Monday, April 16, 2012

ਸਮੁੰਦਰ : : ਲੇਖਕ : ਮਿਲਿੰਦ ਬੋਕਿਲ

ਸਵੇਰੇ ਉਹ ਦੇਰ ਨਾਲ ਜਾਗਿਆ। ਖਿੜਕੀਆਂ ਦੇ ਪਰਦੇ ਹਟਾਏ ਹੋਏ ਸਨ। ਕਮਰੇ ਵਿਚ ਸਫੇਦ ਰੋਸ਼ਨੀ ਫੈਲੀ ਸੀ। ਉਸਨੇ ਨਜ਼ਰਾਂ ਦੌੜਾਈਆਂ। ਨੰਦਨੀ ਸੋਫੇ 'ਤੇ ਬੈਠੀ ਸੀ—ਅਖ਼ਬਾਰ ਹੱਥ ਵਿਚ ਫੜੀ। ਸਾਹਮਣੇ ਚਾਹ ਦੀ ਟਰੇ ਸੀ। ਚਾਹ ਦੀ ਖ਼ੁਸ਼ਬੂ ਕਮਰੇ ਵਿਚ ਫੈਲੀ ਹੋਈ ਸੀ।
ਉਸਦੀ ਹਿਲਜੁਲ ਦੇਖ ਕੇ ਉਸਨੇ ਪੇਪਰ ਪਰ੍ਹੇ ਹਟਾਇਆ ਤੇ ਉਸ ਵੱਲ ਦੇਖ ਕੇ ਮੁਸਕੁਰਾਈ।
“ਗੁੱਡ ਮਾਰਨਿੰਗ।” ਨੰਦਨੀ ਨੇ ਕਿਹਾ।
“ਹੰ!” ਉਹ ਅੱਖਾਂ ਮਲਦਾ ਹੋਇਆ ਬੈਠ ਗਿਆ।
“ਚਾਹ ਦਿਆਂ? ਹੁਣੇ ਆਈ ਏ। ਗਰਮ ਏਂ।”
“ਹੰ!”
ਉਹ ਮੂੰਹ ਧੋਣ ਬਾਰੇ ਸੋਚ ਰਿਹਾ ਸੀ ਤਦ ਤਕ ਨੰਦਨੀ ਨੇ ਕੱਪ ਉਸਦੇ ਸਾਹਮਣੇ ਕਰ ਦਿੱਤਾ ਤੇ ਕਿਹਾ, “ਲਓ।”
ਉਹ ਉੱਥੇ ਬੈਠਾ ਬੈਠਾ ਈ ਚਾਹ ਦੀਆਂ ਚੁਸਕੀਆਂ ਲੈਣ ਲੱਗਾ।
“ਕਦੋਂ ਸੁੱਤੇ ਸੌ ਤੁਸੀਂ? ਫ਼ਿਲਮ ਕਦੋਂ ਤਕ ਚੱਲੀ?”
“ਗਿਆਰਾਂ ਵਜੇ ਤੀਕ।”
“ਜੀ, ਵਰਾਂਡੇ 'ਚ ਕਿਸੇ ਨੇ ਕੋਕਾ ਕੋਲਾ ਦੀ ਬੋਤਲ ਰੱਖੀ ਏ। ਕੋਈ ਆ ਕੇ ਇੱਥੇ ਬੈਠਾ ਹੋਏਗਾ? ਅਸੀਂ ਤਾਂ ਇੱਥੇ ਕਿਸੇ ਨੂੰ ਦੇਖਿਆ ਨਹੀਂ। ਕੌਣ ਹੋਏਗਾ?”
“ਮੈਂ ਈ ਪੀਤੀ ਸੀ।”
“ਕਦ? ਰਾਤੀਂ?”
“ਹਾਂ, ਫ਼ਿਲਮ ਖਤਮ ਹੋਣ ਪਿੱਛੋਂ। ਮੈਂ ਸਮੁੰਦਰ ਕਿਨਾਰੇ ਵੀ ਗਿਆ ਸਾਂ।”
“ਭਾਸਕਰ!”
ਉਸਨੇ ਚੁੱਪਚਾਪ ਚਾਹ ਖਤਮ ਕੀਤੀ। ਉਸਨੇ ਸੋਚਿਆ, ਨੰਦਨੀ ਨੂੰ ਇਹ ਵੀ ਦੱਸ ਦਿਆਂ ਕਿ ਵਾਪਸ ਆ ਕੇ ਮੈਂ ਇੱਥੇ ਈ ਤੇਰੇ ਕੋਲ ਬੈਠਾ ਸਾਂ, ਤੈਨੂੰ ਦੇਖਦਾ, ਜਾਗਦਾ ਹੋਇਆ। ਪਰ ਉਹ ਕੁਝ ਬੋਲਿਆ ਨਹੀਂ।
“ਭਾਸਕਰ, ਤੁਸੀਂ ਅੱਧੀ ਰਾਤ ਨੂੰ ਸਮੁੰਦਰ ਕੋਲ ਗਏ ਸੀ?”
ਉਸਨੇ ਗਰਦਨ ਹਿਲਾਈ ਤੇ ਦੇਖਿਆ ਕਿ ਉਹ ਬੈੱਡ ਉੱਤੇ ਉਸਦੇ ਕੋਲ ਆ ਕੇ ਬੈਠ ਗਈ ਏ।
“ਭਾਸਕਰ, ਮੈਂ ਕਿਹਾ ਸੀ ਨਾ ਕਿ ਮੈਨੂੰ ਛੱਡ ਕੇ ਨਾ ਜਾਣਾ।”
“ਛੱਡ ਕੇ ਕਿੱਥੇ ਗਿਆ ਸਾਂ। ਇੱਥੇ ਤਾਂ ਸਾਂ। ਤੂੰ ਗੂੜ੍ਹੀ ਨੀਂਦ 'ਚ ਸੁੱਤੀ ਹੋਈ ਸੈਂ।”
“ਉਹ ਤਾਂ ਮੈਂ ਸੌਣਾ ਈ ਸੀ। ਤੁਸੀਂ ਹੁੰਦੇ ਓ ਤਾਂ ਮੈਂ ਗੂੜ੍ਹੀ ਨੀਂਦ ਸੌਂ ਸਕਦੀ ਆਂ।”
“ਤਾਂ ਫੇਰ ਕੀ ਸੀ?”
“ਤੁਸੀਂ ਹਾਸੇ 'ਚ ਨਾ ਉਡਾਓ! ਮੈਂ ਸੀਰੀਅਸਲੀ ਕਹਿ ਰਹੀ ਆਂ ਕਿ ਮੈਨੂੰ ਛੱਡ ਕੇ ਨਾ ਜਾਇਆ ਕਰੋ।”
“ਠੀਕ ਏ!” ਕਹਿੰਦਾ ਹੋਇਆ ਉਹ ਉਠਿਆ ਤੇ ਬਾਥਰੂਮ ਵਿਚ ਚਲਾ ਗਿਆ।


ਨਾਸ਼ਤਾ ਕਰਨਾ ਏਂ, ਪਰ ਕਿੱਥੇ ਕੀਤਾ ਜਾਏ? ਭਾਸਕਰ ਸੋਚ ਈ ਰਿਹਾ ਸੀ ਕਿ ਨੰਦਨੀ ਬੋਲੀ, “ਭਾਸਕਰ ਅਸੀਂ ਉਸ ਪਹਾੜੀ 'ਤੇ ਚੱਲੀਏ? ਤੁਸੀਂ ਕਿਹਾ ਸੀ ਨਾ ਕਿ ਇੱਥੇ ਆ ਕੇ ਓਥੇ ਚੱਲਾਂਗੇ।”
“ਤੂੰ ਚੜ੍ਹ ਸਕੇਂਗੀ?”
“ਚੜ੍ਹ ਜਾਵਾਂਗੀ। ਸਾਹ ਚੜ੍ਹ ਗਿਆ ਤਾਂ ਰਸਤੇ 'ਚ ਬੈਠ ਜਾਵਾਂਗੀ। ਸ਼ਾਇਦ ਜ਼ਿਆਦਾ ਉੱਚੀ ਨਹੀਂ।”
ਉਹ ਸੋਚ ਵਿਚ ਪੈ ਗਿਆ। ਫੇਰ ਬੋਲਿਆ, “ਬੂਟ ਪਾ ਲੈ। ਟੋਪੀ ਵੀ ਲੈ ਲਵੀਂ।”
ਰਾਹ ਕਾਟੇਜ ਦੇ ਪਿੱਛੇ ਦੀ ਸੀ। ਕਲ੍ਹ ਉਹ ਗਿਆ ਸੀ, ਦੂਜੇ ਰਸਤੇ ਤੋਂ—ਪਰ ਪਹਾੜੀ ਉਹੀ ਸੀ। ਲਾਲ ਮਿੱਟੀ। ਪੱਥਰੀਲੀ ਜ਼ਮੀਨ। ਦੋਵੇਂ ਪਾਸੇ ਸੁੱਕੀ ਘਾਹ। ਬੂਟੇ, ਹਰੇ ਜਾਂ ਸੁੱਕੇ। ਸੂਰਜ ਮੱਥੇ 'ਤੇ ਚੜ੍ਹ ਆਇਆ ਸੀ ਪਰ ਧੁੱਪ ਸਹਿੰਦੀ-ਸਹਿੰਦੀ ਸੀ। ਆਸਮਾਨ ਸਾਫ ਸੀ। ਵਿਚ ਵਿਚ ਆਉਂਦੇ ਹਵਾ ਦੇ ਬੁੱਲ੍ਹੇ। ਥੋੜ੍ਹਾ ਉਪਰ ਚੜ੍ਹਨ 'ਤੇ ਅਸੀਮ ਨੀਲਾ ਸਮੁੰਦਰ ਦਿਖਾਈ ਦੇਣ ਲੱਗ ਪਿਆ।
“ਵਾਹ! ਕਿੰਨਾ ਸੁੰਦਰ ਸਮੁੰਦਰ ਏ।” ਪਿੱਛੇ ਦੇਖਦੀ ਹੋਈ ਉਹ ਬੋਲੀ। “ਏਥੋਂ ਹੋਰ ਵੀ ਸੁੰਦਰ ਦਿਸ ਰਿਹਾ ਏ। ਸਾਡੇ ਕਮਰੇ 'ਚੋਂ ਏਨਾ ਵਿਸਥਾਰ ਨਹੀਂ ਦਿਸਦਾ।”
ਉਸਨੇ ਰੁਕ ਕੇ ਨੰਦਨੀ ਵਾਂਗ ਸਮੁੰਦਰ ਦੇਖਿਆ। ਰੁੱਖਾਂ ਦੇ ਪਰ੍ਹੇ ਵਿਛੀ ਰੇਤ ਦਾ ਲੰਮਾ ਕਿਨਾਰਾ ਤੇ ਨੀਲਾ ਪਾਣੀ। ਝੱਗੋਝੱਗ ਲਹਿਰਾਂ। ਦੂਰ ਕਿਤੇ ਟਾਵਾਂ ਟਾਵਾਂ ਜਹਾਜ਼! ਕਿਨਾਰੇ ਖੜ੍ਹੀਆਂ ਬੇੜੀਆਂ।
“ਦਿਨੇ ਸਮੁੰਦਰ ਕਿੰਨਾ ਅਲੱਗ ਦਿਖਦਾ ਏ ਹੈ-ਨਾ?” ਨੰਦਨੀ ਕਹਿ ਰਹੀ ਸੀ, “ਸ਼ਾਮ ਵੇਲੇ ਕਿੰਨਾ ਅਜੀਬ ਲੱਗਦਾ ਏ! ਕਲ੍ਹ ਮੈਂ ਤੁਹਾਨੂੰ ਲੱਭਣ ਉਧਰ ਗਈ ਸੀ ਨਾ, ਓਦੋਂ ਦੇਖਿਆ ਸੀ। ਕਾਲਾ ਪਾਣੀ। ਮੈਂ ਡਰ ਗਈ ਸੀ। ਤੁਸੀਂ ਰਾਤ ਨੂੰ ਕਿੰਜ ਚਲੇ ਗਏ ਉਧਰ? ਕੋਈ ਹੋਟਲ ਵਾਲਾ ਨਾਲ ਸੀ ਕਿ?”
“ਨਹੀਂ, ਕੋਈ ਨਹੀਂ ਸੀ।”
ਕੁਝ ਚਿਰ ਰੁਕ ਕੇ ਉਹ ਫੇਰ ਤੁਰ ਪਏ। ਪਗਡੰਡੀ ਪਹਾੜੀ ਦੀ ਕੱਛ ਵਿਚੋਂ ਹੋ ਕੇ ਜਾ ਰਹੀ ਸੀ, ਸਿੱਧੀ ਉਪਰ। ਉਹ ਅੱਗੇ ਤੁਰ ਰਿਹਾ ਸੀ। ਨੰਦਨੀ ਪਿੱਛੇ। ਚੜ੍ਹਾਨ 'ਤੇ ਨੰਦਨੀ ਨੂੰ ਸਾਹ ਚੜ੍ਹਣ ਲੱਗਾ। ਵਿਚਕਾਰ ਚਟਾਨ ਟੁੱਟੀ ਸੀ। ਛਾਲ ਮਾਰ ਕੇ ਉਹ ਪਾਰ ਕਰ ਗਿਆ।
“ਮੈਨੂੰ ਸਹਾਰਾ ਦਿਓਗੇ?”
ਉਸਨੇ ਹੱਥ ਵਧਾਇਆ। ਉਸਨੂੰ ਉਪਰ ਖਿੱਚਿਆ। ਉਹ ਹੌਂਕਣ ਲੱਗੀ।
“ਖੜ੍ਹੀ ਚਟਾਨ ਏਂ! ਹੋਰ ਕਿੰਨੀ ਕੁ ਦੂਰ ਏ?”
“ਜ਼ਿਆਦਾ ਨਹੀਂ। ਅਸੀਂ ਅੱਧੀ ਚੜ੍ਹਾਈ ਚੜ੍ਹ ਆਏ ਆਂ।”
ਉਹ ਚੜ੍ਹਦੇ ਗਏ। ਪਗਡੰਡੀ ਚੌੜੀ ਸੀ। ਧੁੱਪ ਅੱਖਾਂ ਵਿਚ ਚੁਭ ਰਹੀ ਸੀ। ਕਿਤੇ ਵੀ ਛਾਂ ਨਹੀਂ ਸੀ। ਪੈਰਾਂ ਹੇਠ ਭੁਰਭੁਰੀ ਸੁੱਕੀ ਮਿੱਟੀ ਸੀ।
“ਮੇਨੂੰ ਸਾਹ ਚੜ੍ਹ ਗਿਐ।”
“ਰੁਕ ਜਾਣੇ ਆਂ ਥੋੜ੍ਹੀ ਦੇਰ ਇੱਥੇ। ਉਸ ਪੱਥਰ 'ਤੇ ਬੈਠ ਜਾ।”
ਉਹ ਫੇਰ ਤੁਰ ਪਏ। ਕੁਝ ਦੂਰ ਜਾ ਕੇ ਉਸਨੂੰ ਫੇਰ ਬੈਠਣਾ ਪਿਆ।
“ਮੇਰੇ ਕਾਰਨ ਤੁਹਾਨੂੰ ਵੀ ਰੁਕਣਾ ਪੈ ਰਿਹੈ। ਤੁਸੀਂ ਉਪਰ ਜਾ ਕੇ ਬੈਠੋ। ਮੈਂ ਹੌਲੀ ਹੌਲੀ ਆਉਂਦੀ ਆਂ।”
“ਇਕੋ ਗੱਲ ਏ। ਕੋਈ ਫਰਕ ਨਹੀਂ ਪੈਣ ਲੱਗਾ।”
“ਹੱਥ ਫੜ੍ਹ ਲਓ ਮੇਰਾ।”
ਉਸਦਾ ਹੱਥ ਫੜ੍ਹ ਕੇ ਉਹ ਚੜ੍ਹਨ ਲੱਗੀ ਪਰ ਹੁਣ ਚੜ੍ਹਾਨ ਸਿੱਧੀ ਹੋ ਗਈ ਸੀ। ਚਾਰ ਪੰਜ ਕਦਮ ਤੁਰ ਕੇ ਈ ਉਸਨੂੰ ਰੁਕਣਾ ਪੈਂਦਾ।
“ਆਦਤ ਨਹੀਂ ਨਾ, ਸਾਹ ਚੜ੍ਹ ਜਾਂਦੈ।” ਲੱਕ 'ਤੇ ਹੱਥ ਰੱਖ ਕੇ ਉਹ ਸਾਹਾਂ 'ਤੇ ਕਾਬੂ ਪਾਉਣ ਲੱਗੀ ਤੇ ਸਮੁੰਦਰ ਵੱਲ ਦੇਖਦੀ ਰਹੀ। ਉਹ ਇਕ ਕਦਮ ਅੱਗੇ ਜਾ ਕੇ ਰੁਕਿਆ।
“ਫੇਰ ਹੱਥ ਫੜ੍ਹੋ ਮੇਰਾ। ਤੁਸੀਂ ਅੱਗੇ ਚੱਲੋ ਤੇ ਮੈਂ ਤੁਹਾਡਾ ਹੱਥ ਫੜ੍ਹ ਕੇ ਚੱਲਾਂਗੀ।”
ਉਸਨੇ ਹੱਥ ਪਿੱਛੇ ਕੀਤਾ। ਹੁਣ ਉਸਦੇ ਪੂਰੇ ਸਰੀਰ ਦਾ ਭਾਰ ਭਾਸਕਰ ਨੂੰ ਆਪਣੇ ਉੱਤੇ ਮਹਿਸੂਸ ਹੋਣ ਲੱਗਾ। ਮਾਸ ਪੇਸ਼ੀਆਂ ਕਸੀਆਂ ਗਈਆਂ। ਉਸਨੂੰ ਲੱਗਿਆ ਹੁਣ ਪੈਰ ਜਮਾਅ ਕੇ ਤੁਰਨ ਦੀ ਲੋੜ ਏ। ਮਿੱਟੀ ਸਖ਼ਤ ਨਹੀਂ ਸੀ, ਪੱਥਰ ਹੁੰਦੇ ਤਾਂ ਕੋਈ ਗੱਲ ਨਹੀਂ ਸੀ। ਪੈਰ ਤਿਲ੍ਹਕਣ ਦਾ ਡਰ ਸੀ। ਉਸਨੇ ਉਪਰ ਵਲ ਦੇਖਿਆ। ਟੀਸੀ ਨੇੜੇ ਈ ਸੀ। ਕੁਝ ਕਰਮਾਂ ਦੀ ਦੂਰੀ 'ਤੇ। ਉਸਨੇ ਸੋਚਿਆ ਲੋੜ ਪਈ ਤਾਂ ਉਹ ਉਸਨੂੰ ਚੁੱਕ ਕੇ ਵੀ ਚੜ੍ਹ ਸਕਦਾ ਏ। ਵੈਸੇ ਨੰਦਨੀ ਦਾ ਭਾਰ ਥੋੜ੍ਹਾ ਵਧ ਗਿਆ ਏ। ਨਵੀਂ-ਨਵੀਂ ਸ਼ਾਦੀ ਹੋਈ ਤਾਂ ਮੈਂ ਉਸਨੂੰ ਆਸਾਨੀ ਨਾਲ ਗੋਦੀ ਚੁੱਕ ਕੇ ਬੈੱਡ 'ਤੇ ਲਿਟਾਅ ਦੇਂਦਾ ਸਾਂ। ਕਦੀ ਉਸਨੂੰ ਡਰਾਉਣ ਦੀ ਲਲਕ ਜਾਗਦੀ ਸੀ ਤਾਂ ਉਸਨੂੰ ਫੜ੍ਹ ਕੇ ਗੋਲ-ਗੋਲ ਘੁਮਾਅ ਵੀ ਦੇਂਦਾ ਸਾਂ। ਉਦੋਂ ਉਹ ਅੱਖਾਂ ਮੀਚ ਕੇ ਮੇਰੇ ਗਲ਼ੇ ਵਿਚ ਬਾਹਾਂ ਪਾ ਕੇ ਝੂਲ ਜਾਂਦੀ ਸੀ। ਚੜ੍ਹਦੇ ਚੜ੍ਹਦੇ ਉਸਨੇ ਲੰਮਾਂ ਸਾਹ ਖਿੱਚਿਆ।
ਕੁਝ ਚਿਰ ਵਿਚ ਉਹ ਟੀਸੀ 'ਤੇ ਪਹੁੰਚ ਗਏ। ਨੰਦਨੀ ਨੇ ਉਸਦਾ ਹੱਥ ਛੱਡਿਆ ਤੇ ਚਟਾਨ 'ਤੇ ਬੈਠ ਗਈ।
“ਉਈ ਮਾਂ! ਪਹੁੰਚ ਗਏ ਜਿਵੇਂ-ਤਿਵੇਂ। ਮੈਨੂੰ ਵਿਚਕਾਰ ਜਿਹੇ ਲੱਗਿਆ ਸੀ ਹੁਣ ਨਹੀਂ ਚੜ੍ਹ ਸਕਾਂਗੀ।” ਉਸਨੇ ਛਾਤੀ 'ਤੇ ਹੱਥ ਰੱਖਦਿਆਂ ਕਿਹਾ।
“ਬੋਲ ਨਾ। ਸਾਹ ਠੀਕ ਹੋ ਲੈਣ ਦੇ।” ਭਾਸਕਰ ਨੇ ਕਿਹਾ।
ਉਸਨੇ ਜਿਵੇਂ ਪਹਿਲਾਂ ਦੇਖਿਆ ਸੀ, ਓਵੇਂ ਈ ਸੀ—ਸਪਾਟ ਜਗਾਹ ਸੀ, ਸੂਰਜ ਸਿੱਧਾ ਤਨ 'ਤੇ ਧੁੱਪ ਬਰਸਾ ਰਿਹਾ ਸੀ ਪਰ ਧੁੱਪ ਤਿੱਖੀ ਨਹੀਂ ਸੀ। ਸਮੁੰਦਰ ਵੱਲੋਂ ਸਵੇਰ ਦੀ ਤਾਜ਼ੀ ਹਵਾ ਆ ਰਹੀ ਸੀ। ਨੀਲਾ ਸਮੁੰਦਰ ਦੂਰ ਤਕ ਫੈਲਿਆ ਹੋਇਆ ਸੀ। ਉਪਰ ਕਿਲੇ ਦਾ ਖੰਡਰ ਸੀ। ਉਸ ਤੋਂ ਪਰ੍ਹੇ ਪੁਰਾਣਾ ਲਾਈਟ ਹਾਊਸ। ਇੱਥੋਂ ਹੇਠਾਂ ਰੁੱਖ, ਬੇੜੀਆਂ, ਖਪਰੈਲੀ-ਘਰ ਸਭ ਕੁਝ ਸਾਫ-ਸਾਫ ਦਿਸ ਰਿਹਾ ਸੀ।
“ਵਾਹ! ਸੋਹਣੀ ਹਵਾ ਏ। ਸਮੁੰਦਰ ਕੇਡਾ ਵੱਡਾ ਦਿਸ ਰਿਹਾ ਏ। ਉਪਰ ਚੜ੍ਹਨਾ ਸਾਰਥਕ ਹੋ ਗਿਆ।” ਨੰਦਨੀ ਬੋਲੀ।
ਉਹ ਲੱਕ ਉੱਤੇ ਰੱਖ ਕੇ ਸਮੁੰਦਰ ਦੇਖ ਰਹੀ ਸੀ।
“ਇੱਥੇ ਈ ਬੈਠਣਾ ਏਂ ਜਾਂ ਕਿਧਰੇ ਹੋਰ ਜਾਣਾ ਏਂ?” ਨੰਦਨੀ ਨੇ ਪੁੱਛਿਆ।
“ਏਥੇ ਇਹ ਕਿਲਾ ਦੇਖਣ ਵਾਲਾ ਐ।” ਉਸਨੇ ਨਜ਼ਰਾਂ ਨਾਲ ਦਿਖਾਇਆ। “ਪਤਾ ਨਹੀਂ ਅੰਦਰ ਕੀ ਏ? ਕੁਛ ਹੋਏਗਾ ਵੀ ਜਾਂ ਨਹੀਂ। ਪਰ ਦੇਖਣ ਵਾਲਾ ਹੋਏਗਾ।
“ਚੱਲੋ ਫੇਰ।”
“ਥੋੜ੍ਹਾ ਤੁਰਣਾ ਪਏਗਾ।”
“ਤੁਰਾਂਗੀ। ਸਪਾਟ ਜ਼ਮੀਨ 'ਤੇ ਤੁਰਨਾਂ ਹੋਏ ਤਾਂ ਫੇਰ ਕੋਈ ਗੱਲ ਨਹੀਂ। ਪਰ ਚੜ੍ਹਾਨ ਹੋਏ ਤਾਂ! ਉਫ਼!”
ਉਹ ਕਿਲੇ ਤਕ ਗਏ। ਪਹਾੜੀ ਦੇ ਇਕ ਸਿਰੇ 'ਤੇ—ਲਾਲ, ਜਾਮਨੀ ਪੱਥਰਾਂ ਦੀ ਜ਼ਮੀਨ। ਸੁੱਕੀ ਘਾਹ। ਕਿਲੇ ਦੀਆਂ ਕੰਧਾਂ ਵੀ ਜਾਮਨੀ ਪੱਥਰ ਦੀਆਂ। ਕੰਧਾਂ ਵਿਚ ਉਗ ਆਈ ਘਾਹ। ਟੁੱਟੀ ਵਾੜ। ਸੰਰਕਸ਼ਿਤ ਸਮਾਰਕ (ਸਰਕਾਰੀ ਨਿਗਰਾਨੀ ਤੇ ਸਾਂਭ-ਸੰਭਾਲ ਅਧੀਨ ਇਤਿਹਾਸਕ ਜਗਾਹ-ਅਨੁ.) ਦੀ ਨੀਲੇ ਰੰਗ ਦੀ ਤਖ਼ਤੀ। ਜਰ ਖਾਧੀ। ਉਸ ਉਤੋਂ ਸਫੇਦ ਅੱਖਰ ਮਿਟ ਗਏ ਸਨ। ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਪੜ੍ਹ ਨਾ ਸਕਿਆ।
“ਚੌਕੀਦਾਰ ਵੀ ਸ਼ਾਇਦ ਨਹੀਂ ਹੋਏਗਾ।” ਭਾਸਕਰ ਬੋਲਿਆ।
ਅੱਧ ਖੁੱਲ੍ਹੇ ਲੱਕੜ ਦੇ ਫਾਟਕ ਵਿਚੋਂ ਉਹ ਅੰਦਰ ਲੰਘ ਗਏ। ਪੱਥਰ ਦੀ ਲੰਮੀ ਚੌੜੀ ਦਹਿਲੀਜ਼, ਪੱਥਰ ਦੇ ਖੰਭੇ, ਛੋਟਾ ਜਿਹਾ ਵਿਹੜਾ, ਪੱਥਰ ਦੇ ਚਬੂਤਰੇ। ਤੇ ਅੰਦਰ ਜਾਣ 'ਤੇ ਸਮੁੱਚਾ ਕਿਲਾ ਦਿਖਾਈ ਦੇਣ ਲੱਗਾ। ਛੱਤਾਂ ਢੱਠੀਆਂ ਹੋਈਆਂ। ਪੱਥਰ ਦੀਆਂ ਮੋਟੀਆਂ ਕੰਧਾਂ ਠੀਕ ਖੜ੍ਹੀਆਂ ਸੀ। ਆਲੇ ਦੁਆਲੇ ਚਟਾਨਾ ਸਨ। ਇਮਾਰਤ ਦੀ ਉਚਾਈ ਦਾ ਅੰਦਾਜ਼ਾ ਇਸ ਖੰਡਰ ਵਿਚ ਖਲੋ ਕੇ ਸਾਫ ਲਾਇਆ ਜਾ ਸਕਦਾ ਸੀ। ਉੱਚੀ ਉਗੀ ਘਾਹ। ਗੂਲਰ ਦੇ ਰੁੱਖ। ਹੇਠਾਂ ਗੂਲਰ ਈ ਗੂਲਰ ਡਿੱਗੇ ਹੋਏ। ਕਾਟੋਆਂ ਭੱਜੀਆਂ ਫਿਰਦੀਆਂ ਸਨ। ਧੁੱਪ ਦੇ ਟੁਕੜੇ ਇਧਰ ਉਧਰ ਖਿੱਲਰੇ ਹੋਏ ਸਨ। ਕੰਧਾਂ ਦੀ ਕਾਲੀ, ਗੂੜ੍ਹੀ ਠੰਡੀ ਛਾਂ ਜ਼ਮੀਨ 'ਤੇ ਲੇਟੀ ਹੋਈ ਸੀ।
ਕਿਲੇ ਦੇ ਚਾਰੇ ਪਾਸੇ ਚੱਕਰ ਲਾਉਣ ਲਈ ਰਸਤਾ ਬਣਿਆ ਹੋਇਆ ਸੀ। ਕੁਝ ਦੂਰੀ ਉੱਤੇ ਥਾਂ-ਥਾਂ ਬੁਰਜ ਸਨ। ਉਹਨਾਂ ਵਿਚ ਖਿੜਕੀਆਂ, ਖਾਨੇ ਬਣੇ ਸਨ। ਉਹਨਾਂ ਵਿਚੋਂ ਸਮੁੰਦਰ ਦਿਸ ਰਿਹਾ ਸੀ। ਚਟਾਨਾ ਨਾਲ ਲਹਿਰਾਂ ਖਹਿ ਰਹੀਆਂ ਸਨ। ਉਹਨਾਂ ਦੀ ਆਵਾਜ਼ ਹਵਾਂ ਵਿਚ ਤੈਰ ਰਹੀ ਸੀ। ਇਕ ਜਹਾਜ਼ ਦੂਰ ਡੂੰਘੇ ਸਮੁੰਦਰ ਵਿਚ ਨਜ਼ਰ ਆਇਆ। ਬਾਕੀ ਨੀਲਾ ਪਾਣੀ ਈ ਪਾਣੀ।
ਇਕ ਚੱਕਰ ਲਾ ਕੇ ਉਹ ਫੇਰ ਵਿਹੜੇ ਵਿਚ ਆ ਗਏ। ਬੁਰਜ ਟੁੱਟੇ ਹੋਏ। ਕੰਧਾਂ ਵਿਚ ਪਾੜ। ਖਿੱਲਰੀਆਂ ਹੋਈਆਂ ਚਟਾਨਾ। ਉੱਥੇ ਛਾਂ ਸੀ ਤੇ ਸਮੁੰਦਰ ਦਾ ਨਜ਼ਾਰਾ ਵੀ।
“ਏਥੇ ਬੈਠੀਏ?” ਨੰਦਨੀ ਨੇ ਪੁੱਛਿਆ।
“ਜਿਵੇਂ ਤੇਰੀ ਇੱਛਾ!” ਭਾਸਕਰ ਨੇ ਕਿਹਾ।
ਉਹ ਇਕ ਚਟਾਨ 'ਤੇ ਬੈਠ ਗਏ। ਕੰਧਾਂ ਕਰਕੇ ਇੱਥੇ ਧੁੱਪ ਨਹੀਂ ਸੀ ਪਹੁੰਚ ਰਹੀ। ਪੱਥਰਾਂ ਨਾਲ ਲੱਗ ਕੇ ਬੈਠਣ ਲਈ ਤੇ ਪੈਰ ਰੱਖਣ ਲਈ ਖਾਸੀ ਜਗਾਹ ਬਣੀ ਹੋਈ ਸੀ ਉੱਥੇ। ਸਮੁੰਦਰ ਵੱਲੋਂ ਆਉਣ ਵਾਲੀ ਨਮਕੀਨ ਹਵਾ ਕਰਕੇ ਉਮਸ ਵੀ ਨਹੀਂ ਸੀ।
ਨੰਦਨੀ ਹਥੇਲੀਆਂ ਉੱਤੇ ਚਿਹਰਾ ਟਿਕਾਅ ਕੇ ਚੁੱਪਚਾਪ ਸਮੁੰਦਰ ਦੇਖਦੀ ਰਹੀ। ਭਾਸਕਰ ਚਟਾਨ 'ਤੇ ਬੈਠ ਗਿਆ। ਫੇਰ ਉਸਨੇ ਦੇਖਿਆ ਕਿ ਚਟਾਨ ਖਾਸੀ ਲੰਮੀ-ਚੌੜੀ ਏ। ਉਸ ਵੀ ਲੱਤਾਂ ਪਸਾਰ ਕੇ ਤੇ ਅੱਧ ਲੇਟਿਆ ਜਿਹਾ ਹੋ ਕੇ ਆਰਾਮ ਨਾਲ ਸਮੁੰਦਰ ਵੱਲ ਦੇਖਣ ਲੱਗ ਪਿਆ।
ਕੁਝ ਚਿਰ ਬਾਅਦ ਬੇਚੈਨੀ ਹੋਣ ਲੱਗੀ। ਨਜ਼ਰਾਂ ਦੇ ਪਰ੍ਹੇ ਵੀ ਸਮੁੰਦਰ ਹਿਚਕੋਲੇ ਖਾ ਰਿਹਾ ਸੀ। ਉੱਤੇ ਆਸਮਾਨ ਦੀ ਚਮਕਦੀ ਛੱਤ ਸੀ। ਪਲ ਭਰ ਲਈ ਉਸਨੇ ਸੋਚਿਆ, ਕਿਉਂ ਆਇਆ ਆਂ ਇੱਥੇ? ਮੈਂ ਇਹ ਕਿਲਾ ਦੇਖਣਾ ਚਾਹੁੰਦਾ ਸੀ। ਜਗਾਹ, ਮੇਰੀ ਚੁਣੀ ਹੋਈ ਸੀ। ਦਿਨ, ਮੈਂ ਤੈਅ ਕੀਤਾ ਸੀ ਪਰ ਜਿਹੜੇ ਪਲ ਮੈਂ ਚਾਹੁੰਦਾ ਸਾਂ, ਕੀ ਉਹ ਇਹ ਪਲ ਨੇ? ਇਹ ਕੀ ਏ ਜਿਹੜਾ ਮੈਨੂੰ ਘੇਰੀ ਬੈਠਾ ਏ? ਅੱਗੇ ਕੀ ਹੋਣ ਵਾਲਾ ਏ? ਕੀ ਅਸੀਂ ਇਵੇਂ ਈ ਚੁੱਪ ਬੈਠੇ ਰਹਿਣ ਲਈ ਆਏ ਆਂ; ਬੈਠੇ ਰਹਾਂਗੇ?
ਕੁਝ ਚਿਰ ਬਾਅਦ ਨੰਦਨੀ ਨੇ ਗਰਦਨ ਭੁਆਂ ਕੇ ਉਸ ਵੱਲ ਦੇਖਿਆ। ਉਸਨੇ ਵੀ। ਫੇਰ ਭਾਸਕਰ ਨਜ਼ਰਾਂ ਭੁਆਂ ਕੇ ਸਮੁੰਦਰ ਵੱਲ ਦੇਖਣ ਲੱਗਾ।
“ਭਾਸਕਰ ਮੈਂ ਜਾਣਦੀ ਆਂ ਇਹ ਸਭ ਤੁਹਾਡੇ ਲਈ ਭਾਰੀ ਹੋ ਰਿਹੈ ਪਰ ਅਜੇ ਤਕ ਮੇਰੀ ਗੱਲ ਪੂਰੀ ਨਹੀਂ ਹੋਈ...”
ਉਸਨੇ ਤ੍ਰਬਕ ਕੇ ਉਸ ਵੱਲ ਦੇਖਿਆ। ਉਸਦੇ ਮਨ ਅੰਦਰ ਫੇਰ ਪੀੜ ਉਠੀ।
“ਜੋ ਮੈਂ ਦੱਸਿਆ ਸੀ ਉਸ ਪਿੱਛੋਂ ਕੀ ਹੋਇਆ—ਇਹ ਮੈਂ ਤੁਹਾਨੂੰ ਅਜੇ ਦੱਸਿਆ ਨਹੀਂ ਏ। ਮੈਂ ਜਾਣੀ ਆਂ ਕਿ ਤੁਸੀਂ ਪੁੱਛੋਗੇ ਵੀ ਨਹੀਂ, ਪਰ ਮੈਂ ਦੱਸੇ ਬਗ਼ੈਰ ਰਹਿ ਨਹੀਂ ਸਕਦੀ। ਤੁਸੀਂ ਸੋਚਦੇ ਹੋਵੋਗੇ ਸ਼ਾਇਦ ਬਈ ਇਹ ਮੇਰੀ ਦੋਸਤੀ ਕਿੰਨੇ ਦਿਨ ਚੱਲੀ ਤੇ ਪਿੱਛੋਂ ਕੀ ਹੋਇਆ?”
ਉਹ ਕੁਝ ਪਲ ਲਈ ਰੁਕੀ। ਉਸਨੇ ਭਾਸਕਰ ਵੱਲ ਦੇਖਿਆ। ਉੱਥੇ ਡਿੱਗੀ ਇਕ ਸੁੱਕੀ ਟਾਹਣੀ ਚੁੱਕ ਕੇ ਉਸ ਵਿਚ ਰੁੱਝ ਗਈ।
“ਮੈਂ ਉਸ ਸਭ ਨੂੰ ਦੋਸਤੀ ਦਾ ਹਿੱਸਾ ਮੰਨ ਕੇ ਚੱਲੀ ਸਾਂ। ਪ੍ਰਕ੍ਰਿਤਕ ਸਮਝ ਰਹੀ ਸਾਂ। ਪੂਰੀ ਤਰ੍ਹਾਂ ਕੁਝ ਸਮਝ ਵੀ ਨਹੀਂ ਸੀ ਆ ਰਿਹਾ। ਇਕ ਕਿਸਮ ਦੀ ਸੰਮੋਹਨ ਅਵਸਥਾ ਵਿਚ ਸਾਂ। ਪਰ ਤੀਜੀ ਵੇਰ...ਪਤਾ ਏ ਤੀਜੀ ਵੇਰ ਕੀ ਹੋਇਆ...”
ਭਾਸਕਰ ਨੇ ਦੇਖਿਆ, ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਨੇ। ਸਿਸਕੀਆਂ ਨੂੰ ਉਹ ਅੰਦਰੇ-ਅੰਦਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਏ। ਨੱਕ ਲਾਲ ਹੋ ਗਈ ਏ। ਸਿਸਕੀ ਦਬਾਉਂਦਿਆਂ ਹੋਇਆਂ ਉਸਨੇ ਕਿਹਾ, “ਉਹ ਹੋਣ ਪਿੱਛੋਂ ਅਸੀਂ ਖੜ੍ਹੇ ਸਾਂ। ਅਸੀਂ ਕਿਧਰੇ ਜਾਣਾ ਸੀ। ਨਿਕਲਣ ਦੀ ਤਿਆਰੀ ਕਰ ਰਹੇ ਸਾਂ।...ਤੇ ਉਹ ਬੋਲਿਆ, ਅੰਗਰੇਜ਼ੀ ਵਿਚ...”
ਫੇਰ ਉਹ ਉੱਚੀ-ਉੱਚੀ ਸਿਸਕਣ ਲੱਗ ਪਈ। ਹੰਝੂ ਵਹਿ ਤੁਰੇ। ਨੱਕ ਲਾਲ ਹੋ ਗਈ। ਚਿਹਰਾ ਅੱਥਰੂਆਂ ਨਾਲ ਭਿੱਜ ਗਿਆ। ਉਸਦੇ ਕੋਲ ਰੁਮਾਲ ਨਹੀਂ ਸੀ। ਭਾਸਕਰ ਨੇ ਸੋਚਿਆ ਜੇਬ ਵਿਚੋਂ ਰੁਮਾਲ ਕੱਢ ਕੇ ਦੇ ਦਿਆਂ, ਪਰ ਉਹ ਖ਼ੁਦ ਉਸ ਚਟਾਨ ਉੱਤੇ ਚਟਾਨ ਵਾਂਗ ਚਿਪਕ ਗਿਆ ਸੀ। ਉਹ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਬੁੱਲ੍ਹ ਭੀਚ ਲਏ।
ਕੁਝ ਚਿਰ ਬਾਅਦ ਉਹ ਸੰਭਲ ਗਈ। ਉਸਨੇ ਹੱਥ ਨਾਲ ਨੱਕ ਪੂੰਝੀ, ਕੁਰਤੇ ਨਾਲ ਅੱਖਾਂ...ਤੇ ਬੁੱਲ ਅਕੜਾ ਕੇ ਬੋਲੀ—
“ਉਸਨੇ ਕਿਹਾ, 'ਹਾਊ ਵੁੱਡ ਯੂਵਰ ਹਜਬੰਡ ਫੀਲ ਇਫ ਹੀ ਕਮਸ ਟੁ ਨੋ ਦੈਟ...ਆਈ ਐਮ ਸਕੂਇੰਗ ਹਿਜ ਵਾਈਫ?' ਪਹਿਲਾਂ ਤਾਂ ਮੇਰੀ ਸਮਝ ਵਿਚ ਕੁਝ ਨਹੀਂ ਆਇਆ ਪਰ ਭਾਸਕਰ, ਅਗਲੇ ਛਿਣ ਮੇਰੇ ਦਿਮਾਗ਼ ਵਿਚ ਬਿਜਲੀ ਕਰੜਕੀ। ਆਪ ਮੁਹਾਰੇ ਮੇਰਾ ਹੱਥ ਉਠਿਆ ਤੇ ਮੈਂ ਉਸਦੀ ਗੱਲ੍ਹ 'ਤੇ ਏਡਾ ਕਰਾਰਾ ਥੱਪੜ ਮਾਰਿਆ ਕਿ ਕਮਰੇ ਵਿਚ ਉਸਦੀ ਆਵਾਜ਼ ਗੂੰਜੀ। ਬਾਹਰ ਤਕ ਗਈ ਹੋਏਗੀ ਉਹ ਆਵਾਜ਼।”
ਭਾਸਕਰ ਨੇ ਉਸਦਾ ਤਪਿਆ ਹੋਇਆ ਸੁਰਖ਼ ਚਿਹਰਾ ਦੇਖਿਆ। ਹੁਣ ਉਹਨਾਂ ਅੱਖਾਂ ਵਿਚ ਅੱਥਰੂਆਂ ਦੀ ਥਾਂ ਜਵਾਲਾ ਭੜਕ ਰਹੀ ਸੀ।
“ਮੇਰੇ ਦਿਮਾਗ਼ ਵਿਚ ਕਰੋਧ, ਨਫ਼ਰਤ ਦੀ ਅੱਗ ਭੜਕ ਉਠੀ ਸੀ। ਉਹ ਸਮਝਦਾ ਕੀ ਸੀ ਆਪਣੇ ਆਪ ਨੂੰ? ਭਾਸਕਰ ਤੁਸੀਂ ਮੇਰੇ ਦੇਵਤਾ ਓ। ਤੇ ਉਸਨੇ ਤੁਹਾਡੇ ਬਾਰੇ ਇੰਜ ਕਿਹਾ ਸੀ? ਉਸਦੀ ਹਿੰਮਤ ਕਿੰਜ ਪਈ? ਉਹ ਮੇਰੇ ਬਾਰੇ ਕੁਝ ਵੀ ਕਹਿੰਦਾ ਤਾਂ ਮੈਂ ਬਰਦਾਸ਼ਤ ਕਰ ਲੈਂਦੀ—ਪਰ ਉਸਨੇ ਤੁਹਾਡੇ ਬਾਰੇ ਇੰਜ ਕਿਹਾ ਸੀ। ਮੈਂ ਉਸਦੇ ਕੋਲ ਗਈ ਸੀ, ਇਸਦਾ ਮਤਲਬ ਇਹ ਨਹੀਂ ਸੀ ਕਿ ਮੈਨੂੰ ਕਿਸੇ ਚੀਜ਼ ਦੀ ਕਮੀ ਸੀ। ਪਰ ਉਹ ਰੋਅਬ ਝਾੜ ਰਿਹਾ ਸੀ...ਯਾਨੀ ਉਸਦੇ ਦਿਮਾਗ਼ ਵਿਚ ਇਹ ਪਹਿਲਾਂ ਈ ਸੀ...ਜਦੋਂ ਦੀ ਉਸਨੇ ਮੇਰੇ ਨਾਲ ਦੋਸਤੀ ਕੀਤੀ ਸੀ—ਉਦੋਂ ਦਾ?”
ਉਸਦੇ ਸ਼ਬਦ ਪੱਥਰਾਂ ਵਿਚ ਗੂੰਜਦੇ ਹੋਏ ਭਾਸਕਰ ਦੇ ਕੰਨਾਂ ਵਿਚ ਧਸਦੇ ਰਹੇ। ਉਹ ਚੁੱਪਚਾਪ ਸੁਣਦਾ ਰਿਹਾ।
“ਮੈਂ ਸੱਚ ਕਹਿੰਦੀ ਆਂ ਭਾਸਕਰ, ਜ਼ਿੰਦਗੀ ਵਿਚ ਮੈਂ ਪਹਿਲੀ ਵੇਰ ਕਿਸੇ ਦੇ ਮਾਰਿਆ ਸੀ। ਮੈਂ ਬਚਪਨ ਤੋਂ ਲੈ ਕੇ ਅੱਜ ਤਕ ਕਿਸੇ ਦੇ ਪਿਆਰ ਨਾਲ ਵੀ ਚਪੇੜ ਨਹੀਂ ਮਾਰੀ—ਨਾ ਭਰਾ-ਭੈਣਾ ਦੇ ਨਾ ਸਹੇਲੀਆਂ ਦੇ। ਰਾਜੂ ਦੇ ਵੀ ਨਹੀਂ। ਤੇ ਉਸਦੇ ਏਡਾ ਫੌਲਾਦੀ ਥੱਪੜ ਜੜ ਦਿੱਤਾ—ਪਤਾ ਨਹੀਂ ਕਿੰਜ। ਮੈਂ ਉਸ ਨਾਲ ਦੋਸਤੀ ਕੀਤੀ ਸੀ, ਪਤੀ ਨੂੰ ਛੱਡ ਕੇ ਨਹੀਂ ਸੀ ਆਈ ਮੈਂ। ਪਤੀ ਤਾਂ ਮੇਰੇ ਕੋਲ ਈ ਸੀ। ਕੋਲ ਕੀ ਮੇਰੇ ਅੰਦਰ ਈ। ਜਦੋਂ ਮੈਂ ਉਸਦੇ ਮਾਰਿਆ ਸੀ ਉਦੋਂ ਵੀ ਮੈਨੂੰ ਲੱਗਿਆ ਸੀ ਜਿਵੇਂ ਉਹ ਤੁਹਾਡੀ ਈ ਤਾਕਤ ਹੋਵੇ। ਵਰਨਾ ਏਡੀ ਜ਼ੋਰਦਾਰ ਗੋਲੀ ਚੱਲਣ ਵਰਗੀ ਆਵਾਜ਼ ਆਈ ਸੀ ਤੇ ਮੇਰੀਆਂ ਪੰਜੇ ਉਂਗਲਾਂ ਉਸਦੀ ਗੱਲ 'ਤੇ ਛਪ ਗਈਆਂ ਸੀ।”
“ਫੇਰ?”
“ਫੇਰ ਕੀ ਹੋਣਾ ਸੀ ਭਾਸਕਰ? ਮੈਂ ਉਸੇ ਵੇਲੇ ਉੱਥੋਂ ਨਿਕਲ ਆਈ। ਉਸੇ ਵੇਲੇ ਮੇਰੇ ਦਿਮਾਗ਼ ਵਿਚ ਸਭ ਕੁਛ ਸਾਫ, ਸਾਕਾਰ ਹੋ ਗਿਆ। ਮੈਂ ਸਭ ਸਮਝ ਗਈ। ਫੇਰ ਉਸ ਨਾਲ ਸੰਪਰਕ ਰੱਖਣ ਦਾ ਸਵਾਲ ਈ ਨਹੀਂ ਸੀ ਤੇ ਉਸਦੀ ਹਿੰਮਤ ਨਹੀਂ ਸੀ ਮੇਰੇ ਨਾਲ ਮਿਲਣ ਦੀ। ਫੇਰ ਉਸਦੀ ਬਦਲੀ ਹੋ ਗਈ ਹੋਏਗੀ।”
ਉਹ ਕੁਝ ਚਿਰ ਚੁੱਪ ਰਹੀ। ਧੁੱਪ ਵਧ ਰਹੀ ਸੀ। ਛਾਂ ਹੁਣ ਉਸਦੇ ਪੈਰਾਂ ਤਕ ਸੁੰਗੜ ਆਈ ਸੀ। ਹਵਾ ਚੱਲ ਰਹੀ ਸੀ ਇਸ ਲਈ ਗਰਮੀ ਮਹਿਸੂਸ ਨਹੀਂ ਸੀ ਹੋ ਰਹੀ।
“ਇਹੀ ਤੁਹਾਨੂੰ ਕਹਿਣਾ ਚਾਹੁੰਦੀ ਸੀ। ਮੈਂ ਸੱਚਮੁੱਚ ਤੁਹਾਨੂੰ ਦੇਵਤਾ ਮੰਨਦੀ ਆਂ। ਭਾਵੇਂ ਮੈਂ ਬੋਹੜ ਦੀ ਪੂਜਾ ਨਾ ਕਰਾਂ ਜਾਂ ਕਰਵਾ ਚੌਥ ਦਾ ਵਰਤ ਨਾ ਰੱਖਾਂ, ਪਰ ਕੋਈ ਮੈਥੋਂ ਪੁੱਛੇ ਕਿ ਜਨਮ-ਜਨਮ ਇਹੋ ਪਤੀ ਚਾਹੀਦਾ ਏ? ਤਾਂ ਮੈਂ ਝੱਟ ਹਾਂ ਕਹਾਂਗੀ। ਮੇਰੇ ਜੀਵਨ ਵਿਚ ਤੁਹਾਡਾ ਇਹੋ ਸਥਾਨ ਏਂ। ਮੈਂ ਉਸ ਨਾਲ ਦੋਸਤੀ ਕੀਤੀ ਸੀ, ਪ੍ਰੇਮ ਨਹੀਂ। ਪ੍ਰੇਮ ਸਿਰਫ ਤੁਹਾਡੇ ਨਾਲ ਕੀਤਾ ਏ। ਉਹ ਇਕ ਪ੍ਰਯੋਗ ਸੀ ਸ਼ਾਇਦ। ਭਾਵੇਂ ਮੋਹਣਾ ਵੀ ਲੱਗਿਆ ਹੋਏਗਾ ਪਰ ਪ੍ਰੇਮ ਸਿਰਫ ਤੁਹਾਡੇ ਨਾਲ ਸੀ। ਤੁਹਾਡੇ ਨਾਲ ਕੋਈ ਬਰਾਬਰੀ ਨਹੀਂ ਕਰ ਸਕਦਾ। ਮੇਰੇ ਨਾਲ ਈ ਨਹੀਂ ਤੁਸੀਂ ਹੋਰਾਂ ਨਾਲ ਵੀ ਕਿੰਨਾ ਸੁਹਿਰਦ ਵਿਹਾਰ ਕਰਕੇ ਓ। ਮੈਂ ਤੁਹਾਡੇ ਅਜਿਹੇ ਕਈ ਪੱਖ ਜਾਣਦੀ ਆਂ। ਤੁਹਾਡੀ ਕੰਪਨੀ ਵਿਚ ਕਦੀ ਇਕ ਦਿਨ ਲਈ ਵੀ ਹੜਤਾਲ ਨਹੀਂ ਹੋਈ। ਤੁਸੀਂ ਜਦ ਘਰ ਨਹੀਂ ਹੁੰਦੇ ਤਦ ਤੁਹਾਡੇ ਕਈ ਅਫ਼ਸਰ ਕੁਛ ਦੇਣ-ਲੈਣ, ਕੋਈ ਸੁਨੇਹਾ ਦੇਣ ਘਰ ਆਉਂਦੇ ਨੇ ਉਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਆਂ। ਉਹਨਾਂ ਲਈ ਵੀ ਤੁਸੀਂ ਦੇਵਤਾ ਸਮਾਨ ਓ।”
ਉਹ ਸਮੁੰਦਰ ਵੱਲ ਦੇਖਦਾ ਰਿਹਾ।
“ਇਸ ਲਈ ਮੈਂ ਕਹਿੰਦੀ ਆਂ ਕਿ ਜੋ ਮੈਂ ਕੀਤਾ ਉਹ ਤੁਹਾਡੇ ਨਾਲ ਸੰਬੰਧਤ ਕੋਈ ਪ੍ਰਤੀਕ੍ਰਿਆ ਨਹੀਂ ਸੀ। ਮੇਰੇ ਜੀਵਨ 'ਚ ਮੇਰਾ ਕੀਤਾ ਹੋਇਆ ਪ੍ਰਯੋਗ ਕਹਿ ਲਓ ਭਾਵੇਂ ਉਸਨੂੰ। ਕਿਉਂ ਕੀਤਾ? ਇਸ ਦਾ ਕੋਈ ਅਰਥ ਨਹੀਂ—ਬਸ ਸਮਾਂ ਚੱਲ ਰਿਹਾ ਸੀ ਓਹੋ ਜਿਹਾ। ਪਰ ਉਦੋਂ ਵੀ ਤੁਸੀਂ ਮੇਰੇ ਕੋਲ ਸੀ। ਜਾਂ ਇੰਜ ਕਹੋ ਕਿ ਉਹ ਪ੍ਰਯੋਗ ਮੈਂ ਤੁਹਾਡੇ ਬਲਬੂਤੇ 'ਤੇ ਈ ਕੀਤਾ ਸੀ। ਤੁਸੀਂ ਨਾਲ ਸੀ ਤੇ ਰਹੋਗੇ ਇਹ ਅੰਦਰ ਵਿਸ਼ਵਾਸ ਸੀ ਇਸ ਲਈ ਕਰ ਗਈ ਸੀ ਮੈਂ ਉਹ।”
ਭਾਸਕਰ ਸਿਰਫ ਨੀਲਾ ਸਮੁੰਦਰ ਦੇਖ ਰਿਹਾ ਸੀ। ਉਹ ਜਹਾਜ਼ ਕਦੋਂ ਦਾ ਚਲਾ ਗਿਆ ਸੀ। ਹੁਣ ਸਿਰਫ ਦੂਰ ਤਕ ਚਮਕਦਾ ਹੋਇਆ ਪਾਣੀ ਸੀ। ਸੁਨਹਿਰੀ ਲਹਿਰਾਂ ਸਨ। ਚਾਰੇ ਪਾਸੇ ਸ਼ਾਂਤੀ ਸੀ। ਉਸਨੇ ਦੇਖਿਆ ਸਫੇਦ ਪੰਛੀਆਂ ਦਾ ਇਕ ਝੂੰਡ ਆਕਾਸ਼ ਵਿਚ ਉਠਿਆ ਜਾ ਰਿਹਾ ਏ। ਖੰਭਾਂ ਦੀ ਲੈਅ-ਬੱਧ ਹਲਚਲ ਨੀਲੇ ਆਸਮਾਨ ਵਿਚ ਨੱਕਾਸ਼ੀ ਕਰਦੀ ਜਾ ਰਹੀ ਏ। ਕਿੱਥੋਂ ਨੇ, ਕੌਣ ਨੇ ਉਹ ਪੰਛੀ? ਹਜ਼ਾਰਾਂ ਮੀਲ ਸਫ਼ਰ ਕਰਦੇ ਰਹਿੰਦੇ ਨੇ। ਹੁਣ ਏਥੇ ਨੇ ਬਸ! ਉਹ ਨਜ਼ਰਾਂ ਘੁਮਾਅ ਕੇ ਉਹਨਾਂ ਨੂੰ ਦੇਖਦਾ ਰਿਹਾ—ਉਹਨਾਂ ਦੇ ਦਿਸਦੇ ਰਹਿਣ ਤਕ।
ਉਹ ਚੁੱਪਚਾਪ ਬੈਠੇ ਸਨ। ਸੂਰਜ ਸਿਰ 'ਤੇ ਚੜ੍ਹ ਆਇਆ ਸੀ। ਕੰਧਾਂ ਦੀ ਛਾਂ ਸੂੰਗੜ ਗਈ ਸੀ। ਚਟਾਨਾ ਤਪਣ ਲੱਗ ਪਈਆਂ ਸਨ। ਗਰਮੀ, ਉਮਸ ਵਧ ਰਹੇ ਸਨ। ਹਵਾ ਰੁਕ ਜਿਹੀ ਗਈ ਸੀ।
“ਚੱਲੀਏ ਇੱਥੋਂ?” ਨੰਦਨੀ ਦੇ ਸਰੀਰ ਤਕ ਧੁੱਪ ਆਉਣ ਕਰਕੇ ਉਸਨੇ ਕਿਹਾ।
“ਹੰ।”
“ਮੈਂ ਉਸੇ ਰਸਤੇ ਉਤਰ ਨਹੀਂ ਸਕਾਂਗੀ। ਉਤਰਦਿਆਂ ਹੋਇਆਂ ਹੋਰ ਔਖ ਹੋਏਗੀ।”
“ਓਧਰ, ਓਸ ਪਾਸੇ ਵੱਡਾ ਰਸਤਾ ਏ। ਓਧਰੋਂ ਚੱਲਾਂਗੇ। ਉਹ ਰਸਤਾ ਪਿੰਡ ਵਲੋਂ ਹੋ ਕੇ ਲੰਘਦਾ ਏ। ਲੰਮਾਂ ਰਸਤਾ ਏ ਪਰ ਸਿੱਧਾ ਹੋਟਲ ਪਹੁੰਚਾ ਦਏਗਾ।”


ਉਹ ਖਾਣਾ ਖਾਣ ਲਈ ਰੇਸਟੋਰੈਂਟ ਚਲੇ ਗਏ। ਰਿਸੈਪਸ਼ਨ ਵਾਲੇ ਆਦਮੀ ਨੇ ਕੋਲ ਆ ਕੇ ਕਿਹਾ, “ਸਰ, ਤੁਸੀਂ ਇੱਥੇ ਨਹੀਂ ਸੀ, ਤੁਹਾਡੇ ਬੇਟੇ ਦਾ ਫ਼ੋਨ ਆਇਆ ਸੀ।”
“ਓਅ! ਫੇਰ?”
“ਉਹ ਦੁਬਾਰਾ ਫ਼ੋਨ ਕਰਨਗੇ, ਮੈਂ ਉਹਨਾਂ ਨੂੰ ਕਿਹਾ ਸੀ ਸ਼ਾਇਦ ਸਰ ਖਾਣੇ ਦੇ ਸਮੇਂ ਤਕ ਆ ਜਾਣਗੇ।”
“ਏਥੇ ਸੈਲਫ਼ੋਨ ਕੰਮ ਨਹੀਂ ਕਰਦਾ?”
“ਨਹੀਂ ਸਰ!”
“ਇਹ ਫ਼ੋਨ ਰੂਮ 'ਚ ਟਰਾਂਸਫਰ ਹੋ ਸਕਦਾ ਏ?”
“ਹਾਂ ਸਰ!”
“ਠੀਕ ਏ। ਹੁਣ ਆਏ ਤਾਂ ਰੂਮ 'ਚ ਟਰਾਂਸਫਰ ਕਰ ਦੇਣਾ।”
“ਓ ਕੇ ਸਰ!”
ਉਹ ਕਾਟੇਜ ਵਿਚ ਆਏ ਈ ਸੀ ਕਿ ਫ਼ੋਨ ਆ ਗਿਆ। ਲਾਈਨ ਵਿਚ ਖ਼ਰਾਬੀ ਸੀ ਤੇ ਆਵਾਜ਼ ਸਾਫ ਸੁਣਾਈ ਨਹੀਂ ਸੀ ਦੇ ਰਹੀ।
“ਕਿਉਂ ਬਾਊਜੀ? ਕੈਸਾ ਚੱਲ ਰਿਹੈ ਤੁਹਾਡਾ ਹਨੀਮੂਨ?” ਭਾਸਕਰ ਦੇ ਕੰਨ ਵਿਚ ਰਾਜੂ ਦੀ ਹਮੇਸ਼ਾ ਵਾਂਗ ਚਹਿਕਦੀ ਹੋਈ ਆਵਾਜ਼ ਗੂੰਜੀ।
“ਵਧੀਆ!” ਉਸਨੇ ਮੁਸਕੁਰਾਉਂਦਿਆਂ ਹੋਇਆਂ ਕਿਹਾ।
“ਐਂਜੁਆਇੰਗ? ਰਿਸੋਰਟ ਕੈਸਾ ਏ?”
“ਫਸਟ ਕਲਾਸ! ਤੂੰ ਸੁਣਾ, ਕਿੱਥੇ ਐਂ?”
“ਜਕਾਰਤਾ! ਅੱਜ ਈ ਪਹੁੰਚਿਆਂ। ਅੱਠ ਦਿਨ ਇੱਥੇ ਰਹਾਂਗਾ। ਮਾਂ ਹੈ ਨਾ?”
“ਹਾਂ।”
“ਉਹਨੂੰ ਦਿਓ ਨਾ।”
ਉਸਨੇ ਫ਼ੋਨ ਨੰਦਨੀ ਨੂੰ ਫੜਾ ਦਿੱਤਾ। ਸੋਫੇ 'ਤੇ ਬੈਠ ਕੇ ਉਹਨਾਂ ਦੀਆਂ ਗੱਪਾਂ ਸੁਣਨ ਲੱਗਾ—ਹਮੇਸ਼ਾ ਵਾਂਗ। ਉਹ ਕੀ ਗੱਲਾਂ ਕਰਨਗੇ, ਉਸਨੂੰ ਜ਼ੁਬਾਨੀ ਯਾਦ ਸੀ। ਰਾਜੂ ਦੀ ਆਵਾਜ਼ ਭਾਵੇਂ ਸੁਣਾਈ ਨਹੀਂ ਸੀ ਦੇ ਰਹੀ, ਪਰ ਉਹ ਉਸਦੇ ਸਾਰੇ ਜਵਾਬ ਜਾਣਾ ਸੀ। ਖਾਣੇ ਦਾ ਹਾਲ, ਤਬੀਅਤ ਦੀ ਫਿਕਰ, ਕੰਮ, ਜਾਗਣਾ, ਸਮੋਕਿੰਗ ਘੱਟ, ਖ਼ੁਦ ਨੂੰ ਸੰਭਾਲ। ਜਾਬ ਬਦਲਨਾ—ਉਸਦੀਆਂ ਅੱਖਾਂ ਸਾਹਵੇਂ ਉਹ ਅਣਦੇਖੀ ਬੰਦਰਗਾਹ ਆ ਗਈ। ਰਾਜੂ ਪਹਿਲਾਂ ਉੱਥੇ ਈ ਗਿਆ ਹੋਏਗਾ ਤਾਂ ਫੋਟੋ ਹੋਣਗੀਆਂ। ਨਹੀਂ ਤਾਂ ਭੇਜ ਦਏਗਾ। ਇਕੋ ਜਿਹਾ ਵਾਤਾਵਰਣ...ਆਦਮੀ ਅਲੱਗ ਪਰ ਉਸਦਾ ਜੀਵਨ ਉਹੀ। ਠੀਕ ਏ—ਰਾਜੂ ਜਵਾਨ ਏਂ, ਜਦ ਤੀਕ ਰਹਿਣਾ ਚਾਹੇ, ਜਾਬ ਕਰਨਾ ਚਾਹੇ—ਕਰੇ। ਫੇਰ ਦੇਖੀ ਜਾਏਗੀ।
ਪੁੱਤਰ ਦੀ ਯਾਦ ਆਉਂਦਿਆਂ ਈ ਉਸਦਾ ਕਾਲਜਾ ਠਰ ਗਿਆ। ਉਹ ਮੇਰੇ ਵਰਗਾ ਏ ਜਾਂ ਨੰਦਨੀ ਵਰਗਾ? ਨਹੀਂ ਕਹਿ ਸਕਦਾ। ਸ਼ਇਦ ਦੋਵਾਂ ਵਰਗਾ। ਕਾਲੇਜ ਗਿਆ ਸੀ, ਓਦੋਂ ਤੀਕ ਝਾਕ ਰੱਖਦਾ ਸੀ-—ਨਾ ਸਮਝੀ ਵਿਚ! ਪਰ ਇਹ ਲਾਈਨ ਲੱਭ ਲਈ। ਹੁਣ ਮਜ਼ੇ 'ਚ ਏ। ਕੰਪਨੀ 'ਚ ਰੁਚੀ ਲਏਗਾ ਜਾਂ ਨਹੀਂ—ਪਤਾ ਨਹੀਂ? ਸ਼ਾਇਦ ਕੁਝ ਸਾਲ ਬਾਅਦ ਲਏਗਾ। ਹੋ ਸਕਦਾ ਏ ਨਾ ਈ ਲਏ। ਪਰ ਇਸ ਨਾਲ ਕੁਝ ਵਿਗੜਨ ਨਹੀਂ ਲੱਗਾ। ਜਦ ਤੀਕ ਮੈਂ ਚਾਹਾਂਗਾ ਚਲਾਵਾਂਗਾ। ਮੈਨੇਜਰਜ਼ ਕਾਫੀ ਨੇ। ਨੌਜਵਾਨ, ਚੰਗੇ ਮੁੰਡੇ—ਠੀਕ ਤਨਖ਼ਾਹ ਦਿਆਂਗਾ ਤਾਂ ਮਨ ਲਾ ਕੇ ਕੰਮ ਕਰਦੇ ਰਹਿਣਗੇ। ਕੰਮ ਵੀ ਕਾਫੀ ਏ ਤੇ ਲੋਕ ਵੀ।
“ਬਚੂ ਮਜ਼ੇ 'ਚ ਏ।” ਫ਼ੋਨ ਰੱਖਦੀ ਹੋਈ ਨੰਦਨੀ ਬੋਲੀ। “ਚੰਗਾ ਕੀਤਾ ਜੋ ਤੁਸੀਂ ਇੱਥੋਂ ਦਾ ਨੰਬਰ ਦੇ ਦਿੱਤਾ। ਦੂਜਾ ਸ਼ਿੱਪ ਜੁਆਇਨ ਕਰਨ ਬਾਰੇ ਸੋਚ ਰਿਹਾ ਏ।”
“ਠੀਕ ਏ।”
ਨੰਦਨੀ ਉਸਦੇ ਸਾਹਮਣੇ ਸੋਫੇ 'ਤੇ ਬੈਠ ਗਈ। ਖਿੜਕੀਆਂ ਖੁੱਲ੍ਹੀਆਂ ਸਨ, ਪਰਦੇ ਖਿਸਕਾਏ ਹੋਏ। ਪੱਖਾ ਘੁੰਮ ਰਿਹਾ ਸੀ। ਗਰਮੀ ਮਹਿਸੂਸ ਹੋ ਰਹੀ ਸੀ। ਹੁਣੇ ਖਾਣਾ ਖਾਧਾ ਹੋਣ ਕਰਕੇ ਕੁਝ ਵੱਧ ਈ ਲੱਗ ਰਹੀ ਸੀ। ਇਕ ਛਿਣ ਲਈ ਉਸਨੇ ਸੋਚਿਆ, ਏ.ਸੀ. ਚਾਲੂ ਕਰ ਦਿਆਂ, ਪਰ ਚਲਾਇਆ ਨਹੀਂ—ਕਿਉਂਕਿ ਇਕ ਵਾਰੀ ਏ.ਸੀ. ਚਲਾ ਦਿੱਤਾ ਤਾਂ ਲਗਾਤਾਰ ਚਲਾਉਣਾ ਪਏਗਾ ਤੇ ਬਾਹਰ ਗਏ ਤਾਂ ਹੋਰ ਤਕਲੀਫ਼ ਹੋਏਗੀ।
“'ਕੱਲੇ ਬੱਚੇ ਜ਼ਿਆਦਾ ਹੋਮਸਿਕ ਨਹੀਂ ਹੋ ਜਾਂਦਾ ਨੇ ਨਾ?” ਨੰਦਨੀ ਨੇ ਪੁੱਛਿਆ।
“ਪਤਾ ਨਹੀਂ! ਸ਼ਾਹਿਦ ਨਹੀਂ। ਭਰਾ-ਭੈਣ ਹੋਣ ਤਾਂ ਘਰ ਦੀ ਵਧੇਰੇ ਯਾਦ ਆਉਂਦੀ ਹੋਏਗੀ।”
“ਰਾਜੂ ਦਾ ਵੀ ਕੋਈ ਹੋਰ ਭੈਣ-ਭਰਾ ਹੋਣਾ ਚਾਹੀਦਾ ਸੀ ਸ਼ਾਇਦ।” ਨੰਦਨੀ ਨੇ ਅੱਗੇ ਜੋੜਿਆ, “ਪਰ ਉਦੋਂ ਇੰਜ ਕੁਛ ਨਹੀਂ ਸੀ ਲੱਗਿਆ।”
“ਹੰ।”
“ਮਾਂ ਜਾਂ ਦੂਜੇ ਲੋਕ ਕਹਿੰਦੇ ਸਨ। ਤਦ ਵੀ ਮੈਨੂੰ ਨਹੀਂ ਸੀ ਲੱਗਿਆ।”
“ਮੈਨੂੰ ਨਹੀਂ ਲੱਗਦਾ। ਮੇਰੇ ਕਿਹੜਾ ਕੋਈ ਭੈਣ-ਭਰਾ ਸੀ? ਚਚੇਰੇ ਸਨ; ਪਰ ਦੂਜੇ ਪਿੰਡ। ਮਾਸੀ ਦੀਆਂ ਕੁੜੀਆਂ ਸੀ, ਬਸ ਓਨਾ ਈ।”
“ਮੇਰੇ ਘਰ ਵੀ ਮੈਂ ਇਕੱਲੀ ਸੀ। ਸ਼ਾਇਦ ਇਸ ਲਈ ਲੱਗਦਾ ਏ ਜ਼ਿਆਦਾ ਲੋਕ ਹੋਣ।”
“ਹਾਂ।”
“ਅਸਲ ਗੱਲ ਓਦੋਂ ਸਮਝ ਆਉਂਦੀ ਏ ਜਦੋਂ ਬਾਹਰਲੇ ਲੋਕਾਂ ਨਾਲ ਤਾਲ-ਮੇਲ ਬਿਠਾਉਣਾ ਪੈਂਦਾ ਏ—ਓਦੋਂ ਗੜਬੜ ਹੋ ਜਾਂਦੀ ਏ। ਵੱਡੇ ਪਰਿਵਾਰਾਂ ਵਿਚ ਸ਼ਾਇਦ ਲੋਕ ਆਪਣੇ ਆਪ ਸਿੱਖ ਜਾਂਦੇ ਹੋਣਗੇ।”
“ਕੁਛ ਕਹਿ ਨਹੀਂ ਸਕਦੇ।” ਭਾਸਕਰ ਨੇ ਕਿਹਾ, “ਜ਼ਰੂਰੀ ਨਹੀਂ ਕਿ ਵੱਡੇ ਪਰਿਵਾਰਾਂ ਵਿਚ ਸਾਰੇ ਖੁਸ਼ ਰਹਿੰਦੇ ਨੇ। ਅਕਸਰ ਲੋਕ ਇਕ ਦੂਜੇ ਤੋਂ ਅੱਕ ਚੁੱਕੇ ਹੁੰਦੇ ਨੇ।”
“ਹਾਂ, ਇਹ ਵੀ ਸੱਚ ਏ। ਸਵਾਲ ਤਾਲ-ਮੇਲ ਬਿਠਾਉਣ ਦਾ ਈ ਹੁੰਦਾ ਏ। ਉੱਥੇ ਈ ਸਭ ਗੜਬੜ ਹੋ ਜਾਂਦੀ ਏ।”
ਭਾਸਕਰ ਨੇ ਇਸ ਬਾਰੇ ਕੁਝ ਨਹੀਂ ਕਿਹਾ। ਸੋਚਣ ਲੱਗਾ, ਟੀ.ਵੀ. ਚਲਾ ਦਿਆਂ? ਦੁਪਹਿਰ ਲੰਮੀ ਏਂ, ਬਾਹਰ ਜਾ ਨਹੀਂ ਸਕਦੇ, ਨੀਂਦ ਆਏਗੀ ਨਹੀਂ। ਉਸਨੂੰ ਲੱਗਿਆ, ਹੁਣ ਇਕਾਂਤ ਮਿਲ ਜਾਏ ਤਾਂ ਠੀਕ ਰਹੇਗੀ। ਸਵੇਰ ਦਾ ਜੜ ਹੁੰਦਾ ਜਾ ਰਿਹਾਂ। ਵੈਸੇ ਏਥੇ ਆਉਂਦਿਆਂ ਈ ਇਹ ਸਰੀਰ, ਮਨ ਵਿਚ ਧਸ ਗਿਆ ਸੀ।
“ਭਾਸਕਰ ਕੀ ਹੁਣ ਵੀ ਤੁਹਾਡੇ ਮਨ ਵਿਚ ਕੋਈ ਸ਼ੰਕਾ ਏ? ਹੈ ਤਾਂ ਪੁੱਛੋ। ਕਹਿਣਾ ਇਕੋ ਇਕ ਉਪਾਅ ਏ। ਮੈਂ ਜਾਣਦੀ ਆਂ ਇਹ ਸਭ ਸਹਿਜ ਨਹੀਂ। ਫੇਰ ਵੀ ਕਹਿਣ, ਸੁਣਨ ਨਾਲ ਈ ਗੁੱਥੀਆਂ ਸੁਲਝਦੀਆਂ ਨੇ। ਮੈਨੂੰ ਬੜਾ ਚੰਗਾ ਲੱਗ ਰਿਹਾ ਏ। ਮੈਂ ਕਦੋਂ ਦੀ ਇਹ ਸਭ ਦੱਸਣਾ ਚਾਹ ਰਹੀ ਸੀ। ਪਰ ਮੌਕਾ ਨਹੀਂ ਸੀ ਮਿਲ ਰਿਹਾ। ਚੰਗਾ ਹੋਇਆ ਅਸੀਂ ਇੱਥੇ ਆ ਗਏ।”
ਉਹ ਚੁੱਪ ਈ ਰਿਹਾ।
“ਮੈਂ ਜਾਣ ਗਈ ਆਂ ਭਾਸਕਰ ਕਿ ਲੋਕ ਭਾਵੇਂ ਇਕ ਦੂਜੇ ਦੇ ਕਿੰਨੇ ਈ ਨੇੜੇ ਹੋਣ ਪਰ ਜ਼ਰੂਰੀ ਨਹੀਂ ਉਹਨਾਂ ਦੇ ਮਨ ਮਿਲੇ ਹੋਏ ਹੋਣ। ਮਨ ਕੋਹਾਂ ਦੂਰ ਹੁੰਦੇ ਨੇ। ਪਤਾ ਨਹੀਂ ਇਕ ਦੂਜੇ ਨੂੰ ਸਮਝ ਕਿੰਜ ਲੈਂਦੇ ਨੇ? ਵਪਾਰਕ ਸਤਰ 'ਤੇ ਠੀਕ ਏ। ਉੱਥੇ ਉਦੇਸ਼ ਸਾਫ ਹੁੰਦਾ ਏ। ਕਦੋਂ, ਕਿਵੇਂ ਕਿੱਥੇ ਤਕ ਪਹੁੰਚਣਾ ਏਂ ਇਸਦਾ ਪਤਾ ਹੁੰਦਾ ਏ। ਪਰ ਇਸਦੇ ਉਲਟ—ਇੱਥੇ ਮਨ ਪਤਾ ਨਹੀਂ ਕਿਵੇਂ, ਕੀ ਸੋਚਦਾ ਏ ਤੇ ਹਰ ਕੋਈ ਅਲੱਗ ਈ ਸੋਚਦਾ ਏ।”
“ਹੰ।”
“ਮੈਂ ਹੋਰ ਇਕ ਗੱਲ ਜਾਣ ਲਈ ਏ। ਉਹ ਇਹ ਕਿ ਔਰਤ ਮਰਦ ਦੇ ਮਨ ਤੇ ਸੋਚਣ ਦਾ ਢੰਗ ਬਿਲਕੁਲ ਵੱਖਰਾ ਹੁੰਦਾ ਏ। ਮੈਂ ਸੈਕਸ ਦੇ ਬਾਰੇ ਵਿਚ ਕਹਿਣਾ ਚਾਹ ਰਹੀ ਆਂ। ਕਿੰਨਾ ਅਲੱਗ ਸੋਚਦੇ ਨੇ ਦੋਵੇਂ! ਪਤੀ-ਪਤਨੀ ਦੇ ਨਾਤੇ ਇਹ ਦੂਰੀ ਧਿਆਨ 'ਚ ਨਹੀਂ ਆਉਂਦੀ ਕਿਉਂਕਿ ਉਹਨਾਂ ਪਹਿਲਾਂ ਤੇ ਬਾਅਦ ਵਿਚ ਇਕੱਠੇ ਇਕੋ ਘਰ ਵਿਚ ਰਹਿਣਾ ਹੁੰਦਾ ਏ। ਪਰ ਬਾਹਰ...ਸੈਕਸ ਤੋਂ ਪਹਿਲਾਂ ਵਾਲਾ ਮਰਦ ਤੇ ਬਾਅਦ ਵਾਲਾ ਮਰਦ ਦੋਵੇਂ ਬਿਲਕੁਲ ਵੱਖਰੇ ਹੁੰਦੇ ਨੇ।”
ਉਹ ਕੁਝ ਚਿਰ ਰੁਕੀ।
“ਮੈਂ ਦੂਜੀ ਔਰਤਾਂ ਬਾਰੇ ਨਹੀਂ ਜਾਣਦੀ ਪਰ ਮੈਨੂੰ ਲੱਗਦਾ ਸੀ ਅਸੀਂ ਜਿਵੇਂ ਸ਼ੇਕ-ਹੈਂਡ ਕਰਦੇ ਆਂ, ਓਨਾ ਈ ਸਹਿਜ ਉਹ ਵੀ ਏ। ਪਰ ਇੰਜ ਨਹੀਂ। ਜੇ ਉਹ ਉਹ ਗੱਲ ਨਾ ਕਹਿੰਦਾ ਤਾਂ ਸ਼ਾਇਦ ਇਸ ਫਰਕ ਦਾ ਪਤਾ ਵੀ ਨਾ ਲੱਗਦਾ। ਪਰ ਹੁਣ ਮੈਂ ਜਾਣ ਗਈ ਆਂ। ਮੈਨੂੰ ਯਾਦ ਆਉਂਦਾ ਏ ਉਸਦੇ ਵਰਤਾਅ ਵਿਚ ਜਿਹੜਾ ਅੰਤਰ ਆਇਆ ਸੀ ਉਹ। ਤੁਰੰਤ ਉਸਦਾ ਰਵੱਈਆ ਬਦਲ ਗਿਆ ਸੀ। ਉਸਨੂੰ ਲੱਗਿਆ ਸੀ ਕਿ ਉਸਨੇ ਮੈਨੂੰ ਫਤਹਿ ਕਰ ਲਿਆ ਏ। ਉਸਦੀ ਉਹ ਗੱਲ ਇਸੇ ਦਾ ਸਬੂਤ ਸੀ। ਉਸਨੇ ਮੇਰੇ ਮਨ ਤੋਂ ਜਾਂ ਮੇਰੀ ਦੋਸਤੀ ਤੋਂ ਕੁਛ ਵੀ ਨਹੀਂ ਸੀ ਲੈਣਾ-ਦੇਣਾ। ਦੋਸਤੀ, ਸਹੀ ਜਾਂ ਗ਼ਲਤ? ਇਸ ਮੁੱਦੇ ਨੂੰ ਪਾਸੇ ਵੀ ਰੱਖੀਏ ਪਰ ਉਸਦੇ ਦਿਮਾਗ਼ ਵਿਚ ਜੋ ਚੱਲ ਰਿਹਾ ਸੀ ਉਹ ਸ਼ੁਰੂ ਤੋਂ ਈ ਸੀ। ਉਸਦੇ ਦਿਮਾਗ਼ ਵਿਚ ਤੁਸੀਂ ਸੀ। ਤੁਹਾਡੇ ਨਾਲ ਉਸਦੀ ਉਹ ਲੜਾਈ ਸੀ। ਮਰਦਾਂ ਦੇ ਦਿਮਾਗ਼ ਵਿਚ ਕੀ ਇਹੋ ਕੁਝ ਹੁੰਦਾ ਏ?”
ਉਹ ਦੋਵੇਂ ਇਕੱਠੇ ਤ੍ਰਬਕੇ, ਇਕ ਦੂਜੇ ਵੱਲ ਦੇਖਿਆ। ਤੇ ਉਹਨਾਂ ਦੀਆਂ ਨਜ਼ਰਾਂ ਹਵਾ ਵਿਚ ਲਟਕ ਗਈਆਂ।
“ਭਾਸਕਰ ਮੈਂ ਮਰਦ ਯਾਨੀ ਤੁਹਾਨੂੰ ਜਾਣਦੀ ਸੀ। ਸਾਡੇ ਦੋਵਾਂ ਵਿਚ ਅਜਿਹਾ ਕੋਈ ਸਵਾਲ ਨਹੀਂ ਸੀ, ਸਵਾਮੀਤਵ ਦਾ। ਤੁਸੀਂ ਤਾਂ ਪਹਿਲਾਂ ਈ ਸਭ ਕੁਝ ਪਤਨੀ ਦੇ ਹਵਾਲੇ ਕਰ ਚੁੱਕੇ ਸੀ। ਪਰ ਅਜਿਹਾ ਸੋਚਣਾ ਮੇਰੇ ਲਈ ਵੀ ਦੁਖਦਾਈ ਸੀ। ਮਨ ਈ ਸ਼ੁੱਧ ਨਾ ਹੋਏ ਤਾਂ ਕੀ ਹੋਏਗਾ?”
ਉਹ ਸੋਫੇ ਤੋਂ ਉਠ ਗਈ। ਟੇਬਲ ਉੱਤੇ ਰੱਖੇ ਜਗ ਵਿਚੋਂ ਗ਼ਲਾਸ ਵਿਚ ਪਾਣੀ ਪਾ ਕੇ ਪੀਣ ਲੱਗੀ...ਤੇ ਫੇਰ ਉੱਥੇ ਈ ਬੈਠ ਗਈ।
“ਤੁਸੀਂ ਮੈਥੋਂ ਪੁੱਛਿਆ ਸੀ ਨਾ—ਕਿ ਮੈਂ ਅਜਿਹਾ ਕੁਛ ਕਰਦਾ ਤਾਂ ਤੂੰ ਕੀ ਕਰਦੀ?...ਮੈਂ ਉਦੋਂ ਦਸ ਨਹੀਂ ਸੀ ਸਕੀ। ਪਰ ਹੁਣ ਕਹਿ ਸਕਦੀ ਆਂ ਕਿ ਮੈਂ ਇਹੀ ਦੇਖਿਆ ਹੁੰਦਾ ਤੁਸੀਂ ਦੋਸਤੀ ਕਿਉਂ ਕੀਤੀ? ਹੁਣ ਤਕ ਦਾ ਮੈਂ ਕੁਛ ਜਾਣ ਨਹੀਂ ਸਕੀ ਪਰ ਹੁਣ ਜੇ ਅਜਿਹੀ ਦੋਸਤੀ ਹੋਏ ਕਿਸੇ ਨਾਲ ਤਾਂ ਇਸ ਨਜ਼ਰੀਏ ਨਾਲ ਨਾ ਕਰਨਾ। ਉਸਦਾ ਕੋਈ ਪਤੀ ਹੋਏਗਾ ਤਾਂ ਉਸਨੂੰ ਜਿੱਤਣ ਜਾਂ ਹਾਰਾਉਣ ਦਾ ਖ਼ਿਆਲ ਮਨ ਵਿਚ ਨਾ ਲਿਆਉਣਾ ਕਦੀ। ਹੋ ਸਕਦਾ ਏ ਉਸਦਾ ਪਤੀ ਤੁਹਾਡੇ ਨਾਲੋਂ ਕਈ ਗੁਣਾ ਚੰਗਾ ਹੋਏ। ਸ਼ੁੱਧ ਮੰਸ਼ਾ ਨਾਲ ਦੋਸਤੀ ਹੋਏ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ।”
ਉਹ ਚੁੱਪਚਾਪ ਬੈਠਾ ਰਿਹਾ। ਦੁਪਹਿਰ ਦਾ ਸੰਨਾਟਾ ਦਿਮਾਗ਼ ਵਿਚ ਭਰਿਆ ਪਿਆ ਸੀ। ਏ.ਸੀ. ਚਲਾਉਣ ਦੀ ਤੀਬਰ ਇੱਛਾ ਹੋਈ ਉਸਦੀ। ਉਸਨੇ ਸੋਚਿਆ—ਸਰੀਰ ਦਾ ਭਾਵੇਂ ਕੁਝ ਵੀ ਹਾਲ ਹੋਏ, ਕਮਰੇ ਦੀ ਹਵਾ ਵਿਚ ਤਾਂ ਠੰਡਕ ਆਏਗੀ। ਇੰਜ ਤਾਂ ਉਹ ਸੰਨਾਟਾ ਟੁੱਟੇਗਾ ਨਹੀਂ। ਫੇਰ ਸਮੁੰਦਰ ਦੀ ਨਮਕੀਨ ਹਵਾ ਨਾਲ ਤਨ, ਮਨ ਨੂੰ ਭਰ ਲਵਾਂਗਾ। ਪਰ ਹੁਣ?
“ਭਾਸਕਰ, ਮੈਂ ਲੇਟ ਜਾਵਾਂ ਥੋੜ੍ਹੀ ਦੇਰ ਉੱਥੇ? ਲੇਟਣ ਨਾਲ ਕੁਝ ਠੀਕ ਲੱਗੇਗਾ।” ਉਸਨੇ ਕਿਹਾ।
“ਹੰ!” ਉਸਨੇ ਉਠਦਿਆਂ ਹੋਇਆਂ ਕਿਹਾ। “ਪੱਖਾ ਤੇਜ਼ ਕਰ ਦਿਆਂ ਜਾਂ ਏ.ਸੀ. ਚਲਾ ਦਿਆਂ?”
“ਏ.ਸੀ. ਨਹੀਂ। ਪੱਖਾ ਈ ਠੀਕ ਏ। ਤੁਸੀਂ ਕੀ ਕਰੋਗੇ?”
“ਟੀ.ਵੀ. 'ਤੇ ਦੇਖਦਾਂ, ਕੀ ਆ ਰਿਹੈ?”
ਉਸਨੇ ਟੀ.ਵੀ. ਚਲਾਇਆ। ਉਹੀ-ਉਹੀ ਧਾਰਾ-ਵਾਹਕ। ਇਕ ਦੋ ਚੈਨਲਾਂ 'ਤੇ ਹਿੰਦੀ ਫ਼ਿਲਮ। ਕਾਰਟੂਨ ਨੈਟ-ਵਰਕ। ਡਿਸਕਵਰੀ 'ਤੇ ਮਗਰਮੱਛ ਦੀ ਫ਼ਿਲਮ। ਕੋਈ ਪੁਰਾਣਾ ਕ੍ਰਿਕਟ ਮੈਚ। ਉਸਨੇ ਧੀਮੀ ਆਵਾਜ਼ ਵਿਚ ਹਿੰਦੀ ਫ਼ਿਲਮ ਲਾ ਲਈ। ਸੋਫੇ 'ਤੇ ਲੇਟ ਗਿਆ। ਉਸਨੂੰ ਲੱਗਿਆ ਨੀਂਦ ਆਏਗੀ ਪਰ ਫ਼ਿਲਮ ਵਿਚ ਫਾਈਟਿੰਗ ਸੀ, ਸਮੁੰਦਰ ਦੇ ਸਟੰਟ। ਨਾ ਚਾਹੁੰਦਾ ਹੋਇਆ ਵੀ ਉਹ ਦੇਖਦਾ ਰਿਹਾ। ਵਿਚ ਵਿਚ ਕਦੀ ਉਹ ਨੰਦਨੀ ਵੱਲ ਦੇਖ ਲੈਂਦਾ, ਉਹ ਸੌਂ ਗਈ ਸੀ।
ਘੰਟੇ ਕੁ ਵਿਚ ਫ਼ਿਲਮ ਖਤਮ ਹੋ ਗਈ। ਸਿਰ ਵਿਚ ਫੇਰ ਉਹੀ ਸੰਨਾਟਾ ਭਰ ਗਿਆ। ਪੱਖਾ ਚੱਲ ਰਿਹਾ ਸੀ ਫੇਰ ਵੀ ਉਮਸ ਸੀ। ਉਹ ਵਰਾਂਡੇ ਵਿਚ ਆ ਗਿਆ।
ਬਾਹਰ ਧੁੱਪ ਸੀ। ਵਰਾਂਡੇ ਵਿਚ ਛਾਂ ਸੀ। ਉਹ ਖੜ੍ਹਾ ਰਿਹਾ ਤੇ ਪਤਾ ਨਹੀਂ ਕਦੋਂ ਪੌੜੀਆਂ 'ਤੇ ਬੈਠ ਗਿਆ। ਨਾਰੀਅਲ ਦੇ ਰੁੱਖਾਂ ਪਿੱਛੇ ਸਮੁੰਦਰ ਦਾ ਚਮਕਦਾ ਪਾਣੀ। ਉਸਨੇ ਧਿਆਨ ਨਾਲ ਦੇਖਿਆ—ਜਵਾਰ ਏ ਕਿ ਭਾਟਾ ਜਾਣਨ ਲਈ, ਪਰ ਪਤਾ ਨਹੀਂ ਲੱਗਿਆ। ਰਿਸੋਰਟ ਦੇ ਆਸ-ਪਾਸ ਹਮੇਸ਼ਾ ਵਾਂਗ ਸ਼ਾਂਤੀ ਸੀ।
ਉਹ ਉੱਥੇ ਈ ਕੰਧ ਨਾਲ ਢੋਅ ਲਾਈ ਬੈਠਾ ਰਿਹਾ। ਉਸਨੂੰ ਬਚਪਨ ਦਾ ਉਹ ਬੰਜਰ ਪਿੰਡ ਯਾਦ ਆਇਆ। ਉਦੋਂ ਵੀ ਇਹੋ ਜਿਹੀ ਧੁੱਪ ਹੁੰਦੀ ਹੁੰਦੀ ਸੀ। ਸਫੇਦ ਮਿੱਟੀ ਦੀਆਂ ਮੋਟੀਆਂ ਕੰਧਾਂ ਤੇ ਉਹਨਾਂ 'ਤੇ ਉਗੇ ਬੂਟੇ। ਕਿਕਰ ਦੇ ਰੁੱਖ। ਤੇ ਮੈਂ ਦੁਪਹਿਰੇ ਕਿਤਾਬ ਲੈ ਕੇ ਬੈਠ ਜਾਂਦਾ ਸਾਂ। ਅੱਧਾ ਧਿਆਨ ਕਿਤਾਬ 'ਚ ਅੱਧਾ ਉਸ ਦੁਪਹਿਰ ਵਿਚ। ਤਿੱਖੜ-ਦੁਪਹਿਰ। ਉਹ ਗਲੀਆਂ। ਵਾੜ। ਘਰ। ਬੱਲਦਾਂ ਦੇ ਗਲ਼ਾਂ ਦੀਆਂ ਟੱਲੀਆਂ। ਹਫ਼ਤਾ ਵਾਰੀ ਹਾਟ-ਬਾਜ਼ਾਰ ਦੀ ਗਹਿਮਾ-ਗਹਿਮੀ। ਇਹੀ ਦੁਨੀਆਂ ਸੀ। ਤਨ-ਮਨ ਨੂੰ ਥਾਪੜਦੀ-ਪਲੋਸਦੀ ਰਹੀ ਤੇ ਮੈਂ ਵੱਡਾ ਹੋ ਗਿਆ। ਫੇਰ ਸ਼ਹਿਰ ਦਾ ਇਕ ਕਾਲੇਜ। ਨੌਕਰੀਆਂ। ਕਾਰਖ਼ਾਨਾ। ਲੋਹੇ ਦੀ ਖਣਕਾਰ। ਗਰੀਸ ਦੀ ਗੰਧ। ਫੇਰ ਪਿੰਡ ਦੇ ਬਾਹਰ ਮੇਰਾ ਖਰੀਦਿਆ ਹੋਇਆ ਪਲਾਟ। ਕੰਪਨੀ। ਫੇਰ ਵਧਦੀਆਂ ਹੋਈਆਂ ਕੰਪਨੀਆਂ। ਪਹਿਲਾਂ ਸਕੂਟਰ ਦੌੜਾਂਦੇ ਆਉਂਦੇ-ਜਾਂਦੇ ਰਹਿਣਾ। ਰੁੱਖ ਘਟਦੇ ਗਏ। ਰਸਤੇ ਵਧਦੇ ਗਏ। ਮੈਂ ਹੋਰ ਜਗਾਹ ਖਰੀਦੀ। ਮਜ਼ਦੂਰਾਂ ਦੀ ਗਿਣਤੀ ਵਧੀ। ਸਟਾਫ਼ ਵਧ ਗਿਆ। ਵਪਾਰ ਵਧ ਗਿਆ।
ਇਹ ਦੁਨੀਆਂ ਚਾਰ-ਚੁਫੇਰੇ ਸੀ ਪਰ ਮੈਂ ਸਿਰਫ 'ਮੈਂ' ਨੂੰ ਮਹਿਸੂਸ ਕਰਦਾ ਰਿਹਾ। ਇਹ ਸਾਰੇ ਨਾਲ ਹੁੰਦੇ ਈ ਨੇ ਫੇਰ ਵੀ ਅਸੀਂ ਸੁਤੰਤਰ ਹੁੰਦੇ ਆਂ। ਕੁਛ ਨਾ ਕੁਛ ਹੁੰਦਾ ਰਹਿੰਦਾ ਏ। ਦਿਨ ਚੜ੍ਹਦੇ ਨੇ। ਦੁਪਹਿਰਾਂ ਹੁੰਦੀਆਂ ਨੇ। ਬੱਦਲ ਛਾਉਂਦੇ ਨੇ। ਮੀਂਹ ਵਰ੍ਹਦੇ ਰਹਿੰਦੇ ਨੇ। ਰਾਤਾਂ ਆਉਂਦੀਆਂ ਨੇ। ਚੰਦ ਨਿਕਲਦਾ ਏ। ਭਾਟਾ ਆਉਂਦਾ ਏ, ਜਹਾਜ਼ ਕਿਨਾਰੇ ਨਾਲ ਲੱਗ ਜਾਂਦੇ ਨੇ। ਇਹ ਸਭ ਕੁਝ ਹੁੰਦਾ ਰਹਿੰਦਾ ਏ। ਨਾ ਵੀ ਹੋਏ ਪਰ ਅਸੀਂ, ਅਸੀਂ ਈ ਹੁੰਦੇ ਆਂ। ਆਪਣੇ ਇਸ ਹੋਣ ਨੂੰ ਮੈਂ ਸਮਝਣਾ ਏਂ। ਉਸਨੇ ਆਪਣੇ ਆਪ ਨੂੰ ਕਿਹਾ। ਬਸ ਹੁਣ ਚੈਨ ਨਾਲ ਰਹਿਣਾ ਏਂ। ਸ਼ਾਂਤ ਰਹਿਣਾ ਏਂ। ਭਾਟਾ ਪੰਜ ਮਿੰਟ ਬਾਅਦ ਸ਼ੁਰੂ ਹੋਣਾ ਏਂ ਜਾਂ ਚੰਦ ਬੱਦਲਾਂ ਵਿਚ ਛਿਪ ਜਾਣਾ ਏਂ—ਤੋ ਮੈਨੂੰ ਕੀ ਦਿੱਕਤ? ਉਹ ਵੀ ਵੈਸਾ ਏ। ਦੁਨੀਆਂ ਨੂੰ ਉਸਦੀ ਆਪਣੀ ਮਰਜ਼ੀ ਨਾਲ ਚੱਲਣ ਦਿਓ। ਧੁੱਪ ਵਿਚ ਛਾਂ ਲੱਭਣ ਦਾ ਹੁਨਰ ਜਾਣਦਾ ਏਂ ਨਾ? ਫੇਰ ਕੋਈ ਗੱਲ ਨਹੀਂ। ਉਸਦੇ ਮਨ ਨੇ ਉਸਨੂੰ ਸਮਝਾਇਆ।
ਉਹ ਨਿਰਵਿਕਾਰ, ਅਡੋਲ, ਸ਼ਾਂਤ ਬੈਠਾ ਰਿਹਾ। ਦੇਰ ਤਕ ਬੈਠਾ ਰਿਹਾ। ਉਸਦੀ ਸਮਝ ਵਿਚ ਆਉਣ ਲੱਗਾ ਕਿ ਸੱਚਮੁੱਚ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕੁਝ ਵੀ ਮੇਰੇ ਨਾਲ ਚਿਪਕ ਨਹੀਂ ਰਿਹਾ। ਦੁਨੀਆਂ ਦੀ ਜ਼ਿੰਮੇਵਾਰੀ ਮੇਰੇ 'ਤੇ ਤਾਂ ਨਹੀਂ। ਕਿਸੇ ਵੀ ਗੱਲ ਦੀ ਨਹੀਂ। ਮੈਂ ਸਿਰਫ ਆਪਣੀ ਕਰਨੀ ਲਈ ਉਤਰਦਾਈ ਆਂ। ਸਿਰਫ ਆਪਣੇ ਫੈਸਲਿਆਂ ਪ੍ਰਤੀ। ਰੁੱਖਾਂ ਦੇ ਸੁੱਕੇ ਪੱਤੇ ਜ਼ਮੀਨ 'ਤੇ ਡਿੱਗਣ ਜਾਂ ਹਵਾ ਵਿਚ ਉੱਡ-ਪੁੱਡ ਜਾਣ, ਮੇਰਾ ਕੋਈ ਲਾਗ-ਦੇਗਾ ਨਹੀਂ।
ਤੇ ਹੁਣ ਜਦੋਂ ਉਹ ਜਿੰਮ ਵਿਚ ਗਿਆ ਤਾਂ ਉਸਦੇ ਸਰੀਰ ਵਿਚ ਨਵਾਂ ਉਤਸਾਹ, ਨਵੀਂ ਸ਼ਾਂਤੀ ਭਰੀ ਉਮੰਗ ਸੀ। ਉਸਨੂੰ ਸਾਈਕਲ ਚਲਾਉਣ ਦੀ ਲੋੜ ਨਹੀਂ ਪਈ। ਸਿੱਧੀ ਮਸ਼ੀਨ। ਉਸਨੇ ਹਮੇਸ਼ਾ ਵਾਂਗ ਵਜਨ ਰੱਖੇ। ਕਿੱਲੀ ਹਟਾਈ। ਤਦ ਉਸਦੇ ਮਨ ਵਿਚ ਵਿਚਾਰ ਆਇਆ, ਇਹ ਸਭ ਮੈਂ ਆਪਣੀ ਖਾਤਰ ਕਰ ਰਿਹਾਂ। ਪੱਠੇ, ਪਿੰਜਨੀਆਂ, ਬਾਹਾਂ, ਇਹਨਾਂ ਦਾ ਕਸਾਅ...ਮੇਰੇ ਆਪਣੇ ਪੈਰ ਬੁਲੰਦੀ ਤੋਂ ਜ਼ਮੀਨ 'ਤੇ ਅਡੋਲ ਖੜ੍ਹੇ ਰੱਖਣ ਲਈ ਏ, ਕਿਸੇ ਹੋਰ ਨੂੰ ਪ੍ਰਭਾਵਿਤ ਕਰਨ ਲਈ ਨਹੀਂ। ਲੋੜ ਪਈ ਤਾਂ ਮੈਂ ਮਦਦ ਲਈ ਹੱਥ ਵਧਾਵਾਂਗਾ ਪਰ ਮੇਰਾ ਸਰੀਰ ਸਭ ਤੋਂ ਪਹਿਲਾਂ ਮੇਰੇ ਲਈ ਏ। ਕਿਸੇ ਨੂੰ ਚੰਗਾ ਲੱਗੇ ਨਾ ਲੱਗ, ਜਚੇ ਨਾ ਜਚੇ। ਉਹਨਾਂ ਦੀ ਰਾਏ ਦਾ ਮੇਰੇ ਸਰੀਰ ਨਾਲ, ਮੇਰੇ ਨਾਲ ਕੋਈ ਸੰਬੰਧ ਨਹੀਂ। ਮੇਰਾ ਸਰੀਰ ਮੇਰਾ ਏ ਤੇ ਹੋਰਾਂ ਦਾ ਮੁਥਾਜ ਨਹੀਂ। ਜਿਹੜਾ ਇਹ ਪਸੀਨਾ ਵਹਿ ਰਿਹਾ ਏ ਉਹ ਮੇਰੀ ਹੋਂਦ ਦਾ ਸਾਰ ਏ। ਮੈਂ ਆਪਣੀ ਥਾਂ ਆਪਣੇ ਪੈਰਾਂ 'ਤੇ ਅੜਿੰਗ ਖੜ੍ਹਾ ਆਂ। ਮੈਂ ਕਿਉਂ ਕਿਸੇ ਦੇ ਸੋਚਣ-ਕਰਨ ਦੀ ਫਿਕਰ ਕਰਾਂ?
ਸ਼ਵ-ਆਸਨ ਵਿਚ ਲੇਟਿਆਂ ਉਸਨੂੰ ਆਪਣਾ ਮਨ ਪੂਰਾ ਸ਼ਾਂਤ ਲੱਗਿਆ। ਸਾਰੇ ਤਣਾਅ ਢਿੱਲੇ ਪੈ ਗਏ ਸਨ। ਜੇ ਮੈਂ ਆਪਣੇ ਨਾਲ ਆਂ ਤਾਂ ਹੋਰ ਕਿਸੇ ਦੇ ਹੋਣ ਦੀ ਲੋੜ ਕੀ ਏ? ਤੇ ਹੋਰ ਜਿਹੜੇ ਮੇਰੇ ਨਾਲ ਹੁੰਦੇ ਨੇ ਅਸਲ ਵਿਚ ਉਹ ਵੀ ਖ਼ੁਦ ਆਪਣੇ ਨਾਲ ਹੁੰਦੇ ਨੇ। ਅਸੀਂ ਨਾਲ ਚੱਲਦੇ ਆਂ ਯਾਨੀ ਨਾਲ ਹੁੰਦੇ ਆਂ। ਅਸੀਂ ਆਪਣੇ ਨਾਲ ਈ ਹੁੰਦੇ ਆਂ। ਅਜਿਹਾ ਹੁੰਦਾ ਏ ਇਸੇ ਲਈ ਅਸੀਂ ਕਿਸੇ ਨਾਲ ਨਿਭ ਸਕਦੇ ਆਂ।


ਨੰਦਨੀ ਨੇ ਕਿਹਾ ਇਸ ਲਈ ਉਹ ਸ਼ਾਮ ਨੂੰ ਸਮੁੰਦਰ ਕਿਨਾਰੇ ਚਲੇ ਗਏ। ਜਵਾਰ ਦਾ ਸਮਾਂ ਸੀ। ਲਹਿਰਾਂ ਦਾ ਉਹੀ ਖੇਲ੍ਹ। ਮਨ-ਬੇਮਨ ਕਿਨਾਰੇ 'ਤੇ ਆਉਣਾ ਤੇ ਪਰਤ ਜਾਣਾ। ਕੁਝ ਮਛੇਰੇ ਪਾਣੀ ਵਿਚ ਬੇੜੀਆਂ ਲਈ ਫਿਰਦੇ ਸਨ। ਉਹਨਾਂ ਨੇ ਸੂਰਜ-ਅਸਤ ਦੇਖਿਆ।
“ਤੁਸੀਂ ਹੁਣ ਗੁੱਸੇ ਤਾਂ ਨਹੀਂ?” ਨੰਦਨੀ ਨੇ ਉਸ ਵੱਲ ਦੇਖਦਿਆਂ ਪੁੱਛਿਆ।
ਉਹ ਚੁੱਪ ਰਿਹਾ। ਦਿਸਹੱਦੇ 'ਤੇ ਪਸਰੀ ਲਾਲੀ ਦਾ ਸੰਸਾਰ ਦੇਖਦਾ ਰਿਹਾ।
'ਠੀਕ ਏ। ਮੈਂ ਸਮਝਦਾ ਆਂ। ਪਰ ਅੰਦਰ ਕਿਤੇ ਚੁਭਨ ਤਾਂ ਰਹੇਗੀ ਈ ਨਾ!' ਕੁਝ ਚਿਰ ਬਾਅਦ ਉਸਨੇ ਕਿਹਾ, “ਮੈਂ ਕੋਈ ਸੰਤ-ਮਹਾਤਮਾ ਨਹੀਂ।”
“ਸੱਚ ਏ, ਮੈਂ ਤੁਹਾਨੂੰ ਦੁੱਖ ਪਹੁੰਚਾਉਣਾ ਨਹੀਂ ਚਾਹੁੰਦੀ ਸੀ। ਮੈਨੂੰ ਬੇਹੱਦ ਅਫ਼ਸੋਸ ਏ ਇਸ ਗੱਲ ਦਾ।” ਨੰਦਨੀ ਨੇ ਉਸਦੀ ਬਾਂਹ ਫੜ੍ਹਦਿਆਂ ਹੋਇਆਂ ਕਿਹਾ।


ਰਾਤ ਦੇ ਖਾਣੇ ਤੋਂ ਬਾਅਦ ਉਹ ਫੇਰ ਸਮੁੰਦਰ ਕਿਨਾਰੇ ਚਲਾ ਗਿਆ—ਨੰਦਨੀ ਨੂੰ ਦੱਸ ਕੇ। ਪਿਛਲੀ ਰਾਤ ਵਾਂਗ ਈ ਹਵਾ ਸ਼ਾਂਤ, ਅਡੋਲ ਸੀ। ਚੰਦ ਉਗਿਆ ਹੋਇਆ ਸੀ। ਕੁਝ ਤਾਰੇ। ਪੀਲੀਆਂ ਬੱਤੀਆਂ। ਸਮੁੰਦਰ ਤੇ ਆਸਮਾਨ ਇਕੋ ਹਨੇਰੇ ਵਿਚ ਡੁੱਬੇ ਹੋਏ। ਕਿਨਾਰੇ 'ਤੇ ਚੰਦ ਦੀ ਰੋਸ਼ਨੀ ਫੈਲੀ ਸੀ। ਰੇਤ ਉੱਤੇ ਬੈਠਣ ਦੀ ਬਜਾਏ ਉਹ ਸਮੁੰਦਰ ਕਿਨਾਰੇ ਵਾਲੀ ਚਟਾਨ 'ਤੇ ਜਾ ਬੈਠਿਆ।
ਸਮੁੰਦਰ ਦਾ ਜੋਸ਼ ਸਿਰੇ ਦਾ ਸੀ। ਲਹਿਰਾਂ ਚਟਾਨਾ ਨਾਲ ਖਹਿ ਰਹੀਆਂ ਸਨ। ਕਲੱਤਣ ਘੁਲੀ, ਸੁਨਹਿਰੀ ਝੱਗ। ਲਹਿਰਾਂ ਦਾ ਸੰਗੀਤ। ਉਹ ਬੈਠਾ ਰਿਹਾ। ਹੁਣ ਪਾਣੀ ਦੀ ਗਹਿਰ ਗੂੜ੍ਹੀ ਦਿਖਾਈ ਦੇਣ ਲੱਗੀ ਸੀ। ਦਿਸਹੱਦੇ ਕੋਲ ਆਸਮਾਨ ਦਾ ਗਹਿਰਾ ਰੰਗਾ ਵੀ ਉਸ ਵਿਚ ਘੁਲਿਆ ਹੋਇਆ ਸੀ।
ਹੌਲੀ ਹੌਲੀ ਸ਼ਾਂਤੀ ਗੂੜ੍ਹੀ ਹੁੰਦੀ ਗਈ। ਹਵਾ ਵਿਚ ਠੰਡਕ ਵਧਦੀ ਗਈ। ਸਮੁੰਦਰ ਦੇਖਦੇ ਦੇਖਦੇ ਉਸਦੇ ਮਨ ਵਿਚ ਵਿਚਾਰ ਆਇਆ—ਇਹ ਪਾਣੀ, ਇਹ ਲਹਿਰਾਂ ਭਾਵੇਂ ਕਿੰਨਾ ਮੱਛਰ ਲੈਣ, ਇਹ ਤਾਂ ਸਮੁੰਦਰ ਦਾ ਸਿਰਫ ਬਾਹਰੀ ਰੂਪ ਏ। ਸਰਫੇਸ! ਸਮੁੰਦਰ ਦੀ ਆਤਮਾ ਅੰਦਰ ਏ—ਡੂੰਘਿਆਈ ਵਿਚ, ਰਹੱਸ ਵਿਚ, ਅਥਾਹ-ਅਸੀਮ ਪਾਣੀ ਵਿਚ। ਉੱਥੇ ਨਾ ਤਾਂ ਸੂਰਜ ਪਹੁੰਚ ਸਕਦਾ ਏ ਤੇ ਨਾ ਈ ਤੂਫ਼ਾਨ। ਉਹ ਅਸਲੀ ਸਮੁੰਦਰ ਏ—ਅਤਲ, ਅਸੀਮ।...ਤੇ ਉਹ ਸਿਰਫ ਪਾਣੀ ਦੀ ਭਰਮਾਰ ਨਹੀਂ। ਸਮੁੱਚੇ ਗੂੜ੍ਹ ਤੇ ਰਹੱਸਮਈ ਹੋਂਦ ਦੀ ਗਹਿਰਾਈ ਏ।
ਉਸਨੂੰ ਲੱਗਿਆ, ਮੈਂ ਏਨੇ ਵਰ੍ਹਿਆਂ ਦਾ ਸਮੁੰਦਰ ਦੇਖ ਰਿਹਾਂ ਪਰ ਇਹ ਸੱਚ ਪਹਿਲੀ ਵਾਰੀ ਸਾਕਾਰ ਹੋਇਆ ਏ—ਹੁਣੇ, ਏਸੇ ਵੇਲੇ। ਲਹਿਰਾਂ, ਯਾਨੀ ਸਮੁੰਦਰ ਨਹੀਂ। ਉਹ ਉਪਰਲਾ ਭਾਗ ਏ। ਹਵਾ ਨਾਲ ਹਿੱਲਣ ਵਾਲਾ। ਪੈਰਾਂ ਕੋਲ ਆ ਕੇ ਮੱਛਰਣ ਵਾਲਾ। ਅਸਲੀ ਸਮੁੰਦਰ ਇਸ ਤੋਂ ਵੱਖਰਾ ਐ। ਉਹ ਦਿਸਦਾ ਨਹੀਂ ਸਿਰਫ ਮਹਿਸੂਸ ਕੀਤਾ ਜਾ ਸਕਦੈ। ਉਹ ਡੂੰਘਿਆਈ ਵਿਚ ਸਮਾਧੀ ਲਾਈ ਬੈਠਾ ਏ। ਉੱਤੇ ਕੀ ਹਲਚਲੇ ਚੱਲ ਰਹੇ ਨੇ ਇਸਦੀ ਉਸਨੂੰ ਪ੍ਰਵਾਹ ਨਹੀਂ। ਸੂਰਜ ਅੱਗ ਉਗਲਦਾ ਏ, ਬੱਦਲ ਆਉਂਦੇ ਨੇ, ਬਰਸਾਤਾਂ ਹੁੰਦੀਆਂ ਨੇ, ਤੂਫ਼ਾਨ ਉਠਦੇ ਨੇ, ਆਸਮਾਨ ਵਿਚ ਤਾਰੇ ਟੁੱਟਦੇ ਨੇ। ਜਹਾਜ਼ ਤੈਰਦੇ ਨੇ। ਇਹ ਸਾਰੀਆਂ ਬਾਹਰੀ ਗੱਲਾਂ ਨੇ। ਸਮੁੰਦਰ ਅੰਦਰ ਜਿਹੋ-ਜਿਹਾ ਹੁੰਦਾ ਏ ਓਹੋ-ਜਿਹਾ ਈ ਰਹਿੰਦਾ ਏ। ਸਥਿਰ, ਸ਼ਾਂਤ, ਆਪਣੀ ਹੋਂਦ ਵਿਚ ਮਗਨ।
ਭਾਸਕਰ ਨੂੰ ਲੱਗਿਆ, ਇਹ ਰਹੱਸ ਏ। ਉਂਜ ਈ ਕਿਸੇ ਦੀ ਸਮਝ ਵਿਚ ਨਾ ਆਉਣ ਵਾਲਾ। ਸਮੁੰਦਰ ਦੇ ਤਲ ਵਿਚਲੀਆਂ ਦੇਵ-ਮੱਛੀਆਂ ਨੂੰ ਸ਼ਾਇਦ ਪਤਾ ਹੋਏ ਜਾਂ ਫੇਰ ਜਲ-ਪਰੀਆਂ ਨੂੰ। ਅੱਜ ਮੈਂ ਸਮਝਿਆ—ਇਹ ਬੜੀ ਚੰਗੀ ਗੱਲ ਏ। ਸ਼ਾਇਦ ਇਸੇ ਨੂੰ ਜਾਣਨ ਖਾਤਰ ਮੈਂ ਇੱਥੇ ਆਇਆ ਆਂ। ਤੇ ਕਲ੍ਹ ਚਲਾ ਜਾਵਾਂਗਾ। ਇਸ ਉਘੜੇ ਹੋਏ ਰਹੱਸ ਨੂੰ ਨਾਲ ਲੈ ਕੇ। ਮਨ ਵਿਚ ਵਸਾਅ ਕੇ। ਇਸ ਨਮਕੀਨ ਗਿੱਲੇਪਨ ਸਮੇਤ।


ਜਦੋਂ ਉਹ ਕਮਰੇ ਵਿਚ ਪਰਤਿਆ, ਨੰਦਨੀ ਉਮੀਦ ਅਨੁਸਾਰ ਸੁੱਤੀ ਹੋਈ ਸੀ। ਪੱਖਾ ਚੱਲ ਰਿਹਾ ਸੀ। ਛੋਟੀ ਬੱਤੀ ਜਗ ਰਹੀ ਸੀ। ਉਸਦੀ ਮੱਧਮ ਪੀਲੀ ਰੋਸ਼ਨੀ ਕਮਰੇ ਵਿਚ ਫੈਲੀ ਹੋਈ ਸੀ। ਬਿੰਦ ਦਾ ਬਿੰਦ ਉਸਨੇ ਸੋਚਿਆ, ਕਲ੍ਹ ਵਾਂਗ ਸੋਫੇ 'ਤੇ ਬੈਠ ਜਾਵਾਂ। ਪਰ ਅਣਜਾਣੇ ਈ ਉਸਦੇ ਪੈਰ ਬੈੱਡ ਵਲ ਹੋ ਲਏ। ਖਾਲੀ ਜਗਾਹ 'ਤੇ ਉਹ ਬੈਠ ਗਿਆ—ਆਵਾਜ਼ ਨਾ ਕਰਦਾ ਹੋਇਆ। ਗੱਦੇ 'ਤੇ ਹੱਥ ਟਿਕਾਅ ਕੇ ਉਸਨੇ ਨੰਦਨੀ ਨੂੰ ਦੇਖਿਆ। ਉਧਰ ਮੂੰਹ ਕਰੀ ਉਹ ਗੂੜ੍ਹੀ ਨੀਂਦ ਸੁੱਤੀ ਹੋਈ ਸੀ। ਉਸਦੇ ਚਿਹਰੇ 'ਤੇ ਸ਼ਾਂਤੀ ਸੀ। ਵਾਲ ਖਿੱਲਰੇ ਸਨ, ਪਲਕਾਂ ਬੰਦ। ਇਕ ਹੱਥ ਗੱਲ੍ਹ ਹੇਠ, ਇਕ ਢਿੱਡ ਕੋਲ। ਵੀਣੀ ਵਿਚ ਸੋਨੇ ਦੀ ਚੂੜੀ ਚਮਕ ਰਹੀ ਸੀ। ਉਂਗਲ ਵਿਚ ਅੰਗੂਠੀ। ਗਲ਼ੇ ਕੋਲ ਟੋਇਆ।
ਉਹ ਨੰਦਨੀ ਦੇ ਚਿਹਰੇ ਵੱਲ ਬਿਨਾਂ ਅੱਖਾਂ ਝਪਕਿਆਂ ਦੇਖਦਾ ਰਿਹਾ। ਸ਼ਾਂਤੀ, ਕੁਝ ਥਕਾਣ ਵੀ, ਪਰ ਭਾਵਹੀਣ ਚਿਹਰਾ। ਉਹ ਸੋਚਣ ਲੱਗਾ, ਇਸ ਚਿਹਰੇ ਦੇ ਅਗਿਣਤ ਰੂਪ ਦੇਖੇ ਨੇ ਮੈਂ। ਸ਼ਾਦੀ ਵੇਲੇ ਨਵੀਂ ਲਾੜੀ ਵਾਲਾ ਰੂਪ, ਝੁਕੀਆਂ ਪਲਕਾਂ ਵਾਲਾ ਚਿਹਰਾ। ਉਸ ਭੀੜ ਵਿਚ ਵੀ ਉਸ ਚਿਹਰੇ 'ਤੇ ਫੈਲੇ ਵਿਸ਼ਵਾਸ ਨੇ ਮੈਨੂੰ ਮੋਹ ਲਿਆ ਸੀ। ਰਾਜੂ ਦੇ ਜਨਮ ਪਿੱਛੋਂ ਥਕਿਆ ਜਿਹਾ, ਵਾਸਤਲ ਭਰਪੂਰ ਸੁੱਤਾ-ਸੁੱਤਾ ਚਿਹਰਾ। ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਸੰਤੋਖ ਭਰੇ ਮਨ ਨਾਲ ਸਿਰਹਾਣੇ 'ਤੇ ਟਿਕਿਆ ਚਿਹਰਾ। ਹਮੇਸ਼ਾ ਰਸੋਈ ਵਿਚ, ਬਗ਼ੀਚੇ ਵਿਚ, ਕਾਰ ਵਿਚ, ਫ਼ੋਨ ਕਰਦੀ ਦਾ ਚਿਹਰਾ। ਦੁਕਾਨ ਵਿਚ, ਚੈੱਕ ਉੱਤੇ ਜਿੱਥੇ-ਜਿੱਥੇ ਮੈਂ ਦਸਤਖ਼ਤ ਕਰਨ ਲਈ ਕਹਿੰਦਾ, ਉੱਥੇ-ਉੱਥੇ ਦਸਤਖ਼ਤ ਕਰਦੀ ਦਾ ਚਿਹਰਾ, ਗੁਆਂਢਣਾ ਨਾਲ ਹੱਸ-ਹੱਸ ਗੱਲਾਂ ਕਰਦੀ ਦਾ ਚਿਹਰਾ ਤੇ ਹੁਣ ਮੇਰੇ ਉੱਤੇ ਹਮੇਸ਼ਾ ਵਾਂਗ ਭਰੋਸਾ ਕਰਕੇ ਸੁੱਤੀ ਦਾ ਚਿਹਰਾ।
ਉਸ ਵੱਲ ਦੇਖਦਿਆਂ ਹੋਇਆ ਭਾਸਕਰ ਦੇ ਮਨ ਵਿਚ ਉਸ ਲਈ ਹਮਦਰਦੀ ਜਾਗੀ। ਤਿੱਖੜ ਦੁਪਹਿਰ ਵਿਚ ਮੈਨੂੰ ਲੱਭਣ ਕਿੰਜ ਗਈ ਹੋਏਗੀ? ਹਫਦੀ ਹੋਈ ਵਾਪਸ ਆਈ ਸੀ। ਅੱਖਾਂ ਵਿਚ ਅੱਥਰੂ। ਕਮਲੀ। ਮੈਨੂੰ ਕਹਿੰਦੀ ਤਾਂ ਮੈਂ ਉੱਥੇ ਆ ਕੇ ਲੈ ਆਉਂਦਾ। ਉਸਨੇ ਸੋਚਿਆ, ਨੰਦਨੀ ਸਭ ਪਚਾਅ ਲੈਂਦੀ ਏ, ਉਪਰ ਕੁਝ ਦਿਖਾਈ ਨਹੀਂ ਦੇਂਦਾ ਬਸ ਮਨ ਵਿਚ ਸ਼ਾਂਤ, ਭੋਲੀ ਏ। ਉਸਨੂੰ ਦੁਨੀਆਂ ਦਾ ਪਤਾ ਨਹੀਂ। ਉਸਨੇ ਦੁਨੀਆਂ ਦੇਖੀ ਈ ਕਿੱਥੇ ਐ? ਉਸਨੂੰ ਸਭ ਕੁਝ ਸਹਿਜ, ਪ੍ਰਕ੍ਰਿਤਿਕ ਲੱਗਦਾ ਏ। ਉਸਨੂੰ ਲੱਗਿਆ ਚੰਗਾ ਹੋਇਆ ਨੰਦਨੀ ਦੀ ਮੇਰੇ ਨਾਲ ਸ਼ਾਦੀ ਹੋ ਗਈ। ਨੰਦਨੀ ਤੇਰਾ ਵਿਸ਼ਵਾਸ ਗ਼ਲਤ ਨਹੀਂ। ਆਈ ਲਵ ਯੂ! ਨੰਦਨੀ! ...ਉਹ ਬੜਬੜਾਇਆ।
ਤੇ ਹੈਰਾਨੀ! ਪਹਿਲਾਂ ਉਸਨੂੰ ਪਤਾ ਨਹੀਂ ਲੱਗਿਆ ਕਿ ਨੰਦਨੀ ਦੀ ਅੱਖਾਂ ਖੁੱਲ੍ਹੀਆਂ ਨੇ। ਹਨੇਰੇ ਵਿਚ ਉਸਨੇ ਦੇਖਿਆ ਕਿ ਨੀਂਦ ਦੇ ਡੂੰਘੇ ਖ਼ੂਹ ਵਿਚੋਂ ਜਾਗ ਕੇ ਨੰਦਨੀ ਉਸ ਵੱਲ ਦੇਖ ਰਹੀ ਏ। ਉਸਦੀਆਂ ਨਜ਼ਰਾਂ ਦੀਆਂ ਕਿਰਨਾਂ ਮੇਰੀਆਂ ਅੱਖਾਂ ਵਿਚ ਜਾ ਰਹੀਆਂ ਨੇ। ਉਹ ਕਿੰਨੀ ਗੂੜ੍ਹੀ ਨੀਂਦ ਸੌਂਦੀ ਏ ਪਰ ਹੁਣ ਸਿਰਫ ਮੇਰੇ ਦੇਖਣ ਕਰਕੇ ਜਾਗ ਗਈ ਏ। ਉਸਦੇ ਸਾਰੇ ਪਿੰਡੇ ਵਿਚ ਧੁੜਧੁੜੀ ਜਿਹੀ ਫਿਰ ਗਈ। ਉਹਨਾਂ ਦੀਆਂ ਨਜ਼ਰਾਂ ਇਕ ਦੂਜੇ ਦੀਆਂ ਨਜ਼ਰਾਂ ਵਿਚ ਗੁੰਦੀਆਂ ਗਈਆਂ। ਭਾਸਕਰ ਨੇ ਆਪਣੇ ਚਿਹਰੇ 'ਤੇ ਫੁੱਟ ਰਹੀ ਮੁਸਕਾਨ ਨੂੰ ਮਹਿਸੂਸ ਕੀਤਾ ਤੇ ਉਸਨੂੰ ਦੇਖ ਕੇ ਨੰਦਨੀ ਵੀ ਮੁਸਕਰਾਈ ਸੀ।
ਫੇਰ ਉਸਨੂੰ ਪਤਾ ਲੱਗਿਆ ਕਿ ਨੰਦਨੀ ਨੇ ਆਪਣੀਆਂ ਬਾਹਾਂ ਉਸਦੇ ਗਲ਼ ਵਿਚ ਪਾ ਦਿੱਤੀਆਂ ਨੇ। ਤੇ ਉਹਦੇ ਮਨ ਵਿਚ ਕੁਝ ਤੀਬਰ, ਸੁੰਦਰ, ਬਲਸ਼ਾਲੀ ਉਭਰ ਰਿਹਾ ਏ। ਉਹ ਜਿਹੜਾ ਹਮੇਸ਼ਾ ਡੂੰਘਾਈ ਵਿਚ, ਮਨ ਅੰਦਰ ਕਿਤੇ ਛੁਪਿਆ ਹੁੰਦਾ ਏ। ਜਿਸਦਾ ਸਿਰਫ ਅਹਿਸਾਸ ਹੁੰਦਾ ਏ ਅੱਜ ਉਹ ਉਭਰ ਕੇ ਬਾਹਰ ਆ ਰਿਹਾ ਏ, ਪੂਰੀ ਦੇਹ ਵਿਚ ਫੈਲ ਰਿਹਾ ਏ। ਕਿਸੇ ਮਿੱਠੇ ਅੰਮ੍ਰਿਤ ਵਾਂਗ।
ਉਸਨੂੰ ਅਹਿਸਾਸ ਹੋਇਆ ਮੈਂ ਆਪਣੀਆਂ ਬਾਹਾਂ ਫੈਲਾ ਕੇ ਨੰਦਨੀ ਨੂੰ ਨਾਲ ਘੁੱਟ ਰਿਹਾਂ ਤੇ ਆਪਣਾ ਸਰੀਰ ਹੇਠਾਂ ਖਿਸਕਾ ਕੇ ਉਸਦੇ ਸਰੀਰ ਵਿਚ ਸਮਾ ਰਿਹਾਂ। ਮੇਰੇ ਸਰੀਰ 'ਚੋਂ ਸੁੰਦਰ ਲਹਿਰਾਂ ਉਭਰ ਰਹੀਆਂ ਨੇ, ਮੱਛਰ ਰਹੀਆਂ ਨੇ। ਇਹ ਲਹਿਰਾਂ ਬਾਹਰੀ ਸਤਹਿ ਦੀਆਂ ਨਹੀਂ ਅੰਦਰੋਂ ਉਠ ਰਹੀਆਂ ਨੇ—ਆਪਣੀ ਪੂਰੀ ਹਸਤੀ ਸਮੇਤ, ਕਿਸੇ ਝਣਕਾਰ ਵਾਂਗ। ਬੁੱਲ੍ਹਾਂ ਰਾਹੀਂ ਸੀਨੇ ਅੰਦਰ ਇਕ ਸੁਰਖ਼ ਗਰਮ ਲਕੀਰ ਭੇਜੀ ਜਾ ਰਹੀ ਏ ਤੇ ਰੋਮ-ਰੋਮ ਵਿਚ ਝਿਲਮਿਲਾਉਂਦੀਆਂ ਫੁਆਰਾਂ ਮਚਲ ਰਹੀਆਂ ਨੇ। ਨੰਦਨੀ ਦੇ ਸਰੀਰ ਵਿਚੋਂ ਵੀ ਆਨੰਦ ਦੀ ਝੱਗ ਉੱਫਨ ਰਹੀ ਏ। ਅਜਿਹੀ ਉੱਫਨਦੀ ਝੱਗ ਪਹਿਲਾਂ ਕਦੀ ਮਹਿਸੂਸ ਨਹੀਂ ਸੀ ਕੀਤੀ। ਅਜਿਹਾ ਅਲੌਕਿਕ ਸੁਖ ਪਹਿਲਾਂ ਕਦੀ ਭੋਗਿਆ ਈ ਨਹੀਂ ਸੀ। ਸ਼ਾਂਤ, ਸੰਤੋਖ ਭਰਿਆ ਸਮੁੰਦਰ ਮਚਲ ਰਿਹਾ ਏ ਤੇ ਲਹਿਰਾਂ ਉੱਤੇ ਸਵਾਰ ਹੋ ਕੇ ਦੂਰ-ਦੂਰ ਤਕ ਜਾਇਆ ਜਾ ਰਿਹਾ ਏ। ਨੀਲੀ, ਮਦਹੋਸ਼ ਝੱਗ ਤੇ ਉਡਦੀਆਂ ਬੂੰਦਾਂ ਵਿਚ ਭਿੱਜਿਆ ਜਾ ਰਿਹਾ ਏ। ਉਚਾਈ ਉੱਤੇ ਜਾ ਰਹੇ ਆਂ, ਅਸੀਂ ਦੋਵੇਂ—ਸਹਿਜੇ, ਸਹਿਜੇ ਆਪਣੇ ਈ ਜੋਸ਼ ਵਿਚ—ਉਸ ਨੀਲੇ ਆਕਾਸ਼ ਵਿਚ—ਲਹਿਰਾਂ ਉੱਤੇ ਸਵਾਰ। ਲਹਿਰਾਂ ਦੇਹ ਨਾਲ ਲਿਪਟੀਆਂ ਨੇ ਪਰ ਉਡਾਨ ਆਕਾਸ਼ ਵਿਚ ਏ—ਝੂਲਾ-ਝੂਲ ਰਹੇ ਆਂ।
ਉਹ ਹਰ ਲਹਿਰ ਦੇ ਨਾਲ ਹੋਰ ਉਚਾਈ 'ਤੇ ਚੜ੍ਹਦਾ ਗਿਆ ਤੇ ਉਸਨੇ ਮਹਿਸੂਸ ਕੀਤਾ ਕਿ ਨੰਦਨੀ ਖੁਸ਼ੀ ਦੀ ਮਾਰੀ ਹੱਸ ਰਹੀ ਏ। ਆਪਣੇ ਵੇਗ ਦੀ ਹਰ ਟਕਰਾਹਟ ਦੇ ਨਾਲ ਉਸਦੇ ਮੂੰਹੋਂ ਹਾਸੀ ਦੇ ਫੁਆਰੇ ਫੁੱਟ ਰਹੇ ਨੇ। ਉਹਦਾ ਲੂਈਂ ਕੰਡਾ ਖੜ੍ਹਾ ਹੋ ਗਿਆ। ਕਈ ਵਰ੍ਹਿਆਂ ਬਾਅਦ ਉਸਦੀ ਹਾਸੀ ਸੁਣ ਰਿਹਾ ਸੀ। ਸ਼ਾਦੀ ਪਿੱਛੋਂ ਬੱਚੇ ਦੇ ਜਨਮ ਸਮੇਂ ਇਹੀ ਹਾਸੀ ਉਸਨੇ ਸੁਣੀ ਸੀ। ਏਨਾ ਵਰ੍ਹਿਆਂ 'ਚ ਉਹ ਹਾਸੀ ਸ਼ਾਇਦ ਗਵਾਚੀ ਹੋਈ ਸੀ ਕਿਧਰੇ। ਹੁਣ ਫੇਰ ਲੱਭ ਪਈ ਸੀ—ਨਿਰਮਲ, ਮੁਕਤ ਹਾਸੀ। ਉਸਨੇ ਹਾਸੀ ਦੀ ਲਹਿਰ ਉੱਤੇ ਆਪਣੇ ਆਪ ਨੂੰ ਮੁਕਤ ਛੱਡ ਦਿੱਤਾ ਤੇ ਆਸਮਾਨ ਦੀਆਂ ਤੇਜ਼ਸਵੀ ਕਿਰਨਾਂ ਉਸਦੀਆਂ ਅੱਖਾਂ ਵਿਚ ਉਤਰੀਆਂ ਫੇਰ ਨੀਲੇ, ਸੁਨਹਿਰੇ ਪਾਣੀ ਨਾਲ ਸੁਰ ਮਿਲਾਉਂਦੀਆਂ ਸਮੁੰਦਰ ਦੀ ਤਲਹੀਣ ਗਹਿਰਾਈ 'ਚ ਵਿਸ਼ਰਾਮ ਕਰਨ ਲੱਗੀਆਂ।


ਸਵੇਰੇ ਨਾਸ਼ਤਾ ਕਰਕੇ ਉਹ ਨਿਕਲੇ ਤਾਂ ਰਿਸੋਰਟ ਦਾ ਸਾਰਾ ਸਟਾਫ਼ ਉਹਨਾਂ ਨੂੰ ਵਿਦਾਅ ਕਰਨ ਲਈ ਹਾਜ਼ਰ ਸੀ।
“ਸਰ ਫੇਰ ਕਦੋਂ ਆਓਗੇ?” ਰਿਸੈਪਸ਼ਨ ਵਾਲੇ ਨੌਜਵਾਨ ਨੇ ਪੁੱਛਿਆ, “ਤੁਹਾਡੇ ਵਰਗੇ ਗੈਸਟ ਆਉਂਦੇ ਨੇ ਤਾਂ ਸਾਨੂੰ ਖੁਸ਼ੀ ਹੁੰਦੀ ਏ।”
“ਆਵਾਂਗੇ ਜ਼ਰੂਰ! ਹਰ ਸਾਲ!” ਕਹਿੰਦਿਆਂ ਹੋਇਆਂ ਭਾਸਕਰ ਨੇ ਜੇਬ ਵਿਚੋਂ ਪੈਕੇਟ ਕੱਢਿਆ ਤੇ ਕੁਝ ਨੋਟ ਉਹਨਾਂ ਨੂੰ ਦੇਂਦਿਆਂ ਹੋਇਆਂ ਕਿਹਾ, “ਸਾਰਿਆਂ ਲਈ। ਤੇ ਹਾਂ, ਜਿੰਮ ਪਿੰਡ ਦੇ ਬੱਚਿਆਂ ਲਈ ਖੋਹਲ ਦਿਓ। ਚੰਗੀ ਰਹੇਗੀ। ਇਸਦਾ ਇਸਤੇਮਾਲ ਹੁੰਦਾ ਰਹੇਗਾ।”
“ਜ਼ਰੂਰ ਸਰ! ਅਗਲੀ ਵਾਰੀ ਤੁਹਾਨੂੰ ਇਹੋ ਦਿਖੇਗਾ! ਥੈਂਕ ਯੂ ਮੈਡਮ। ਵਾਪਸ ਜ਼ਰੂਰ ਆਉਣਾ।”
ਵਾਚਮੈਨ ਨੇ ਗੱਡੀ ਸਵੇਰੇ ਈ ਸਾਫ ਕਰ ਦਿੱਤੀ ਸੀ। ਧੁੱਪ ਵਿਚ ਹੋਰ ਚਮਕ ਰਹੀ ਸੀ। ਭਾਸਕਰ ਨੇ ਉਸਨੂੰ ਵੱਖਰੇ ਪੈਸੇ ਦਿੱਤੇ। ਗੱਡੀ ਸਟਾਰਟ ਕਰਕੇ ਉਹ ਇੰਜਨ ਦੀ ਆਵਾਜ਼ ਸੁਣਦਾ ਰਿਹਾ—ਜਾਣੀ-ਪਛਾਣੀ ਆਵਾਜ਼! ਤਦ ਤਕ ਸਾਮਾਨ ਚੜ੍ਹਾ ਦਿੱਤਾ ਗਿਆ। ਨੰਦਨੀ ਆ ਕੇ ਬੈਠ ਗਈ। ਆਖ਼ਰੀ ਵਾਰ ਹੱਥ ਹਿਲਾ ਕੇ ਉਸਨੇ ਗੱਡੀ ਗੇਟ 'ਚੋਂ ਬਾਹਰ ਕੱਢ ਲਈ।
ਸ਼ੁਰੂ ਵਿਚ ਰਸਤਾ ਸੁੰਨਸਾਨ ਸੀ। ਸਵੇਰ ਦੀ ਤਾਜ਼ਗੀ ਸੀ। ਕੋਮਲ ਧੁੱਪ! ਫੇਰ ਪਿੰਡ ਵਿਚੋਂ ਹੋ ਕੇ ਲੰਘਦਾ ਰਸਤਾ। ਭੀੜ। ਦੁਕਾਨਾਂ ਖੁੱਲ੍ਹ ਰਹੀਆਂ ਸਨ। ਫੁੱਲਾਂ ਦੀਆਂ ਟੋਕਰੀਆਂ ਲਈ ਔਰਤਾਂ ਬੈਠੀਆਂ ਸਨ। ਸਬਜ਼ੀਆਂ ਦੇ ਢੇਰ। ਲਾਲ ਰੰਗ ਦੀ ਬਸ! ਸਾਈਕਲਾਂ, ਬਲ੍ਹਦ-ਗੱਡੀਆਂ।
“ਮੈਂ ਬਿਲਕੁਲ ਵੀ ਨਹੀਂ ਸੰਵਾਂਗੀ।” ਨੰਦਨੀ ਨੇ ਜਿਵੇਂ ਪ੍ਰਤੀਗਿਆ ਕਰਨ ਵਾਲੀ ਆਵਾਜ਼ ਵਿਚ ਕਿਹਾ।
ਉਹ ਸਿਰਫ ਮੁਸਕੁਰਾਇਆ ਤੇ ਸਾਹਮਣੇ ਦੇਖ ਕੇ ਗੱਡੀ ਚਲਾਉਂਦਾ ਰਿਹਾ।
“ਤੁਹਾਨੂੰ ਯਕੀਨ ਨਹੀਂ ਆ ਰਿਹਾ ਨਾ?”
ਉਹ ਕੁਝ ਨਹੀਂ ਬੋਲਿਆ। ਉਸਨੇ ਮਨ ਈ ਮਨ ਵਿਚ ਕਿਹਾ, ਮੇਰੇ ਨਾਲ ਸੱਚਾ ਪ੍ਰੇਮ ਹੋਏਗਾ ਤਾਂ ਤੂੰ ਸੌਂ ਜਾਏਂਗੀ। ਤੇ ਨੰਦਨੀ ਨੂੰ ਕਿਹਾ, “ਸਵੇਰ ਦਾ ਸਮਾਂ ਏਂ। ਸਵੇਰੇ ਸਵੇਰੇ ਥੋੜ੍ਹਾ ਈ ਕੋਈ ਸੰਵੇਂਗਾ?”
“ਇਹ ਗੱਲ ਨਹੀਂ—ਮੈਂ ਫੈਸਲਾ ਕਰ ਲਿਆ ਏ ਨਾ ਸੌਣ ਦਾ।”
“ਦੇਖਾਂਗੇ।” ਭਾਸਕਰ ਨੇ ਕਿਹਾ।
“ਦੇਖੋਗੇ ਈ! ਇਸ ਵਾਰੀ ਮੈਂ ਸੌਣ ਨਹੀਂ ਲੱਗੀ।”
ਉਹ ਸਿਰਫ ਮੁਸਕੁਰਾਇਆ ਤੇ ਸਹਿਜ ਨਾਲ ਅੱਗੇ ਦੇਖ ਕੇ ਗੱਡੀ ਚਲਾਉਂਦਾ ਰਿਹਾ। ਉਸਦਾ ਅੰਦਾਜ਼ਾ ਝੂਠਾ ਨਹੀਂ ਨਿਕਲਿਆ। ਨੰਦਨੀ ਪਹਿਲਾਂ ਤਾਂ ਗੱਲਾਂ ਕਰਦੀ ਰਹੀ ਪਰ ਗੱਡੀ ਹਾਈ ਵੇ 'ਤੇ ਪਹੁੰਚਦੇ ਪਹੁੰਚਦੇ ਉਹ ਸੌਂ ਗਈ। ਉਸਨੇ ਗਰਦਨ ਭੁਆਂ ਕੇ ਦੇਖਿਆ। ਖਿੜਕੀ ਵਿਚੋਂ ਠੰਡੀ ਹਵਾ ਅੰਦਰ ਆ ਰਹੀ ਸੀ। ਉਸਦੇ ਵਾਲ ਲਹਿਰਾ ਰਹੇ ਸਨ। ਗੱਡੀਆਂ ਦੀਆਂ ਆਵਾਜ਼ਾਂ, ਡੀਜ਼ਲ ਦੀ ਗੰਧ, ਰਸਤੇ ਦੀ ਭੀੜ—ਉਸਨੂੰ ਕਿਸੇ ਵੀ ਗੱਲ ਦੀ ਸੁੱਧ ਨਹੀਂ ਸੀ। ਹਮੇਸ਼ਾ ਵਾਂਗ ਉਸਦੀਆਂ ਪਲਕਾਂ ਜੁੜ ਗਈਆਂ। ਸੀਟ ਉੱਤੇ ਕੁਝ ਸੂੰਗੜ ਕੇ ਉਹ ਆਰਾਮ ਨਾਲ ਸੌਂ ਗਈ ਸੀ। ਇਕ ਛਿਣ ਲਈ ਭਾਸਕਰ ਨੇ ਸੋਚਿਆ ਉਸਨੂੰ ਜਗਾ ਕੇ ਕਹੇ—ਦੇਖ ਤੂੰ ਸੌਂ ਗਈ ਏਂ। ਪਰ ਉਸਨੇ ਇੰਜ ਨਹੀਂ ਕੀਤਾ। ਉਹ ਸਿਰਫ ਮੁਸਕਰਾਇਆ ਤੇ ਬੈਲਟ ਠੀਕ ਕਰਕੇ ਇੰਜਨ ਦੀ ਆਵਾਜ਼ ਵਿਚ ਸਮੁੰਦਰ ਦੀ ਗੂੰਜ ਸੁਣਦਾ ਹੋਇਆ ਗੱਡੀ ਚਲਾਉਂਦਾ ਰਿਹਾ।
--- --- ---

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
ਮੋਬਾਇਲ ਨੰ : 94177-30600.
Blog at :- mereauwad.blogspot.com
E-mail :- mpbedijaitu@yahoo.co.in

No comments:

Post a Comment