੁਝ ਵੱਖਰੀ ਤਰ੍ਹਾਂ ਦਾ ਵੀ ਸੋਚ ਸਕਦੇ ਆਂ। ਸਾਡੀਆਂ ਇੱਛਾਵਾਂ-ਉਮੀਦਾਂ ਇਕੋ ਜਿਹੀਆਂ ਨਹੀਂ ਰਹਿੰਦੀਆਂ। ਕਦੀ ਲੱਗਦਾ ਏ ਸਾਡੇ ਨਾਲ ਅਜਿਹੇ ਲੋਕ ਨੇ ਜਿਹੜੇ ਸਾਨੂੰ ਪੂਰੀ ਤਰ੍ਹਾਂ ਸਮਝ ਸਕਦੇ ਨੇ। ਸਾਡੀਆਂ ਗੱਲਾਂ ਦੇ ਸਹੀ ਅਰਥ ਸਮਝ ਸਕਦੇ ਨੇ। ਇੰਜ ਹੁੰਦਾ ਏ ਤਾਂ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਆਂ। ਬਚਪਨ ਵਿਚ ਸਕੂਲ ਵਿਚ ਕਈ ਸਹੇਲੀਆਂ ਹੁੰਦੀਆਂ ਨੇ ਪਰ ਇਕ ਅੱਧੀ ਦੇ ਨਾਲ ਈ ਸਾਡੀ ਸੁਰ ਮਿਲਦੀ ਏ। ਮੈਂ ਤਾਂ ਹਰ ਦੋ ਸਾਲ ਵਿਚ ਨਵੀਂ ਸਹੇਲੀ ਲੱਭਦੀ ਸਾਂ। ਪੁਰਾਣੀਆਂ ਸਹੇਲੀਆਂ ਵੀ ਹੁੰਦੀਆਂ ਸਨ ਪਰ ਮਨ ਦੇ ਨੇੜੇ ਰਹਿਣ ਵਾਲੀ ਸਹੇਲੀ ਹਮੇਸ਼ਾ ਬਦਲਦੀ ਰਹਿੰਦੀ ਸੀ। ਉਦੋਂ ਪਤਾ ਨਹੀਂ ਲੱਗਦਾ ਸੀ ਪਰ ਬਾਅਦ ਵਿਚ ਸਮਝ ਆਇਆ ਮਨ ਵਿਚ ਬਦਲਾਅ ਹੁੰਦਾ ਰਹਿੰਦਾ ਏ। ਅਸੀਂ ਵੱਡੇ ਹੁੰਦੇ ਜਾਂਦੇ ਆਂ। ਤੇ ਸਾਨੂੰ ਸਾਡੀਆਂ ਨਵੀਂਆਂ ਗੱਲਾਂ ਸਮਝਣ ਵਾਲੀ ਤੇ ਵਧੇਰੇ ਸਮਝਦਾਰ ਸਹੇਲੀ ਦੀ ਲੋੜ ਹੁੰਦੀ ਏ। ਹੁਣ ਜਿਹੜੀ ਅਮਰੀਕਾ ਵਿਚ ਏ ਨਾ, ਮੇਰੀ ਸਹੇਲੀ, ਸੁਲਭਾ—ਉਹ ਅੱਜ ਵੀ ਮੇਰੀ ਚਹੇਤੀ ਸਹੇਲੀ ਹੁੰਦੀ। ਪਰ ਉਸਦੇ ਪਿਤਾ ਜੀ ਦੀ ਬਦਲੀ ਹੋ ਗਈ। ਹੋਰ ਵੀ ਸਹੇਲੀਆਂ ਸਨ ਪਰ ਏਨੀਆਂ ਨਜ਼ਦੀਕ ਨਹੀਂ ਆ ਸਕੀਆਂ। ਤੁਸੀਂ ਸਮਝ ਰਹੇ ਓ ਨਾ?”
ਉਹ ਚੁੱਪ ਰਿਹਾ।
“ਮਨ ਲਗਾਤਾਰ ਕੁਛ ਲੱਭਦਾ-ਭਾਲਦਾ ਰਹਿੰਦਾ ਏ। ਵੱਖ ਵੱਖ ਵਿਅਕਤੀ। ਮੈਂ ਸਹੇਲੀ ਕਹਿ ਰਹੀ ਆਂ ਪਰ ਜ਼ਰੂਰੀ ਨਹੀਂ ਕਿ ਹਰ ਵਾਰੀ ਹਰ ਸਹੇਲੀ ਸਾਡੀ ਹਮ-ਉਮਰ ਈ ਹੋਏ। ਕਦੀ ਮਾਂ, ਕਦੀ ਪਿਤਾ ਜੀ, ਕਦੀ ਆਫ਼ਿਸ ਵਿਚ ਕੰਮ ਕਰਨ ਵਾਲਾ ਕੋਈ।...ਇਹਨਾਂ ਵਿਚੋਂ ਕੋਈ ਵੀ ਸਾਡੇ ਲਈ ਸਹੇਲੀ ਦੀ ਭੂਮਿਕਾ ਨਿਭਾ ਸਕਦਾ ਏ। ਮੇਰੀ ਮਾਂ ਦੀ ਬਿਮਾਰੀ ਤੁਸੀਂ ਦੇਖੀ ਏ। ਉਹਨਾਂ ਦੋ ਵਰ੍ਹਿਆਂ ਵਿਚ ਅਸੀਂ ਖੁੱਲ੍ਹ ਕੇ ਏਨੀਆਂ ਗੱਲਾਂ ਕੀਤੀਆਂ ਜਿੰਨੀਆਂ ਪਹਿਲਾਂ ਕਦੀ ਨਹੀਂ ਕੀਤੀਆਂ ਸਨ। ਮਾਂ ਨੇ ਮੈਨੂੰ ਕਿਹਾ ਵੀ ਸੀ ਕਿ ਜੋ ਮੈਂ ਕਹਿਣਾ ਚਾਹੁੰਦੀ ਆਂ, ਉਸਨੂੰ, ਤੂੰ ਸਹੀ-ਸਹੀ ਸਮਝਦੀ ਏਂ। ਸਹੇਲਪੁਣਾ ਕਈਆਂ ਨਾਲ ਹੁੰਦਾ ਰਹਿੰਦਾ ਏ—ਇਕ ਵਾਰੀ ਰਾਜੂ ਦੇ ਸਕੂਲ ਵਿਚ ਪੜ੍ਹਨ ਵਾਲੇ ਦੋ ਬੱਚਿਆਂ ਦੀਆਂ ਮਾਂਵਾਂ ਵੀ ਮੇਰੀਆਂ ਸਹੇਲੀਆਂ ਬਣ ਗਈਆਂ ਸਨ। ਹੁਣ ਸਾਡੇ ਬੱਚੇ ਈ ਨਾਲ ਨਹੀਂ ਰਹੇ ਸੋ ਉਹ ਦੋਸਤੀ ਵੀ ਖ਼ਤਮ ਹੋ ਗਈ।”
ਉਹ ਸਿਰਫ ਸੁਣਦਾ ਰਿਹਾ। ਉਸਨੂੰ ਲੱਗਿਆ ਇਸ ਵਿਚ ਅਜਿਹੀ ਕਿਹੜੀ ਨਵੀਂ ਗੱਲ ਏ ਜਿਹੜੀ ਉਹ ਕਹਿ ਰਹੀ ਏ? ਇੱਥੇ ਸਵਾਲ ਸਹੇਲੀਆਂ ਤੇ ਸਹੇਲਪੁਣੇ ਦਾ ਨਹੀਂ, ਪਤੀ-ਪਤਨੀ ਦੇ ਸੰਬੰਧਾਂ ਦਾ ਏ।
“ਤੇ ਸ਼ਾਦੀ ਘਪਲਾਬਾਜੀ ਨਹੀਂ ਹੁੰਦੀ।” ਨੰਦਨੀ ਨੇ ਕਿਹਾ, “ਜਿਵੇਂ ਤੁਹਾਡੇ ਕਾਰੋਬਾਰ, ਕੰਪਨੀ ਆਦਿ ਵਿਚ ਵੀ ਘਪਲਾ ਨਹੀਂ ਹੋ ਸਕਦਾ। ਸ਼ਾਦੀ ਅਸੀਂ ਕੁਝ ਵੱਖਰੇ ਕਾਰਨਾਂ ਕਰਕੇ ਈ ਕਰਦੇ ਆਂ। ਉਹ ਬਿਲਕੁਲ ਵੱਖਰਾ ਰਾਹ ਏ। ਪ੍ਰਮੁੱਖ ਰਸਤਾ ਤੇ ਜੀਵਨ ਨੂੰ ਬਦਲ ਦੇਣ ਵਾਲਾ ਰਸਤਾ। ਵੱਡੀ ਦੁਨੀਆਂ ਤਕ ਲੈ ਕੇ ਜਾਣ ਵਾਲਾ ਰਸਤਾ। ਪਰ ਸ਼ਾਦੀ ਦੇ ਰਸਤੇ ਅਸੀਂ ਹਰ ਉਸ ਜਗ੍ਹਾ ਨਹੀਂ ਪਹੁੰਚ ਸਕਦੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਆਂ।”
ਪਲ ਭਰ ਲਈ ਉਹ ਚਕਰਾ ਗਿਆ। ਉਸਨੇ ਸੋਚਿਆ, ਨੰਦਨੀ ਨੂੰ ਟੋਕ ਕੇ ਇਸਦੇ ਅਰਥ ਪੁੱਛੇ ਜਾਣ। ਕਿਹੜਾ ਰਸਤਾ? ਕਿਹੜੀ ਦੁਨੀਆਂ? ਗੱਲ ਪੱਧਰੀ ਏ ਕਿ ਸ਼ਾਦੀ ਦੀ ਰਾਹ ਸਿੱਧੀ ਲੀਕ 'ਤੇ ਚੱਲਣ ਵਾਲੀ ਰਾਹ ਏ। ਜਿਹੜੇ ਪੜਾਅ ਆਉਂਦੇ ਨੇ, ਆਉਂਦੇ ਨੇ। ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਵਿਸਾਰ ਦੇਂਦੇ ਆਂ। ਪਰ ਕੀ ਇਸ ਲਈ ਅਸੀਂ ਦੋਸ਼ੀ ਬਣੇ ਰਹੀਏ? ਆਦਮੀ ਇਕੋ ਸਮੇਂ ਦੋ ਰਸਤਿਆਂ ਉੱਤੇ ਨਹੀਂ ਤੁਰ ਸਕਦਾ।
ਪਰ ਉਹ ਕੁਝ ਬੋਲਿਆ ਨਹੀਂ।
“ਸ਼ਾਦੀ ਦੇ ਮਾਮਲੇ ਵਿਚ ਮੈਂ ਕਿਸਮਤ ਵਾਲੀ ਆਂ।” ਨੰਦਨੀ ਕਹਿੰਦੀ ਰਹੀ, “ਇਹ ਤੁਹਾਡੇ ਮੂੰਹ ਉੱਤੇ ਮੈਂ ਤਾਰੀਫ਼ ਨਹੀਂ ਕਰ ਰਹੀ। ਸੱਚ ਕਹਿ ਰਹੀ ਆਂ। ਮੈਂ ਜਾਣਦੀ ਆਂ ਏਨਾ ਸਭ ਕੁਝ ਕਿਸੇ ਨੂੰ ਨਹੀਂ ਮਿਲਦਾ। ਮੇਰੀਆਂ ਸਹੇਲੀਆਂ ਵਿਚ ਕਿੰਨੀਆਂ ਮੰਦਭਾਗੀਆਂ ਨੇ, ਮੈਂ ਜਾਣਦੀ ਆਂ। ਗ੍ਰਹਿਸਤੀਆਂ ਨਿਭ ਜਾਂਦੀਆਂ ਨੇ ਪਰ ਕਿਸ ਹਾਲ ਵਿਚ, ਇਹ ਗੱਲ ਸਾਰੇ ਜਾਣਦੇ ਨੇ। ਸ਼ੁਰੂਆਤ ਵਿਚ ਮੈਨੂੰ ਵੀ ਬੜਾ ਡਰ ਲੱਗਿਆ ਸੀ। ਤੁਸੀਂ ਬਿਲਕੁਲ ਬੋਲਦੇ ਨਹੀਂ ਸੀ। ਇਕ-ਦੋ ਸਾਲ ਵਿਚ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਤੇ ਪਤੀ ਓ। ਪਿੱਛੋਂ ਕਿਸੇ ਗੱਲ ਦੀ ਚਿੰਤਾ ਈ ਨਹੀਂ ਰਹੀ। ਰਾਜੂ ਦਾ ਜਨਮ ਹੋਇਆ। ਕਿੰਨਾਂ ਸਾਊ ਬੱਚਾ ਏ ਸਾਡਾ। ਕਾਲੇਜ ਵਿਚ ਸੀ ਤਦ ਮੌਜ਼-ਮਸਤੀ ਕਰਦਾ ਹੁੰਦਾ ਸੀ ਪਰ ਹੁਣ ਬਿਲਕੁਲ ਸਿੱਧਾ ਬਣ ਗਿਆ ਏ।”
ਭਾਸਕਰ ਨੇ ਆਪਣੇ ਆਪ ਵਿਚ ਈ 'ਹਾਂ' ਕਿਹਾ ਤੇ ਬਾਹਰ ਵਲ ਦੇਖਣ ਲੱਗ ਪਿਆ। ਧੁੱਪ ਕਰੜੀ ਹੋ ਗਈ ਸੀ। ਚਾਰੇ ਪਾਸੇ ਗੂੜ੍ਹੀ ਸ਼ਾਂਤੀ ਸੀ। ਦੂਰ ਸਮੁੰਦਰ ਦੇ ਪਾਣੀ ਦੀ ਹਲਕੀ ਜਿਹੀ ਚਮਕਦੀ ਲਕੀਰ ਦਿਸ ਰਹੀ ਸੀ। ਭਾਟਾ ਸੀ। ਪਾਣੀ ਅੰਦਰ ਚਲਾ ਗਿਆ ਸੀ। ਉਸਨੇ ਸੋਚਿਆ—ਇਹੀ ਤਾਂ ਗੱਲ ਏ! ਸਭ ਠੀਕ ਚੱਲ ਰਿਹਾ ਏ ਇਸੇ ਲਈ ਤਾਂ ਸੁਝਦੇ ਨੇ ਇਹ ਸਭ ਚੋਚਲੇ। ਝੌਂਪੜੀ ਵਿਚ ਰਹਿਣ ਦੀ ਨੌਬਤ ਆਉਂਦੀ ਤਾਂ ਆਟੇ ਦਾਲ ਦਾ ਭਾਅ ਪਤਾ ਲੱਗ ਜਾਂਦਾ।
“ਮੈਂ ਜਾਣਦੀ ਆਂ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਨਹੀਂ ਓ। ਸੋਚ ਰਹੇ ਓ ਕਿ ਏਨਾ ਸਭ ਠੀਕ ਲੱਗ ਰਿਹਾ ਸੀ ਤਾਂ ਮੈਂ ਇੰਜ ਕਿਉਂ ਕੀਤਾ? ਤੇ ਮੈਂ ਤੁਹਾਨੂੰ ਇਹੀ ਸਮਝਾਉਣ ਦਾ ਯਤਨ ਕਰ ਰਹੀ ਆਂ ਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਵਿਚ ਕੋਈ ਸੰਬੰਧ ਨਹੀਂ—ਇਹਨਾਂ ਨੂੰ ਮੇਲਣ ਦੀ ਕੋਸ਼ਿਸ਼ ਨਾ ਕਰੋ।”
ਉਸਨੇ ਫੇਰ ਵੀ ਜਵਾਬ ਨਹੀਂ ਦਿੱਤਾ। ਜਦੋਂ ਉਹ ਕਹਿ ਰਹੀ ਸੀ ਓਦੋਂ ਉਸਨੇ ਮੁੜ ਕੇ ਦੇਖਿਆ ਸੀ, ਪਰ ਹੁਣ ਫੇਰ ਬਾਹਰ ਵਲ ਦੇਖ ਰਿਹਾ ਸੀ।
“ਭਾਸਕਰ ਮੈਨੂੰ ਭੁੱਖ ਲੱਗੀ ਏ। ਅਸੀਂ ਚੱਲ ਕੇ ਖਾਣਾ ਖਾਈਏ? ਤੁਸੀਂ ਤਾਂ ਨਾਸ਼ਤਾ ਕੀਤਾ ਹੋਇਆ ਏ। ਮੈਂ ਸਵੇਰ ਦਾ ਕੁਛ ਵੀ ਨਹੀਂ ਖਾਧਾ। ਸਿਰਫ ਚਾਹ ਲਈ ਏ।”
“ਤੂੰ ਖਾਣਾ ਖਾ ਲੈ।”
“ਮੈਂ ਕਦੀ ਇੰਜ ਕੀਤਾ ਏ ਕਿ? ਤੁਸੀਂ ਚਾਹੋ ਤਾਂ ਥੋੜ੍ਹਾ ਜਿਹਾ ਚਖ ਲੈਣਾ। ਪਰ ਚੱਲੋ ਮੇਰੇ ਨਾਲ।”
ਉਹ ਚੁੱਪ ਚਾਪ ਉਠ ਖੜ੍ਹਾ ਹੋਇਆ। ਤਿਪਾਈ ਉੱਤੇ ਰੱਖੀ ਚਾਬੀ ਜੇਬ ਵਿਚ ਪਾਈ। ਚੱਪਲਾਂ ਪਾਈਆਂ ਤੇ ਕਮਰੇ 'ਚੋਂ ਬਾਹਰ ਜਾ ਖੜ੍ਹਾ ਹੋਇਆ। ਉਹ ਵੀ ਪਿੱਛੇ ਹੋ ਲਈ।


ਰੇਸਟੋਰੈਂਟ ਵਿਚ ਖਾਣਾ ਤਿਆਰ ਸੀ। ਉਹਨਾਂ ਦੇ ਇਲਾਵਾ ਹੋਰ ਕੋਈ ਨਹੀਂ ਸੀ ਉੱਥੇ। ਉੱਥੋਂ ਦੇ ਸਟਾਫ਼ ਨੇ ਝੱਟ ਖਿੜਕੀ ਦੇ ਨਾਲ ਵਾਲੀ ਮੇਜ਼ ਸਜ਼ਾ ਕੇ ਉਹਨਾਂ ਨੂੰ ਸੱਦਾ ਦਿੱਤਾ। ਗਰਮ-ਗਰਮ ਖਾਣੇ ਦੀ ਸੁਆਦੀ ਗੰਧ ਆਉਂਦਿਆਂ ਈ ਭਾਸਕਰ ਦੀ ਵੀ ਖਾਣਾ ਖਾਣ ਦੀ ਇੱਛਾ ਹੋਈ। ਉਸਨੇ ਆਪਣੀ ਪਲੇਟ ਵਿਚ ਪਰੋਸ ਲਿਆ।
“ਵਾਹ! ਕੇਡਾ ਸਵਾਦੀ ਖਾਣਾ ਏਂ। ਫਲਾਵਰ ਦੀ ਸਬਜ਼ੀ। ਮਟਰ ਪਨੀਰ। ਕਿੰਨਾਂ ਸਹੀ ਮੀਨੂ ਏ।”
“ਹਾਂ।”
“ਸਵਾਦ ਵੀ ਵੱਖਰਾ ਏ। ਪਤਾ ਨਹੀਂ ਕਿਹੜਾ ਮਸਾਲਾ ਵਰਤਦੇ ਨੇ। ਵਧੀਆਂ ਟੇਸਟ ਏ। ਤੁਸੀਂ ਰੋਟੀ ਲਓ ਨਾ।”
“ਨਹੀਂ।”
“ਲਓ ਨਾ! ਮੱਕੀ ਦੀ ਰੋਟੀ ਏ। ਵਧੀਆ।” ਕਹਿੰਦਿਆਂ ਹੋਇਆਂ ਉਸਨੇ ਆਪਣੀ ਰੋਟੀ ਵਿਚੋਂ ਤੋੜ ਕੇ ਉਸਨੂੰ ਦੇ ਦਿੱਤੀ।
ਭਾਸਕਰ ਮਨ੍ਹਾਂ ਨਹੀਂ ਕਰ ਸਕਿਆ। ਸੋਚਣ ਲੱਗਾ। ਸਭ ਕੁਝ ਨਾਰਮਲ ਕਿੰਜ ਏ? ਜਿਵੇਂ ਕੁਝ ਹੋਇਆ ਈ ਨਾ ਹੋਏ। ਇੱਥੋਂ ਦੇ ਲੋਕਾਂ ਨੂੰ ਤਾਂ ਭਿਣਕ ਵੀ ਨਹੀਂ ਹੋਣੀ। ਹੁਣ ਇਹ ਲੋਕ ਆਉਣਗੇ। ਪੁੱਛਣਗੇ, ਸਰ ਰੋਟੀ ਦਿਆਂ? ਮੈਡਮ ਸਬਜ਼ੀ ਲਓ ਨਾ? ਅਚਾਰ ਦਿਆਂ। ਜੀ-ਅਹਿ ਚਟਨੀ ਲਿਆਓ। ਫੇਰ ਮੈਂ ਥੋੜ੍ਹਾ ਵੱਧ ਈ ਖਾਵਾਂਗਾ। ਛੁੱਟੀਆਂ ਮਨਾਉਣ ਜੋ ਆਇਆ ਆਂ। ਖਾਓ-ਸੰਵੋ, ਐਸ਼ ਕਰੋ। ਮੂੰਹ ਕੁਸੈਲਾ ਬਣਾ ਕੇ ਜਾਂ ਹੋਰ ਕਿਵੇਂ। ਇਸਦੀ ਚਿੰਤਾ ਨਾ ਕਰੋ। ਸਵੀਟ ਡਿਸ਼ ਵੀ ਮੰਗਵਾਏ।
ਉਸਨੂੰ ਲੱਗਿਆ ਮੈਂ ਸੱਚਮੁੱਚ ਮੂਰਖ ਆਂ। ਉਸਨੇ ਕਿਹਾ ਖਾਣਾ ਖਾਓਗੇ ਤੇ ਮੈਂ ਤੁਰ ਪਿਆ ਉਸਦੇ ਪਿੱਛੇ ਪਿੱਛੇ। ਕਲ੍ਹ ਵੀ ਇਵੇਂ ਕੀਤਾ। ਰਾਤ ਨੂੰ ਵੀ। ਸਵੇਰੇ ਪੁਰਾਣ ਸੁਣ ਲਿਆ। ਉਹ ਕੀ ਸੀ? ਕੁਛ ਵੀ ਨਹੀਂ? ਸਭ ਕੁਝ ਸੁਣ ਕੇ ਵੀ ਏਨਾ ਈ ਸਹਿਜ ਰਹਿਣ ਵਾਲਾ ਆਂ ਤਾਂ ਆਪਣੇ ਵਰਗਾ ਮੂਰਖ ਮੈਂ ਈ ਆਂ।
“ਮੈਂ ਨਹੀਂ ਖਾਵਾਂਗਾ।” ਉਸਨੇ ਝੱਟ ਡਿਸ਼ ਪਰ੍ਹੇ ਸਰਕਾਉਣੀ ਚਾਹੀ ਪਰ ਨੰਦਨੀ ਨੇ ਉਸਦਾ ਹੱਥ ਫੜ੍ਹੀ ਰੱਖਿਆ।
“ਭਾਸਕਰ, ਖਾਣਾ ਵਿੱਚੇ ਨਾ ਛੱਡੋਗੇ। ਵਰਨਾ ਇਹਨਾਂ ਲੋਕਾਂ ਨੂੰ ਲੱਗੇਗਾ ਖਾਣਾ ਠੀਕ ਨਹੀਂ ਬਣਿਆਂ। ਮੈਂ ਬਸ ਨਬੇੜ ਲੈਂਦੀ ਆਂ। ਆਪਾਂ ਚੱਲਾਂਗੇ।”
ਉਹ ਅੰਦਰ ਈ ਅੰਦਰ ਹੱਸਿਆ। ਸੱਚ ਏ ਉਸਨੇ ਖਾਣਾ ਜ਼ਾਰੀ ਰੱਖਿਆ। ਸੋਚਿਆ ਮੈਂ ਉਠ ਜਾਵਾਂਗਾ ਤਾਂ ਇਹ ਲੋਕ ਨਿਰਾਸ਼ ਹੋਣਗੇ। ਇਹਨਾਂ ਨੂੰ ਲੱਗੇਗਾ ਸੇਵਾ ਵਿਚ ਕੋਈ ਕਮੀ ਰਹਿ ਗਈ ਏ। ਵਿਚਾਰੇ ਕਿੰਨੇ ਦਿਆਲੂ ਤੇ ਆਪਣੇ ਕੰਮ ਵਿਚ ਮਗਨ ਨੇ। ਉਹਨਾਂ ਨੂੰ ਕਿਉਂ ਨਾਰਾਜ਼ ਕੀਤਾ ਜਾਏ? ਮੇਰੇ ਮੁੰਹ ਵਿਚ ਭਾਵੇਂ ਜੋ ਵੀ ਸਵਾਦ ਹੋਵੇ। ਖਾਣੇ 'ਤੇ ਗੁੱਸਾ ਕਿਉਂ ਉਤਾਰਾਂ?
ਉਸਨੇ ਰੋਟੀ ਲਈ। ਸਬਜ਼ੀ ਲਈ। ਨਾ ਚਾਹੁੰਦਿਆਂ ਹੋਇਆ ਵੀ ਦੋ ਸਵੀਟ ਡਿਸ਼ ਮੰਗਵਾਏ। ਉੱਚੀ ਆਵਾਜ਼ ਵਿਚ ਆਰਡਰ ਦੇ ਕੇ।
“ਮੈਂ ਨਹੀਂ ਖਾ ਸਕਾਂਗੀ।” ਨੰਦਨੀ ਨੇ ਕਿਹਾ ਤਾਂ ਵੀ ਉਸਨੇ ਬਾਊਲ ਉਸਦੇ ਸਾਹਮਣੇ ਰੱਖ ਦਿੱਤਾ।


ਉਹ ਵਾਪਸ ਪਰਤੇ ਉਦੋਂ ਚਾਰੇ ਪਾਸੇ ਧੁੱਪ ਈ ਧੁੱਪ ਸੀ। ਨਮਕੀਨ ਗਰਮੀ, ਉਮਸ ਸੀ। ਥੋੜ੍ਹਾ ਜਿਹਾ ਤੁਰਨ ਨਾਲ ਈ ਥਕਾਣ ਹੋਈ। ਮੈਂ ਐਵੇਂ ਈ ਜ਼ਿਆਦਾ ਖਾ ਲਿਆ। ਘੱਟ ਖਾਣਾ ਚਾਹੀਦਾ ਸੀ। ਹੁਣ ਸੁਸਤਾਵਾਂਗਾ। ਸਮੁੰਦਰ ਕਿਨਾਰੇ ਕਿੰਜ ਜਾ ਸਕਾਂਗਾ? ਤੇ ਸੌਣ ਦੀ ਇੱਛਾ ਤਾਂ ਬਿਲਕੁਲ ਵੀ ਨਹੀਂ ਏ। ਕੋਸ਼ਿਸ਼ ਕਰਾਂ ਤਾਂ ਵੀ ਨੀਂਦ ਨਹੀਂ ਆਏਗੀ।
ਕਮਰੇ ਵਿਚ ਆਉਂਦਿਆਂ ਈ ਉਸਨੇ ਪੱਖਾ ਤੇਜ਼ ਕੀਤਾ ਤੇ ਬਿਸਤਰੇ ਉੱਤੇ ਆਪਣੇ ਆਪ ਨੂੰ ਢੇਰ ਕਰ ਦਿੱਤਾ। ਉਸਨੇ ਸੋਚਿਆ ਨੰਦਨੀ ਸੋਫੇ ਉੱਤੇ ਕਿਤਾਬ ਪੜ੍ਹਨ ਬੈਠੇਗੀ। ਪਰ ਉਹ ਬਿਸਤਰੇ ਦੇ ਕੋਨੇ 'ਤੇ ਬੈਠ ਗਈ। ਉਹ ਛੱਤ ਵੱਲ ਦੇਖਣ ਲੱਗਾ। ਉਸਨੇ ਸੋਚਿਆ ਮੂੰਹ ਫੇਰ ਲਵਾਂ। ਉਹ ਪਾਸਾ ਪਰਤਨ ਈ ਲੱਗਿਆ ਸੀ ਕਿ ਨੰਦਨੀ ਨੇ ਕਿਹਾ, “ਮੈਂ ਜਾਣਦੀ ਆਂ ਭਾਸਕਰ ਕਿ ਤੁਸੀਂ ਗੁੱਸੇ ਵਿਚ ਓ। ਗੁੱਸੇ ਨਾ ਹੋਵੋ ਇਹ ਮੈਂ ਕਹਿ ਨਹੀਂ ਸਕਦੀ। ਪਰ ਜ਼ਰਾ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ।”
“ਕੀ ਸਮਝਣ ਦੀ ਕੋਸ਼ਿਸ਼ ਕਰਾਂ?” ਅਚਾਨਕ ਈ ਵਰ੍ਹ ਪਿਆ, “ਇਹ ਸਭ ਟਿਪੀਕਲ ਏ ਤੇਰੇ ਉਹਨਾਂ ਨਾਵਲਾਂ ਵਾਂਗ। ਮੈਨੂੰ ਲੱਗਿਆ ਸੀ ਮੇਰੇ ਨਾਲ ਇੰਜ ਨਹੀਂ ਹੋਏਗਾ। ਪਰ ਹੋ ਗਿਆ। ਹੁਣ ਕੁਛ ਹੋਰ ਨਾ ਕਹੀਂ। ਬਸ ਜਾਹ, ਕੁਰਸੀ 'ਤੇ ਬੈਠ ਕੇ ਪੜ੍ਹ। ਤੇ ਇੱਥੋਂ ਕਦ ਚੱਲਣਾ ਏਂ, ਏਨਾ ਮੈਨੂੰ ਦੱਸ ਦੇ।”
ਉਹ ਕੁਝ ਕਹਿ ਨਹੀਂ ਸਕੀ। ਭਾਸਕਰ ਨੂੰ ਲੱਗਿਆ, ਹੁਣ ਉਹ ਉੱਥੋਂ ਉੱਠ ਕੇ ਦੂਰ ਜਾ ਬੈਠੇਗੀ। ਪਰ ਉਹ ਉੱਥੇ ਈ ਬੈਠੀ ਰਹੀ। ਕੁਝ ਚਿਰ ਚੁੱਪ ਵਾਪਰੀ ਰਹੀ। ਫੇਰ ਨੰਦਨੀ ਨੇ ਧੀਮੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ...:
“ਮੈਂ ਵਾਰੀ ਵਾਰੀ ਕਹਿ ਰਹੀ ਆਂ ਇਹਨਾਂ ਦੋ ਗੱਲਾਂ ਨੂੰ ਤੁਸੀਂ ਇਕ ਦੂਜੇ ਵਿਚ ਨਾ ਰਲਾਓ। ਇਸਦਾ ਆਪਣੀ ਗ੍ਰਹਿਸਤੀ ਨਾਲ ਕੋਈ ਲਾਗਾ-ਦੇਗਾ ਨਹੀਂ।”
“ਕਿੰਜ ਲਾਗਾ-ਦੇਣਾ ਨਹੀਂ? ਗ੍ਰਹਿਸਤੀ ਵਸਾਉਣ ਲਈ ਪਤੀ-ਪਤਨੀ ਵਿਚ ਕੁਝ ਕਮਿੱਟਮੈਂਟ ਹੁੰਦੇ ਨੇ ਨਾ? ਅੱਗ ਸਾਹਮਣੇ ਭਾਵੇਂ ਨਾ ਹੋਏ ਹੋਣ, ਪਰ ਆਪਸ ਵਿਚ? ਕੁਝ ਫਰਜ਼? ਉਹਨਾਂ ਦੀ ਪਾਲਨਾਂ ਕਰਨਾਂ ਦੋਵਾਂ ਦਾ ਕੰਮ ਹੁੰਦਾ ਏ ਨਾ?”
“ਮੈਂ ਫਰਜ਼ ਨਹੀਂ ਨਿਭਾਏ? ਕੋਈ ਕਮੀ ਰਹਿਣ ਦਿੱਤੀ ਕਿ?”
“ਫੇਰ ਉਹੀ।” ਗੱਦੇ 'ਤੇ ਹੱਥ ਮਾਰ ਕੇ ਉਸਨੇ ਕਿਹਾ, “ਮੈਂ ਇਹ ਸਭ ਕਹਿਣਾ ਨਹੀਂ ਚਾਹੁੰਦਾ, ਪਰ ਤੂੰ ਮਜ਼ਬੂਰ ਕਰ ਰਹੀ ਏਂ। ਕਿਉਂਕਿ ਮੈਂ ਮਨ ਕੇ ਚੱਲਿਆ ਸਾਂ ਕਿ ਹਰ ਕੋਈ ਮਾਰਲ ਕਮਿੱਟਮੈਂਟ ਕਰਦਾ ਏ ਤੇ ਨਿਭਾਉਣੀ ਪੈਂਦੀ ਏ ਉਸਨੂੰ। ਹਰ ਵਾਰੀ ਮਨ ਭਾਵੇਂ ਇਕ ਰੂਪ ਨਾ ਹੋਏ। ਝਗੜਾ-ਫਸਾਦ ਹੁੰਦਾ ਹੋਏ, ਫੇਰ ਵੀ ਤਾਂ ਪ੍ਰਤੀਬੱਧਤਾ ਨਿਭਾਉਣੀ ਪੈਂਦੀ ਏ। ਅੱਗੇ ਨਿਭਣਾ ਹੁੰਦਾ ਏ। ਇਸ ਤੋਂ ਮੂੰਹ ਕਿਉਂ ਫੇਰਿਆ ਜਾਏ।”
“ਮੈਂ ਕਮਿੱਟਮੈਂਟ ਨਹੀਂ ਨਿਭਾਈ?” ਉਸਦੀ ਆਵਾਜ਼ ਧੀਮੀ ਪਰ ਤਿੱਖੀ ਸੀ। “ਮੈਂ ਪੂਰੀ ਤਰ੍ਹਾਂ ਨਾਲ ਨਿਭਾਈ ਏ। ਮੈਂ ਜਾਣੀ ਆਂ ਤੁਸੀਂ ਕਿਹੜੇ ਸ਼ਬਦ ਦਾ ਪ੍ਰਯੋਗ ਕਰਨਾ ਚਾਹੁੰਦੇ ਓ...ਪਤਨੀ ਧਰਮ ਨਹੀਂ ਨਿਭਾਇਆ? ਇਸ ਧਰਮ ਤੋਂ ਪਰ੍ਹੇ ਵੀ ਅਸੀਂ ਅਸੀਂ ਹੁੰਦੇ ਆਂ ਨਾ? ਜਾਂ ਉਸ ਤੋਂ ਪਰ੍ਹਾਂ ਆਪਣਾ ਕੋਈ ਜੀਵਨ ਹੁੰਦਾ ਈ ਨਹੀਂ?”
“ਯਾਨੀ?”
“ਯਾਨੀ ਘਰ-ਗ੍ਰਹਿਸਤੀ ਤੋਂ ਪਰ੍ਹੇ ਅਸੀਂ ਕੁਛ ਨਹੀਂ ਹੁੰਦੇ? ਤੁਸੀਂ ਮੇਰੇ ਪਤੀ ਓ ਪਰ ਹੋਰ ਕੁਛ ਨਹੀਂ ਹੋ ਕਿ? ਤੁਸੀਂ ਭਾਸਕਰ ਓ। ਪਤੀ ਭਾਸਕਰ ਓ ਜਾਂ ਵਿਅਕਤੀ ਭਾਸਕਰ ਓ? ਤੁਸੀਂ ਆਪਣੇ ਵਿਚ ਕੁਝ ਹੋ ਜਾਂ ਨਹੀਂ?”
“ਇਹ ਭੂਮਿਕਾਵਾਂ ਤਾਂ ਹਰੇਕ ਨੂੰ ਨਿਭਾਉਣੀਆਂ ਪੈਂਦੀਆਂ ਨੇ।”
“ਭੂਮਿਕਾਵਾਂ ਤਾਂ ਹੈਨ ਈ। ਉਹਨਾਂ ਤੋਂ ਪਰ੍ਹੇ ਵੀ ਅਸੀਂ ਕੁਝ ਹੋਰ ਹੁੰਦੇ ਆਂ ਨਾ? ਇਹਨਾਂ ਭੂਮਿਕਾਵਾਂ ਨਾਲੋਂ ਵੱਡੇ। ਉਹਨਾਂ ਨਾਲੋਂ ਵੀ ਕਿਤੇ ਅੱਗੇ।”
ਉਹ ਚੁੱਪ ਰਿਹਾ।
“ਜਦੋਂ ਤੁਸੀਂ ਕੰਪਨੀ ਵਿਚ ਹੁੰਦੇ ਓ, ਓਦੋਂ ਤੁਸੀਂ ਪਤੀ ਭਾਸਕਰ ਹੁੰਦੇ ਓ ਕੀ? ਓਦੋਂ ਤੁਸੀਂ ਇਕ ਉਦਯੋਗਪਤੀ, ਮਾਲਕ, ਕਾਰਖ਼ਾਨੇਦਾਰ ਹੁੰਦੇ ਓ। ਕੁਝ ਨਵਾਂ ਲੱਭ ਰਹੇ ਹੁੰਦੇ ਓ। ਕਈ ਗੱਲਾਂ ਵਿਚ ਗਵਾਚੇ ਹੋਏ ਹੁੰਦੇ ਓ। ਦੋ ਮਹੀਨੇ ਪਹਿਲਾਂ ਤੁਸੀਂ ਸਵੀਡਿਸ਼ ਕੰਪਨੀ ਦੇ ਨਾਲ ਕਲੈਬੋਰੇਸ਼ਨ ਕੀਤਾ। ਉਦੋਂ ਤੁਸੀਂ ਪਤੀ ਰੂਪ ਵਿਚ ਨਹੀਂ ਸੀ। ਉਸਤੋਂ ਪਰ੍ਹੇ ਸੀ। ਪਰ ਉਹ ਰੂਪ ਪਤੀ ਭਾਸਕਰ ਦੇ ਵਿਰੋਧ ਵਿਚ ਨਹੀਂ ਸੀ।”
“ਕਿੰਜ ਹੋਏਗਾ? ਉਹ ਸਾਰੀਆਂ ਭੂਮਿਕਾਵਾਂ ਮੇਰੇ ਵਿਚ ਹੈਨ।”
“ਮੈਂ ਕਹਿਣਾ ਚਾਹੁੰਦੀ ਆਂ ਕਿ ਇਹਨਾਂ ਸਾਰੀਆਂ ਭੂਮਿਕਾਵਾਂ ਨੂੰ ਨਿਭਾਉਣ ਵਾਲੇ ਅਸੀਂ ਭੂਮਿਕਾਵਾਂ ਨਾਲੋਂ ਵੱਡੇ ਹੁੰਦੇ ਆਂ। ਮੈਂ ਤਾਂ ਇਹਨਾਂ ਰੋਲਸ ਦੀ ਵੀ ਗੱਲ ਨਹੀਂ ਕਰ ਰਹੀ—ਆਪਣੇ ਜਿਉਣ ਦੇ ਵੱਖ-ਵੱਖ ਦਾਇਰੇ ਹੁੰਦੇ ਨੇ। ਕਾਰਖ਼ਾਨੇ ਵਿਚ ਵੀ ਤੁਸੀਂ ਹਮੇਸ਼ਾ ਕਾਰਖ਼ਾਨੇਦਾਰ ਨਹੀਂ ਹੁੰਦੇ। ਘਰੇ ਉਹ ਕੰਮ ਨਾ ਕਰਦੇ ਹੋਏ ਵੀ ਤੁਸੀਂ ਉਹੀ ਹੁੰਦੇ ਓ ਕਿਉਂਕਿ ਮਨ ਵਿਚ ਕੁਝ ਨਾ ਕੁਝ ਨਵਾਂ ਵਿਓਂਤ ਰਹੇ ਹੁੰਦੇ ਓ।”
“ਤਾਂ ਫੇਰ?”
“ਇੰਜ ਹੋਣ ਵਿਚ ਕੋਈ ਪਰੋਬਲਮ ਨਹੀਂ ਹੁੰਦੀ। ਵੱਖ-ਵੱਖ ਟਰੀਟਮੈਂਟ ਵਿਚ ਅਸੀਂ ਢਲ ਜਾਂਦੇ ਆਂ। ਕੋਲੈਬੋਰੇਸ਼ਨ ਸਮੇਂ ਤੁਸੀਂ ਢੇਰਾਂ ਕੰਮ ਕੀਤਾ। ਉਹਨਾਂ ਸਭਨਾਂ ਨਾਲ ਨਿਭਦੇ ਹੋਏ ਪਤੀ ਭਾਸਕਰ ਦੇ ਨਾਲ ਤੁਹਾਡਾ ਟਕਰਾਅ ਨਹੀਂ ਹੋਇਆ ਨਾ?”
ਉਹ ਹੱਸਿਆ, “ਇਹ ਵੱਖਰੀ ਗੱਲ ਐ। ਇਸਦੀ ਤੇ ਉਸਦੀ ਤੁਲਨਾ ਨਹੀਂ ਹੋ ਸਕਦੀ।”
“ਇਕ ਪੱਖ ਤੋਂ ਨਹੀਂ ਹੋ ਸਕਦੀ, ਪਰ ਸਭ ਨਿਭਾਉਂਦੇ ਹੋਏ ਤੁਸੀਂ ਉਹਨਾਂ ਸਾਰੇ ਛੋਟੇ-ਵੱਡੇ ਕੰਮਾਂ ਦੇ ਪ੍ਰਤੀ ਪ੍ਰਤੀਬੱਧ ਸੌ। ਤੁਸੀਂ ਮਨ ਨਾਲ ਸਭ ਕੀਤਾ ਸੀ। ਤੁਸੀਂ ਉਹਨਾਂ ਨੂੰ ਐਡਮਾਇਰ ਕਰ ਰਹੇ ਸੌ।”
ਉਹ ਉਠ ਖੜ੍ਹਾ ਹੋਇਆ। ਉਠ ਕੇ ਉਸਨੇ ਸੋਚਿਆ, ਮੈਂ ਕਿਉਂ ਉਠ ਖੜ੍ਹਾ ਹੋਇਆ? ਟੇਬਲ 'ਤੇ ਰੱਖੇ ਜਾਰ ਵਿਚੋਂ ਪਾਣੀ ਗ਼ਲਾਸ ਵਿਚ ਪਾ ਕੇ ਉਸਨੇ ਪੀਤਾ।
“ਮੈਨੂੰ ਵੀ ਦਿਓਗੇ?”
ਉਸਨੇ ਦੂਜੇ ਗ਼ਲਾਸ ਵਿਚ ਪਾਣੀ ਪਾ ਕੇ ਉਸ ਦੇ ਦਿੱਤਾ। ਉਹ ਸੋਫੇ ਵੱਲ ਜਾ ਈ ਰਿਹਾ ਸੀ ਕਿ ਉਦੋਂ ਈ ਨੰਦਨੀ ਨੇ ਕਿਹਾ, “ਇੱਥੇ ਈ ਬੈਠੋ, ਮੇਰੇ ਕੋਲ।”
ਉਹ ਇੱਛਾ ਨਾ ਹੋਣ ਦੇ ਬਾਵਜੂਦ ਪਹਿਲਾਂ ਵਾਂਗ ਬੈਠ ਗਿਆ।
“ਮੇਰੀ ਗੱਲ ਸਮਝ ਰਹੇ ਓ ਨਾ?”
“ਇਹ ਸਭ ਵਕੀਲਾਂ ਵਾਲੀ ਭਾਸ਼ਾ ਏ। ਕੋਰੀ ਸਫਾਈ। ਮੈਂ ਨਹੀਂ ਮੰਨਦਾ ਤੇ ਨਾ ਈ ਮੈਨੂੰ ਕਿਸੇ ਜਸਟੀਫ਼ਿਕੇਸ਼ਨ ਦੀ ਲੋੜ ਏ। ਮੈਂ ਕਦੀ ਕਿਸੇ ਤੋਂ ਕਿਸੇ ਗੱਲ ਦਾ ਸਪਸ਼ਟੀਕਰਣ ਨਹੀਂ ਪੁੱਛਿਆ। ਸਪਸ਼ਟੀਕਰਣ ਤੁੱਥ-ਮੁੱਥ ਕਰਕੇ ਪੇਸ਼ ਕੀਤਾ ਜਾ ਸਕਦਾ ਏ।”
“ਇਹ ਸਪਸ਼ਟੀਕਰਣ ਨਹੀਂ। ਮੈਂ ਜੋ ਦੱਸ ਰਹੀ ਆਂ ਉਸਦੇ ਕੁਝ ਅਰਥ ਨੇ।”
“ਜੋ ਕਹਿਣਾ ਏਂ ਸਾਫ ਸਾਫ ਕਹਿ।”
“ਇਹੀ ਕਿ ਮੈਂ ਦੋਸਤੀ ਕੀਤੀ, ਉਹ ਪਤਨੀ-ਧਰਮ ਤੋਂ ਪਾਸੇ ਨਹੀਂ ਸੀ।”
ਉਹ ਹੱਸਿਆ। ਉਸ ਵੱਲ ਸਿੱਧਾ ਦੇਖਦਾ ਹੋਇਆ ਬੋਲਿਆ, “ਬਿਕਾਜ ਯੂ ਹੈਵ ਡਨ ਇਟ। ਯੂ ਹੈਵ ਟੂ ਜਸਟੀਫਾਇ ਇਟ।”
“ਨਹੀਂ ਭਾਸਕਰ, ਨਹੀਂ! ਇਹ ਜਸਟੀਫਿਕੇਸ਼ਨ ਨਹੀਂ।”
“ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ; ਕੀ ਕਰਾਂ?” ਉਹ ਬੈੱਡ ਤੋਂ ਉਠ ਕੇ ਸੋਫੇ ਵਲ ਜਾਂਦਿਆਂ ਬੋਲਿਆ, “ਮੈਨੂੰ ਉਮੀਦ ਨਹੀਂ ਸੀ ਤੈਥੋਂ।”
ਕਮਰੇ ਵਿਚ ਚੁੱਪ ਵਾਪਰ ਗਈ। ਪੱਖੇ ਦੀ ਆਵਾਜ਼ ਆਉਂਦੀ ਰਹੀ। ਉਹ ਸੋਫੇ 'ਤੇ ਲੁੜਕ ਗਿਆ। ਉਸਨੂੰ ਲੱਗਿਆ ਬਿਸਤਰੇ 'ਤੇ ਪਿਆ ਸੀ, ਉੱਥੇ ਠੀਕ ਸੀ। ਸਰੀਰ ਸੁਸਤਾਉਣਾ ਚਾਹ ਰਿਹਾ ਏ। ਕੀ ਕਰਾਂ ਕੁਝ ਸੁੱਝ ਨਹੀਂ ਰਿਹਾ ਏ। ਅਜਿਹੇ ਮੌਕੇ ਕੀ ਕਰਨਾ ਚਾਹੀਦਾ ਏ?
“ਮੈਂ ਸਮੁੰਦਰ ਕਿਨਾਰੇ ਜਾ ਰਿਹਾਂ, ਮੈਥੋਂ ਇੱਥੇ ਬੈਠਿਆ ਨਹੀਂ ਜਾ ਰਿਹਾ।” ਉਸਨੇ ਕਹਿ ਦਿੱਤਾ।
“ਪਲੀਜ਼ ਭਾਸਕਰ ਨਾ ਜਾਓ। ਬਸ ਬੈਠੇ ਰਹੋ, ਤੁਹਾਡੀ ਜ਼ਰੂਰਤ ਏ ਮੈਨੂੰ। ਚਾਹੋ ਤਾਂ ਮੈਂ ਬਿਲਕੁਲ ਨਹੀਂ ਬੋਲਾਂਗੀ।”
ਉਹ ਚੁੱਪਚਾਪ ਲੇਟਿਆ ਰਿਹਾ।
“ਭਾਸਕਰ ਮੈਂ ਆ ਜਾਵਾਂ, ਉੱਥੇ ਤੁਹਾਡੇ ਕੋਲ?” ਉਸਨੇ ਪੁੱਛਿਆ।
ਉਸਨੇ ਗਰਦਨ ਭੁਆਂ ਕੇ ਦੇਖਿਆ। ਫੇਰ ਸੋਫੇ ਤੋਂ ਉਠਿਆ ਤੇ ਬਿਸਤਰੇ 'ਤੇ ਜਾ ਲੇਟਿਆ—ਪਹਿਲਾਂ ਵਾਂਗ ਈ।
“ਮੈਂ ਵੀ ਕਦੀ ਸੋਚਿਆ ਨਹੀਂ ਸੀ। ਗੱਲਾਂ ਹੁੰਦੀਆਂ ਰਹੀਆਂ। ਮੈਨੂੰ ਲੱਗਿਆ ਕੋਈ ਮੈਨੂੰ ਸਮਝਣ ਵਾਲਾ ਹੋਏ। ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਨਹੀਂ ਸੌ। ਗ਼ਲਤ ਨਾ ਸਮਝ ਲੈਣਾ ਪਲੀਜ਼।”
ਉਸਨੇ ਸਿਰਹਾਣਾ ਪਿੱਠ ਪਿੱਛੋ ਸਰਕਾਇਆ ਤੇ ਗੋਡੇ ਢਿੱਡ ਨਾਲ ਜੋੜ ਕੇ ਬੈਠ ਗਈ।
“ਉਸ ਨਾਲ ਮੇਰੀ ਦੋਸਤੀ ਕਦੋਂ ਹੋਈ, ਮੈਨੂੰ ਯਾਦ ਨਹੀਂ—ਪਰ ਕਿਉਂ ਹੋਈ ਇਹ ਮੈਂ ਨਹੀਂ ਦੱਸ ਸਕਾਂਗੀ। ਪਰ ਮੈਨੂੰ ਇਹ ਦੋਸਤੀ ਚੰਗੀ ਲੱਗੀ। ਗ੍ਰਹਿਸਤੀ ਵਿਚ ਅੜਿੱਕਾ ਨਹੀਂ ਲਾ ਰਹੀ ਸੀ। ਤੇ ਤੁਸੀਂ ਮੰਨੋ ਜਾਂ ਨਾ ਮੰਨੋ ਪਰ ਮੈਨੂੰ ਕਤਈ ਇਹ ਨਹੀਂ ਲੱਗਿਆ ਕਿ ਮੈਂ ਤੁਹਾਨੂੰ ਛੱਡ ਕੇ ਕੁਝ ਕਰ ਰਹੀ ਆਂ। ਤੁਸੀਂ ਓਦੋਂ ਵੀ ਕੋਲ ਹੁੰਦੇ ਸੌ।”
“ਉਹ ਤਾਂ ਠੀਕ ਏ ਪਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਦੋਸਤੀ ਕਿੱਥੋਂ ਤੀਕ ਏ ਤੇ...”
“ਮੈਂ ਕਹਿ ਸਕਦੀ ਆਂ ਭਾਸਕਰ, ਮੈਨੂੰ ਕੋਈ ਫਰਕ ਮਹਿਸੂਸ ਨਹੀਂ ਸੀ ਹੋਇਆ। ਮੈਨੂੰ ਲੱਗਿਆ ਇਹ ਸਭ ਇਕ ਈ ਗੱਲ ਏ—ਪ੍ਰਕ੍ਰਿਤਿਕ, ਸਹਿਜ।”
“ਸਹਿਜ?”
“ਹਾਂ!”
“ਤੂੰ ਕੀ ਕਹਿ ਰਹੀ ਏਂ, ਪਤਾ ਈ?”
“ਸੱਚੀਂ ਜੀ, ਇੰਜ ਈ ਲੱਗਿਆ ਸੀ। ਇਹ ਸਾਥ। ਦੋਸਤੀ ਦਾ ਈ ਹਿੱਸਾ ਏ। ਮੈਂ ਕੁਛ ਵੱਖਰਾ ਕਰ ਰਹੀ ਆਂ, ਇੰਜ ਲੱਗਿਆ ਈ ਨਹੀਂ।”
ਉਹ ਸੁਣਦਾ ਰਿਹਾ—ਸ਼ੁੰਨ ਵਿਚ ਗਵਾਚਿਆ ਜਿਹਾ।
“ਤੁਸੀਂ ਯਕੀਨ ਕਰੋ ਜਾਂ ਨਾ ਕਰੋ ਪਰ ਉਸ ਗੱਲ ਦਾ ਕੋਈ ਨਿਸ਼ਾਨ, ਕੋਈ ਅਸਰ, ਮੇਰੇ 'ਤੇ ਨਹੀਂ—ਮੈਂ ਸਭ ਕੁਛ ਸਹਿਜੇ ਈ ਭੁੱਲ ਚੁੱਕੀ ਆਂ। ਉਹ ਦਰਅਸਲ ਕੁਛ ਸੀ ਈ ਨਹੀਂ। ਮੈਂ ਖ਼ੁਦ ਨਹੀਂ ਸਮਝ ਸਕੀ।”
“ਤੈਨੂੰ ਸ਼ਰਮ ਨਹੀਂ ਆਉਂਦੀ ਉਹ ਸਭ ਦੱਸਦਿਆਂ ਹੋਇਆਂ? ਤੂੰ ਕਦੀ ਸੋਚਿਆ ਨਹੀਂ ਕਿ ਭਾਸਕਰ ਨੂੰ ਧੋਖਾ ਦੇ ਰਹੀ ਆਂ?”
ਕੁਝ ਚਿਰ ਚੁੱਪ ਰਹਿ ਕੇ ਉਹ ਬੋਲੀ, “ਨਹੀਂ। ਬਿਲਕੁਲ ਨਹੀਂ। ਸੱਚ ਆਖਾਂ, ਮੈਂ ਉਸੇ ਵੇਲੇ ਇਹ ਸਭ ਤੁਹਾਨੂੰ ਦੱਸ ਦੇਂਦੀ—ਪਰ ਮੈਨੂੰ ਉਸ ਵਿਚ ਕੁਛ ਵੀ ਖਾਸ ਨਹੀਂ ਲੱਗਿਆ। ਮੈਂ ਦੋਸਤੀ ਨੂੰ ਮਹੱਤਵ ਦਿੱਤਾ ਸੀ ਤੇ ਉਸ ਵਿਚ ਆਨੰਦ ਸੀ। ਉਹ ਉਸ ਦੋਸਤੀ ਦਾ ਇਕ ਅੰਸ਼ ਸੀ ਬਸ। ਬਿਲਕੁਲ ਫਾਲਤੂ ਹਿੱਸਾ।”
“ਤੁਹਾਡੇ ਹੱਥਾਂ ਵਿਚ ਹੱਥ ਪਾਏ ਮੈਂ ਦੇਖੇ ਸਨ।” ਉਹ ਬਕ ਗਿਆ।
“ਉਸ ਤੋਂ ਪਹਿਲਾਂ।”
“ਠੀਕ ਏ। ਪਹਿਲਾਂ ਈ ਸਈ। ਪਿੱਛੋਂ ਬਾਕੀ ਕੁਝ ਹੋਇਆ ਹੋਏਗਾ। ਤੈਨੂੰ ਓਥੇ ਈ ਰੋਕਣਾ ਚਾਹੀਦਾ ਸੀ, ਪਰ ਮੈਂ ਸੋਚਿਆ, ਜਾਣ ਦਿਓ! ਕਾਲੇਜ ਦੇ ਮੁੰਡੇ ਕੁੜੀਆਂ ਵੀ ਹੱਥ ਮਿਲਾਉਂਦੇ ਨੇ। ਉਹ ਉੱਥੋਂ ਤੀਕ ਈ ਹੋਏਗਾ।”
“ਉਹ ਓਨਾ ਈ ਸੀ। ਉਸਦਾ ਇਸ ਨਾਲੋਂ ਜ਼ਿਆਦਾ ਕੋਈ ਅਰਥ ਨਹੀਂ ਸੀ।”
“ਬਾਅਦ ਵਿਚ ਵੀ? ਨੰਦਨੀ ਕਿਉਂ ਮੇਰਾ ਮੂੰਹ ਖੁਲਵਾਉਂਦੀ ਏਂ? ਕੱਪੜੇ ਲਾਹੁੰਦਿਆਂ ਹੋਇਆਂ ਓਨਾ ਈ ਅਰਥ ਨਹੀਂ ਹੁੰਦਾ।”
“ਮੈਨੂੰ ਸੱਚਮੁੱਚ ਉਸ ਵੇਲੇ ਉਹ ਅਰਥ ਸਮਝ ਨਹੀਂ ਸੀ ਆਏ—ਸੋਚਿਆ, ਅੱਗੇ ਵੀ ਦੇਖਾਂ।”
“ਕੀ?”
“ਇਹੀ ਦੋਸਤੀ ਦਾ ਰਿਸ਼ਤਾ—ਔਰਤ-ਮਰਦ ਦੀ ਦੋਸਤੀ।”
“ਤੈਨੂੰ ਲੋੜ ਈ ਕੀ ਸੀ ਇਸ ਸਭ ਦੀ?”
“ਲੋੜ? ਭਾਸਕਰ ਲੋੜ ਹੁੰਦੀ ਵੀ ਨਹੀਂ।” ਅਚਾਨਕ ਉਸਨੇ ਭਾਸਕਰ ਦਾ ਹੱਥ, ਹੱਥ ਵਿਚ ਫੜ ਲਿਆ। “ਆਪਣਾ ਮਨ ਈ ਤਿਲ੍ਹਕਦਾ ਜਾਂਦਾ ਏ। ਇਕ ਜਣਾ ਮਨ ਨੂੰ ਸੰਭਾਲ ਨਹੀਂ ਸਕਦਾ। ਇਹ ਪਤੀ-ਪਤਨੀ 'ਤੇ ਈ ਲਾਗੂ ਨਹੀਂ ਹੁੰਦਾ—ਹਰ ਰਿਸ਼ਤੇ 'ਤੇ ਹੁੰਦਾ ਏ। ਕੰਮ-ਧੰਦੇ, ਨੌਕਰੀ, ਕੰਪਨੀ ਸਭ ਥਾਂਈਂ ਇਹੋ ਹੁੰਦਾ ਏ। ਉਦੋਂ ਕੀ ਕਹਿੰਦੇ ਨੇ ਲੋਕ? ਤੁਸੀਂ ਲੋਕ ਨਹੀਂ ਲੱਭਦੇ ਨਵੇਂ ਨਵੇਂ ਲੋਕ? ਵਿਅਕਤੀ ਦੇ ਮਨ ਦਾ ਵੀ ਇਵੇਂ ਹੁੰਦਾ ਏ। ਮਨ ਵੀ ਇਕ ਇੰਡਸਟਰੀ ਈ ਹੁੰਦਾ ਏ। ਨਵੇਂ ਨਵੇਂ ਲੋਕਾਂ ਦੀ ਲੋੜ ਪੈਂਦੀ ਏ। ਉਮਰ ਦੇ ਨਾਲ ਨਾਲ ਇਹ ਲੋੜ ਵੀ ਵੱਖ ਵੱਖ ਤਰ੍ਹਾਂ ਦੀ ਹੁੰਦੀ ਏ।”
ਭਾਸਕਰ ਛੱਤ ਵੱਲ ਇਕਟੱਕ ਦੇਖਦਾ ਹੋਇਆ ਸੁਣਦਾ ਰਿਹਾ ਸੀ।
“ਤੁਸੀਂ ਸੀ ਈ। ਪਰ ਵੱਖਰੀ ਤਰ੍ਹਾਂ ਸੀ। ਤੁਸੀਂ ਹਮੇਸ਼ਾ ਲਈ ਮੇਰੇ ਸੀ। ਤੁਹਾਡੇ ਨਾਲ ਮੇਰਾ ਜਿਹੜਾ ਵਿਅਕਤੀਵ ਸੀ ਉਸਦੀਆਂ ਉਹ ਲੋੜਾਂ ਸਨ। ਤੇ ਉਹ ਸੋਚਣ ਨਾਲ ਨਹੀਂ ਸੀ ਉਪਜੀਆਂ। ਉਹ ਅਚਾਨਕ ਉਭਰੀਆਂ ਸਨ ਤੇ ਮਨ ਭਾਲ ਕਰਨ ਲੱਗਦਾ ਸੀ। ਉਹ ਇਕੱਲਾ ਨਹੀਂ ਸੀ। ਕਈ ਲੋਕ ਸਨ। ਅੱਡ ਅੱਡ ਕਿਸਮ ਦੇ। ਰਾਜੂ ਤੋਂ ਈ ਸ਼ੁਰੂਆਤ ਕਰੋ ਨਾ। ਰਾਜੂ ਸਾਡੀ ਲੋੜ ਨਹੀਂ ਸੀ? ਤੁਹਾਡੇ ਨਾਲ ਜਿਹੜੀ ਮੈਂ ਸੀ ਉਸ ਮੈਂ ਦੀ ਲੋੜ ਨਹੀਂ ਸੀ? ਇਸ ਉਸੇ ਦੀ ਅਗਲੀ ਪੌੜੀ ਏ।”
ਉਸਨੇ ਗ਼ਲਾਸ ਦਾ ਪਾਣੀ ਖ਼ਤਮ ਕੀਤਾ।
“ਮੈਂ ਸੱਚਮੁੱਚ ਉਸ ਵੇਲੇ ਸੋਚਿਆ ਸੀ, ਦੇਖਾਂ ਤਾਂ ਦੋਸਤੀ ਦਾ ਇਹ ਸਰੂਪ ਕੀ ਤੇ ਕੇਹਾ ਹੁੰਦਾ ਏ? ਇਸ ਲਈ ਥੋੜ੍ਹੀ ਅੱਗੇ ਵਧ ਗਈ ਸਾਂ ਮੈਂ। ਕੁਛ ਸਮਝ ਰਹੀ ਸੀ, ਕੁਛ ਨਹੀਂ ਵੀ। ਮੈਂ ਸੋਚਿਆ, ਮੈਂ ਉਮਰ ਵਿਚ ਵੱਡੀ ਹੋ ਗਈ ਆਂ। ਮੈਨੂੰ ਕੁਛ ਆਜ਼ਾਦੀ ਏ। ਦੇਖਾਂ ਤਾਂ ਸਹੀ। ਇਸ ਲਈ ਇਹ ਸਭ...”
ਪੱਖਾ ਤੇਜ਼ ਗਤੀ ਨਾਲ ਘੁੰਮ ਰਿਹਾ ਸੀ। ਫੇਰ ਵੀ ਉਮਸ ਸੀ। ਲੱਗ ਰਿਹਾ ਸੀ ਸਮੁੱਚੀ ਦੁਪਹਿਰ ਉਸੇ ਕਮਰੇ ਵਿਚ ਸਿਮਟ ਆਈ ਏ। ਉਸਨੇ ਕੰਧ 'ਤੇ ਲੱਗੀ ਘੜੀ ਵੱਲ ਦੇਖਿਆ। ਤਿੰਨ ਵੱਜ ਕੇ ਪੰਜ ਮਿੰਟ ਹੋਏ ਸਨ। ਉਸਨੂੰ ਲੱਗਿਆ ਹੁਣ ਇੱਥੇ ਬੈਠਣਾ ਨਹੀਂ ਚਾਹੀਦਾ। ਵਰਨਾ ਘੁਟਣ ਹੋਰ ਵਧ ਜਾਏਗੀ। ਬਾਹਰ ਭਾਵੇਂ ਧੁੱਪ ਹੋਏ, ਉੱਥੇ ਠੀਕ ਰਹੇਗਾ। ਖੁੱਲ੍ਹੇ ਵਿਚ ਜਾਣਾ ਚਾਹੀਦਾ ਏ। ਫੇਰ ਈ ਠੀਕ ਰਹੇਗਾ।
“ਮੈਂ ਹੁਣ ਏਥੇ ਨਹੀਂ ਬੈਠ ਸਕਦਾ।” ਕਹਿੰਦਿਆਂ ਹੋਇਆਂ ਉਹ ਉਠਿਆ, “ਤੂੰ ਬੈਠ, ਮੈਂ ਘੁੰਮ ਕੇ ਆਉਂਦਾ ਆਂ।”
ਨੰਦਨੀ ਵੱਲ ਨਾ ਦੇਖਦਿਆਂ ਹੋਇਆਂ ਈ ਉਸਨੇ ਟੋਪੀ ਲਈ। ਚੱਪਲਾਂ ਪਾਈਆਂ ਤੇ ਦਰਵਾਜ਼ਾ ਬੰਦ ਕਰਕੇ ਬਾਹਰ ਨਿਕਲ ਪਿਆ।